ਜੰਗ ਵਿਚ ਫੌਜੀਆਂ ਦੀ ਥਾਂ ਰੋਬੋਟ ਬਣਨਗੇ ਜੰਗਜੂ
''ਕਿਲਰ ਰੋਬੋਟ'' ਦੇ ਜੰਗ ਵਿੱਚ ਇਸਤੇਮਾਲ ਦੇ ਵਿਚਾਰ ਨਾਲ ਕਈ ਲੋਕਾਂ ਨੂੰ ਚਾਹੇ ਹੈਰਾਨੀ ਹੋਵੇ ਪਰ ਸੱਚ ਇਹ ਹੈ ਕਿ ਦੁਨੀਆਂ ਭਰ 'ਚ ਹੁਣ ਵੀ ਅਜਿਹੀ ਤਕਨੀਕ ਵਿਕਸਿਤ ਕੀਤੀ ਜਾ ਰਹੀ ਹੈ।
ਅਮਰੀਕਾ ਦੀ ਜਾਨ ਹਾਪਿਨਸ ਯੂਨੀਵਰਸਿਟੀ ਦੇ ਸੀਨੀਅਰ ਰਿਸਰਚ ਐਨਾਲਿਸਟ ਹੈਦਰ ਰਾਫ਼ ਕਹਿੰਦੇ ਹਨ, ''ਚੀਨ ਆਪਣੀ ਸੈਨਾ ਨੂੰ ਮਜ਼ਬੂਤ ਬਣਾਉਣਾ ਚਾਹੁੰਦਾ ਹੈ। ਉਹ ਆਪਣੀ ਜਲ ਸੈਨਾ ਲਈ ਜਹਾਜ਼ਾਂ ਅਤੇ ਪਣਡੁੱਬੀਆਂ ਨੂੰ ਸਵੈਚਾਲਕ ਬਣਾ ਰਹੇ ਹਨ।ਇਸਰਾਈਲ ਜ਼ਮੀਨੀ ਹਥਿਆਰਾਂ ਮਸਲਨ ਟੈਂਕਾਂ ਅਤੇ ਤੋਪਾਂ ਨੂੰ ਬਿਹਤਰ ਬਣਾਉਣ ਵਿੱਚ ਲੱਗਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਰੂਸ ਵੀ ਜ਼ਮੀਨੀ ਉਪਕਰਣਾਂ 'ਤੇ ਕਾਫ਼ੀ ਰਕਮ ਖ਼ਰਚ ਕਰ ਰਿਹਾ ਹੈ। ਅਮਰੀਕਾ ਦੀ ਦਿਲਚਸਪੀ ਹਰ ਜਗ੍ਹਾ ਹੈ। ਏਅਰਫ਼ੋਰਸ, ਏਅਰਬੇਸ ਸਿਸਟਮ ਤੋਂ ਲੈ ਕੇ ਮਿਜ਼ਾਈਲ ਤੱਕ। ਯੂਕੇ ਵੀ ਆਪਣੀ ਹਵਾਈ ਸੈਨਾ ਅਤੇ ਜਲ ਸੈਨਾ ਦੀ ਸਮਰੱਥਾ ਵਧਾਉਣਾ ਚਾਹੁੰਦਾ ਹੈ।''
ਅਹਿਮ ਗੱਲ ਇਹ ਹੈ ਕਿ ਹਾਲੇ ਜੋ ਸਾਰੇ ਹਥਿਆਰ ਵਿਕਸਿਤ ਹੋ ਰਹੇ ਹਨ, ਉਨ੍ਹਾਂ ਵਿੱਚੋਂ ਸਾਰੇ ਰੋਬੋਟ ਕਿਲਰ ਨਹੀਂ ਹੋਣਗੇ। ਪਰ ਕੁਝ ਹਥਿਆਰਾਂ ਅਤੇ ਦੇਸਾਂ ਨੂੰ ਲੈ ਕੇ ਹੈਦਰ ਫ਼ਿਕਰਮੰਦ ਨਜ਼ਰ ਆਉਂਦੇ ਹਨ।ਉਹ ਕਹਿੰਦੇ ਹਨ, ''ਪੱਛਮੀ ਦੇਸ ਜੋਖ਼ਮ ਨੂੰ ਘੱਟ ਕਰਨਾ ਚਾਹੁੰਦੇ ਹਨ। ਉਹ ਆਪਣੇ ਸਿਸਟਮ ਨੂੰ ਭਰਪੂਰ ਟੈਸਟ ਕਰਦੇ ਹਨ ਪਰ ਰੂਸ ਜਲਦੀ ਵਿਕਸਿਤ ਕੀਤੇ ਗਏ ਉਪਕਰਣਾਂ ਨੂੰ ਜ਼ਿਆਦਾ ਟੈਸਟਿੰਗ ਕੀਤੇ ਬਿਨਾ ਹੀ ਤਾਇਨਾਤ ਕਰ ਦਿੰਦਾ ਹੈ। ਮੈਂ ਇਸੇ ਨੂੰ ਲੈ ਕੇ ਹੀ ਫ਼ਿਕਰਮੰਦ ਹਾਂ।ਹੈਦਰ ਕਹਿੰਦੇ ਹਨ ਕਿ, "ਬਿਨਾ ਟੈਸਟ ਕੀਤੇ ਹੋਏ ਸਿਸਟਮ ਨੂੰ ਮੋਰਚੇ 'ਤੇ ਲਗਾਉਣਾ ਕਿਸੇ ਤਬਾਹੀ ਨੂੰ ਸੱਦਾ ਦੇਣ ਵਰਗਾ ਹੈ।"
ਆਕਸਫ਼ੋਰਡ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫ਼ੈਸਰ ਟੌਮ ਸਿੰਪਸਨ ਨੇ ਜੰਗ ਦੇ ਪ੍ਰਭਾਵ ਨੂੰ ਸਮਝਣ ਵਿੱਚ ਕਈ ਸਾਲ ਲਗਾਏ ਹਨ। ਉਹ ਪੰਜ ਸਾਲਾਂ ਤੱਕ ਯੂਕੇ ਦੀ ਸੈਨਾ ਨਾਲ ਜੁੜੇ ਰਹੇ ਹਨ। ਤਕਨੀਕੀ ਅਤੇ ਸੁਰੱਖਿਆ ਨਾਲ ਜੁੜੇ ਸਵਾਲਾਂ ਵਿੱਚ ਉਨ੍ਹਾਂ ਦੀ ਦਿਲਚਸਪੀ ਲਗਾਤਾਰ ਬਣੀ ਹੋਈ ਹੈ।ਜੰਗ ਵਰਗੇ ਖ਼ਤਰਨਾਕ ਮੋਰਚਿਆਂ 'ਤੇ ਇਨਸਾਨਾਂ ਦੀ ਬਜਾਇ ਰੋਬੋਟ ਤਾਇਨਾਤ ਕਰਨ ਦੇ ਵਿਚਾਰ 'ਤੇ ਉਹ ਕਹਿੰਦੇ ਹਨ ਕਿ 'ਇਸ ਦੇ ਪੱਖ ਵਿੱਚ ਇੱਕ ਅਜਿਹਾ ਤਰਕ ਦਿੱਤਾ ਜਾਂਦਾ ਹੈ ਜੋ ਸਰਕਾਰਾਂ ਦੀ ਨੈਤਿਕ ਧਰਾਤਲ ਨੂੰ ਮਜ਼ਬੂਤ ਕਰ ਦਿੰਦਾ ਹੈ। ਸਰਕਾਰਾਂ ਦੀ ਇਹ ਜ਼ਿੰਮੇਵਾਰੀ ਹੈ ਕਿ ਆਪਣੇ ਸੈਨਿਕਾਂ ਦੀ ਜਾਨ ਬਚਾਉਣ ਲਈ ਉਹ ਅਜਿਹੇ ਸਿਸਟਮ ਵਿਕਸਿਤ ਕਰਨ।''ਪਰ ਟੌਮ ਸੁਚੇਤ ਕਰਦੇ ਹਨ ਕਿ ਇਸ ਤਕਨੀਕ ਦੇ ਖ਼ਤਰੇ ਵੀ ਹਨ।
ਮਸ਼ੀਨ ਕਰ ਸਕਦੀ ਹੈ ਗ਼ਲਤੀ
ਆਕਸਫ਼ੋਰਡ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫ਼ੈਸਰ ਟੌਮ ਸਿੰਪਸਨ ਕਹਿੰਦੇ ਹਨ ਕਿ ਇਹ ਡਰ ਬਣਿਆ ਰਹਿੰਦਾ ਹੈ ਕਿ ਤਕਨੀਕ ਗ਼ਲਤ ਫ਼ੈਸਲੇ ਲੈ ਸਕਦੀ ਹੈ। ਇਹ ਅਜਿਹੇ ਲੋਕਾਂ ਦੀ ਜਾਨ ਲੈ ਸਕਦੀ ਹੈ, ਜਿਨ੍ਹਾਂ ਦੀ ਜਾਨ ਨਹੀਂ ਜਾਣੀ ਚਾਹੀਦੀ। ਇਸ ਬਾਰੇ ਵਿੱਚ ਜ਼ਿਕਰ ਕਰਨਾ ਸਹੀ ਵੀ ਹੈ। ਜੇ ਸੈਨਿਕ ਇੱਕ ਇਨਸਾਨ ਹੋਵੇ ਤਾਂ ਆਪਣੇ ਨਿਸ਼ਾਨੇ ਅਤੇ ਮਸੂਮ ਲੋਕਾਂ ਦਰਮਿਆਨ ਫ਼ਰਕ ਕਰਨ ਦੀ ਜ਼ਿੰਮੇਵਾਰੀ ਉਸਦੀ ਹੁੰਦੀ ਹੈ। ਪਰ ਇੱਕ ਮਸ਼ੀਨ ਹਮੇਸ਼ਾਂ ਕਾਮਯਾਬੀ ਦੇ ਨਾਲ ਅਜਿਹਾ ਅੰਦਰ ਨਹੀਂ ਕਰ ਸਕੇਗੀ।
ਟੌਮ ਤੋਂ ਸਾਫ਼ਟਵੇਅਰ ਇੰਜੀਨੀਅਰ ਲੌਰਾ ਨੋਲੈਨ ਵੱਖਰੀ ਰਾਇ ਰੱਖਦੇ ਹਨ।ਉਹ ਕਹਿੰਦੇ ਹਨ ਕਿ ਕੁਝ ਲੋਕ ਅਜਿਹਾ ਸੋਚਦੇ ਹਨ ਕਿ ਭਵਿੱਖ ਵਿੱਚ ਜੰਗ ਰੋਬੋਟਾਂ ਦਰਮਿਆਨ ਹੋਵੇਗੀ। ਰੋਬੋਟ ਸੈਨਿਕ ਲੜਨਗੇ ਤਾਂ ਅਜਿਹੀ ਜੰਗ ਵਿੱਚ ਖ਼ੂਨ ਨਹੀਂ ਵਹੇਗਾ। ਮੈਨੂੰ ਲੱਗਦਾ ਹੈ ਕਿ ਇਹ ਇੱਕ ਆਦਰਸ਼ਵਾਦੀ ਕਲਪਨਾ ਹੈ। ਅਸੀਂ ਜ਼ਿਆਦਾਤਰ ਮੌਕਿਆਂ 'ਤੇ ਅਜਿਹੀ ਸਥਿਤੀ ਦੇਖਾਂਗੇ ਕਿ ਇੰਨਾਂ ਮਸ਼ੀਨਾਂ ਨੂੰ ਇਨਸਾਨਾਂ ਨਾਲ ਮੁਕਾਬਲਾ ਕਰਨ ਲਈ ਤਾਇਨਾਤ ਕੀਤਾ ਗਿਆ ਹੈ ਇਹ ਕਾਫ਼ੀ ਦਰਦਨਾਕ ਸਥਿਤੀ ਹੋਵੇਗੀ।"
ਲੌਰਾ ਨੋਲੈਨ ਟੇਕ ਕੰਪਨੀ 'ਗੂਗਲ' ਨਾਲ ਕੰਮ ਕਰਦੇ ਸਨ। ਸਾਲ 2017 ਵਿੱਚ ਉਨ੍ਹਾਂ ਨੂੰ ਅਮਰੀਕੀ ਸੁਰੱਖਿਆ ਵਿਭਾਗ ਦੇ ਨਾਲ ਇੱਕ ਪ੍ਰੋਜੈਕਟ 'ਤੇ ਕੰਮ ਕਰਨ ਲਈ ਕਿਹਾ ਗਿਆ।ਇਸ ਪ੍ਰੋਜੈਕਟ ਵਿੱਚ ਡਰੋਨ ਨਾਲ ਲਏ ਗਏ ਵੀਡੀਓ ਫ਼ੁਟੇਜ਼ ਦਾ ਵਿਸ਼ਲੇਸ਼ਣ ਕਰਨ ਵਾਲੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਸਿਸਟਮ ਵਿਕਸਿਤ ਕਰਨੇ ਸਨ। ਇਹ ਹਥਿਆਰ ਵਿਕਸਿਤ ਕਰਨ ਦਾ ਪ੍ਰੋਜੈਕਟ ਨਹੀਂ ਸੀ।
ਪਰ ਲੌਰਾ ਇਸ ਨੂੰ ਲੈ ਕਿ ਫ਼ਿਕਰਮੰਦ ਸਨ। ਉਨ੍ਹਾਂ ਨੂੰ ਲੱਗਦਾ ਸੀ ਕਿ ਉਹ ਇੱਕ ਅਜਿਹੀ ਆਰਟੀਫ਼ੀਸ਼ੀਅਲ ਤਕਨੀਕ ਦਾ ਹਿੱਸਾ ਹਨ ਜਿਸਦਾ ਰਸਤਾ ਕਿਤੇ ਨਾ ਕਿਤੇ ਜੰਗ ਵੱਲ ਜਾਂਦਾ ਹੈ।ਉਨ੍ਹਾਂ ਨੇ ਇਸਦੇ ਵਿਰੋਧ ਵਿੱਚ ਅਸਤੀਫ਼ਾ ਦੇ ਦਿੱਤਾ। ਇਸ ਦੇ ਬਾਅਦ ਉਹ ''ਕਿਲਰ ਰੋਬੇਟ'' ਨੂੰ ਰੋਕਣ ਲਈ ਇੱਕ ਮੁਹਿੰਮ ਵਿੱਚ ਲੱਗ ਗਏ।
ਲੌਰਾ ਕਹਿੰਦੇ ਹਨ ਕਿ ਮਸ਼ੀਨ ਦੇ ਸਾਫ਼ਟਵੇਅਰ ਨੂੰ ਜਿੰਨਾਂ ਹਾਲਾਤ ਨਾਲ ਮੁਕਾਬਲਾ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੁੰਦਾ ਹੈ, ਜੇ ਉਨ੍ਹਾਂ ਤੋਂ ਅਲੱਗ ਸਥਿਤੀਆਂ ਸਾਹਮਣੇ ਆਉਂਦੀਆਂ ਹਨ ਤਾਂ ਹਾਲਾਤ ਬਹੁਤ ਹੀ ਅਨਿਸ਼ਚਿਤ ਜਿਹੇ ਹੋ ਸਕਦੇ ਹਨ।
ਉੱਧਰ, ਸੈਂਟਰ ਫ਼ਾਰ ਨਿਊ ਅਮੈਰੀਕਨ ਸਕਿਊਰਿਟੀ ਵਿੱਚ ਡਾਇਰੈਕਟਰ ਆਫ਼ ਤਕਨੀਕ ਪੌਲ ਸ਼ੌਰੀ ਅਜਿਹੀ ਤਕਨੀਕ ਨਾਲ ਜੁੜੇ ਵੱਖਰੇ ਪਰ ਗੰਭੀਰ ਸਵਾਲ ਖੜੇ ਕਰਦੇ ਹਨ।ਉਹ ਕਹਿੰਦੇ ਹਨ ਕਿ ਵਿਕਾਸ ਦੇ ਨਾਲ ਤਕਨੀਕ ਸਾਨੂੰ ਅਜਿਹੇ ਰਾਹ 'ਤੇ ਲਿਜਾ ਰਹੀ ਹੈ ਜਿੱਥੇ ਜ਼ਿੰਦਗੀ ਅਤੇ ਮੌਤ ਨਾਲ ਜੁੜੇ ਫ਼ੈਸਲੇ ਮਸ਼ੀਨਾਂ ਦੇ ਹਵਾਲੇ ਹੋ ਜਾਣਗੇ ਅਤੇ ਮੈਨੂੰ ਲੱਗਦਾ ਹੈ ਕਿ ਇਨਸਾਨੀਅਤ ਦੇ ਸਾਹਮਣੇ ਇਹ ਇੱਕ ਗੰਭੀਰ ਸਵਾਲ ਹੈ।"
ਪੌਲ ਕਹਿੰਦੇ ਹਨ ਕਿ ਪਹਿਲਾਂ ਤੋਂ ਕੀਤੀ ਗਈ ਪ੍ਰੋਗਰਾਮਿੰਗ ਜ਼ਰੀਏ ਡਰੋਨ ਖ਼ੁਦ ਹੀ ਉਡਾਨ ਭਰਦੇ ਹਨ। ਉਹ ਇਹ ਵੀ ਕਹਿੰਦੇ ਹਨ ਕਿ ਰੋਬੋਟ ਦੇ ਕੋਲ ਕਦੀ ਵੀ ਇੰਨੀ ਬੌਧਿਕ ਸਮਰੱਥਾ ਨਹੀਂ ਹੋ ਸਕਦੀ ਕਿ ਉਹ ਜੰਗ ਦੇ ਨਾਲ ਜੁੜੇ ਰਣਨੀਤਿਕ ਅਤੇ ਜ਼ਮੀਨੀ ਖ਼ਤਰਿਆਂ ਨੂੰ ਸਮਝ ਸਕੇ।ਪੌਲ ਕਹਿੰਦੇ ਹਨ, "ਅਜਿਹਾ ਬਿਲਕੁਲ ਹੋ ਸਕਦਾ ਹੈ। ਕਿਸੇ ਵੀ ਚੀਜ਼ ਨੂੰ ਹੈਕ ਕੀਤਾ ਜਾ ਸਕਦਾ ਹੈ। ਸੈਨਾ ਵੀ ਉਸੇ ਤਰ੍ਹਾਂ ਦੇ ਅਸੁਰੱਖਿਅਤ ਕੰਪਿਊਟਰਾਂ ਦਾ ਇਸਤੇਮਾਲ ਕਰਦੀ ਹੈ ਜਿਸ ਤਰ੍ਹਾਂ ਦੇ ਸਾਰੇ ਲੋਕ ਕਰਦੇ ਹਨ। ਖ਼ੁਦ ਚਲਣ ਵਾਲੀਆਂ ਕਾਰਾਂ ਹੈਕ ਕੀਤੀਆਂ ਜਾ ਚੁੱਕੀਆਂ ਹਨ।ਅਸੀਂ ਇਹ ਦੇਖ ਚੁੱਕੇ ਹਾਂ ਕਿ ਹੈਕਰਸ ਦੂਰ ਬੈਠਕੇ ਵੀ ਕਾਰ ਦਾ ਸਟੇਅਰਿੰਗ ਅਤੇ ਬ੍ਰੇਕ ਕਾਬੂ ਕਰ ਸਕਦੇ ਹਨ। ਪਰ ਜੇ ਕੋਈ ਹੈਕਰ ਹਥਿਆਰਾਂ 'ਤੇ ਕਾਬੂ ਕਰ ਲੈਂਦਾ ਹੈ ਤਾਂ ਨੁਕਸਾਨ ਕਾਫ਼ੀ ਜ਼ਿਆਦਾ ਹੋ ਸਕਦਾ ਹੈ।"












Comments (0)