ਭਗਵੇਂਵਾਦੀਆਂ ਵਲੋਂ ਲੰਕੇਸ਼ ਦੇ ਕਥਿਤ ਕਾਤਲਾਂ ਦਾ ਹਾਰ ਪਾਕੇ ਸਵਾਗਤ

ਭਗਵੇਂਵਾਦੀਆਂ ਵਲੋਂ ਲੰਕੇਸ਼ ਦੇ ਕਥਿਤ ਕਾਤਲਾਂ ਦਾ ਹਾਰ ਪਾਕੇ ਸਵਾਗਤ

ਫਿਰਕੂ ਦਹਿਸ਼ਤਗਰਦੀ ਤੇ ਹਿੰਦੂਤਵ ਵਿਰੋਧੀ ਸੀ ਗੋਰੀ ਲੰਕੇਸ਼

*ਗੌਰੀ ਲੰਕੇਸ਼ ਦੀ 2017 ਨੂੰ ਬੇਂਗਲੁਰੂ ਵਿਖੇ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਸੀ

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪਿਛਲੇ ਦਿਨੀਂ ਆਰ ਐੱਸ ਐੱਸ ਮੁਖੀ ਮੋਹਨ ਭਾਗਵਤ ਵੱਲੋਂ ਦਿੱਤੇ ਗਏ ਇੱਕ ਬਿਆਨ ਦੇ ਜਵਾਬ ਵਿੱਚ ਕਿਹਾ ਸੀ ਕਿ ਭਾਰਤੀ ਜਨਤਾ ਪਾਰਟੀ ਇੱਕ ਦਹਿਸ਼ਤਗਰਦ ਪਾਰਟੀ ਹੈ। ਕੁਝ ਲੋਕ ਖੜਗੇ ਦੇ ਬਿਆਨ ਨੂੰ ਲੋੜੋਂ ਵੱਧ ਤਿੱਖਾ ਕਹਿ ਕੇ ਇਸ ਦੀ ਨਿੰਦਾ ਕਰ ਰਹੇ ਹਨ, ਪਰ ਹੈ ਇਹ ਬਿਲਕੁਲ ਹਕੀਕਤ।

 ਖੜਗੇ ਦੇ ਬਿਆਨ ਤੋਂ ਅਗਲੇ ਦਿਨ ਹੀ ਇੱਕ ਘਟਨਾ ਨੇ ਉਸ ਦੇ ਕਹੇ ਨੂੰ ਸੱਚ ਸਾਬਤ ਕਰ ਦਿੱਤਾ। ਪੱਤਰਕਾਰ ਗੌਰੀ ਲੰਕੇਸ਼ ਦੀ ਹੱਤਿਆ ਦੇ ਦੋ ਮੁੱਖ ਮੁਲਜ਼ਮਾਂ ਨੂੰ 9 ਅਕਤੂਬਰ ਨੂੰ ਜ਼ਮਾਨਤ ਦੇ ਦਿੱਤੀ ਗਈ ਤੇ 11 ਅਕਤੂਬਰ ਨੂੰ ਉਹ ਜੇਲ੍ਹ ਤੋਂ ਬਾਹਰ ਆ ਗਏ। ਪਰਸੂਰਾਮ ਬਾਘਮੋਰੇ ਤੇ ਮਨੋਹਰ ਯਾਦਵ ਨਾਂਅ ਦੇ ਇਨ੍ਹਾਂ ਮੁਲਜ਼ਮਾਂ ਦੇ ਜੇਲ੍ਹ ਤੋਂ ਬਾਹਰ ਆਉਣ ’ਤੇ ਉਨ੍ਹਾਂ ਦਾ ਹਿੰਦੂਤਵੀ ਸਮੂਹਾਂ ਵੱਲੋਂ ਮਾਲਾ ਪਹਿਨਾ ਕੇ ਸਵਾਗਤ ਕੀਤਾ ਗਿਆ। ਰਾਮ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਨੀਲਕੰਤ ਕੰਡਗਲ ਨੇ ਬੀਬੀਸੀ ਹਿੰਦੀ ਨੂੰ ਦੱਸਿਆ ਕਿ ਇਹ ਹਿੰਦੂ ਕਾਰਕੁਨ ਹਨ। ਉਹ ਜ਼ਮਾਨਤ 'ਤੇ ਰਿਹਾਅ ਹੋਏ ਸੀ, ਇਸ ਲਈ ਅਸੀਂ ਫੁੱਲਾਂ ਦੇ ਹਾਰਾਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਅਸੀਂ ਕਾਲਿਕਾ ਮੰਦਰ ਵਿੱਚ ਪੂਜਾ ਕੀਤੀ ਅਤੇ ਅਰਦਾਸ ਕੀਤੀ ਕਿ ਉਹ ਅਦਾਲਤ ਤੋਂ ਬਰੀ ਹੋ ਜਾਣ।

ਮੰਦਰ ਪਹੁੰਚਣ ਤੋਂ ਪਹਿਲਾਂ ਪਰਸ਼ੂਰਾਮ ਵਾਗਮੋਰ ਅਤੇ ਮਨੋਹਰ ਯਾਦਵੇ ਨੇ ਵਿਜੇਪੁਰਾ ਸ਼ਹਿਰ ਦੇ ਸ਼ਿਵਾਜੀ ਸਰਕਲ 'ਤੇ ਸ਼ਿਵਾਜੀ ਮਹਾਰਾਜ ਦੀ ਮੂਰਤੀ 'ਤੇ ਹਾਰ ਚੜਾਏ।

ਦੋਵਾਂ ਨੂੰ ਨੀਲਕੰਤ ਕੰਡਗਲ ਅਤੇ ਹੋਰਨਾਂ ਵੱਲੋਂ ਮੰਦਰ ਦੇ ਅੰਦਰ ਸਮਰਥਕਾਂ ਦੀ ਹਾਜ਼ਰੀ ਵਿੱਚ ਸਨਮਾਨਿਤ ਕੀਤਾ ਗਿਆ। ਇਸ ਦੀ ਨਾਂ ਤਾਂ ਮੀਡੀਆ ਨੂੰ ਜਾਣਕਾਰੀ ਦਿੱਤੀ ਅਤੇ ਨਾਂ ਹੀ ਮੰਦਰ ਅੰਦਰ ਜਾਣ ਦੀ ਇਜਾਜ਼ਤ ਸੀ।ਉਕਤ ਦੋਹਾਂ ਦੇ ਨਾਲ ਬਾਕੀ 8 ਮੁਲਜ਼ਮਾਂ ਨੂੰ ਵੀ ਜ਼ਮਾਨਤ ਦੇ ਦਿੱਤੀ ਗਈ ਸੀ।

ਦੂਜੇ ਪਾਸੇ ਗੌਰੀ ਲੰਕੇਸ਼ ਦੀ ਭੈਣ ਅਤੇ ਮਾਮਲੇ ਦੀ ਸ਼ਿਕਾਇਤਕਰਤਾ ਕਵਿਤਾ ਲੰਕੇਸ਼ ਨੇ ਦੱਸਿਆ, "ਬਲਾਤਕਾਰੀਆਂ ਨੂੰ ਹਾਰ ਪਾਏ ਜਾ ਰਹੇ ਹਨ ਅਤੇ ਇਨ੍ਹਾਂ ਲੋਕਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਸਾਡਾ ਸਮਾਜ ਕਿੱਥੇ ਪਹੁੰਚ ਗਿਆ ਹੈ?"

 ਯਾਦ ਰਹੇ ਕਿ ਹਿੰਦੂਤਵੀ ਵਿਚਾਰਧਾਰਾ ਦੀ ਕੱਟੜ ਵਿਰੋਧੀ ਪੱਤਰਕਾਰ ਗੌਰੀ ਲੰਕੇਸ਼ ਦੀ 5 ਸਤੰਬਰ 2017 ਨੂੰ ਬੇਂਗਲੁਰੂ ਵਿਖੇ ਉਨ੍ਹਾ ਦੇ ਘਰ ਦੇ ਬਾਹਰ ਮੋਟਰਸਾਈਕਲ ਸਵਾਰ ਲੋਕਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਹੱਤਿਆ ਨੇ ਪੂਰੇ ਦੇਸ਼ ਨੂੰ ਸੁੰਨ ਕਰਕੇ ਰੱਖ ਦਿੱਤਾ ਸੀ। ਇਸ ਤੋਂ ਬਾਅਦ ਬੈਂਗਲੁਰੂ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਨੇ ਮਾਮਲੇ ਦੀ ਜਾਂਚ ਕੀਤੀ ਸੀ।

ਐੱਸਆਈਟੀ ਦੀ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਗੌਰੀ ਲੰਕੇਸ਼ ਦੇ ਕਤਲ ਦਾ ਸਬੰਧ ਤਰਕਸ਼ੀਲ ਨਰਿੰਦਰ ਦਾਭੋਲਕਰ, ਸੀਪੀਆਈ ਆਗੂ ਗੋਵਿੰਦ ਪੰਸਾਰੇ ਅਤੇ ਵਿਦਵਾਨ ਐੱਮਐੱਮ ਕਲਬੁਰਗੀ ਦੇ ਕਤਲ ਨਾਲ ਵੀ ਹੈ। ਇਹ ਸਾਰੇ ਵਿਦਵਾਨ ਸੰਘ ਪਰਿਵਾਰ ਤੇ ਹਿੰਦੂਤਵੀ ਹਿੰਸਾ ਤੇ ਫਿਰਕੂ ਵਾਦ ਵਿਰੁੱਧ ਸਨ।

ਗੋਰੀ ਲੰਕੇਸ਼ ਦੀ ਹੱਤਿਆ ਦੇ 14 ਮਹੀਨੇ ਬਾਅਦ ਪੁਲਸ ਨੇ 18 ਵਿਅਕਤੀਆਂ ਨੂੰ ਮੁਲਜ਼ਮ ਬਣਾਇਆ ਸੀ। ਪੇਸ਼ ਕੀਤੀ ਚਾਰਜਸ਼ੀਟ ਵਿੱਚ ਕਿਹਾ ਕਿ ਸੀ ਕਿ ਸਾਰੇ ਮੁਲਜ਼ਮ ਸਨਾਤਨ ਸੰਸਥਾ ਦੇ ਮੈਂਬਰ ਹਨ ਤੇ ਉਹ ਪੰਜ ਸਾਲ ਤੋਂ ਗੌਰੀ ਨੂੰ ਮਾਰਨ ਦੀ ਸਾਜਿਸ਼ ਬਣਾ ਰਹੇ ਸਨ। ਦਸੰਬਰ 2023 ਵਿੱਚ ਮੁੱਖ ਮੰਤਰੀ ਸਿਧਾਰਮੱਈਆ ਨੇ ਇਸ ਮਾਮਲੇ ਵਿੱਚ ਤੇਜ਼ੀ ਲਿਆਉਣ ਲਈ ਇੱਕ ਵਿਸ਼ੇਸ਼ ਅਦਾਲਤ ਦਾ ਗਠਨ ਕੀਤਾ ਸੀ।

ਪਿਛਲੇ ਹਫ਼ਤੇ ਬੇਂਗਲੁਰੂ ਦੀ ਸੈਸ਼ਨ ਅਦਾਲਤ ਨੇ ਇਨ੍ਹਾਂ ਮੁਲਜ਼ਮਾਂ ਅਮੋਲ ਕਾਲੇ, ਰਾਜੇਸ਼, ਵਾਸੂਦੇਵ, ਰੁਸ਼ੀਕੇਸ਼, ਪਰਸੂਰਾਮ ਬਾਘਮੋਰੇ, ਗਣੇਸ਼, ਅਮਿਤ ਤੇ ਮਨੋਹਰ ਯਾਦਵ ਨੂੰ ਜ਼ਮਾਨਤ ਦੇ ਦਿੱਤੀ ਸੀ। ਇਸ ਤੋਂ ਪਹਿਲਾਂ ਕਰਨਾਟਕ ਹਾਈਕੋਰਟ ਨੇ ਵੀ 4 ਮੁਲਜ਼ਮਾਂ ਭਰਤ, ਸ੍ਰੀਕਾਂਤ, ਸਜੀਤ ਤੇ ਸੁੰਧਵਾ ਨੂੰ ਜ਼ਮਾਨਤ ਦੇ ਦਿੱਤੀ ਸੀ।

ਇੰਡੀਆ ਟੂਡੇ ਦੀ ਇੱਕ ਰਿਪੋਰਟ ਮੁਤਾਬਕ ਇੱਕ ਪ੍ਰਮੁੱਖ ਹਿੰਦੂ ਨੇਤਾ ਨੇ ਕਿਹਾ ਕਿ ‘ਅੱਜ ਵਿਜੇ ਦਸ਼ਮੀ ਦਾ ਦਿਨ ਸਾਡੇ ਲਈ ਮਹੱਤਵਪੂਰਨ ਹੈ। ਸਾਡੇ ਸਾਥੀਆਂ ਪਰਸੂਰਾਮ ਤੇ ਮਨੋਹਰ ਦਾ ਅਸੀਂ ਸਵਾਗਤ ਕਰ ਰਹੇ ਹਾਂ, ਜਿਨ੍ਹਾਂ ਨੂੰ ਗਲਤ ਤਰੀਕੇ ਨਾਲ ਗੌਰੀ ਲੰਕੇਸ਼ ਦੀ ਹੱਤਿਆ ਦੇ ਕੇਸ ਵਿੱਚ ਫਸਾਇਆ ਗਿਆ ਸੀ। ਬੇਂਗਲੁਰੂ ਵਿੱਚ ਹੋਏ ਸਵਾਗਤ ਸਮਾਰੋਹ ਵਿੱਚ ਹਿੰਦੂਤਵੀ ਨੇਤਾ ਉਮੇਸ਼ ਬੰਸਲ ਵੱਲੋਂ ਦੋਹਾਂ ਮੁਲਜ਼ਮਾਂ ਨੂੰ ਸ਼ਾਲ ਤੇ ਫੁੱਲਮਾਲਾ ਪਾ ਕੇ ਸਨਮਾਨਿਤ ਕੀਤਾ ਗਿਆ। ਇਹ ਸਮਾਰੋਹ ਸੰਘ ਨਾਲ ਜੁੜੀ ਸ੍ਰੀਰਾਮ ਸੈਨਾ ਵੱਲੋਂ ਕਰਾਇਆ ਗਿਆ ਸੀ। ਇਹ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਅਜਿਹੀ ਘਿਨੌਣੀ ਘਟਨਾ ਜਦੋਂ ਵੀ ਵਾਪਰੀ, ਹਿੰਦੂਤਵੀ ਦੋਸ਼ੀਆਂ ਦਾ ਇਸੇ ਤਰ੍ਹਾਂ ਮਹਿਮਾ ਮੰਡਨ ਕਰਦੇ ਆ ਰਹੇ ਹਨ।

ਨਿਰਪਖ ਧਿਰਾਂ ਦਾ ਮੰਨਣਾ ਹੈ ਕਿ ਗੌਰੀ ਦੇ ਮਾਮਲੇ ਵਿੱਚ ਇਹ ਉਸਦੇ ਕਤਲ ਦਾ ਜਸ਼ਨ ਮਨਾਉਣ ਵਰਗਾ ਹੈ। ਇਹ 5 ਸਤੰਬਰ, 2017 ਨੂੰ ਮੁੜ ਜ਼ਿੰਦਾ ਕਰਨ ਵਰਗਾ ਹੈ, ਜਿਸ ਦਿਨ ਉਸ ਦਾ ਕਤਲ ਹੋਇਆ ਸੀ। ਇਹ ਭਿਆਨਕ ਹੈ। ਸਮਾਜ ਨੂੰ ਇਹ ਸੰਦੇਸ਼ ਦੇਣਾ ਖਤਰਨਾਕ ਹੈ।ਪਰ ਸਰਕਾਰ ਇਸ ਦਹਿਸ਼ਤਗਰਦੀ ਬਾਰੇ ਕੋਈ ਕਦਮ ਨਹੀਂਂ ਚੁਕ ਰਹੀ,ਜਿਸ ਕਰਕੇ ਭਗਵੇਂਵਾਦੀ ਮੱਛਰੇ ਹੋਏ ਹਨ।

ਜ਼ਮਾਨਤ ਕਿਉਂ ਹੋਈ ਦੋਸ਼ੀਆਂ ਦੀ

ਇਸ ਕੇਸ ਵਿੱਚ 18 ਵਿੱਚੋਂ 16 ਮੁਲਜ਼ਮਾਂ ਨੂੰ ਜ਼ਮਾਨਤ ਮਿਲਣ ਦਾ ਮੁੱਖ ਕਾਰਨ ਮੁਕੱਦਮੇ ਵਿੱਚ ਦੇਰੀ ਹੋਣਾ ਸੀ। ਚਾਰਜਸ਼ੀਟ ਵਿੱਚ ਦਰਜ 527 ਗਵਾਹਾਂ ਵਿੱਚੋਂ ਹੁਣ ਤੱਕ 140 ਦੇ ਕਰੀਬ ਗਵਾਹਾਂ ਤੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਸੁਣਵਾਈ ਮੁਕੰਮਲ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ।ਕਰਨਾਟਕ ਹਾਈ ਕੋਰਟ ਨੇ ਮੋਹਨ ਨਾਇਕ ਉਰਫ਼ ਸੰਪੰਜੇ ਨੂੰ ਜ਼ਮਾਨਤ ਦੇ ਦਿੱਤੀ ਸੀ ਪਰ ਇਸ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ ਅਤੇ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਸੀ।ਇਸ ਤੋਂ ਬਾਅਦ ਕੇਟੀ ਨਵੀਨ ਕੁਮਾਰ, ਅਮਿਤ ਦਿਗਵੇਕਰ ਅਤੇ ਸੁਰੇਸ਼ ਐੱਚਐੱਲ ਨੂੰ ਵੀ ਜੁਲਾਈ 2024 ਵਿੱਚ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਸੀ।

ਫਿਰ ਭਰਤ ਕੁਮਾਰ, ਸ਼੍ਰੀਕਾਂਤ ਪਾਂਗਰਕਰ, ਸੁਜੀਤ ਕੁਮਾਰ ਅਤੇ ਸੁਧਾਨਾ ਗੋਂਧਕਰ ਨੂੰ ਸਤੰਬਰ 2024 ਵਿੱਚ ਜ਼ਮਾਨਤ ਮਿਲ ਗਈ ਸੀ।

ਪਿਛਲੇ ਹਫਤੇ ਸੈਸ਼ਨ ਕੋਰਟ ਨੇ ਵਾਗਮੋਰ ਅਤੇ ਯਾਦਵੇ ਸਮੇਤ ਅੱਠ ਮੁਲਜ਼ਮਾਂ ਨੂੰ ਜ਼ਮਾਨਤ ਦੇ ਦਿੱਤੀ ਸੀ। ਜ਼ਮਾਨਤ ਦਿੱਤੇ ਗਏ ਹੋਰਨਾਂ ਮੁਲਜ਼ਮਾਂ ਵਿੱਚ ਅਮਿਤ ਕਾਲੇ, ਰਾਜੇਸ਼ ਡੀ ਬੰਗੇਰਾ, ਵਾਸੂਦੇਵ ਸੂਰਿਆਵੰਸ਼ੀ, ਰੁਸ਼ੀਕੇਸ਼ ਦੇਵਦਾਰ, ਗਣੇਸ਼ ਮਿਸਕੀਨ ਅਤੇ ਅੰਮ੍ਰਿਤ ਰਾਮਚੰਦਰ ਬੱਦੀ ਸ਼ਾਮਲ ਹਨ।

ਵਿਕਾਸ ਪਟੇਲ ਉਰਫ ਦਾਦਾ ਉਰਫ ਨਿਹਾਲ ਅਜੇ ਫਰਾਰ ਹੈ। ਦੋ ਹੋਰ ਲੋਕਾਂ ਨੇ ਅਜੇ ਤੱਕ ਅਦਾਲਤ ਦਾ ਰੁਖ ਨਹੀਂ ਕੀਤਾ ਹੈ।

ਮੁਲਜ਼ਮਾਂ 'ਤੇ ਭਾਰਤੀ ਦੰਡਾਵਲੀ (ਆਈਪੀਸੀ), ਭਾਰਤੀ ਹਥਿਆਰ ਐਕਟ ਅਤੇ ਕਰਨਾਟਕ ਕੰਟਰੋਲ ਆਫ਼ ਆਰਗੇਨਾਈਜ਼ਡ ਕ੍ਰਾਈਮ ਐਕਟ ਦੀਆਂ ਧਾਰਾਵਾਂ ਤਹਿਤ ਇਲਜ਼ਾਮ ਲਗਾਏ ਗਏ ਹਨ।