ਚਾਰਲੀ ਕਿਰਕ ਦੀ ਹੱਤਿਆ ਦੇ ਮਾਮਲੇ ਵਿੱਚ ਗ੍ਰਿਫਤਾਰ ਸ਼ੱਕੀ ਜਾਂਚ ਵਿੱਚ ਨਹੀਂ ਕਰ ਰਿਹਾ ਸਹਿਯੋਗ-ਗਵਰਨਰ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਉਟਾਹ ਦੇ ਗਵਰਨਰ ਸਪੈਨਸਰ ਕਾਕਸ ਨੇ ਕਿਹਾ ਹੈ ਕਿ ਕੰਜਰਵੇਟਿਵ ਕਾਰਕੁੰਨ ਚਾਰਲੀ ਕਿਰਕ ਦੀ ਹੱਤਿਆ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸ਼ੱਕੀ ਟਾਇਲਰ ਰਾਬਿਨਸਨ ਜਾਂਚ ਵਿੱਚ ਐਫ ਬੀ ਆਈ ਨਾਲ ਸਹਿਯੋਗ ਨਹੀਂ ਕਰ ਰਿਹਾ ਪਰੰਤੂ ਉਸ ਨਾਲ ਜੁੜੇ ਲੋਕ ਸਹਿਯੋਗ ਕਰ ਰਹੇ ਹਨ। ਸਹਿਯੋਗ ਕਰਨ ਵਾਲਿਆਂ ਵਿੱਚ ਰਾਬਿਨਸਨ ਦੀ ਸਹੇਲੀ ਵੀ ਸ਼ਾਮਿਲ ਹੈ ਜਿਸ ਨਾਲ 22 ਸਾਲਾ ਰਾਬਿਨਸਨ ਰਹਿੰਦਾ ਸੀ।

ਗਵਰਨਰ ਨੇ ਹੋਰ ਕਿਹਾ ਹੈ ਕਿ ਸ਼ੱਕੀ ਵਿਰੁੱਧ ਰਸਮੀ ਦੋਸ਼ ਮੰਗਲਵਾਰ ਨੂੰ ਲਾਏ ਜਾਣਗੇ। ਕਾਕਸ ਅਨੁਸਾਰ ਰਾਬਿਨਸਨ ਦੇ ਨੇੜਲੇ ਲੋਕਾਂ ਵੱਲੋਂ ਸਹਿਯੋਗ ਕਰਨਾ ਮਹੱਤਵਪੂਰਨ ਹੈ। ਇਸ ਮਾਮਲੇ ਵਿਚ ਉਸ ਦੇ ਨਜ਼ਦੀਕੀਆਂ ਦਾ ਸਹਿਯੋਗ ਫੈਸਲਾਕੁੰਨ ਸਾਬਤ ਹੋਵੇਗਾ। ਕਾਕਸ ਨੇ ਹੋਰ ਕਿਹਾ ਕਿ ਰਾਬਿਨਸਨ ਦਾ ਪਾਲਣ ਪੋਸਣ ਧਾਰਮਿੱਕ ਮਾਪਿਆਂ ਦੁਆਰਾ ਕੀਤਾ ਗਿਆ ਪਰੰਤੂ ਉਸ ਦੀ ਵਿਚਾਰਧਾਰਾ ਆਪਣੇ ਮਾਪਿਆਂ ਨਾਲੋਂ ਬਹੁਤ ਵੱਖਰੀ ਹੈ। ਗਵਰਨਰ ਨੇ ਵੱਖਰੀ ਵਿਚਾਰਧਾਰਾ ਬਾਰੇ ਹੋਰ ਵਿਸਥਾਰ ਨਹੀਂ ਦਿੱਤਾ। ਪਿਛਲੇ ਹਫਤੇ ਉਟਾਹ ਕਾਲਜ ਕੈਂਪਸ ਵਿੱਚ ਕਿਰਕ ਦੀ ਹੋਈ ਹੱਤਿਆ ਨੇ ਕੌਮੀ ਪੱਧਰ 'ਤੇ ਰਾਜਸੀ ਹਿੰਸਾ ਦੇ ਮੁੱਦੇ 'ਤੇ ਬਹਿਸ ਛੇੜ ਦਿੱਤੀ ਹੈ। ਆਉਣ ਵਾਲੇ ਸਮੇ ਵਿੱਚ ਵੀ ਇਹ ਮੁੱਦਾ ਗਰਮਾਇਆ ਰਹਿਣ ਦੀ ਸੰਭਾਵਨਾ ਹੈ। ਉਧਰ ਕੈਨੇਡੀ ਸੈਂਟਰ ਵਾਸ਼ਿੰਗਟਨ ਵਿੱਚ ਕਿਰਕ ਦੇ ਆਖਰੀ ਦਰਸ਼ਨਾਂ ਲਈ ਭਾਰੀ ਭੀੜ ਇਕੱਠੀ ਹੋਈ। ਕੁਝ ਨੇ ਆਪਣੀਆਂ ਟੋਪੀਆਂ ਤੇ ਟੀ ਸ਼ਰਟਾਂ ਉਪਰ ' ਮੇਕ ਅਮੈਰਿਕਾ ਗਰੇਟ ਅਗੇਨ ' ਵਰਗੇ ਵੰਨ ਸਵੰਨੇ ਨਾਅਰੇ ਲਿਖੇ ਹੋਏ ਸਨ। ਕੈਨੇਡੀ ਸੈਂਟਰ ਦੇ ਬਾਹਰ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਕਿਰਕ ਦੀ ਮੌਤ ਉਪਰ ਸੋਗ ਮਨਾ ਰਹੇ ਲੋਕਾਂ ਦਾ ਮੰਨਣਾ ਹੈ ਕਿ ਕਿਰਕ ਦੀ ਮੌਤ ਇੱਕ 'ਟਰਨਿੰਗ ਪੁਆਇੰਟ' ਸਾਬਤ ਹੋਵੇਗੀ। ਕੁਝ ਲੋਕ ਤਾਂ ਇਹ ਵੀ ਮੰਨਦੇ ਹਨ ਕਿ ਜੇਕਰ ਕਿਰਕ ਵਰਗੇ ਲੋਕ ਰਿਪਬਲੀਕਨ ਪਾਰਟੀ ਵਿੱਚ ਨਾ ਹੁੰਦੇ ਤਾਂ ਡੋਨਲਡ ਟਰੰਪ ਲਈ ਸੱਤਾ ਉਪਰ ਆਉਣਾ ਅਸੰਭਵ ਸੀ।











Comments (0)