ਮਾਮਲਾ ਦੋ ਪੁਲਿਸੀਆਂ ਨੂੰ ਝੂਠੇ ਮੁਕਾਬਲੇ ਵਿਚ ਮਾਰਨ ਦਾ
ਸਾਬਕਾ ਐੱਸ.ਐੱਚ.ਓ. ਸਮੇਤ ਤਿੰਨ ਪੁਲਿਸ ਮੁਲਾਜ਼ਮ ਦੋਸ਼ੀ ਕਰਾਰ
*ਲਾਸ਼ਾਂ ਨੂੰ ਅਣਪਛਾਤੀਆਂ ਕਰਾਰ ਦੇ ਕੇ ਸਸਕਾਰ ਵੀ ਕਰ ਦਿੱਤਾ ਗਿਆ
ਅੰਮ੍ਰਿਤਸਰ ਟਾਈਮਜ਼ ਬਿਊਰੋ
ਤਰਨ ਤਾਰਨ-ਖਾੜਕੂਵਾਦ ਸਮੇਂ 1992 ਦੌਰਾਨ ਜਿਥੇ ਪੁਲਿਸ ਵਲੋਂ ਨੌਜਵਾਨਾਂ ਨੂੰ ਘਰੋਂ ਚੁੱਕ ਕੇ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰ ਮੁਕਾਇਆ ਗਿਆ ਸੀ, ਉਥੇ ਇਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਆਪਣੇ ਹੀ ਪੁਲਿਸ ਮੁਲਾਜ਼ਮਾਂ ਨੂੰ ਵੀ ਨਹੀਂ ਬਖਸ਼ਿਆ । ਤਰਨ ਤਾਰਨ ਦੇ ਇਕ ਮਾਮਲੇ ਵਿਚ ਥਾਣਾ ਸਿਟੀ ਦੇ ਉਸ ਸਮੇਂ ਦੇ ਐੱਸ.ਐੱਚ.ਓ. ਮੰਨੇ ਜਾਂਦੇ ਗੁਰਬਚਨ ਸਿੰਘ ਉਰਫ਼ ਮਾਣੋਚਾਲ੍ਹ ਦੀ ਅਗਵਾਈ ਵਿਚ ਪੁਲਿਸ ਪਾਰਟੀ ਨੇ ਪੰਜਾਬ ਪੁਲਿਸ ਦੇ ਇਕ ਕਾਂਸਟੇਬਲ ਅਤੇ ਇਕ ਐੱਸ.ਪੀ.ਓ. ਨੂੰ ਘਰੋਂ ਚੁੱਕ ਕੇ ਹਥਿਆਰਾਂ ਦੀ ਬਰਾਮਦਗੀ ਸਮੇਂ ਪੁਲਿਸ ਮੁਕਾਬਲੇ ਦੌਰਾਨ ਮਾਰ ਮੁਕਾਇਆ ਸੀ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਅਣਪਛਾਤੀਆਂ ਕਰਾਰ ਦੇ ਕੇ ਸਸਕਾਰ ਵੀ ਕਰ ਦਿੱਤਾ ਸੀ।ਇਸ ਮਾਮਲੇ ਵਿਚ 32 ਸਾਲ ਬਾਅਦ ਸੀ.ਬੀ.ਆਈ. ਦੀ ਸਪੈਸ਼ਲ ਅਦਾਲਤ ਰਕੇਸ਼ ਕੁਮਾਰ ਗੁਪਤਾ ਵਲੋਂ ਕਾਂਸਟੇਬਲ ਜਗਦੀਪ ਸਿੰਘ ਮੱਖਣ ਅਤੇ ਐੱਸ.ਪੀ.ਓ. ਗੁਰਨਾਮ ਸਿੰਘ ਪਾਲੀ ਨੂੰ ਮਾਰਨ ਦੇ ਦੋਸ਼ ਹੇਠ ਸਾਬਕਾ ਐੱਸ.ਐੱਚ.ਓ. ਗੁਰਬਚਨ ਸਿੰਘ, ਸਬ ਇੰਸਪੈਕਟਰ ਰੇਸ਼ਮ ਸਿੰਘ ਅਤੇ ਸਬ ਇੰਸਪੈਕਟਰ ਹੰਸ ਰਾਜ ਨੂੰ ਦੋਸ਼ੀ ਕਰਾਰ ਦਿੱਤਾ ਹੈ । ਜਦਕਿ ਇਸ ਕੇੇਸ ਵਿਚ ਤੀਸਰੇ ਨਾਮਜ਼ਦ ਏ.ਐਸ.ਆਈ. ਅਰਜਨ ਸਿੰਘ ਦੇ ਕੇਸ ਦੀ ਸੁਣਵਾਈ ਦੌਰਾਨ ਹੀ ਮੌਤ ਹੋ ਚੁੱਕੀ ਹੈ ।ਇਸ ਕੇਸ ਵਿਚ ਸੀ.ਬੀ.ਆਈ. ਵਲੋਂ ਐਡਵੋਕੇਟ ਅਨਮੋਲ ਨਾਰੰਗ ਪੇਸ਼ ਹੋਏ ਅਤੇ ਜਦਕਿ ਪੀੜਤ ਪਰਿਵਾਰ ਵਲੋਂ ਐਡਵੋਕੇਟ ਸਰਬਜੀਤ ਸਿੰਘ ਵੇਰਕਾ, ਐਡਵੋਕੇਟ ਜਗਜੀਤ ਸਿੰਘ ਬਾਜਵਾ ਅਤੇ ਪੁਸ਼ਪਿੰਦਰ ਸਿੰਘ ਨੱਤ ਨੇ ਪੈਰ੍ਹਵੀ ਕੀਤੀ । ਐਡਵੋਕੇਟ ਵੇਰਕਾ ਨੇ ਦੱਸਿਆ ਕਿ ਥਾਣਾ ਸਿਟੀ ਦੇ ਉਸ ਸਮੇਂ ਦੇ ਐੱਸ.ਐੱਚ.ਓ. ਰਹੇ ਗੁਰਬਚਨ ਸਿੰਘ ਅਤੇ ਪੁਲਿਸ ਪਾਰਟੀ ਵਲੋਂ 18 ਨਵੰਬਰ 1992 ਨੂੰ ਕਾਂਸਟੇਬਲ ਜਗਦੀਪ ਸਿੰਘ ਮੱਖਣ ਨੂੰ ਉਸ ਦੇ ਪਿੰਡ ਜੌੜਾ ਤੋਂ ਉਸ ਦੇ ਸਹੁਰੇ ਘਰੋਂ ਜਬਰੀ ਚੁੱਕ ਲਿਆ ਸੀ ।ਦਰਵਾਜ਼ਾ ਨਾ ਖੋਲ੍ਹਣ 'ਤੇ ਚਲਾਈਆਂ ਗਈਆਂ ਗੋਲੀਆਂ ਦੌਰਾਨ ਜਗਦੀਪ ਸਿੰਘ ਦੀ ਸੱਸ ਸਵਿੰਦਰ ਕੌਰ, ਜੋ ਕਿ ਸ਼ੋ੍ਰਮਣੀ ਕਮੇਟੀ ਵਿਚ ਮੁਲਾਜ਼ਮ ਸੀ, ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ । ਪੁਲਿਸ ਵਲੋਂ ਇਹ ਕਹਿ ਕੇ ਪਿੱਛਾ ਛੁਡਾ ਦਿੱਤਾ ਗਿਆ ਸੀ ਕਿ ਸਵਿੰਦਰ ਕੌਰ ਨੂੰ ਅਣਪਛਾਤੇ ਖਾੜਕੂਆਂ ਨੇ ਮਾਰ ਦਿੱਤਾ ਹੈ ।ਇਸ ਤੋਂ ਇਲਾਵਾ ਤਰਨ ਤਾਰਨ ਦੇ ਨੂਰਦੀ ਬਾਜ਼ਾਰ ਨਿਵਾਸੀ ਐੱਸ.ਪੀ.ਓ. ਗੁਰਨਾਮ ਸਿੰਘ ਪਾਲੀ ਨੂੰ ਵੀ ਗੁਰਬਚਨ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਨੇ 21 ਨਵੰਬਰ 1992 ਨੂੰ ਘਰੋਂ ਚੁੱਕ ਲਿਆ ਸੀ ।30 ਨਵੰਬਰ 1992 ਨੂੰ ਐੱਸ.ਪੀ.ਓ. ਗੁਰਨਾਮ ਸਿੰਘ ਪਾਲੀ ਦੀ ਥਾਣਾ ਸਿਟੀ ਦੀ ਪੁਲਿਸ ਵਲੋਂ ਦਰਜ ਕੀਤੇ ਗਏ ਇਕ 108/92 ਕੇਸ ਵਿਚ ਗਿ੍ਫ਼ਤਾਰੀ ਪਾ ਦਿੱਤੀ ਸੀ । ਪੁਲਿਸ ਵਲੋਂ ਇਹ ਕਿਹਾ ਗਿਆ ਸੀ ਕਿ ਐੱਸ.ਪੀ.ਓ. ਗੁਰਨਾਮ ਸਿੰਘ ਨੇ ਮੰਨਿਆ ਹੈ ਕਿ ਉਸ ਨੇ ਪਿੰਡ ਬਹਿਲਾ ਦੇ ਨਜ਼ਦੀਕ ਖ਼ੇਤਾਂ ਵਿਚ ਹਥਿਆਰ ਲੁਕੋ ਕੇ ਰੱਖੇ ਹੋਏ ਹਨ, ਜਿਸ ਦੀ ਬਰਾਮਦਗੀ ਲਈ ਪੁਲਿਸ ਉਸ ਨੂੰ ਲੈ ਕੇ ਗਈ ਤਾਂ ਉਥੇ ਦੋ ਅਣਪਛਾਤੇ ਖਾੜਕੂਆਂ ਨੇ ਪੁਲਿਸ 'ਤੇ ਗੋਲੀਆਂ ਚਲਾ ਦਿੱਤੀਆਂ ।ਐੱਫ਼.ਆਈ.ਆਰ. ਵਿਚ ਇਹ ਕਿਹਾ ਗਿਆ ਸੀ ਕਿ ਹਨੇਰਾ ਅਤੇ ਧੁੰਦ ਹੋਣ ਕਾਰਨ ਪੁਲਿਸ ਵਲੋਂ ਕੀਤੀ ਗਈ ਜਵਾਬੀ ਗੋਲੀਬਾਰੀ ਦੌਰਾਨ ਐਸ.ਪੀ.ਓ. ਗੁਰਨਾਮ ਸਿੰਘ ਪਾਲੀ ਮਾਰਿਆ ਗਿਆ ਅਤੇ ਇਸ ਦੌਰਾਨ ਇਕ ਅਣਪਛਾਤਾ ਖਾੜਕੂ ਵੀ ਮਾਰਿਆ ਗਿਆ ਅਤੇ ਥਾਣਾ ਸਿਟੀ ਵਿਖੇ 130/92 ਕੇਸ ਨੰਬਰ ਵਿਚ ਪੁਲਿਸ 'ਤੇ ਹਮਲਾ ਕਰਨ ਦਾ ਦੋਸ਼ ਲਗਾ ਕੇ ਇਸ ਕੇਸ ਨੂੰ ਬੰਦ ਕਰ ਦਿੱਤਾ ਗਿਆ । ਅਣਪਛਾਤੇ ਮਾਰੇ ਗਏ ਖਾੜਕੂ ਦੀ ਬਾਅਦ ਵਿਚ ਪਛਾਣ ਕਾਂਸਟੇਬਲ ਜਗਦੀਪ ਸਿੰਘ ਮੱਖਣ ਵਜੋਂ ਹੋਈ। ਪੁਲਿਸ ਵਲੋਂ ਮਾਰੇ ਗਏ ਪੁਲਿਸ ਕਾਂਸਟੇਬਲ ਅਤੇ ਐਸ.ਪੀ.ਓ. ਬਾਰੇ ਉਨ੍ਹਾਂ ਦੇ ਪਰਿਵਾਰ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਇਨ੍ਹਾਂ ਦੋਵਾਂ ਨੂੰ ਲਾਵਾਰਿਸ ਕਰਾਰ ਦੇ ਕੇ ਇਨ੍ਹਾਂ ਦਾ ਸਸਕਾਰ ਕਰ ਦਿੱਤਾ ਗਿਆ ।
ਮਨੁੱਖੀ ਅਧਿਕਾਰਾਂ ਦੀ ਪੈਰ੍ਹਵੀ ਕਰ ਰਹੇ ਜਸਵੰਤ ਸਿੰਘ ਖਾਲੜਾ ਵਲੋਂ ਅਣਪਛਾਤੀਆਂ ਕਰਾਰ ਦਿੱਤੀਆਂ ਲਾਸ਼ਾਂ ਦੇ ਮਾਮਲੇ ਵਿਚ ਆਪਣੀ ਜਾਨ ਗਵਾਉਣ ਤੋਂ ਬਾਅਦ ਉਨ੍ਹਾਂ ਦੀ ਪਤਨੀ ਪਰਮਜੀਤ ਕੌਰ ਖਾਲੜਾ ਨੇ ਲਾਵਾਰਿਸ ਲਾਸ਼ਾਂ ਦਾ ਮਾਮਲਾ ਸੁਪਰੀਮ ਕੋਰਟ ਵਿਚ ਪਾਇਆ ਤਾਂ ਇਸ ਕੇਸ ਦੇ ਸੀ.ਬੀ.ਆਈ. ਦੇ ਜਾਂਚ ਦੇ ਹੁਕਮ ਹੋਏ। ਇਸ ਮਾਮਲੇ ਵਿਚ ਜਗਦੀਪ ਸਿੰਘ ਦੇ ਪਿਤਾ ਪ੍ਰੀਤਮ ਸਿੰਘ ਦੇ ਸੀ.ਬੀ.ਆਈ. ਵਲੋਂ ਬਿਆਨ ਦਰਜ ਕੀਤੇ ਗਏ, ਜਦਕਿ ਗੁਰਨਾਮ ਸਿੰਘ ਪਾਲੀ ਐਸ.ਪੀ.ਓ. ਵਲੋਂ ਉਸ ਦੀ ਮਾਤਾ ਕਰਤਾਰ ਕੌਰ ਦੇ ਬਿਆਨ ਦਰਜ ਕਰਨ ਤੋਂ ਬਾਅਦ ਸੀ.ਬੀ.ਆਈ. ਵਲੋਂ ਘਰੋਂ ਚੁੱਕਣ, ਨਾਜਾਇਜ਼ ਹਿਰਾਸਤ ਵਿਚ ਰੱਖਣ ਅਤੇ ਮਾਰਨ ਦੇ ਦੋਸ਼ਾਂ ਤਹਿਤ 27 ਫਰਵਰੀ 1997 ਨੂੰ ਸਾਬਕਾ ਐੱਸ.ਐੱਚ.ਓ. ਗੁਰਬਚਨ ਸਿੰਘ ਮਾਣੋਚਾਲ੍ਹ, ਸਬ ਇੰਸਪੈਕਟਰ ਰੇਸ਼ਮ ਸਿੰਘ, ਸਬ ਇੰਸਪੈਕਟਰ ਹੰਸ ਰਾਜ ਅਤੇ ਏ.ਐੱਸ.ਆਈ. ਅਰਜਨ ਸਿੰਘ ਸਮੇਤ ਕੁੱਲ 9 ਪੁਲਿਸ ਮੁਲਾਜ਼ਮਾਂ ਨੂੰ ਇਸ ਕੇਸ ਵਿਚ ਨਾਮਜ਼ਦ ਕੀਤਾ ਗਿਆ ।ਅਦਾਲਤ ਵਲੋਂ ਹੁਣ ਪੁਲਿਸ ਮੁਲਾਜ਼ਮਾਂ ਨੂੰ ਸਜ਼ਾ ਸੁਣਾਈ ਜਾਵੇਗੀ ।ਵਰਣਨਯੋਗ ਹੈ ਕਿ ਸਾਬਕਾ ਐੱਸ.ਐਚ.ਓ. ਗੁਰਬਚਨ ਸਿੰਘ ਤਰਨ ਤਾਰਨ ਦੇ ਹੀ ਇਕ ਗ਼ਰੀਬ ਹਿੰਦੂ ਪਰਿਵਾਰ ਦੇ ਲੜਕੇ ਗੁਲਸ਼ਨ ਕੁਮਾਰ ਅਤੇ ਤਿੰਨ ਹੋਰ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਵਿਚ ਮਾਰਨ ਦੇ ਦੋਸ਼ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।











Comments (0)