ਪਟਨਾ ਸਾਹਿਬ ਦੇ ਹੁਕਮਨਾਮੇ ਨੇ ਪੰਥਕ ਏਕਤਾ ਨੂੰ ਚੁਣੌਤੀ ਦਿੱਤੀ,ਨੁਮਾਇੰਦਾ ਇਕਠ ਸਦਿਆ ਜਾਵੇ -ਖਾਲਸਾ
*ਸੁਖਬੀਰ ਬਾਦਲ ਤਖਤ ਪਟਨਾ ਸਾਹਿਬ ਅਗੇ ਪੇਸ਼ ਨਾ ਹੋਵੇ ,ਅਕਾਲ ਤਖਤ ਦੀ ਪਰੰਪਰਾ ਨੂੰ ਮੰਨੇ
* ਸ੍ਰੋਮਣੀ ਕਮੇਟੀ ਦਾ ਪ੍ਰਧਾਨ ਡੇਰੇਦਾਰਾਂ ਦੇ ਦਬਦਬਾ ਵਿਚ ਨਾ ਵਿਚਰੇ
ਅੰਮ੍ਰਿਤਸਰ ਟਾਈਮਜ਼ ਬਿਊਰੋ
ਅੰਮ੍ਰਿਤਸਰ: ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਸੂਬਾ ਪ੍ਰਧਾਨ ਜਥੇਦਾਰ ਪਰਮਿੰਦਰ ਪਾਲ ਸਿੰਘ ਖਾਲਸਾ ਨੇ ਕਿਹਾ ਕਿ ਅਕਾਲ ਤਖਤ ਸਾਹਿਬ, ਸਿਖ ਪੰਥ ਦਾ ਸਰਬਉੱਚ ਸੰਸਥਾ ਹੈ , ਜਿੱਥੋਂ ਗੁਰਮਤੇ ਜਨਮ ਲੈਂਦੇ ਨੇ,ਜਿਸਨੂੰ ਮੰਨਣਾ ਹਰ ਸਿਖ ਮਾਈ ਭਾਈ ਦਾ ਫਰਜ ਹੈ। ਪਰ ਅਫਸੋਸ! ਅੱਜਕੱਲ੍ਹ ਜਥੇਦਾਰਾਂ ਦੇ ਸਿਧਾਂਤਹੀਣ ਫੈਸਲਿਆਂ ਨੇ ਇਸ ਮਹਾਨ ਸੰਸਥਾ ਦਾ ਇਤਿਹਾਸਕ ਤੇ ਸਿਧਾਂਤਕ ਵਜੂਦ ਨੂੰ ਢਾਹ ਲਗਾਈ ਹੈ। ਉਨ੍ਹਾਂ ਕਿਹਾ ਕਿ ਤਖਤ ਸ੍ਰੀ ਪਟਨਾ ਸਾਹਿਬ ਦੇ 21 ਮਈ ਦੇ ਹੁਕਮਨਾਮੇ, ਜਿਨ੍ਹਾਂ ਵਿੱਚ ਸੁਖਬੀਰ ਸਿੰਘ ਬਾਦਲ, ਗਿਆਨੀ ਕੁਲਦੀਪ ਸਿੰਘ ਗੜਗੱਜ, ਬਾਬਾ ਟੇਕ ਸਿੰਘ ਤੇ ਹੋਰਾਂ ਨੂੰ ‘ਤਨਖਾਹੀਆ’ ਐਲਾਨਿਆ, ਨੇ ਸਿਖ ਪੰਥ ਦੀ ਏਕਤਾ ਦੇ ਪੁਲ ਨੂੰ ਤਾਰ-ਤਾਰ ਕਰਨ ਦੀ ਨੀਚ ਕੋਸ਼ਿਸ਼ ਕੀਤੀ ਹੈ। ਜਥੇਦਾਰ ਖਾਲਸਾ ਨੇ ਗਹਿਰੀ ਚਿੰਤਾ ਨਾਲ ਆਖਿਆ ਕਿ ਸੁਖਬੀਰ ਸਿੰਘ ਬਾਦਲ ਨੂੰ ਅਕਾਲ ਤਖਤ ਦੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ, ਨਾ ਕਿ ਪਟਨਾ ਸਾਹਿਬ ਦੇ ਗੁੰਮਰਾਹਕੁੰਨ ਫੈਸਲਿਆਂ ਦੀ। ਸੁਖਬੀਰ ਨੂੰ ਪਟਨਾ ਸਾਹਿਬ ਦੇ ਬੁਲਾਵੇ ‘ਤੇ ਨਹੀਂ ਜਾਣਾ ਚਾਹੀਦਾ, ਕਿਉਂਕਿ ਪਟਨਾ ਸਾਹਿਬ ਕੋਲ ਸੁਖਬੀਰ ਨੂੰ ਤਲਬ ਕਰਨ ਦਾ ਅਧਿਕਾਰ ਹੀ ਨਹੀਂ, ਇਹ ਖੇਤਰ ਸਿਰਫ ਸ੍ਰੀ ਅਕਾਲ ਤਖਤ ਸਾਹਿਬ ਦਾ ਹੈ ।

ਜਥੇਦਾਰ ਖਾਲਸਾ ਨੇ 19 ਨਵੰਬਰ 2003 ਦੇ ਅਕਾਲ ਤਖਤ ਦੇ ਹੁਕਮਨਾਮੇ ਨੂੰ ਯਾਦ ਕਰਾਇਆ, ਜਿਹੜਾ ਸਪਸ਼ਟ ਆਖਦਾ ਹੈ ਕਿ ਪੰਜ ਤਖਤਾਂ ਦੀ ਮਰਿਯਾਦਾ ਵੱਖਰੀ ਹੈ, ਪਰ ਸਮੁੱਚੇ ਪੰਥ ਦੇ ਮਸਲਿਆਂ ‘ਤੇ ਫੈਸਲੇ ਸਿਰਫ਼ ਅਕਾਲ ਤਖਤ ‘ਤੇ ਪੰਜ ਜਥੇਦਾਰਾਂ ਦੀ ਮੀਟਿੰਗ ਵਿੱਚ ਹੀ ਹੋਣਗੇ। ਪਟਨਾ ਸਾਹਿਬ ਦੇ ‘ਪੰਜ ਪਿਆਰਿਆਂ’ ਵੱਲੋਂ ਸੁਖਬੀਰ ਬਾਦਲ, ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਬਾਬਾ ਟੇਕ ਸਿੰਘ ਨੂੰ ‘ਤਨਖਾਹੀਆ’ ਐਲਾਨਣਾ, ਸਿਖ ਪਰੰਪਰਾਵਾਂ ਨੂੰ ਲਤਾੜਨ ਵਰਗਾ ਹੈ। ਇਸੇ ਤਰ੍ਹਾਂ, ਗਿਆਨੀ ਗੜਗੱਜ ਦਾ ਮਸਲਾ ਅਕਾਲ ਤਖਤ ਦੇ ਜਥੇਦਾਰ ਨੂੰ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਨਾਲ ਮਿਲ ਕੇ ਵਿਚਾਰਨਾ ਚਾਹੀਦਾ ਸੀ, ਨਾ ਕਿ ਇਕੱਲੇ ਹੀ ਫੈਸਲਾ ਸੁਣਾਉਣਾ। ਇਹ ਗੁਰਮਤੇ ਦੀ ਉਲੰਘਣਾ ਹੈ, ਜਿਸ ਨੇ ਪੰਥ ਵਿਰੋਧੀਆਂ ਤੇ ਸਰਕਾਰ ਨੂੰ ਦਖਲ ਦਾ ਮੌਕਾ ਦਿੱਤਾ।
ਉਨ੍ਹਾਂ ਕਿਹਾ ਕਿ ਜੇ ਤਖਤਾਂ ਦੇ ਤਕਰਾਰ ਦਾ ਸੰਕਟ ਨਾ ਸੁਲਝਿਆ, ਤਾਂ ਅਕਾਲ ਤਖਤ ਦੀ ਮਾਣ-ਮਰਿਯਾਦਾ ਦੀ ਪਰੰਪਰਾ ਨੂੰ ਢਾਹ ਲੱਗ ਜਾਵੇਗੀ।ਇਸ ਦੀ ਜ਼ਿੰਮੇਵਾਰੀ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ‘ਤੇ ਆਵੇਗੀ ਜੋ ਇਹ ਮਸਲਾ ਸੁਲਝਾ ਨਹੀਂ ਸਕੇ ਤੇ ਪੰਥ ਲਈ ਸੰਕਟ ਖੜਾ ਕਰ ਦਿਤਾ। ਉਨ੍ਹਾਂ ਕਿਹਾ ਕਿ ਧਾਮੀ ਨੂੰ ਆਪਣਾ ਅਹੁਦਾ ਛੱਡ ਕੇ, ਕਿਸੇ ਸਿਆਣੇ ਸ੍ਰੋਮਣੀ ਕਮੇਟੀ ਮੈਂਬਰ ਨੂੰ ਸ੍ਰੋਮਣੀ ਕਮੇਟੀ ਦੀ ਅਗਵਾਈ ਸੌਂਪਣੀ ਚਾਹੀਦੀ, ਜਿਹੜਾ ਪੰਥ ਦਾ ਨਾਂ ਰੋਸ਼ਨ ਕਰੇ।
ਜਥੇਦਾਰ ਖਾਲਸਾ ਨੇ ਸੁਝਾਅ ਦਿੱਤਾ ਕਿ ਅਕਾਲ ਤਖਤ ਦੇ ਜਥੇਦਾਰ ਨੂੰ ਨੁਮਾਇੰਦਾ ਪੰਥਕ ਇਕੱਠ ਸੱਦ ਕੇ ਸਿਆਣੇ ਸਿਖਾਂ ਦੀ ਕਮੇਟੀ ਬਣਾਉਣੀ ਚਾਹੀਦੀ, ਜਿਹੜੀ ਇਸ ਵਿਵਾਦ ਨੂੰ ਸੁਲਝਾਵੇ । ਨਾਲ ਹੀ, ਸਾਰੇ ਤਖਤ ਸਾਹਿਬਾਨਾਂ ਦੇ ਜਥੇਦਾਰਾਂ ਦੀ ਨਿਯੁਕਤੀ, ਸੇਵਾਮੁਕਤੀ ਤੇ ਯੋਗਤਾਵਾਂ ਦਾ ਵਿਧੀ-ਵਿਧਾਨ ਜਲਦ ਤੈਅ ਕਰਨਾ ਚਾਹੀਦਾ। ਅਫਸੋਸ ਕਿ ਹੁਣ ਵੀ ਸਿਰਫ਼ ਅਕਾਲ ਤਖਤ ਦੇ ਜਥੇਦਾਰ ਦੀ ਨਿਯੁਕਤੀ ‘ਤੇ ਹੀ ਗੱਲ ਹੋ ਰਹੀ, ਬਾਕੀ ਤਖਤਾਂ ਦੀਆਂ ਨਿਯੁਕਤੀਆਂ ਨੂੰ ਅਣਗੌਲਿਆ ਜਾ ਰਿਹਾ।
ਉਨ੍ਹਾਂ ਕਿਹਾ ਕਿ ਸ੍ਰੋਮਣੀ ਕਮੇਟੀ, ਜਿਹੜੀ ਸਿਖੀ ਦੀ ਸੇਵਾ ਦਾ ਝੰਡਾ ਚੁੱਕਣ ਦਾ ਦਾਅਵਾ ਕਰਦੀ, ਅੱਜਕੱਲ੍ਹ ਡੇਰੇਦਾਰਾਂ ਦੀ ਗੋਦ ਵਿੱਚ ਬੈਠੀ ਨਜ਼ਰ ਆਉਂਦੀ। ਅਕਾਲ ਤਖਤ ਦੇ ਵਿਧੀ ਵਿਧਾਨ ਤੇ ਸ਼ਤਾਬਦੀਆਂ ਕਮੇਟੀਆਂ ਵਿਚ ਸ੍ਰੋਮਣੀ ਕਮੇਟੀ ਨੇ ਡੇਰੇਦਾਰਾਂ ਦੀ ਵਧ ਸਮੂਲੀਅਤ ਕਰਕੇ ਸਿਖ ਪੰਥ ਨੂੰ ਢਾਹ ਲਗਾਈ ਹੈ। ਅਖੰਡ ਕੀਰਤਨੀ ਜਥਾ, ਸਿਖ ਮਿਸ਼ਨਰੀ ਕਾਲਜ ਵਰਗੀਆਂ ਪੰਥ ਪ੍ਰਵਾਨਿਤ ਜਥੇਬੰਦੀਆਂ ਨੂੰ ਅਣਡਿੱਠ ਕੀਤਾ ਜਾ ਰਿਹਾ, ਜਿਸ ਨਾਲ ਅਕਾਲੀ ਦਲ ਦੀ ਸਿਆਸੀ ਜੜ੍ਹਾਂ ਨੂੰ ਵੱਡਾ ਘਾਟਾ ਪਿਆ। ਜਥੇਦਾਰ ਖਾਲਸਾ ਨੇ ਡੂੰਘੀ ਚੀਰ-ਫਾੜ ਕਰਦਿਆਂ ਆਖਿਆ ਕਿ ਡੇਰੇਦਾਰਾਂ ਦੀ ਅਕਾਲ ਤਖਤ ਦੀ ਮਰਿਯਾਦਾ ਨੂੰ ਚੁਣੌਤੀ, ਮਾਰਕੀਟ ਵਿੱਚ ਮੂਲ ਮੰਤਰ ਤੇ ਸਿਖ ਰਹਿਤ ਮਰਿਯਾਦਾ ਨੂੰ ਚੈਲੰਜ ਕਰਦੇ ਗੁਟਕਿਆਂ ‘ਤੇ ਪਾਬੰਦੀ ਨਾ ਲਗਾਉਣਾ, ਤੇ ਪੰਥਕ ਸੰਸਥਾਵਾਂ ਵਿੱਚ ਡੇਰੇਦਾਰਾਂ ਦੀ ਸ਼ਮੂਲੀਅਤ—ਇਹ ਸਭ ਪੰਥ ਦੀਆਂ ਜੜ੍ਹਾਂ ਨੂੰ ਕੱਟਣ ਵਾਲਾ ਕੰਮ ਹੈ। ਡੇਰਿਆਂ ਦੀਆਂ ਪਰੰਪਰਾਵਾਂ ਸਿਖ ਪੰਥ ਨਾਲ ਮੇਲ ਨਹੀਂ ਖਾਂਦੀਆਂ ਇਹ ਸਿਖ ਪਰੰਪਰਾਵਾਂ ਦੇ ਉਲਟ ਹਨ। ਸਿਖ ਇਤਿਹਾਸ ਤੇ ਗੁਰੂ ਪਰੰਪਰਾ ਵਿੱਚ ਕਿਰਤ ਦੀ ਮਹੱਤਤਾ ਹੈ, ਡੇਰਿਆਂ ਦੀ ਨਹੀਂ। ਡੇਰੇ ਤੇ ਮਠ ਸਨਾਤਨੀ ਪਰੰਪਰਾ ਨਾਲ ਜੁੜੇ ਨੇ, ਪਰ ਸ੍ਰੋਮਣੀ ਕਮੇਟੀ ਗੁਰੂ ਪੰਥ ਦੀ ਜਮਾਤ ਹੈ, ਜਿਹੜੀ ਮਠ ਪਰੰਪਰਾ ਨਾਲ ਨਹੀਂ ਜਨਮੀ ਖਾਲਸਾ ਪੰਥ ਦੀ ਰੂਹ ਤੇ ਸੰਘਰਸ਼ ਵਿਚੋਂ ਜਨਮੀ ਹੈ ਜੋ ਡੇਰਵਾਦ ਦੇ ਖਿਲਾਫ ਸੀ ਸਿੰਘ ਸਭਾ ਲਹਿਰ ਦੇ ਰੂਪ ਵਿਚ।











Comments (0)