ਪੰਜਾਬ ਵਿਚ ਗੈਂਗਵਾਰ ਦੇ ਖੂਨੀ ਸੰਘਰਸ਼ ਦਾ ਮਾਮਲਾ

ਪੰਜਾਬ ਵਿਚ ਗੈਂਗਵਾਰ ਦੇ ਖੂਨੀ ਸੰਘਰਸ਼ ਦਾ ਮਾਮਲਾ

 ਜੱਗੂ ਭਗਵਾਨਪੁਰੀਆ ਦੀ ਮਾਂ ਦੇ ਕਤਲ ਨੇ ਮਚਾਈ ਦਹਿਸ਼ਤ

ਜੱਗੂ ਤੇ ਬੰਬੀਹਾ ਗੈਂਗ ਵਿਚਾਲੇ ਹੋ ਸਕਦੀਆਂ ਨੇ ਖੁਨੀ ਝੜਪਾਂ

ਪੰਜਾਬ, ਜਿਹੜਾ ਕਦੇ ਸਿੱਖ ਸੱਭਿਆਚਾਰ, ਸੰਗੀਤ ਅਤੇ ਹਰਿਆਵਲ ਦੀਆਂ ਖੁਸ਼ਬੂਆਂ ਨਾਲ ਮਹਿਕਦਾ ਸੀ, ਅੱਜ ਗੈਂਗਵਾਰ ਦੀ ਅੱਗ ਵਿਚ ਸੜ ਰਿਹਾ ਹੈ। ਬਟਾਲਾ ਵਿਚ ਬੀਤੇ ਹਫਤੇ ਰਾਤ ਦੌਰਾਨ ਸਕਾਰਪੀਓ ਵਿਚ ਬੈਠੇ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਹਰਜੀਤ ਕੌਰ ਅਤੇ ਉਸ ਦੇ ਰਿਸ਼ਤੇਦਾਰ ਕਰਨਵੀਰ ਸਿੰਘ ਦਾ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ।   ਇਹ ਖੂਨੀ ਖੇਡ ਦਵਿੰਦਰ ਬੰਬੀਹਾ ਗੈਂਗ ਨੇ ਮਈ ਵਿਚ ਗੁਰਪ੍ਰੀਤ ਸਿੰਘ ਉਰਫ਼ ਗੋਰਾ ਬਰਿਆਰ ਦੇ ਕਤਲ ਦਾ ਬਦਲਾ ਲੈਣ ਲਈ ਖੇਡੀ। ਪਰ ਇਸ ਘਟਨਾ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਗੈਂਗਵਾਰ ਹੁਣ ਸਿਰਫ਼ ਗੈਂਗਸਟਰਾਂ ਤੱਕ ਸੀਮਤ ਨਹੀਂ, ਸਗੋਂ ਪਰਿਵਾਰਾਂ ਦੇ ਘਰਾਂ ਦੀਆਂ ਸੀਮਾਵਾਂ ਉਲੰਘ ਗਈ ਹੈ।128 ਤੋਂ ਵੱਧ ਮੁਕੱਦਮਿਆਂ ਦਾ ਸਾਹਮਣਾ ਕਰ ਰਹੇ ਜੱਗੂ ਭਗਵਾਨਪੁਰੀਆ, ਜਿਸ ਦੀ  ਪੰਜਾਬ ਦੀ ਅਪਰਾਧਿਕ ਦੁਨੀਆਂ ਵਿਚ ਦਹਿਸ਼ਤ ਹੈ, ਅਸਾਮ ਦੀ ਸਿਲਚਰ ਜੇਲ੍ਹ ਵਿਚ ਬੰਦ ਹੈ।  ਜੱਗੂ ਦੀ ਮਾਂ ਹਰਜੀਤ ਕੌਰ, ਜੋ ਭਗਵਾਨਪੁਰ ਪਿੰਡ ਦੀ ਸਾਬਕਾ ਸਰਪੰਚ ਸੀ, । ਪਿੰਡ ਵਾਸੀਆਂ ਅਨੁਸਾਰ ਉਹ ਗਰੀਬ ਲੜਕੀਆਂ ਦੇ ਵਿਆਹ ਕਰਵਾਉਂਦੀ, ਝਗੜੇ ਸੁਲਝਾਉਂਦੀ  ਸੀ। ਪਰ ਗੈਂਗਵਾਰ ਦੀ ਇਸ ਅੱਗ ਨੇ ਉਸ ਦੀ ਜਿੰਦਗੀ ਦੀ ਲੋਅ ਨੂੰ ਹਮੇਸ਼ਾ ਲਈ ਬੁਝਾ ਦਿੱਤਾ।

ਬੰਬੀਹਾ ਗੈਂਗ ਦੇ ਮੈਂਬਰਾਂ ਡੋਨੀ ਬਲ, ਬਿੱਲਾ ਮਾਂਗਾ, ਪ੍ਰਭ ਦਾਸੂਵਾਲ ਅਤੇ ਕੌਸ਼ਲ ਚੌਧਰੀ ਨੇ ਸੋਸ਼ਲ ਮੀਡੀਆ ’ਤੇ ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਕਿਹਾ ਕਿ ਕਰਨਵੀਰ ਸਿੰਘ ਜੱਗੂ ਦਾ ਸੱਜਾ ਹੱਥ ਸੀ, ਜੋ ਉਸ ਦੇ ਸਾਰੇ ਅਪਰਾਧਿਕ ਕੰਮ ਸੰਭਾਲਦਾ ਸੀ। ਉਨ੍ਹਾਂ ਨੇ ਇਸ ਨੂੰ ਗੋਰਾ ਬਰਿਆਰ ਦੇ ਕਤਲ ਦਾ ਬਦਲਾ ਦੱਸਿਆ। ਪਰ ਅਗਲੇ ਦਿਨ ਬੰਬੀਹਾ ਗੈਂਗ ਦੀ ਇਕ ਹੋਰ ਪੋਸਟ ਨੇ ਸਭ ਨੂੰ ਹੈਰਾਨ ਕਰ ਦਿੱਤਾ, ਜਿਸ ਵਿਚ ਉਨ੍ਹਾਂ ਨੇ ਹਰਜੀਤ ਕੌਰ ਦੇ ਕਤਲ ਨੂੰ ‘ਗਲਤੀ’ ਕਰਾਰ ਦਿੱਤਾ। ਉਨ੍ਹਾਂ ਮੁਤਾਬਕ, ਉਹ ਸਿਰਫ਼ ਕਰਨਵੀਰ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੇ ਸਨ, ਪਰ ਹਰਜੀਤ ਕੌਰ ਦੀ ਮੌਜੂਦਗੀ ਦਾ ਉਨ੍ਹਾਂ ਨੂੰ ਪਤਾ ਨਹੀਂ ਸੀ। ਇਸ ਪੋਸਟ ਵਿਚ ਉਨ੍ਹਾਂ ਨੇ ਮੁਆਫੀ ਮੰਗਦਿਆਂ ਕਿਹਾ, “ਮਾਵਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ। 

ਇਸ ਦੇ ਜਵਾਬ ਵਿਚ ਜੱਗੂ ਭਗਵਾਨਪੁਰੀਆ ਦੀ ਟੀਮ ਨੇ ਵੀ ਸੋਸ਼ਲ ਮੀਡੀਆ ’ਤੇ ਆਪਣਾ ਗੁੱਸਾ ਜ਼ਾਹਰ ਕੀਤਾ। ਉਨ੍ਹਾਂ ਦੀ ਪੋਸਟ ਵਿਚ ਲਿਖਿਆ ਕਿ ਸਾਡੀ ਦੁਸ਼ਮਣੀ ਸਾਡੇ ਵਿਚਕਾਰ ਹੈ, ਪਰਿਵਾਰਾਂ ਨਾਲ ਨਹੀਂ। ਹਰਜੀਤ ਕੌਰ ਨੇ ਮੇਰੇ ਲਈ ਵਿੱਤੀ ਮੁਸ਼ਕਲਾਂ ਸਹੀਆਂ, ਉਸ ਦਾ ਕਤਲ ਗਲਤ ਸੀ। ਹੁਣ ਹੱਦਾਂ ਪਾਰ ਹੋ ਜਾਣਗੀਆਂ।” ਇਸ ਤਰ੍ਹਾਂ ਦੋਵੇਂ ਗਰੁੱਪਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਨੇ ਪੰਜਾਬ ਵਿਚ ਗੈਂਗਵਾਰ ਦੇ ਹੋਰ ਤੇਜ਼ ਹੋਣ ਦੀ ਸੰਭਾਵਨਾ ਨੂੰ ਹਵਾ ਦੇ ਦਿੱਤੀ ਹੈ।

 ਕਾਂਗਰਸ ਆਗੂ ’ਤੇ ਗੰਭੀਰ ਦੋਸ਼

 ਇਸ ਖੂਨੀ ਖੇਡ ਵਿਚ ਇਕ ਨਵਾਂ ਮੋੜ ਉਦੋਂ ਆਇਆ ਜਦੋਂ ਜੱਗੂ ਦੀ ਚਾਚੀ ਰਾਜਵਿੰਦਰ ਕੌਰ ਨੇ ਕਾਂਗਰਸ ਦੇ ਸੰਸਦ ਮੈਂਬਰ ਅਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ’ਤੇ ਕਤਲ ਦਾ ਦੋਸ਼ ਲਗਾਇਆ। ਰਾਜਵਿੰਦਰ ਮੁਤਾਬਕ, ਇਹ ਕਤਲ ਸਿਆਸੀ ਅਤੇ ਵਪਾਰਕ ਰੰਜਿਸ਼ ਕਾਰਨ ਕੀਤਾ ਗਿਆ। ਉਨ੍ਹਾਂ ਨੇ ਰੰਧਾਵਾ, ਉਸ ਦੇ ਪੁੱਤਰ ਉਦੈਵੀਰ ਸਿੰਘ, ਅਮਨਦੀਪ ਸਿੰਘ ਜੰਟੀਪੁਰੀਆ, ਰਵਿੰਦਰ ਸਿੰਘ ਅਤੇ ਨਿਰਮਲ ਸਿੰਘ ’ਤੇ ਵੀ ਸ਼ਾਮਲ ਹੋਣ ਦਾ ਇਲਜ਼ਾਮ ਲਗਾਇਆ। ਰਾਜਵਿੰਦਰ ਨੇ ਦਾਅਵਾ ਕੀਤਾ ਕਿ ਹਮਲਾਵਰਾਂ ਨੇ ਕਤਲ ਤੋਂ ਬਾਅਦ ਰੰਧਾਵਾ ਨੂੰ ਫੋਨ ਕਰਕੇ ਕਿਹਾ ਕਿ ਅਸੀਂ ਕੰਮ ਕਰ ਦਿੱਤਾ।” ਬਟਾਲਾ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ, ਪਰ ਰੰਧਾਵਾ ਨੇ ਇਸ ਮਾਮਲੇ ’ਤੇ ਚੁੱਪੀ ਸਾਧੀ ਹੋਈ ਹੈ, ਸਿਰਫ਼ ਇਹ ਕਹਿ ਕੇ ਕਿ ਜਾਂਚ ਤੋਂ ਬਾਅਦ ਹੀ ਕੁਝ ਕਹਿਣਗੇ। ਇਸ ਨੇ ਪੰਜਾਬ ਦੀ ਸਿਆਸਤ ਵਿਚ ਵੀ ਹਲਚਲ ਮਚਾ ਦਿੱਤੀ ਹੈ, ਜਿਸ ਨਾਲ ਗੈਂਗਵਾਰ ਦਾ ਮਸਲਾ ਸਿਆਸੀ ਰੰਗ ਵੀ ਲੈ ਰਿਹਾ ਹੈ।

 ਪੰਜਾਬ ਵਿਚ ਗੈਂਗਸਟਰਾਂ ਦਾ ਜਾਲ, ਸਰਕਾਰ ਦੀ ਨਾਕਾਮੀ? 

ਪੰਜਾਬ ਵਿਚ ਗੈਂਗਵਾਰ ਦਾ ਇਹ ਨਵਾਂ ਰੂਪ, ਜਿੱਥੇ ਪਰਿਵਾਰਕ ਮੈਂਬਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਸਮਾਜ ਲਈ ਵੱਡੀ ਚੁਣੌਤੀ ਬਣ ਗਿਆ ਹੈ। ਸੂਬੇ ਵਿਚ  ਵਿੱਕੀ ਗੌਂਡਰ, ਲਾਰੈਂਸ ਬਿਸ਼ਨੋਈ, ਪ੍ਰੇਮਾ ਲਾਹੌਰੀਆ, ਗੋਲਡੀ ਬਰਾੜ ਅਤੇ ਦਵਿੰਦਰ ਬੰਬੀਹਾ ਵਰਗੇ ਗੈਂਗਸਟਰਾਂ ਦੀ ਲੰਬੀ ਸੂਚੀ ਹੈ। ਅੰਕੜਿਆਂ ਮੁਤਾਬਕ, ਪੰਜਾਬ ਵਿਚ 30 ਤੋਂ ਵੱਧ ਸੰਗਠਿਤ ਗੈਂਗ ਸਰਗਰਮ ਹਨ, ਜੋ ਨਸ਼ੀਲੇ ਪਦਾਰਥਾਂ ਦੀ ਤਸਕਰੀ, ਫਿਰੌਤੀ, ਕਤਲ ਅਤੇ ਹਥਿਆਰਾਂ ਦੇ ਗੈਰ-ਕਾਨੂੰਨੀ ਵਪਾਰ ਵਿਚ ਸ਼ਾਮਲ ਹਨ। ਸਰਕਾਰ ਅਤੇ ਪੁਲਿਸ ਨੇ ਨਸ਼ਿਆਂ ਅਤੇ ਗੈਂਗਵਾਰ ਨੂੰ ਰੋਕਣ ਲਈ ਕਈ ਦਾਅਵੇ ਕੀਤੇ, ਪਰ ਹਰਜੀਤ ਕੌਰ ਦਾ ਕਤਲ ਸਪੱਸ਼ਟ ਕਰਦਾ ਹੈ ਕਿ ਸਥਿਤੀ ਹੱਥੋਂ ਨਿਕਲ ਰਹੀ ਹੈ। ਹੁਣ ਸਰਕਾਰ ਵਲੋਂ ਸਖ਼ਤ ਨੀਤੀਆਂ ਅਤੇ ਵੱਡੀਆਂ ਕਾਰਵਾਈਆਂ ਦੀ ਲੋੜ ਹੈ। ਪੁਲਿਸ ਦੀ ਚੁੱਪੀ ਅਤੇ ਸੋਸ਼ਲ ਮੀਡੀਆ ’ਤੇ ਗੈਂਗਸਟਰਾਂ ਦੀਆਂ ਧਮਕੀਆਂ ਨੇ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ।  ਪੁਲਿਸ ਨੂੰ ਸਖਤੀ ਕਰਨ ਦੀ ਜ਼ਰੂਰਤ ਹੈ, ਨਹੀਂ ਤਾਂ ਇਹ ਖੂਨੀ ਖੇਡ ਸੂਬੇ ਦੀ ਸ਼ਾਂਤੀ ਨੂੰ ਹਮੇਸ਼ਾ ਲਈ ਨਿਗਲ ਜਾਵੇਗੀ।