ਮਾਮਲਾ ਗਿਆਨੀ ਹਰਪ੍ਰੀਤ ਸਿੰਘ ਨੂੰ ਸ੍ਰੋਮਣੀ ਕਮੇਟੀ ਵਲੋਂ ਸਸਪੈਂਡ ਕਰਨ ਦਾ
ਪੰਥਕ ਜਥੇਬੰਦੀਆਂ ਵਿਚ ਸ੍ਰੋਮਣੀ ਕਮੇਟੀ ਤੇ ਬਾਦਲਕਿਆਂ ਖਿਲਾਫ ਫੈਲਿਆ ਰੋਹ
* ਜਥੇਦਾਰ ਰਘਬੀਰ ਸਿੰਘ ਨੂੰ ਖੁਦ ਪੜਤਾਲ ਕਰਨ ਦੀ ਕੀਤੀ ਅਪੀਲ, ਕਿਹਾ- ਇਸ ਪਿੱਛੇ ਬਾਦਲ ਗਰੁੱਪ ਦੀ ਸਾਜਿਸ਼
*ਜਥੇਦਾਰਾਂ ਨੂੰ ਜ਼ਲੀਲ ਕਰਕੇ ਅਹੁਦੇ ਤੋਂ ਹਟਾਉਣ ਦਾ ਇਹ ਵਰਤਾਰਾ ਕੋਈ ਨਵਾਂ ਨਹੀਂ-ਜਥੇਦਾਰ ਹਰਪ੍ਰੀਤ ਸਿੰਘ
ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਤੌਰ ਜਥੇਦਾਰ ਵਜੋਂ ਕੰਮ-ਕਾਜ 'ਤੇ ਸ੍ਰੋਮਣੀ ਕਮੇਟੀ ਵਲੋਂ 15 ਦਿਨਾਂ ਦੀ ਰੋਕ ਲਗਾਉਣ ਨੂੰ ਪੰਥਕ ਜਥੇਬੰਦੀਆਂ ਤੇ ਇਸ ਦੇ ਆਗੂਆਂ ਦਲ ਖਾਲਸਾ, ਨਿਹੰਗ ਸਿੰਘ ਜਥੇਬੰਦੀਆਂ, ਬਾਬਾ ਸਰਬਜੋਤ ਸਿੰਘ ਬੇਦੀ,ਸਿੰਘ ਸਾਹਿਬ ਗਿਆਨੀ ਕੇਵਲ ਸਿੰਘ,ਬੀਬੀ ਜਗੀਰ ਕੌਰ ਦੇ ਅਕਾਲੀ ਧੜੇ,ਭਾਈ ਅੰਮ੍ਰਿਤਪਾਲ ਸਿੰਘ ਦੇ ਜਥੇ ਵਾਰਿਸ ਪੰਜਾਬ ਦੇ' ਤੇ ਸਿਖ ਚਿੰਤਕਾਂ ਆਦਿ ਨੇ ਬਦਲੇ ਦੀ ਭਾਵਨਾ ਤਹਿਤ ਕੀਤੀ ਗਈ ਕਾਰਵਾਈ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਦੋਸ਼ਾਂ ਦੀ ਜਾਂਚ ਲਈ ਚੋਣਵੇਂ ਤੌਰ 'ਤੇ 3 ਮੈਂਬਰੀ ਪੈਨਲ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ, ਜਨਰਲ ਸਕੱਤਰ ਸ਼ੇਰ ਸਿੰਘ ਮੰਡਵਾਲਾ ਤੇ ਅੰਤ੍ਰਿੰਗ ਕਮੇਟੀ ਮੈਂਬਰ ਦਲਜੀਤ ਸਿੰਘ ਭਿੰਡਰ ਦੀ ਚੋਣ ਕਰਨਾ ਜਥੇਦਾਰਾਂ ਦੇ ਅਹੁਦੇ ਦਾ ਅਪਮਾਨ ਹੈ।ਇਹ ਵੀ ਫ਼ੈਸਲਾ ਗਲਤ ਹੈ ਕਿ ਤਖ਼ਤ ਦਮਦਮਾ ਸਾਹਿਬ ਦੇ ਮੁੱਖ ਗ੍ਰੰਥੀ ਜਗਤਾਰ ਸਿੰਘ ਨੂੰ ਤਖ਼ਤ ਸਾਹਿਬ ਦਾ ਅਧਿਕਾਰ ਖੇਤਰ ਸੌਂਪਿਆ ਜਾਵੇ। ਯਾਦ ਰਹੇ ਕਿ ਜਥੇਦਾਰ ਹਰਪ੍ਰੀਤ ਸਿੰਘ ਦੇ ਸਾਬਕਾ ਸਾਂਢੂ ਗੁਰਪ੍ਰੀਤ ਸਿੰਘ ਵਾਸੀ ਮੁਕਤਸਰ ਸਾਹਿਬ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕੋਲ ਸ਼ਿਕਾਇਤ ਕਰਕੇ ਜਥੇਦਾਰ ’ਤੇ ਗੰਭੀਰ ਦੋਸ਼ ਲਾਏ ਸਨ।
ਪੰਥਕ ਜਥੇਬੰਦੀਆਂ ਦਾ ਤਰਕ ਹੈ ਕਿ ਪਿਛਲੇ ਤਿੰਨ ਦਹਾਕਿਆਂ ਤੋਂ ਸਿੱਖ ਜਥੇਬੰਦੀਆਂ ਸ਼੍ਰੋਮਣੀ ਕਮੇਟੀ ਤੋਂ ਤਖਤ ਜਥੇਦਾਰਾਂ ਦੇ ਅਹੁਦੇ ਲਈ ਸੇਵਾ-ਨਿਯਮ ਬਣਾਉਣ ਦੀ ਮੰਗ ਕਰ ਰਹੀਆਂ ਹਨ ਪਰ ਇਸ ਮੰਗ ‘ਤੇ ਕਮੇਟੀ ਵੱਲੋਂ ਕੋਈ ਗੌਰ ਨਹੀਂ ਕੀਤਾ ਗਿਆ ।
ਪੰਥਕ ਆਗੂਆਂ ਨੇ ਜਥੇਦਾਰ ਅਕਾਲ ਤਖਤ ਸਾਹਿਬ ਗਿਆਨ ਰਘਬੀਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਸੱਚ-ਝੂਠ ਦਾ ਨਿਤਾਰਾ ਕਰਨ ਲਈ ਜਾਂਚ ਆਪਣੇ ਹੱਥਾਂ ਵਿਚ ਲੈਣ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਤਿੰਨ ਮੈਂਬਰੀ ਪੜਤਾਲੀਆ ਕਮੇਟੀ ਨੂੰ ਭੰਗ ਕਰ ਦੇਣ।ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਤੋਂ ਪੰਜ ਸਿੰਘ ਸਾਹਿਬਾਨ ਨੇ ਅਕਾਲੀ ਦਲ ਨੂੰ ਵਿਰਸਾ ਸਿੰਘ ਵਲਟੋਹਾ ਨੂੰ ਪਾਰਟੀ ਵਿਚੋਂ ਕੱਢਣ ਦੇ ਨਿਰਦੇਸ਼ ਦਿੱਤੇ ਅਤੇ ਅਕਾਲ ਤਖ਼ਤ ਦੀ ਫ਼ਸੀਲ ਤੋਂ ਅਕਾਲੀ ਲੀਡਰਸ਼ਿਪ ਨੂੰ ਸਖ਼ਤ ਲਹਿਜੇ ਵਿਚ ਤਾੜਨਾ ਕੀਤੀ ਸੀ ਕਿ ਮੌਜੂਦਾ ਲੀਡਰਸ਼ਿਪ ਅਕਾਲੀ ਮਾਮਲਿਆਂ ਨੂੰ ਚਲਾਉਣ ਦਾ ਨੈਤਿਕ ਅਧਿਕਾਰ ਗੁਆ ਚੁੱਕੀ ਹੈ, ਉਸ ਦਿਨ ਤੋਂ ਗਿਆਨੀ ਹਰਪ੍ਰੀਤ ਸਿੰਘ ਦਾ ਜਾਣਾ ਲਗਭਗ ਤੈਅ ਸੀ।
ਪੰਥਕ ਆਗੂਆਂ ਦਾ ਮੰਨਣਾ ਸੀ ਕਿ ਸੁਖਬੀਰ ਸਿੰਘ ਬਾਦਲ ਤੇ ਵਿਰਸਾ ਸਿੰਘ ਵਲਟੋਹਾ ਦੋਵੇਂ ਬਹੁਤ ਹੀ ਹੰਕਾਰੀ ਵਿਅਕਤੀ ਹਨ ਅਤੇ ਉਨ੍ਹਾਂ ਕੋਲੋਂ ਇਹ ਉਮੀਦ ਸੀ ਕਿ ਉਹ ਸਮਾਂ ਆਉਣ ‘ਤੇ ਜਥੇਦਾਰਾਂ ਨੂੰ ਨਿਸ਼ਾਨਾ ਬਣਾਉਣਗੇ ਤੇ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੋਇਆ ਗੁਰਮਤਾ ਨਹੀਂ ਮੰਨਣਗੇ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਫ਼ਾਰਗ ਕਰਨ ਕਾਰਣ ਬਾਦਲ ਗਰੁੱਪ ਦੀ ਰਣਨੀਤੀ ਜੱਗ ਜਾਹਿਰ ਹੋ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਧੜੇ ਨੇ ਆਪਣੇ ਅਸਤੀਫ਼ਿਆਂ ਨੂੰ ਲਮਕਾਉਣ, ਮਨਮਰਜ਼ੀ ਨਾਲ ਹੁਕਮਨਾਮੇ ਵਿੱਚ ਤਬਦੀਲੀ ਕਰਵਾਉਣ ਅਤੇ ਤਖ਼ਤ ਸਾਹਿਬ ਤੋਂ ਬਣੀ ਕਮੇਟੀ ਨੂੰ ਦਰਕਿਨਾਰ ਕਰਨ ਲਈ ਇਹ ਸਾਜ਼ਿਸ਼ ਘੜੀ ਗਈ।ਉਨ੍ਹਾਂ ਕਿਹਾ ਕਿ ਅਕਾਲੀਆਂ ਦਾ ਆਪਣੇ 'ਪੰਥਕ ਏਜੰਡੇ' ਨੂੰ ਛੱਡਣ ਤੇ ਨਿਘਾਰ ਦਾ ਸਾਹਮਣਾ ਕਰਨ ਦੇ ਬਾਵਜੂਦ ਧਾਰਮਿਕ ਮਾਮਲਿਆਂ ਅਤੇ ਪੰਥਕ ਰਾਜਨੀਤੀ ਵਿਚ ਦਖ਼ਲਅੰਦਾਜ਼ੀ ਜਾਰੀ ਰੱਖੀ ਹੈ ਜੋ ਕਿ ਸਿਖ ਪੰਥ ਲਈ ਬਰਦਾਸ਼ਤ ਯੋਗ ਨਹੀਂ। ਜਥੇਦਾਰ ਅਕਾਲ ਤਖਤ ਸਾਹਿਬ ਨੂੰ ਇਸ ਬਾਰੇ ਸਖਤ ਸਟੈਂਡ ਲੈਣਾ ਚਾਹੀਦਾ ਹੈ।
ਉਧਰ, ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨਾਲ ਸਬੰਧਤ ਰਹੇ ਸੀਨੀਅਰ ਅਕਾਲੀ ਆਗੂਆਂ ਨੇ ਗਿਆਨੀ ਹਰਪ੍ਰੀਤ ਸਿੰਘ ਖ਼ਿਲਾਫ਼ ਸਾਜ਼ਿਸ਼ ਦੇ ਵਿਰੋਧ ਵਿੱਚ ਵੱਡਾ ਇਕੱਠ ਸੱਦਣ ਦਾ ਫ਼ੈਸਲਾ ਕੀਤਾ ਹੈ।
ਬਾਗੀ ਧੜੇ ਦੇ ਅਕਾਲੀ ਆਗੂਆਂ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਐਸਜੀਪੀਸੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਤੇ ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਸੁੱਚਾ ਸਿੰਘ ਛੋਟੇਪੁਰ, ਸੰਤਾ ਸਿੰਘ ਉਮੈਦਪੁਰੀ, ਬੀਬੀ ਪਰਮਜੀਤ ਕੌਰ ਲਾਂਡਰਾਂ ਨੇ ਕਿਹਾ ਕਿ ਅਗਲੇ ਦਿਨਾਂ ਦੌਰਾਨ ਤਖ਼ਤ ਸ੍ਰੀ ਦਮਦਮਾ ਸਾਹਿਬ ’ਤੇ ਵੱਡਾ ਇਕੱਠ ਕਰਕੇ ਸਾਰੀਆਂ ਪੰਥਕ ਧਿਰਾਂ ਨੂੰ ਨਾਲ ਲੈ ਕੇ ਇਸ ਸਾਜਿਸ਼ ਖ਼ਿਲਾਫ਼ ਮੋਰਚਾਬੰਦੀ ਕੀਤੀ ਜਾਵੇਗੀ। ਇਸ ਸਾਜ਼ਿਸ਼ ਲਈ ਕੌਮ ਕਦੇ ਬਾਦਲ ਦਲ ਨੂੰ ਮੁਆਫ਼ ਨਹੀਂ ਕਰੇਗੀ।
ਬਾਦਲ ਦਲ ਨੇ ਪੰਥਕ ਜ਼ਮੀਨ ਨੂੰ ਮੁੜ ਹਾਸਲ ਕਰਨ ਦਾ ਸੁਪਨਾ ਗੁਆਇਆ
ਬਾਦਲ ਅਕਾਲੀ ਦਲ ਗੁਆਚੀ ਹੋਈ ਪੰਥਕ ਜ਼ਮੀਨ ਨੂੰ ਮੁੜ ਹਾਸਲ ਕਰਨ ਦਾ ਸੁਪਨਾ ਲੈ ਸਕਦੇ ਸਨ। ਗਿਆਨੀ ਹਰਪ੍ਰੀਤ ਸਿੰਘ ਨੂੰ ਤਖ਼ਤ ਦਮਦਮਾ ਸਾਹਿਬ ਦੀ ਜਥੇਦਾਰੀ ਤੋਂ ਲਾਂਭੇ ਕਰਨ ਦੇ ਫ਼ੈਸਲੇ ਨੇ ਸੁਖਬੀਰ ਬਾਦਲ ਦੇ ਵਿਰੋਧੀ ਪੰਥਕ ਜਥੇਬੰਦੀਆਂ ਨੂੰ ਇਕ ਹੋਰ ਮੁੱਦਾ ਫੜਾ ਦਿੱਤਾ ਹੈ। ਗਿਆਨੀ ਹਰਪ੍ਰੀਤ ਸਿੰਘ ਨੂੰ ਸਸਪੈਂਡ ਕਰਨ ਨਾਲ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਨੂੰ ਫ਼ਾਇਦੇ ਦੀ ਬਜਾਏ ਨੁਕਸਾਨ ਹੋਇਆ ਹੈ।
ਸ਼ੋ੍ਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਵਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵਿਰੁੱਧ 18 ਸਾਲ ਪੁਰਾਣੀ ਘਟਨਾ ਸੰਬੰਧੀ ਪ੍ਰਾਪਤ ਹੋਈ ਸ਼ਿਕਾਇਤ 'ਤੇ ਬਣਾਈ ਗਈ ਜਾਂਚ ਕਮੇਟੀ ਨੂੰ ਲੈ ਕੇ ਸਿੰਘ ਸਾਹਿਬਾਨ ਵਿਰੁੱਧ ਜਾਂਚ ਜਾਂ ਕਾਰਵਾਈ ਲਈ ਅਧਿਕਾਰ ਖੇਤਰ ਦਾ ਮੁੱਦਾ ਖੜ੍ਹਾ ਹੋ ਗਿਆ ਹੈ ।ਤਖ਼ਤਾਂ ਦੇ ਜਥੇਦਾਰ ਸਾਹਿਬਾਨ ਜੋ ਤਕਨੀਕੀ ਤੌਰ 'ਤੇ ਸ਼ੋ੍ਮਣੀ ਕਮੇਟੀ ਦੇ ਤਨਖ਼ਾਹਦਾਰ ਮੁਲਾਜ਼ਮ ਨਹੀਂ ਹੁੰਦੇ ਅਤੇ ਨਾ ਹੀ ਸ਼ੋ੍ਮਣੀ ਕਮੇਟੀ ਦੇ ਮੁਲਾਜ਼ਮਾਂ ਲਈ ਨਿਯਮ ਹੀ ਉਨ੍ਹਾਂ 'ਤੇ ਲਾਗੂ ਹੁੰਦੇ ਹਨ ।ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਕਾਰਜਕਾਲ ਦੌਰਾਨ ਹੀ ਉਨ੍ਹਾਂ ਦੀ ਤਨਖ਼ਾਹ ਨੂੰ ਖ਼ਤਮ ਕਰਕੇ ਉਨ੍ਹਾਂ ਨੂੰ ਮਾਣ ਭੱਤਾ ਦੇਣ ਦਾ ਫ਼ੈਸਲਾ ਹੋ ਗਿਆ ਸੀ ।ਸਿੰਘ ਸਾਹਿਬਾਨ ਸੰਬੰਧੀ ਕਿਸੇ ਤਰ੍ਹਾਂ ਦੀ ਕਾਰਵਾਈ ਤੇ ਜਾਂਚ ਵੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਧਿਕਾਰ ਖੇਤਰ ਵਿਚ ਰੱਖੀ ਗਈ ਸੀ, ਜਦੋਂ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸੰਬੰਧੀ ਕੋਈ ਕਾਰਵਾਈ ਦਾ ਅਧਿਕਾਰ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਨੂੰ ਦਿੱਤਾ ਗਿਆ ਸੀ । ਲੇਕਿਨ ਸ਼ੋ੍ਮਣੀ ਕਮੇਟੀ ਵਲੋਂ ਜਿਵੇਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵਿਰੁੱਧ ਕਾਰਵਾਈ ਆਪਣੇ ਤੌਰ 'ਤੇ ਹੀ ਕੀਤੀ ਗਈ, ਸੂਚਨਾ ਅਨੁਸਾਰ ਉਸ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕਾਫ਼ੀ ਪ੍ਰੇਸ਼ਾਨ ਹਨ ਅਤੇ ਉਨ੍ਹਾਂ ਆਪਣੇ ਵਿਚਾਰਾਂ ਤੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਜਾਣੂੰ ਵੀ ਕਰਵਾ ਦਿੱਤਾ ਹੈ ।ਪਤਾ ਇਹ ਵੀ ਲੱਗਾ ਹੈ ਕਿ ਸ਼ੋ੍ਮਣੀ ਕਮੇਟੀ ਦੇ ਫ਼ੈਸਲੇ ਕਾਰਨ ਜਥੇਦਾਰ ਅਕਾਲ ਤਖ਼ਤ ਸਾਹਿਬ ਵਲੋਂ ਅਹੁਦਾ ਛੱਡਣ ਦੀ ਵੀ ਗੱਲ ਕੀਤੀ ਗਈ ।
ਇਸ ਤੋਂ ਬਾਅਦ ਬਾਦਲ ਦਲ ਦੇ ਆਗੂਆਂ ਦਲਜੀਤ ਸਿੰਘ ਚੀਮਾ,ਬਲਵਿੰਦਰ ਸਿੰਘ ਭੂੰਦੜ ,ਪਰਮਜੀਤ ਸਿੰਘ ਸਰਨਾ ਅਤੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਅਕਾਲ ਤਖ਼ਤ ਦੇ ਜਥੇਦਾਰ ਰਘਬੀਰ ਸਿੰਘ, ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਸੁਲਤਾਨ ਸਿੰਘ ਨਾਲ ਮਾਛੀਵਾੜਾ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ ਡੇਢ ਘੰਟਾ ਬੰਦ ਕਮਰਾ ਮੀਟਿੰਗ ਕੀਤੀ ਸੀ। ਤੇ ਜਥੇਦਾਰ ਨੂੰ ਅਸਤੀਫਾ ਨਾ ਦੇਣ ਲਈ ਮਨਾ ਲਿਆ ਸੀ । ਦਲਜੀਤ ਸਿੰਘ ਚੀਮਾ ਅਨੁਸਾਰ ਉਨ੍ਹਾਂ ਨੇ ਜਥੇਦਾਰ ਅਕਾਲ ਤਖਤ ਸਾਹਿਬ ਤੋਂ ਫਸੀਲ ਉਪਰ ਹੋਏ ਸਿਆਸੀ ਫੈਸਲੇ ਮੰਨਣ ਲਈ ਕੁਝ ਸਮਾਂ ਹੋਰ ਦੇਣ ਦੀ ਅਪੀਲ ਕੀਤੀ ਸੀ। ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਮੂਹ ਲੀਡਰਸ਼ਿਪ ਨੇ ਜਥੇਦਾਰ ਨੂੰ ਵਿਸ਼ਵਾਸ ਦਿਵਾਇਆ ਕਿ ਪਾਰਟੀ ਦੇ ਸਮੂਹ ਆਗੂ ਤੇ ਵਰਕਰ ਅਕਾਲ ਤਖ਼ਤ ਸਾਹਿਬ ਦਾ ਹਰ ਹੁਕਮ ਮੰਨਣ ਨੂੰ ਪਾਬੰਦ ਹਨ। ਇਸ ਲਈ ਸ਼ਹੀਦੀ ਜੋੜ ਮੇਲੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾ ਕੇ ਅਗਲੇ ਫ਼ੈਸਲੇ ਲਏ ਜਾਣਗੇ। ਉਹ ਗੁਰਮਤੇ ਅਨੁਸਾਰ ਸੁਖਬੀਰ ਬਾਦਲ ਦੇ ਬਾਰੇ ਫੈਸਲਾ ਕਰਨਗੇ।ਭਰਤੀ ਕਮੇਟੀ ਸੰਬੰਧੀ ਅਕਾਲੀ ਦਲ ਵਲੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਨੂੰ ਆਧਾਰ ਬਣਾ ਕੇ ਕਾਨੂੰਨੀ ਅੜਚਣਾਂ ਦਾ ਮੁੱਦਾ ਵੀ ਜਥੇਦਾਰ ਅਕਾਲ ਤਖਤ ਸਾਹਿਬ ਕੋਲ ਉਠਾਇਆ ਗਿਆ ਹੈ ।
ਇਸ ਮੀਟਿੰਗ ਬਾਅਦ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਗਿਆਨੀ ਹਰਪ੍ਰੀਤ ਸਿੰਘ ਦੀ ਜਾਂਚ ਜਥੇਦਾਰ ਹਵਾਲੇ ਕਰਨ ਬਾਰੇ 23 ਦਸੰਬਰ ਨੂੰ ਮੀਟਿੰਗ ਕਰਨ ਦਾ ਜੋ ਫੈਸਲਾ ਕੀਤਾ ਸੀ ,ਉਹ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਰੁਝੇਵਿਆਂ ਦਾ ਬਹਾਨਾ ਬਣਾਕੇ ਕੈਂਸਲ ਕਰ ਦਿਤੀ ਗਈ ਹੈ। ਅਗਲੀ ਮੀਟਿੰਗ ਬਾਰੇ ਕੋਈ ਜਾਣਕਾਰੀ ਨਹੀਂ ਦਿਤੀ ਗਈ।
ਸਾਫ ਅਰਥ ਇਹ ਹੈ ਕਿ ਅਕਾਲੀ ਦਲ ਤੇ ਸ੍ਰੋਮਣੀ ਕਮੇਟੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੋਏ ਫੈਸਲੇ ਮੰਨਣ ਨੂੰ ਤਿਆਰ ਨਹੀਂ।ਉਹ ਹੁਣ ਪੰਥਕ ਜਥੇਬੰਦੀਆਂ ਦਾ ਰਾਜਨੀਤਕ ਮੁਕਾਬਲਾ ਕਰਨ ਨੂੰ ਤਿਆਰ ਹਨ।ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਨਾਲ ਬਾਦਲਕਿਆਂ ਦਾ ਹੋਰ ਰਾਜਨੀਤਿਕ ਘਾਟਾ ਹੋਵੇਗਾ।ਪੰਥਕ ਮਾਹਿਰਾਂ ਦਾ ਮੰਨਣਾ ਕਿ ਅਕਾਲ ਤਖਤ ਸਾਹਿਬ ਤੋਂ ਅਕਾਲੀ ਦਲ ਬਣਨ ਦੀ ਸੰਭਾਵਨਾ ਘਟ ਹੈ।
ਸਰਦਾਰ ਗੁਰਤੇਜ ਸਿੰਘ ਆਈਏਐਸ ਦਾ ਕਹਿਣਾ ਹੈ ਕਿ ਸਿਖ ਸੰਗਤ ਵਿਚ ਜਥੇਦਾਰ ਅਕਾਲ ਤਖਤ ਸਾਹਿਬ ਖਿਲਾਫ ਰੋਸ ਹੈ ਕਿ ਉਹ ਬਾਦਲ ਦਲ ਨੂੰ ਘੜੁ ਮੁੜੀ ਸਮਾਂ ਕਿਉਂ ਵਧਾ ਰਹੇ ਹਨ? ਇਸ ਕਾਰਣ ਪੰਥ ਵਿਚ ਸ਼ੰਕਾਵਾਂ ਪੈਦਾ ਹੋ ਰਹੀਆਂ ਹਨ।ਬਾਦਲ ਦਲ ਦੇ ਆਗੂਆਂ ਨੂੰ ਗੁਰਮਤੇ ਦੀ ਉਲੰਘਣਾ ਕਾਰਣ ਤਨਖ਼ਾਹੀਆ ਕਿਉਂ ਨਹੀਂ ਐਲਾਨਿਆ ਜਾ ਰਿਹਾ ? ਗੁਰਤੇਜ ਸਿੰਘ ਦਾ ਕਹਿਣਾ ਹੈ ਕਿ ਸਿੰਘ ਸਾਹਿਬਾਨ ਦੀ ਜਥੇਦਾਰ ਵਿਰਸਾ ਸਿੰਘ ਵਿਰੁੱਧ ਕਾਰਵਾਈ ਦੀ ਜੋ ਵੀਡੀਓ ਰਿਕਾਰਡਿੰਗ ਲੀਕ ਹੋਈ ਹੈ ਉਸ ਬਾਰੇ ਜਥੇਦਾਰ ਅਕਾਲ ਤਖਤ ਸਾਹਿਬ ਜਾਂਚ ਕਰਵਾਉਣ, ਕਿਉਂਕਿ ਇਹ ਜਥੇਦਾਰ ਅਕਾਲ ਤਖਤ ਸਾਹਿਬ ਦੇ ਕੋਲ ਸੀਲਬੰਦ ਪਈ ਹੋਈ ਹੈ ਲੇਕਿਨ ਜੋ ਵੀਡੀਓ ਲੀਕ ਹੋਈ ਉਹ ਕਿਵੇਂ ਤੇ ਕਿਥੋਂ ਹੋਈ ਇਹ ਬਹੁਤ ਸ਼ੱਕੀ ਮਸਲਾ ਹੈ ।ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੱਸ ਚੁੱਕੇ ਹਨ ਕਿ ਵੀਡੀਓ ਰਿਕਾਰਡਿੰਗ ਸ਼ੋ੍ਮਣੀ ਕਮੇਟੀ ਦੇ ਆਈ.ਟੀ ਸੈੱਲ ਰਾਹੀਂ ਹੋਈ ਸੀ ਲੇਕਿਨ ਇਸ ਦੀ ਰਿਕਾਰਡਿੰਗ ਸਾਰੇ ਪਾਸਿਓ ਖ਼ਤਮ ਕਰਵਾ ਕੇ ਇਸ ਦੀ ਸੀਲਬੰਦ ਕਾਪੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੋਲ ਰੱਖੀ ਗਈ ਸੀ | ਲੇਕਿਨ ਹੁਣ ਸਮਝਿਆ ਇਹ ਜਾ ਰਿਹਾ ਹੈ ਕਿ ਇਸ ਦੀ ਕਾਪੀ ਸਿੰਘ ਸਾਹਿਬ ਤੋਂ ਇਲਾਵਾ ਕਿਸੇ ਹੋਰ ਨੇ ਵੀ ਰੱਖੀ ਹੋਈ ਸੀ ।












Comments (0)