ਕਿਸਾਨੀ ਧਰਨੇ ‘ਤੇ ਸੂਬਾ ਸਰਕਾਰ ਦੀ ਵੱਡੀ ਕਾਰਵਾਈ ਅਤੇ ਭਵਿੱਖ ਦੀਆਂ ਚਣੌਤੀਆਂ

ਕਿਸਾਨੀ ਧਰਨੇ ‘ਤੇ ਸੂਬਾ ਸਰਕਾਰ ਦੀ ਵੱਡੀ ਕਾਰਵਾਈ ਅਤੇ ਭਵਿੱਖ ਦੀਆਂ ਚਣੌਤੀਆਂ

ਖਨੌਰੀ ਅਤੇ ਸ਼ੰਭੂ ਬਾਰਡਰ ‘ਤੇ ਪਿਛਲੇ 13 ਮਹੀਨਿਆਂ ਤੋ ਐਮ ਐਸ ਪੀ ਸਮੇਤ ਕੱਝ ਹੋਰ ਮੰਗਾਂ ਲਈ ਕੇਂਦਰ ਦੀ ਸਰਕਾਰ ਖਿਲਾਫ ਲੱਗੇ ਧਰਨੇ ਨੂੰ ਪੰਜਾਬ ਸਰਕਾਰ ਦੇ ਸਖਤ ਹੁਕਮਾਂ ਤੇ ਪੰਜਾਬ ਪੁਲਿਸ ਵੱਲੋਂ ਹਟਾ ਦਿੱਤਾ ਗਿਆ ਹੈ।

ਇਹ ਧਰਨਾ ਚੁਕਵਾਉਣ  ਲਈ ਪੰਜਾਬ ਪੁਲਿਸ ਵੱਲੋਂ ਜਿਸਤਰ੍ਹਾਂ ਦੀ ਪਹੁੰਚ ਅਪਣਾਈ ਗਈ, ਉਹਦੇ ਤੇ ਵੀ ਰਲਵੇਂ ਮਿਲਵੇਂ ਪ੍ਰਤੀਕਰਮ ਸੁਨਣ ਨੂੰ ਮਿਲ ਰਹੇ ਹਨ,ਪਰ ਜਿਸਤਰ੍ਹਾਂ ਕਿਸਾਨਾਂ ਨੂੰ ਖਦੇੜਨ ਸਮੇਂ ਉਹਨਾਂ ਨੂੰ ਸਮਾਨ ਸਾਂਭਣ ਦਾ ਵੀ ਸਮਾਂ ਨਹੀਂ ਦਿੱਤਾ ਗਿਆ,ਬਲਕਿ ਕਿਸਾਨਾਂ ਦੇ ਸਮਾਨ ਨੂੰ ਇਸਤਰ੍ਹਾਂ ਲੁੱਟਿਆ ਪੁੱਟਿਆ ਗਿਆ,ਜਿਵੇਂ ਪੁਰਾਤਨ ਇਤਿਹਾਸ ਵਿੱਚ ਰਾਜੇ ਆਪਣੇ ਵਿਰੋਧੀਆਂ ਤੇ ਹਮਲਾ ਕਰਨ ਤੋ ਬਾਅਦ ਵਿਰੋਧੀ ਰਾਜੇ ਦੀ ਪਰਜਾ ਨੂੰ ਲੁੱਟ ਪੁੱਟ ਲਿਆ ਕਰਦੇ ਸਨ।ਭਾਵੇਂ ਇਹ ਹੁਕਮ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਸੂਬਾ ਸਰਕਾਰ ਨੇ ਪੁਲਿਸ ਨੂੰ ਦਿੱਤੇ ਹਨ,ਪਰੰਤੂ ਇਹ ਵਰਤਾਰਾ ਪੰਜਾਬ ਪੁਲਿਸ ਦੇ ਪਹਿਲਾਂ ਤੋਂ ਹੀ ਬਣੇ ਲੋਕ ਵਿਰੋਧੀ ਅਕਸ ਨੂੰ  ਹੋਰ ਉੱਘੜਵੇਂ ਰੂਪ ਵਿੱਚ ਪੇਸ਼ ਕਰਨ ਵਾਲਾ ਹੈ।ਕਿਸਾਨਾਂ ਦੇ ਖਾਣ ਪੀਣ ਦਾ ਸਮਾਨ,ਕੱਪੜਾ ਲੱਤਾ,ਬਿਜਲੀ ਦਾ ਸਮਾਨ ਜਿਸ ਵਿੱਚ ਪੱਖੇ,ਕੂਲਰ,ਵਾਸ਼ਿੰਗ ਮਸ਼ੀਨਾਂ,ਅਤੇ ਏ ਸੀ ਆਦਿ ਸ਼ਾਮਿਲ ਹਨ,ਸਭ ਚੁੱਕ ਲਏ ਗਏ ਹਨ।ਚਸ਼ਮਦੀਦ ਪੱਤਰਕਾਰਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਕਿਸਾਨਾਂ ਦੇ ਸਮਾਨ ਨੂੰ ਮੂੰਹ ਢਕੇ ਵਾਲੇ ਵਿਅਕਤੀਆਂ ਵੱਲੋਂ ਚੁੱਕਿਆ ਗਿਆ। ਇੱਕ ਗੈਸ ਸਿਲੰਡਰ ਚੁੱਕਦੇ ਪੁਲਿਸ ਮੁਲਾਜ਼ਮ ਬਾਰੇ ਵੀ ਉਹਨਾਂ ਪੱਤਰਕਾਰਾਂ ਵੱਲੋਂ ਦੱਸਿਆ ਗਿਆ ਹੈ ਕਿ ਪੁਲਿਸ ਮੁਲਾਜ਼ਮ ਨੇ ਸਿਲੰਡਰ ਨੂੰ  ਕੱਪੜੇ ਨਾਲ ਢੱਕਦਿਆਂ ਚੁੱਕਣ ਸਮੇਂ ਕਿਹਾ ਕਿ ਚਲੋ ਥਾਣੇ ਵਿੱਚ ਕੰਮ ਆਵੇਗਾ।ਦੱਸਿਆ ਜਾ ਰਿਹਾ ਸੀ ਕਿ ਮੂੰਹ ਢਕੇ ਵਾਲੇ ਕੁੱਝ ਵਿਅਕਤੀ ਟਰਾਲੀਆਂ ਵੀ ਉੱਥੋ ਖਿੱਚ ਕੇ ਲਿਜਾ ਰਹੇ ਸਨ,ਜਿੰਨਾਂ ਵਿਚੋਂ ਕੁੱਝ ਟਰਾਲੀਆਂ ਖੇਤਾਂ ਵਿੱਚ,ਕੁੱਝ ਖਤਾਨਾਂ ਵਿੱਚ ਸੁਟ ਦਿੱਤੀਆਂ ਗਈਆਂ ਅਤੇ ਕਿਸਾਨਾਂ ਦੇ ਤੰਬੂਆਂ ਨੂੰ ਸਮੇਤ ਸਮਾਨ ਜੇ ਬੀ ਸੀ ਮਸ਼ੀਨਾਂ ਲਾ ਕੇ ਨਸ਼ਟ ਕੀਤਾ ਗਿਆ।ਸੋ ਇਹ ਕੁਰੱਖਤ ਵਰਤਾਰਾ ਆਉਣ ਵਾਲੇ ਬੇਹੱਦ ਖਤਰਨਾਕ ਸਮੇਂ ਵੱਲ  ਇਸ਼ਾਰਾ ਕਰਦਾ ਹੈ।ਪੰਜ ਸੱਤ ਸੌ ਕਿਸਾਨਾਂ ਨੂੰ ਖਦੇੜਨ ਖਾਤਰ ਤਿੰਨ ਹਜ਼ਾਰ ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ,ਤਾਂ ਕਿ ਇਸ  ਕਾਰਵਾਈ ਨੂੰ ਅੰਜਾਮ ਤੱਕ ਪਹੁੰਚਾਉਣ ਲਈ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਏਥੇ ਸੋਚਣ ਸਮਝਣ ਵਾਲੀ ਗੱਲ  ਇਹ ਹੈ ਕਿ ਲੰਮੇ ਸਮੇਂ ਤੋਂ ਪੁਰ ਅਮਨ ਕੇਂਦਰ ਸਰਕਾਰ ਦੇ ਖਿਲਾਫ ਪੱਕਾ ਧਰਨਾ ਲਾਈ ਬੈਠੇ ਕਿਸਾਨਾਂ ਤੋ ਇੱਕਦਮ ਪੰਜਾਬ ਸਰਕਾਰ ਨੂੰ ਕੀ ਪਰੇਸ਼ਾਨੀ ਹੋ ਗਈ ਕਿ ਕਿਸਾਨਾਂ ਨੂੰ ਬਗੈਰ ਸੂਚਿਤ ਕੀਤਿਆਂ ਹੀ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਗਈ।ਭਾਵੇਂ ਕਿ ਪੁਲਿਸ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸੇ  ਵੀ ਕਿਸਾਨ ਨਾਲ ਕੋਈ ਵਧੀਕੀ ਨਹੀ ਕੀਤੀ ਗਈ ਨਾ ਹੀ ਕਿਸਾਨਾਂ ਵਿਰੁੱਧ ਤਾਕਤ ਦੀ ਵਰਤੋਂ ਕੀਤੀ ਗਈ ਹੈ,ਬਲਕਿ ਉਹਨਾਂ ਨੂੰ ਉਹਨਾਂ ਦੀ ਮਰਜ਼ੀ ਅਨੁਸਾਰ ਸੁਰਖਿਆ ਥਾਵਾਂ ਤੇ ਪਹੁੰਚਾ ਦਿੱਤਾ ਗਿਆ ਹੈ,ਜਦੋਂਕਿ ਦੂਜੇ ਪਾਸੇ ਓਥੇ ਮੌਕੇ ਤੇ ਮੌਜੂਦ ਪੱਤਰਕਾਰਾਂ  ਨੇ ਉਪਰੋਕਤ ਮੰਜਰ ਨੂੰ ਕਬਰ ਕਰਦਿਆਂ ਮੌਕੇ ਦੀਆਂ ਉਹ ਤਸਵੀਰਾਂ ਜਾਰੀ ਕੀਤੀਆਂ ਹਨ,ਜਿੰਨਾਂ ਵਿੱਚ ਬਜੁਰਗ ਕਿਸਾਨਾਂ ਨੂੰ ਸਿਰਾਂ ਉੱਪਰ ਕੱਪੜਿਆਂ ਦੀਆਂ ਗੰਢੜੀਆਂ ਚੁੱਕੀ ਅੱਧੀ ਰਾਤ ਦੇ ਹਨੇਰਿਆਂ ਵਿੱਚ ਪੈਦਲ ਠੇਬਡੇ ਖਾਂਦਿਆਂ ਦੇਖਿਆ ਜਾ ਸਕਦਾ ਹੈ।ਕੀ ਕਿਸਾਨਾਂ ਵਿਰੁੱਧ ਇਸਤਰਾਂ ਦਾ ਵਰਤਾਰਾ ਪੰਜਾਬ ਸਰਕਾਰ ਦੀ ਸਾਖ ਨੂੰ ਹਾਸ਼ੀਏ ਤੇ ਧੱਕਣ ਲਈ ਜ਼ਿੰਮੇਵਾਰ ਨਹੀ ਬਣੇਗਾ ? ਇਹ ਸਵਾਲ ਅੱਜ ਹਰ ਸੂਝਵਾਨ ਪੰਜਾਬੀ ਦੀ ਜ਼ਬਾਨ ਤੇ ਹੋਵੇਗਾ।ਇਹ ਵੀ ਸੱਚ ਹੈ ਕਿ ਅਮ ਆਦਮੀ ਪਾਰਟੀ ਦੀ ਮੌਜੂਦਾ ਸੂਬਾ ਸਰਕਾਰ ਤੋ ਪਹਿਲਾਂ ਹੀ ਪੰਜਾਬ ਦਾ ਹਰ ਵਰਗ ਬੁਰੀ ਤਰ੍ਹਾਂ ਖਫ਼ਾ ਹੈ। ਕੀ ਸੂਬਾ ਸਰਕਾਰ ਇਸ ਗੱਲ ਤੋਂ ਅਣਜਾਣ ਹੈ ਕਿ ਇਸ ਕਾਰਵਾਈ ਨਾਲ ਸਰਕਾਰ ਨੂੰ ਕਿਸਾਨਾਂ ਦੇ ਹੋਰ ਪਰਚੰਡ ਵਿਰੋਧ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।ਜਾਂ ਫਿਰ ਸਰਕਾਰ ਐਨੇ ਹੰਕਾਰ ਵਿੱਚ ਆ ਗਈ ਹੈ ਕਿ ਉਹ ਹੁਣ ਪੰਜਾਬ ਦੀ ਧਰਤੀ ਤੇ ਕਿਸਾਨੀ ਅੰਦੋਲਨ ਨੂੰ ਕਿਸੇ ਵੀ ਤਰਾਂ ਕਾਮਯਾਬ ਹੀ ਨਹੀਂ ਹੋਣ ਦੇਵੇਗੀ,ਬਲਕਿ ਕਿਸਾਨਾਂ ਨੂੰ ਸਿਰ  ਹੀ ਚੁੱਕਣ ਨਹੀ ਦੇਵੇਗੀ।ਭਾਵ ਕਿ ਸ਼ੁਰੂਆਤੀ ਦੌਰ ਵਿੱਚ ਹੀ ਕੁਚਲਣ ਦਾ ਮਨ ਬਣਾ ਬੈਠੀ ਹੈ,ਜਿਹੜਾ ਸ਼ਾਇਦ ਸੰਭਵ ਨਹੀ ਹੋ ਸਕੇਗਾ।ਜੇਕਰ ਸਰਕਾਰ ਉਪਰੋਕਤ ਬਾਰੇ ਸਪੱਸ਼ਟ ਹੈ ਤਾਂ ਵੀ ਆਉਣ ਵਾਲਾ ਸਮਾਂ ਆਮ ਆਦਮੀ ਪਾਰਟੀ ਲਈ ਕੰਡਿਆਲੇ ਰਾਹਾਂ ਤੇ ਨੰਗੇ ਪੈਰੀਂ ਚੱਲਣ ਵਰਗਾ ਹੋਵੇਗਾ।2027 ਦਾ ਵਰ੍ਹਾ ਛੜੱਪੇ ਮਾਰਦਾ ਨੇੜੇ ਆਉਂਦਾ ਪ੍ਰਤੀਤ ਹੋ ਰਿਹਾ ਹੈ,ਪਰ ਅਜਿਹੇ ਸਮੇਂ ਸਰਕਾਰ ਦਾ ਕਿਸਾਨਾਂ ਨਾਲ ਵੈਰ ਆਮ ਆਦਮੀ ਪਾਰਟੀ ਦੇ ਗਲੇ ਦੀ ਹੱਡੀ ਬਣ ਸਕਦਾ ਹੈ। ਜੋਖਮ ਭਰਿਆ ਕਾਰਜ ਹੈ।ਪਹਿਲਾਂ ਹੀ ਦਿੱਲੀ ਵਿੱਚੋਂ ਸੱਤਾ  ਗੁਆ  ਚੁੱਕੀ ਆਮ ਆਦਮੀ ਪਾਰਟੀ ਕੋਲ ਲੈ ਦੇ ਕੇ ਪੰਜਾਬ ਦੀ ਸੱਤਾ ਤੋ ਬਗੈਰ ਹੋਰ ਕੁੱਝ  ਵੀ ਨਹੀਂ ਹੈ।ਬਾਕੀ ਮੁਲਕ ਵਿੱਚ ਪਹਿਲਾਂ ਹੀ ਇਸ ਪਾਰਟੀ ਦਾ ਕੋਈ ਅਧਾਰ ਨਹੀ ਸੀ।ਇਹ ਵੀ ਸੱਚ ਹੀ ਕਿ ਆਮ ਆਦਮੀ ਪਾਰਟੀ ਦੀ ਹੋਂਦ ਪੰਜਾਬ ਕਰਕੇ ਹੀ ਹੈ,ਜੇਕਰ ਪੰਜਾਬ ਵੀ ਹੱਥੋਂ ਨਿਕਲ ਜਾਂਦਾ ਹੈ ਤਾਂ ਇਹ ਪਾਰਟੀ ਦਾ ਬਚਪਣ ਵਿੱਚ ਹੀ ਪਤਨ ਹੋਣਾ ਤਹਿ ਹੈ,ਜਿਸਨੂੰ ਕੋਈ ਰੋਕ ਨਹੀਂ ਸਕੇਗਾ। ਅਜਿਹੇ ਨਾਜ਼ਕ ਦੌਰ ਵਿੱਚ ਪੰਜਾਬ ਦੇ ਪਰਮੁੱਖ ਵਰਗ ਕਿਸਾਨਾਂ  ਅਤੇ ਮਜਦੂਰਾਂ ਦੀ ਬਗੈਰ ਮਤਲਬ ਤੋਂ ਨਰਾਜਗੀ ਗਲ਼ ਪਾਉਣੀ ਚੰਗੇ ਸ਼ਾਸਕ ਦੀ ਨਿਸ਼ਾਨੀ ਨਹੀ ਹੈ,ਬਲਕਿ ਇਹ ਕਾਰਵਾਈ ਭਗਵੰਤ ਮਾਨ ਸਰਕਾਰ ਦੇ ਅਨਾੜੀਪੁਣੇ ਨੂੰ ਹੋਰ ਸਪੱਸ਼ਟ ਰੂਪ ਪਰਦਾਨ ਕਰਦੀ ਹੈ।ਇਸ ਵਰਤਾਰੇ ਤੋ ਇੰਜ ਜਾਪਦਾ ਹੈ ਜਿਵੇਂ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਅਜਿਹੀ ਪਹਿਲੀ ਸਰਕਾਰ ਬਣਨ ਦਾ ਰਿਕਾਰਡ ਆਪਣੇ ਨਾਮ ਕਰਨ ਲਈ ਕੰਮ ਕਰ ਰਹੀ ਹੈ,ਜਿਹੜਾ ਪਿਛਲੇ 77 ਸਾਲਾਂ ਵਿੱਚ ਕੋਈ ਹੋਰ ਪੰਜਾਬ ਦੀ ਸਰਕਾਰ  ਨਹੀ ਕਰ ਸਕੀ।ਇਹ ਵੀ ਸੱਚ ਹੈ ਕਿ ਅਜਾਦੀ ਤੋ ਬਾਅਦ ਪੰਜਾਬ ਅੰਦਰ ਬਨਣ ਵਾਲੀਆਂ ਸਰਕਾਰਾਂ ਪੰਜਾਬ ਪੱਖੀ ਭੂਮਿਕਾ ਨਹੀਂ  ਨਿਭਾਅ ਸਕੀਆਂ,ਬਲਕਿ ਉਹਨਾਂ ਨੇ ਆਪਣੇ ਪਰਿਵਾਰਾਂ ਦੇ ਹਿਤ ਅਤੇ ਆਪਣੀ ਸਰਕਾਰ ਦੀ ਸਲਾਮਤੀ ਲਈ ਕੇਂਦਰ ਦਾ ਹਰ ਉਹ ਹੁਕਮ ਸਿਰ ਮੱਥੇ ਪਰਵਾਂਨ ਕੀਤਾ,ਜਿਹੜਾ ਪੰਜਾਬ ਦੀ ਬਰਬਾਦੀ ਲਈ ਸਮੇਂ ਸਮੇਂ ਕੇਂਦਰ ਵੱਲੋਂ ਜਾਰੀ ਕੀਤਾ ਜਾਂਦਾ ਰਿਹਾ,ਭਾਵੇਂ ਉਹ ਬਿਜਲੀ,ਪਾਣੀਆਂ,ਡੈਮਾਂ ਦੇ ਪ੍ਰਬੰਧ ਨੂੰ ਛੱਡਣ ਦੇ ਹੁਕਮ ਹੋਣ ਜਾ ਸਿੱਖੀ ਸਿਧਾਂਤਾਂ ਨਾਲ ਛੇੜ ਛਾੜ ਦੇ ਉਹਨਾਂ ਸਭਨਾਂ ਲਈ ਕਾਂਗਰਸੀ ਅਤੇ ਅਕਾਲੀ ਦਲ ਦੇ ਤਤਕਾਲੀ ਆਗੂ ਪੂਰੀ ਤਰਾਂ ਜ਼ਿੰਮੇਵਾਰ ਰਹੇ ਹਨ,ਜਿਹੜੇ ਪੰਜਾਬ ਦੇ ਸ਼ਾਸਕ ਹੁੰਦਿਆਂ ਕੇਂਦਰ ਨਾਲ ਸੌਦੇਬਾਜੀਆਂ ਵਿੱਚ ਪੰਜਾਬ ਦੇ ਹਿਤਾਂ ਨੂੰ ਅਸਲੋਂ ਹੀ ਕੌਡੀਆਂ ਦੇ ਭਾਅ ਵੇਚ ਵੱਟ ਕੇ ਡਕਾਰ ਮਾਰਦੇ ਰਹੇ ਹਨ। ਇਹ ਵੀ ਸੱਚ ਹੋਵੇਗਾ ਕਿ ਮੌਜੂਦਾ ਸਰਕਾਰ ਉਪਰੋਕਤ ਸਾਰੀਆਂ ਹੀ ਸੂਬਾ ਸਰਕਾਰਾਂ ਦੇ ਘਿਨਾਉਣੇ ਕਾਰਨਾਮਿਆਂ ਨੂੰ ਬੌਨਿਆਂ ਕਰਨ ਲਈ ਕਾਹਲ ਨਾਲ ਅੱਗੇ ਵਧਦੀ ਦਿਖਾਈ ਦਿੰਦੀ ਹੈ।ਲੰਮਾ ਸਮਾਂ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਬੁਰੇ ਕਾਰਜ-ਕਾਲ ਨੂੰ ਬੇਹੱਦ ਨਖਿੱਧ ਸਮੇਂ ਦੇ ਤੌਰ ਤੇ ਯਾਦ ਰੱਖਣਗੇ।

 

ਬਘੇਲ ਸਿੰਘ ਧਾਲੀਵਾਲ

99142-58142