ਸਾਕਾ ਨਕੋਦਰ ਦਾ 39ਵਾਂ ਸ਼ਹੀਦੀ ਦਿਹਾੜਾ ਦੇਸ਼ ਵਿਦੇਸ਼ ਵਿੱਚ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ 

ਸਾਕਾ ਨਕੋਦਰ ਦਾ 39ਵਾਂ ਸ਼ਹੀਦੀ ਦਿਹਾੜਾ ਦੇਸ਼ ਵਿਦੇਸ਼ ਵਿੱਚ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ 

ਅਮਰੀਕਾ ਦੀਆਂ ਕੌਂਟੀਆਂ ਅਤੇ ਸ਼ਹਿਰਾਂ ਨੇ 4 ਫ਼ਰਵਰੀ ਨੂੰ ਸਾਕਾ ਨਕੋਦਰ ਦਿਵਸ ਵਜੋਂ ਮਾਨਤਾ ਦਿੱਤੀ 

ਅੰਮ੍ਰਿਤਸਰ ਟਾਈਮਜ਼ ਬਿਊਰੋ 

(ਫਰੀਮੌਂਟ -5 ਫ਼ਰਵਰੀ 2025 ) : ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਵਿੱਚ ਭਰ ਜਵਾਨੀ ਵਿੱਚ 4 ਫ਼ਰਵਰੀ 1986 ਨੂੰ ਸ਼ਹਾਦਤਾਂ ਦੀ ਦਾਤ ਪ੍ਰਾਪਤ ਕਰ ਦਸ਼ਮੇਸ਼ ਪਿਤਾ ਜੀ ਦੀ ਗੋਦ ਵਿੱਚ ਬਿਰਾਜੇ ਸਾਕਾ ਨਕੋਦਰ ਦੇ ਸ਼ਹੀਦਾਂ ਦੇ 39ਵੇਂ ਸ਼ਹੀਦੀ ਦਿਹਾੜੇ ਮੌਕੇ ਹਰ ਸਾਲ ਦੀ ਤਰ੍ਹਾਂ 4 ਫ਼ਰਵਰੀ 2025 ਦਿਨ ਐਤਵਾਰ ਨੂੰ ਗੁਰਦਵਾਰਾ ਸਾਹਿਬ ਬੋਹੜਾਂ ਵਾਲਾ ਪਿੰਡ ਲਿੱਤਰਾਂ ਨੇੜੇ ਨਕੋਦਰ ਵਿਖੇ ਸਮੂਹ ਇਲਾਕਾ ਨਿਵਾਸੀਆਂ ਅਤੇ ਸ਼ਹੀਦ ਪਰਿਵਾਰਾਂ ਵਲੋਂ ਮਨਾਇਆ ਗਿਆ । ਇਸ ਮੌਕੇ ਪੰਥ ਦਰਦੀ ਅਤੇ ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਸ਼ਹੀਦ ਸਿੰਘਾ ਭਾਈ ਰਵਿੰਦਰ ਸਿੰਘ ਜੀ ਲਿੱਤਰਾਂ, ਭਾਈ ਹਰਮਿੰਦਰ ਸਿੰਘ ਜੀ ਚਲੂਪਰ, ਭਾਈ ਝਲਮਣ ਸਿੰਘ ਜੀ ਗੋਰਸੀਆਂ ਅਤੇ ਭਾਈ ਬਲਧੀਰ ਸਿੰਘ ਜੀ ਰਾਮਗੜ੍ਹ ਨੂੰ ਸ਼ਰਧਾ ਦੇ ਫੁਲ ਭੇਂਟ ਕੀਤੇ। ਭਾਈ ਬਲਦੇਵ ਸਿੰਘ ਵਡਾਲਾ ਵੱਲੋਂ ਕੀਰਤਨ ਕੀਤਾ ਗਿਆ। ਇਸ ਮੌਕੇ ਸ਼ਹੀਦ ਪ੍ਰੀਵਾਰਾਂ ਨੂੰ ਬਾਪੂ ਬਲਦੇਵ ਸਿੰਘ ਜੀ ਵਲੋਂ ਕੈਲੀਫ਼ੋਰਨੀਆ ਸੂਬਾ ਅਸੈਂਬਲੀ ਵਲੋਂ 4 ਫ਼ਰਵਰੀ ਨੂੰ ਸੂਬੇ ਵਿੱਚ ਹਰ ਸਾਲ ਸਾਕਾ ਨਕੋਦਰ ਦਿਵਸ ਵਜੋਂ ਪਾਸ ਕੀਤੇ ਮਤੇ ਦੀਆਂ ਕਾਪੀਆਂ ਦਿੱਤੀਆਂ ਗਈਆਂ। ਇਸ ਸਮਾਗਮ ਵਿੱਚ ਵਿੱਚ ਭਾਈ ਪਰਮਜੀਤ ਸਿੰਘ ਗਾਜੀ, ਭਾਈ ਬਲਦੇਵ ਸਿੰਘ ਵਡਾਲਾ, ਭਾਈ ਸੁਖਵਿੰਦਰ ਸਿੰਘ, ਬਾਗੀ ਕਲਮ ਗਗਨਦੀਪ ਸਿੰਘ, ਭਾਈ ਗੁਰਵਤਨ ਸਿੰਘ ਪੰਜਾਬ ਪ੍ਰਧਾਨ ਸਿੱਖ ਸਦਭਾਵਨਾ ਦਲ, ਭਾਈ ਅਜੈਬ ਸਿੰਘ ਜੀ ਗਰਚਾ ਤੇ ਬਾਪੂ ਬਲਦੇਵ ਸਿੰਘ ਜੀ ਨੇ ਆਪਣੇ ਵਿਚਾਰ ਸਾਂਝੇ ਕੀਤੇ। 

ਗੁਰੂ ਨਾਨਕ ਸਿੱਖ ਗੁਰਦਵਾਰਾ ਸਰੀ, ਕੈਨੇਡਾ ਵਿਖੇ 2 ਫ਼ਰਵਰੀ ਨੂੰ ਸਾਕਾ ਨਕੋਦਰ ਦੇ ਸ਼ਹੀਦਾਂ ਦਾ 39ਵਾਂ ਸ਼ਹੀਦੀ ਦਿਹਾੜਾ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਖੁੱਲੇ ਦੀਵਾਨ ਸਜਾਏ ਗਏ ਜਿਨ੍ਹਾਂ ਅੰਦਰ ਪੰਥਕ ਬੁਲਾਰਿਆਂ ਨੇ ਹਾਜ਼ਰੀਆਂ ਭਰ ਕੇ ਸ਼ਹੀਦਾਂ ਦੇ ਜੀਵਨ ਉੱਪਰ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ।

ਇਸੇ ਤਰ੍ਹਾਂ 9 ਫ਼ਰਵਰੀ 2025 ਦਿਨ ਐਤਵਾਰ ਨੂੰ ਅਮਰੀਕਾ ਦੇ ਗੁਰਦਵਾਰਾ ਸਾਹਿਬ ਫਰੀਮੌਂਟ, ਕੈਲੀਫੋਰਨੀਆ ਵਿਖੇ ਸਮੂਹ ਸੰਗਤਾਂ ਅਤੇ ਗੁਰਦਵਾਰਾ ਸਾਹਿਬ ਕਮੇਟੀ ਵਲੋਂ ਸਾਕਾ ਨਕੋਦਰ ਦੇ ਸ਼ਹੀਦਾਂ ਦਾ 39ਵਾਂ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ। ਇਸੇ ਲੜੀ ਤਹਿਤ 16 ਫ਼ਰਵਰੀ 2025 ਦਿਨ ਐਤਵਾਰ ਨੂੰ ਅਮਰੀਕਾ ਦੇ ਗੁਰਦਵਾਰਾ ਸਾਹਿਬ ਸੈਨ ਹੋਜ਼ੇ , ਕੈਲੀਫੋਰਨੀਆ ਵਿਖੇ ਸਾਕਾ ਨਕੋਦਰ ਦੇ ਸ਼ਹੀਦਾਂ ਦਾ 39ਵਾਂ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ। ਸ਼ਹੀਦ ਪਰਿਵਾਰ ਤੇ ਬੀਬੀ ਪਰਮਜੀਤ ਕੌਰ ਜੀ ਖਾਲੜਾ ਇਨ੍ਹਾਂ ਸਮਾਗਮ ਵਿਚ ਸ਼ਾਮਲ ਹੋਣਗੇ। 

ਮਿਤੀ 3 ਫ਼ਰਵਰੀ 2025 ਨੂੰ ਸੈਂਟਾ ਕਲਾਰਾ ਕਾਉਂਟੀ ਦੇ ਬੋਰਡ ਆਫ਼ ਸੁਪਰਵਾਈਜ਼ਰ ਵਲੋਂ ਸਰਬਸੰਤੀ ਨਾਲ 4 ਫ਼ਰਵਰੀ 2025 ਨੂੰ ਸਾਕਾ ਨਕੋਦਰ ਦਿਵਸ ਵਜੋਂ ਮਾਣਤਾ ਦੇਣ ਦਾ ਮਤਾ ਪਾਇਆ ਗਿਆ। ਮਿਤੀ 4 ਫ਼ਰਵਰੀ 2025 ਨੂੰ ਮਨਟੀਕਾ ਸਿਟੀ ਕੌਂਸਿਲ ਵਲੋਂ ਸਿਟੀ ਹਾਲ ਮਨਟੀਕਾ ਵਿਖੇ ਆਪਣੀ ਮੀਟਿੰਗ ਵਿੱਚ ਸਾਕਾ ਨਕੋਦਰ ਦੇ ਸ਼ਹੀਦਾਂ ਦੇ 39ਵੇਂ ਸ਼ਹੀਦੀ ਦਿਹਾੜੇ ਮੌਕੇ ਸ਼ਹਿਰ ਵਲੋਂ 4 ਫ਼ਰਵਰੀ 2025 ਨੂੰ ਸਾਕਾ ਨਕੋਦਰ ਦਿਵਸ ਵਜੋਂ ਮਾਣਤਾ ਦਿੱਤੀ ਗਈ । ਇਨ੍ਹਾਂ ਸਮਾਗਮਾਂ ਵਿੱਚ ਸ਼ਹਿਰਾਂ ਦੇ ਪਤਵੰਤੇ ਸੱਜਣਾ, ਸਿੱਖ ਵਿਦਿਆਰਥੀ ਜਥੇਬੰਦੀ ਜੈਕਾਰਾ ਦੇ ਅਹੁਦੇਦਾਰਾਂ ਤੇ ਮੈਂਬਰਾਂ ਅਤੇ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ। ਸ਼ਹੀਦ ਭਾਈ ਰਵਿੰਦਰ ਸਿੰਘ ਲਿੱਤਰਾਂ ਦੇ ਛੋਟੇ ਵੀਰ ਡਾ ਹਰਿੰਦਰ ਸਿੰਘ ਨੇ ਸਾਕੇ ਸਬੰਧੀ ਤੇ ਸਰਕਾਰੀ ਨਾ ਇਨਸਾਫੀ ਤੇ ਚਾਨਣਾ ਪਾਇਆ। ਸਿਟੀ ਆਫ਼ ਸੈਨ ਹੋਜ਼ੇ ਤੇ ਸਿਟੀ ਆਫ ਐਲਕ ਗਰੋਵ ਤੇ ਹੋਰ ਵੀ ਬਹੁਤ ਸਾਰੇ ਸ਼ਹਿਰ ਆਉਂਦੇ ਦਿਨਾਂ ਵਿੱਚ ਸਾਕਾ ਨਕੋਦਰ ਸਬੰਧੀ ਮਾਣਤਾ ਦਿਵਸ ਜਾਰੀ ਕਰਨਗੇ। 

ਯਾਦ ਰਹੇ ਕਿ ਲਗਭਗ ਚਾਰ ਦਹਾਕੇ ਪਹਿਲਾਂ ਹੋਈਆਂ ਸ਼ਹਾਦਤਾਂ ਦਾ ਪੰਥ ਅਤੇ ਪਰਿਵਾਰਾਂ ਨੂੰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ, ਸ਼ਹੀਦਾਂ ਦੇ ਡੁੱਲ੍ਹੇ ਖੂਨ ਦੀ ਹਿਸਾਬ ਅਜੇ ਬਾਕੀ ਏ। ਬਾਪੂ ਬਲਦੇਵ ਸਿੰਘ ਜੀ ਲਿੱਤਰਾਂ ਲਗਾਤਾਰ ਇਸ ਸਾਕੇ ਬਾਰੇ ਦੁਨੀਆਂ ਭਰ ਵਿੱਚ ਜਾਣਕਾਰੀ ਦੇਕੇ ਚਾਨਣ ਫੈਲਾ ਰਹੇ ਹਨ।