ਕੀ ਹੁੰਦਾ ਹੈ ਤਨਖਾਹੀਆ

ਕੀ ਹੁੰਦਾ ਹੈ ਤਨਖਾਹੀਆ

ਸਿੱਖ ਧਰਮ ਵਿੱਚ ਤਨਖ਼ਾਹ ਧਾਰਮਿਕ ਸਜ਼ਾ ਨੂੰ ਕਿਹਾ ਜਾਂਦਾ ਹੈ।

​​​ਇਹ ਸਜ਼ਾ ਜਾਣੇ ਅਣਜਾਣੇ ਵਿਚ ਧਾਰਮਿਕ ਗਲਤੀਆਂ ਤੇ ਦੋਸ਼ਾਂ ਕਾਰਣ ਅਕਾਲ ਤਖਤ ਸਾਹਿਬ ਤੋਂ ਸੁਣਾਈ ਜਾਂਦੀ ਹੈ।ਇਹ ਇੱਕ ਨੈਤਿਕ ਸਜ਼ਾ ਹੈ, ਇਸ ਦਾ ਅਰਥ ਹੈ ਜਿਸ ਸਿਖ ਨੂੰ ਤਨਖ਼ਾਹ ਲਗਾਈ ਜਾਂਦੀ ਹੈ ਸਿੱਖ ਪੰਥ ਵਿੱਚ ਉਸ ਦਾ ਮਿਆਰ ਥੱਲੇ ਡਿੱਗ ਜਾਂਦਾ ਹੈ।"

2 ਸਤੰਬਰ 1984 ਨੂੰ ਗਿਆਨੀ ਕਿਰਪਾਲ ਸਿੰਘ ਸਮੇਤ ਪੰਜ ਸਿੰਘ ਸਾਹਿਬਾਨਾਂ ਦੇ ਦਸਤਖ਼ਤਾਂ ਹੇਠ ਜਾਰੀ ਕੀਤੇ ਗਏ ਹੁਕਮਨਾਮੇ ਵਿੱਚ ਕਿਹਾ ਗਿਆ ਸੀ ਕਿ ਸਿੱਖ ਪਰੰਪਰਾਵਾਂ ਦੇ ਉਲਟ ਬੂਟਾ ਸਿੰਘ ਨੇ ਅਕਾਲ ਤਖਤ ਦੀ ਢੱਠੀ ਹੋਈ ਇਮਾਰਤ ਦੀ ਕਾਰ ਸੇਵਾ ਪੰਥ ਵਿੱਚੋਂ ਛੇਕੇ ਹੋਏ ਬੁੱਢਾ ਦਲ ਦੇ ਮੁਖੀ ਸੰਤਾ ਸਿੰਘ ਨੂੰ ਦਿੱਤੀ ਸੀ।ਇਸ ਹੁਕਮਨਾਮੇ ਵਿੱਚ ਕਿਹਾ ਗਿਆ ਸੀ ਕਿ ਬੂਟਾ ਸਿੰਘ ਨੇ ਭਾਰਤ ਦੇ ਗ੍ਰਹਿ ਮੰਤਰੀ ਹੁੰਦਿਆਂ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਕੇ 'ਸਰਬੱਤ ਖਾਲਸਾ' ਦੇ ਨਾਂ ਹੇਠ ਇੱਕ ਇਕੱਠ ਸੱਦਿਆ ਸੀ, ਜੋ ਸਿੱਖ ਮਰਿਆਦਾ ਦੇ ਉਲਟ ਸੀ।

17 ਅਗਸਤ 1984 ਨੂੰ ਪੰਜ ਸਿੰਘ ਸਾਹਿਬਾਨਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਕਰਕੇ ਜਗਰਾਉਂ ਦੇ ਨਾਨਕਸਰ ਨਾਲ ਜੁੜੇ ਭਾਈ ਨਰਾਇਣ ਸਿੰਘ ਕਲੇਰਾਂ ਵਾਲੇ ਨੂੰ ਤਨਖਾਹੀਆ ਕਰਾਰ ਦਿੱਤਾ ਸੀ।

ਇਸੇ ਹੁਕਮਨਾਮੇ ਰਾਹੀਂ ਡੇਰਾ ਬਾਬਾ ਮਹਾਰਾਜ ਸਿੰਘ ਅੰਮ੍ਰਿਤਸਰ ਦੇ ਮੁਖੀ ਭਾਈ ਬਿਕਰਮਾਜੀਤ ਸਿੰਘ ਨੂੰ ਵੀ ਤਨਖਾਹੀਆ ਐਲਾਨਿਆ ਗਿਆ ਸੀ।

ਇਸੇ ਤਰ੍ਹਾਂ ਸਾਲ 1986 ਵਿੱਚ ਅੰਮ੍ਰਿਤਸਰ ਵਿਖੇ ਹੋਏ 'ਸਾਕਾ ਕਾਲੀ ਗਰਜ' ਅਧੀਨ ਦਰਬਾਰ ਸਾਹਿਬ ਵਿੱਚ ਪੁਲਿਸ ਭੇਜਣ ਨੂੰ ਲੈ ਕੇ ਤਤਕਾਲੀ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੂੰ ਤਨਖ਼ਾਹੀਆ ਕਰਾਰ ਦਿੱਤਾ ਗਿਆ ਸੀ।

ਇਸੇ ਕੜੀ ਤਹਿਤ 11 ਸਤੰਬਰ 1984 ਨੂੰ ਤੱਤਕਾਲੀ ਜਥੇਦਾਰ ਗਿਆਨੀ ਕਿਰਪਾਲ ਸਿੰਘ ਵੱਲੋਂ ਹੁਕਮਨਾਮਾ ਜਾਰੀ ਕਰਕੇ ਸੀਨੀਅਰ ਅਕਾਲੀ ਆਗੂ ਰਛਪਾਲ ਸਿੰਘ ਦਿੱਲੀ ਅਤੇ ਜਥੇਦਾਰ ਕਰਤਾਰ ਸਿੰਘ ਟੱਕਰ ਨੂੰ ਤਨਖ਼ਾਹੀਆ ਕਰਾਰ ਦਿੱਤਾ ਗਿਆ ਸੀ।

ਇਸ ਤੋਂ ਇਲਾਵਾ ਤਖਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਵੀ ਅਕਾਲ ਤਖਤ ਤੋਂ ਤਨਖਾਹੀਆ ਕਰਾਰ ਦਿੱਤਾ ਗਿਆ ਸੀ।

ਅਜਿਹੇ ਕੁਝ ਹੋਰ ਵੀ ਹੁਕਮਨਾਮੇ ਹਨ, ਜਿਨ੍ਹਾਂ ਰਾਹੀਂ ਕਈ ਸਿੱਖ ਆਗੂਆਂ ਨੂੰ ਤਨਖ਼ਾਹੀਆ ਕਰਾਰ ਦਿੱਤਾ ਗਿਆ ਹੈ ਤੇ ਜਾਂ ਫਿਰ ਪੰਥ ਵਿੱਚੋਂ ਛੇਕਿਆ ਗਿਆ ਸੀ।