ਤਨਖਾਹ : ਪੰਥਕ ਸ਼ਕਤੀ ਨੂੰ ਮਜ਼ਬੂਤ ਕਰਨ ਅਤੇ ਧਾਰਮਿਕ ਕਦਰਾਂ-ਕੀਮਤਾਂ ਦੀ  ਪੁਨਰ-ਸਥਾਪਤੀ ਦਾ ਮਾਰਗ

ਤਨਖਾਹ :  ਪੰਥਕ ਸ਼ਕਤੀ ਨੂੰ ਮਜ਼ਬੂਤ ਕਰਨ ਅਤੇ ਧਾਰਮਿਕ ਕਦਰਾਂ-ਕੀਮਤਾਂ ਦੀ   ਪੁਨਰ-ਸਥਾਪਤੀ ਦਾ ਮਾਰਗ

ਸਿੱਖ ਧਰਮ ਵਿਚ ਇਹ ਸ਼ਬਦ ਧਾਰਮਿਕ ਮਰਯਾਦਾ ਨੂੰ ਸਥਾਪਿਤ ਕਰਨ ਲਈ ਵਰਤਿਆ ਜਾਂਦਾ ਹੈ।

ਜਦੋਂ ਕੋਈ ਸਿੱਖ ਇਸ ਮਰਯਾਦਾ ਦੀ ਉਲੰਘਣਾ ਕਰਦਾ ਹੈੇ ਤਾਂ ਉਸ ਨੂੰ ਮੌਕਾ ਪ੍ਰਦਾਨ ਕੀਤਾ ਜਾਂਦਾ ਹੈ ਕਿ ਉਹ ਕੀਤੀ ਗਈ ਉਲੰਘਣਾ ਦਾ ਪਸਚਾਤਾਪ ਕਰੇ ਅਤੇ ਪੰਥ ਵਿਚ ਸ਼ਾਮਲ ਹੋ ਕੇ ਆਪਣੇ ਦੈਵੀ ਅਤੇ ਦੁਨਿਆਵੀ ਜੀਵਨ ਦਾ ਕਾਰ-ਵਿਹਾਰ ਗੁਰਮਤਿ ਮਰਯਾਦਾ ਅਨੁਸਾਰ ਨਿਰੰਤਰ ਜਾਰੀ ਰੱਖੇ।

ਆਮ ਤੌਰ ’ਤੇ ‘ਤਨਖਾਹ’ ਸ਼ਬਦ ਮਿਹਤਨਕਸ਼ ਲੋਕਾਂ ਦੀ ਮਿਹਨਤ ਦੇ ਇਵਜ਼ਾਨੇ ਵਜੋਂ ਪ੍ਰਾਪਤ ਹੋਣ ਵਾਲੀ ਮਾਇਆ ਦੇ ਰੂਪ ਵਿਚ ਦੇਖਿਆ ਅਤੇ ਵਰਤਿਆ ਜਾਂਦਾ ਹੈ ਤਾਂ ਕਿ ਉਹ ਆਪਣੀਆਂ ਅਤੇ ਆਪਣੇ ਪਰਿਵਾਰ ਦੀਆਂ ਲੋੜਾਂ ਦੀ ਪੂਰਤੀ ਕਰ ਸਕਣ। ਫ਼ਾਰਸੀ ਭਾਸ਼ਾ ਵਿਚੋਂ ਆਇਆ ਇਹ ਸ਼ਬਦ ਜ਼ਮੀਨ ਦੇਣ ਦੇ ਇਵਜ਼ਾਨੇ ਵਜੋਂ ਲਈ ਜਾਣ ਵਾਲੀ ਸਾਲਾਨਾ ਜਾਂ ਛਿਮਾਹੀ ਰਕਮ, ਵੇਤਨ, ਤਲਬ ਆਦਿ ਦੇ ਰੂਪ ਵਿਚ ਦੇਖਿਆ ਜਾਂਦਾ ਹੈ। ਮੌਜੂਦਾ ਸਮੇ ਵਿਚ ਇਹ ਕਰਮਚਾਰੀਆਂ ਨੂੰ ਮਿਲਣ ਵਾਲੀ ਹਫ਼ਤਾਵਾਰ ਜਾਂ ਮਹੀਨਾਵਾਰ ਤਨਖਾਹ ਲਈ ਰੂੜ ਹੋ ਗਿਆ ਹੈ। ਸਿੱਖ ਧਰਮ ਵਿਚ ਇਸ ਸ਼ਬਦ ਨੂੰ ਵਿਸ਼ੇਸ਼ ਰੂਪ ਵਿਚ ਧਰਮ-ਦੰਡ ਵਜੋਂ ਵਰਤਿਆ ਜਾਂਦਾ ਹੈ। ਜਿਹੜਾ ਸਿੱਖ, ਰਹਿਤ ਦੀ ਉਲੰਘਣਾ ਕਰਦਾ ਹੈ ਉਸ ਨੂੰ ਮਰਯਾਦਾ ਅਨੁਸਾਰ ਤਨਖਾਹ ਲਾਉਣ ਦਾ ਵਿਧਾਨ ਪ੍ਰਚਲਿਤ ਹੈ। 

ਸਿੱਖ ਰਹਿਤ ਮਰਯਾਦਾ ਸਿੱਖ ਦੇ ਜੀਵਨ, ਸਰੂਪ ਅਤੇ ਆਚਰਣ ਨੂੰ ਰੂਪਮਾਨ ਕਰਦੀ ਹੋਈ ਉਸਨੂੰ ਵਿਰਾਸਤ ’ਤੇ ਮਾਣ ਕਰਨ ਦੀ ਪ੍ਰੇਰਨਾ ਪ੍ਰਦਾਨ ਕਰਦੀ ਹੈ। ਇਹ ਸ਼ਖ਼ਸੀ ਅਤੇ ਪੰਥਕ ਜੀਵਨ ਵਿਚ ਸਮਤੋਲ ਅਤੇ ਇਕਸੁਰਤਾ ਪ੍ਰਦਾਨ ਕਰਕੇ ਦੁਨਿਆਵੀ ਕਾਰ-ਵਿਹਾਰ ਕਰਨ ’ਤੇ ਜੋਰ ਦਿੰਦੀ ਹੈ। ਗੁਰਮਤਿ ਰਹਿਤ ਮਰਯਾਦਾ ’ਤੇ ਟਿਿਕਆ ਹੋਇਆ ਸਿੱਖ ਦਾ ਜੀਵਨ ਸਰਬੱਤ ਦੇ ਭਲੇ ਨਾਲ ਜੁੜਿਆ ਹੁੰਦਾ ਹੈ ਜਦੋਂ ਕਿ ਸਵਾਰਥ ਉਸ ਨੂੰ ਨਿਜ ਤੱਕ ਸੀਮਿਤ ਕਰ ਦਿੰਦਾ ਹੈ। ਨਿਜ ਨਾਲ ਜੁੜਿਆ ਹੋਇਆ ਮਨੁੱਖ ਨੀਰਸ, ਇਕੱਲਤਾ ਅਤੇ ਰੁੱਖੇਪਨ ਦਾ ਸ਼ਿਕਾਰ ਹੋ ਸਕਦਾ ਹੈ ਜਿਹੜਾ ਕਿ ਸਮਾਜ ਵਿਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਕਰਨ ਦਾ ਕਾਰਜ ਕਰਦਾ ਹੈ। ਸਿੱਖ ਨੂੰ ਅਜਿਹੀ ਸਥਿਤੀ ਵਿਚੋਂ ਬਾਹਰ ਕੱਢਣ ਲਈ ਗੁਰੂ ਸਾਹਿਬਾਨ ਨੇ ਇਕ ਮਾਰਗ ਪ੍ਰਦਾਨ ਕੀਤਾ ਹੈ ਕਿ ਉਹ ਧਾਰਮਿਕ ਸਜ਼ਾ ਪ੍ਰਵਾਨ ਕਰਕੇ ਪੰਥ ਵਿਚ ਦੁਬਾਰਾ ਸ਼ਾਮਲ ਹੋ ਸਕੇ ਅਤੇ ਉਸ ਦੇ ਜੀਵਨ ਵਿਚ ਹਮੇਸ਼ਾਂ ਖੇੜਾ ਅਤੇ ਅਨੰਦ ਬਣਿਆ ਰਹੇ। ਉਹ ਸਮਾਜ ਲਈ ਸਮੱਸਿਆਵਾਂ ਪੈਦਾ ਕਰਨ ਦੀ ਥਾਂ ਸਮਾਜ ਵਿਚੋਂ ਸਮੱਸਿਆਵਾਂ ਦੂਰ ਕਰਨ ਵਿਚ ਸਹਾਈ ਹੋਵੇ।

ਸਿੱਖ ਰਹਿਤ ਮਰਯਾਦਾ ਦਾ ਜਿਹੜਾ ਰੂਪ ਮੌਜੂਦਾ ਸਮੇਂ ਵਿਚ ਦਿਖਾਈ ਦਿੰਦਾ ਹੈ ਉਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੁਆਰਾ 1699 ਵਿਚ ਖ਼ਾਲਸਾ ਪੰਥ ਦੀ ਸਿਰਜਨਾ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਜਦੋਂ ਵਿਸਾਖੀ ਮੌਕੇ ਉਹਨਾਂ ਸਮੁਚੀ ਸਿੱਖ ਕੌਮ ਨੂੰ ਇਕ ਸੂਤਰ ਵਿਚ ਪਰੋ ਕੇ ਅਜਿਹੀ ਸ਼ਕਤੀ ਇਕੱਤਰ ਕਰ ਦਿੱਤੀ ਸੀ ਜਿਹੜੀ ਕਿ ਭਾਈਚਾਰਕ ਸਾਂਝ ਪੈਦਾ ਕਰਨ ਦੇ ਨਾਲ-ਨਾਲ ਮਨੁੱਖੀ ਭਾਈਚਾਰੇ ਨੂੰ ਬਚਾਉਣ ਅਤੇ ਅੱਗੇ ਵਧਾਉਣ ਲਈ ਯਤਨਸ਼ੀਲ ਹੋ ਗਈ ਸੀ। 

ਕਵਿ ਸੈਨਾਪਤਿ ਖ਼ਾਲਸੇ ਦੇ ਗੁਣਾਂ ਅਤੇ ਜੀਵਨ ਉਦੇਸ਼ ਦਾ ਵਰਨਨ ਕਰਦੇ ਹੋਏ ਦੱਸਦਾ ਹੈ – ਬਿਬੇਕੰ ਬਿਚਾਰ, ਤਨਖਾਹ ਦਾਰ, ਬਸੁਧਾ ਸੁਧਾਰ, ਕਰਿ ਜਗਤ ਸਾਰ। ਇਸ ਦਾ ਭਾਵ ਹੈ ਕਿ ਖ਼ਾਲਸੇ ਨੇ ਦੀਰਘ ਵਿਚਾਰ ਕਰਕੇ ਦੋਖੀਆਂ ਦੀ ਸੁਧਾਈ ਕਰਨੀ ਹੈ, ਜਗਤ ਦਾ ਸੁਧਾਰ ਕਰਨਾ ਹੈ ਅਤੇ ਮਨੁੱਖਤਾ ਦਾ ਭਲਾ ਕਰਨਾ ਹੈ। ਇੱਥੇ ਸੁਧਾਈ ਨੂੰ ਭਲਾਈ ਦੇ ਉਦੇਸ਼ ਦੀ ਪੂਰਤੀ ਕਰਨ ਲਈ ਵਰਤਣ ਦੀ ਪ੍ਰੇਰਨਾ ਹੈ ਜਿਸ ਦਾ ਪੱਧਰ ਮਸਲੇ ਦੀ ਦੀਰਘ ਵਿਚਾਰ ਉਪਰੰਤ ਹੀ ਤੈਅ ਕੀਤਾ ਜਾ ਸਕਦਾ ਹੈ। 

ਜਥੇਬੰਦਕ ਢਾਂਚੇ ਨੂੰ ਇਕਜੁੱਟ ਰੱਖਣ ਲਈ ਤਨਖਾਹ ਨੂੰ ਇਕ ਕਾਰਗਾਰ ਸਾਧਨ ਦੇ ਰੂਪ ਵਿਚ ਦੇਖਿਆ ਗਿਆ ਹੈ। ਇਸੇ ਤਰ੍ਹਾਂ ਗੁਰੂ ਜੀ ਦੇ ਇਕ ਦਰਬਾਰੀ ਕਵੀ ਭਾਈ ਨੰਦ ਲਾਲ ਨੇ ਤਨਖਾਹਨਾਮਾ ਸਿਰਲੇਖ ਅਧੀਨ ਰਚਨਾ ਕਰਕੇ ਇਸ ਦਾ ਵਿਸ਼ੇਸ਼ ਵਰਨਨ ਕੀਤਾ ਹੈ। ਇਸ ਰਚਨਾ ਤੋਂ ਪਤਾ ਲੱਗਦਾ ਹੈ ਕਿ ਛੋਟੀਆਂ ਜਾਂ ਅਣਜਾਣੇ ਵਿਚ ਹੋਈਆਂ ਗਲਤੀਆਂ ਲਈ ਤਾੜਨਾ ਕੀਤੀ ਜਾਂਦੀ ਰਹੀ ਹੈ ਅਤੇ ਗੁਰਮਤਿ ਸਿਧਾਂਤ ਦੀ ਉਲੰਘਣਾ ਕਰਨ ਵਾਲਿਆਂ ਨੂੰ ਤਨਖਾਹੀਆ ਕਿਹਾ ਜਾਂਦਾ ਹੈ। 

ਇਹ ਸ਼ਬਦ ਪੰਥ ਵਿਚ ਸਦਾਚਾਰਕ ਨਿਘਾਰ ਆਉਣ ਤੋਂ ਰੋਕਣ ਲਈ ਵਰਤਿਆ ਜਾਂਦਾ ਹੈ। ਅਜਿਹੇ ਢੰਗ-ਤਰੀਕੇ ਨਾਲ ਹੀ ਸਿੱਖਾਂ ਦੇ ਮਨ ਵਿਚ ਧਾਰਮਿਕ ਭਾਵਨਾ ਪੈਦਾ ਕਰਕੇ ਉਹਨਾਂ ਨੂੰ ਇਕੱਠੇ ਰੱਖਿਆ ਜਾ ਸਕਦਾ ਸੀ। ਗੁਰੂ ਤੋਂ ਇਲਾਵਾ ਬਾਕੀ ਸਮੂਹ ਮਨੁੱਖਾਂ ਨੂੰ ਭੁੱਲਣਹਾਰ ਮੰਨਦੇ ਹੋਏ ਉਹਨਾਂ ਨੂੰ ਪੰਥ ਤੋਂ ਦੂਰ ਰੱਖਣ ਦੀ ਥਾਂ ਪੰਥ ਵਿਚ ਸ਼ਾਮਲ ਕਰਕੇ ਪੰਥਕ ਸ਼ਕਤੀ ਨੂੰ ਖੋਰਾ ਲੱਗਣ ਤੋਂ ਬਚਾਇਆ ਜਾ ਸਕਦਾ ਹੈ। ਭੁੱਲ ਕਰਨ ਵਾਲੇ ਨੂੰ ਪੰਥ ਵਿਚ ਸ਼ਾਮਲ ਕਿਵੇਂ ਕਰਨਾ ਹੈ ਇਸ ਲਈ ਗੁਰੂ ਸਾਹਿਬਾਨ ਦੇ ਜੀਵਨ ਵਿਚੋਂ ਘਟਨਾਵਾਂ ਲੱਭਣ ਦਾ ਯਤਨ ਕੀਤਾ ਜਾਂਦਾ ਹੈ। ਇਸ ਸੰਬੰਧੀ ਇਕ ਮਿਸਾਲ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਵਿਚੋਂ ਅਕਸਰ ਦੱਸੀ ਜਾਂਦੀ ਹੈ ਕਿ ਦੱਖਣ ਵੱਲ ਜਾਂਦੇ ਹੋਏ ਉਹਨਾਂ ਨੇ ਰਾਜਸਥਾਨ ਵਿਚ ਪੈਂਦੇ ਨਰਾਇਣਾ ਨਗਰ ਵਿਖੇ ਉੱਥੋਂ ਦੇ ਇਕ ਸੰਤ ਦਾਦੂ ਦਯਾਲ ਦੀ ਕਬਰ ’ਤੇ ਤੀਰ ਨਾਲ ਨਮਸਕਾਰ ਕਰ ਦਿੱਤੀ ਸੀ। ਗੁਰੂ ਜੀ ਨਾਲ ਗਏ ਸਿੱਖਾਂ ਨੇ ਇਸ ਨੂੰ ਧਾਰਮਿਕ ਮਰਯਾਦਾ ਦੀ ਉਲੰਘਣਾ ਸਮਝਦੇ ਹੋਏ ਗੁਰੂ ਜੀ ਨੂੰ ਤਨਖਾਹ ਲਾਈ ਸੀ। ਇਸ ਘਟਨਾ ਨੂੰ ਗੁਰੂ ਜੀ ਦਾ ਇਕ ਅਜਿਹਾ ਕੌਤਕ ਮੰਨਿਆ ਜਾਂਦਾ ਹੈ ਜਿਸ ਵਿਚ ਧਰਮ ਪ੍ਰਤੀ ਦ੍ਰਿੜਤਾ ਅਤੇ ਗੁਰੂ ਸਾਹਿਬਾਨ ਦੇ ਸਿਧਾਂਤ ਦੀ ਉਲੰਘਣਾ ਕਰਨ ਵਾਲਿਆਂ ਨੂੰ ਪੰਥ ਵਿਚ ਵਾਪਸੀ ਦਾ ਰਾਹ ਦਿਖਾਇਆ ਗਿਆ ਸੀ। 

ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਸਿੱਖਾਂ ਦੀ ਦੈਵੀ ਅਤੇ ਦੁਨਿਆਵੀ ਅਗਵਾਈ ਕਰਨ ਲਈ ਗੁਰੂ-ਗ੍ਰੰਥ ਅਤੇ ਗੁਰੂ-ਪੰਥ ਦੀ ਹੋਂਦ ਸਾਹਮਣੇ ਆਉਂਦੀ ਹੈ। ਸਿੱਖ ਨੇ ਅਧਿਆਤਮਿਕ ਅਗਵਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਗ੍ਰਹਿਣ ਕਰਨੀ ਹੈ ਅਤੇ ਗੁਰਮਤਿ ਅਨੁਸਾਰ ਕਾਰ-ਵਿਹਾਰ ਕਰਦੇ ਸਮੇਂ ਜਿਹੜੀਆਂ ਔਕੜਾਂ ਦੁਨਿਆਵੀ ਜੀਵਨ ਵਿਚ ਸਾਹਮਣੇ ਆਉਂਦੀਆਂ ਹਨ, ਉਹਨਾਂ ਸੰਬੰਧੀ ਵਿਚਾਰ ਅਤੇ ਫ਼ੈਸਲੇ ਗੁਰੂ ਪੰਥ ਵੱਲੋਂ ਕੀਤੇ ਜਾਂਦੇ ਹਨ। ਇਸ ਦਾ ਇਕ ਰੂਪ ਕਥਾ-ਵਾਚਕਾਂ ਰਾਹੀਂ ਸਾਹਮਣੇ ਆਉਂਦਾ ਹੈ ਜਿਹੜੇ ਕਿ ਗੁਰਬਾਣੀ ਦੀ ਕਥਾ ਕਰਦੇ ਹੋਏ ਪੇਸ਼ ਆਈਆਂ ਔਕੜਾਂ ਬਾਰੇ ਸੰਗਤ ਨੂੰ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਦੇ ਰਹਿੰਦੇ ਹਨ। ਇਸ ਦਾ ਦੂਜਾ ਰੂਪ ਸਿੱਖ ਸਰੋਤਾਂ ਰਾਹੀਂ ਸਾਹਮਣੇ ਆਉਂਦਾ ਹੈ ਜਿਨ੍ਹਾਂ ਬਾਰੇ ਜਾਣਕਾਰੀ ਪ੍ਰਦਾਨ ਕਰਨ ਵਾਲੇ ਗੁਰਮਤਿ ਮਰਯਾਦਾ ਅਤੇ ਜੀਵਨਜਾਚ ਬਾਰੇ ਸੰਗਤ ਨੂੰ ਜਾਗਰੂਕ ਕਰਦੇ ਹਨ। ਇਸ ਦਾ ਤੀਜਾ ਰੂਪ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਰਾਹੀਂ ਸਾਹਮਣੇ ਆਉਂਦਾ ਹੈ ਜਿਹੜੇ ਕਿ ਕਿਸੇ ਵਿਸ਼ੇਸ਼ ਮੌਕੇ ਸੰਗਤ ਦੇ ਨਾਂ ਸੰਦੇਸ਼ ਜਾਰੀ ਕਰਦੇ ਹੋਏ ਗੁਰਮਤਿ ਮਰਯਾਦਾ ਨਾਲ ਜੁੜੇ ਰਹਿਣ ਦੀ ਪ੍ਰੇਰਨਾ ਪੈਦਾ ਕਰਦੇ ਹਨ। 

ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਪੰਥ ਵਿਚ ਅਨੇਕਾਂ ਵਾਰ ਵਿਵਾਦ ਪੈਦਾ ਹੋਏ ਪਰ ਅਖੀਰ ਗੁਰਮਤਿ ਭਾਵਨਾ ਹੀ ਸਭਨਾਂ ਨੂੰ ਇਕੱਤਰ ਕਰਨ ਵਾਲਾ ਸੂਤਰ ਸਾਬਤ ਹੋਈ ਹੈ। ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦੇ ਕੇਂਦਰੀ ਸਥਾਨ ਹਨ ਜਿਹੜੇ ਕਿ ਸਿੱਖਾਂ ਦੀ ਸਮੇਂ-ਸਮੇਂ ’ਤੇ ਖਿੰਡ ਜਾਣ ਵਾਲੀ ਸ਼ਕਤੀ ਨੂੰ ਇਕੱਤਰ ਕਰਨ ਦਾ ਮਹੱਤਵਪੂਰਨ ਸਰੋਤ ਰਹੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਪੰਥ ਦਾ ਕੇਂਦਰ ਹਨ ਜਿੱਥੇ ਹੋਣ ਵਾਲੇ ਸਰਬੱਤ ਖ਼ਾਲਸਾ ਸਮਾਗਮਾਂ ਨੇ ਪੰਜਾਬ ਦੇ ਲੋਕਾਂ ਨੂੰ ਸੁਰੱਖਿਅਤ ਅਤੇ ਸਵੈਮਾਨ ਭਰਪੂਰ ਜੀਵਨਜਾਚ ਪ੍ਰਦਾਨ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

ਅਠਾਰ੍ਹਵੀਂ ਸਦੀ ਵਿਚ ਸਿੱਖ ਸੰਘਰਸ਼ ਕਰਦੇ ਰਹੇ ਅਤੇ ਉਹਨਾਂ ਵਿਚੋਂ ਬਹੁਤੇ ਅਜਿਹੇ ਸਨ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਖੰਡੇ ਦੀ ਪਾਹੁਲ ਧਾਰਨ ਕੀਤੀ ਸੀ। ਇਸ ਲਈ ਧਾਰਮਿਕ ਮਰਯਾਦਾ ਦੀ ਉਲੰਘਣਾ ਵਾਲੇ ਵਿਸ਼ੇ ਇਸ ਦੌਰ ਵਿਚ ਬਹੁਤੇ ਦਿਖਾਈ ਨਹੀਂ ਦਿੰਦੇ। ਅਠਾਰ੍ਹਵੀਂ ਸਦੀ ਦੇ ਅਖੀਰ ਵਿਚ ਸਿੱਖ ਰਾਜ-ਭਾਗ ਦੀ ਸਥਾਪਤੀ ਵੱਲ ਕੇਂਦਰਿਤ ਸਨ ਅਤੇ ਉਨੀਵੀਂ ਸਦੀ ਵਿਚ ਜਦੋਂ ਸਥਾਪਤੀ ਦਾ ਹਿੱਸਾ ਬਣੇ ਤਾਂ ਬਹੁਤ ਸਾਰੇ ਪ੍ਰਸ਼ਨਾਂ ਦੇ ਉੱਤਰ ਲੱਭਣੇ ਸ਼ੁਰੂ ਕੀਤੇ ਗਏ। ਇਸ ਦਾ ਇਕ ਵੱਡਾ ਕਾਰਨ ਇਹ ਵੀ ਮੰਨਿਆ ਜਾਂਦਾ ਹੈ ਕਿ ਅੰਗਰੇਜ਼ੀ ਰਾਜ ਵਿਚ ਜੀਵਨਜਾਚ ਦੇ ਵਿਭਿੰਨ ਵਿਸ਼ਿਆਂ ਸੰਬੰਧੀ ਵਿਸ਼ਲੇਸ਼ਣ ਦੀ ਗਤੀ ਤੇਜ ਹੋ ਗਈ ਸੀ ਅਤੇ ਸਿੱਖ ਵੀ ਉਸੇ ਪ੍ਰਭਾਵ ਅਧੀਨ ਆਪਣੇ ਜੀਵਨ ਵਿਚ ਧਾਰਨ ਕੀਤੇ ਜਾਣ ਵਾਲੇ ਧਰਮ ਦੇ ਵਿਭਿੰਨ ਪਹਿਲੂਆਂ ਸੰਬੰਧੀ ਪ੍ਰਸ਼ਨ ਕਰਨ ਲੱਗੇ ਸਨ। ਸੂਝਵਾਨ ਸਿੱਖ ਉਹਨਾਂ ਦਾ ਜਵਾਬ ਦੇਣ ਲੱਗੇ ਸਨ ਅਤੇ ਪ੍ਰਿੰਟ ਮੀਡੀਆ ਦੇ ਸਾਹਮਣੇ ਆਉਣ ਨਾਲ ਇਹ ਗਤੀ ਹੋਰ ਵਧੇਰੇ ਤੇਜ ਹੋ ਗਈ ਸੀ। ਭਾਵੇਂ ਕਿ ਧਰਮ ਸੰਬੰਧੀ ਪ੍ਰਸ਼ਨਾਂ ਨੇ ਚਿਰਾਂ ਤੋਂ ਸਥਾਪਿਤ ਰੂੜੀਵਾਦੀ ਭਾਵਨਾਵਾਂ ਨੂੰ ਸੱਟ ਮਾਰੀ ਸੀ ਪਰ ਫਿਰ ਵੀ ਸਾਹਮਣੇ ਆਉਣ ਵਾਲੇ ਪ੍ਰਸ਼ਨਾਂ ਨੇ ਗੁਰਮਤਿ ਨੂੰ ਨਿਖਾਰ ਕੇ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਸੀ। 

1895 ਵਿਚ ਖਾਲਸਾ ਅਖਬਾਰ ਰਾਹੀਂ ਤਨਖਾਹ ਲਾਉਣ ਸੰਬੰਧੀ ਇਕ ਪ੍ਰਸ਼ਨ ਪੁਛਿਆ ਗਿਆ ਸੀ ਕਿ ‘ਤਨਖਾਹੀਏ ਸਿੰਘ ਨੂੰ ਕੋਈ ਖਾਸ ਦਿਨ ਨੂੰ ਜੋੜ ਮੇਲ ਕਰਕੇ ਬਖਸਨਾ ਜੋਗ ਹੈ ਅਤੇ ਕਿਸੇ ਗੁਰਦੁਆਰੇ ਪਰ ਬਖਸਨਾ ਚਾਹੀਏ ਯਾ ਕਯਾ।’ ਇਸ ਪ੍ਰਸ਼ਨ ਦਾ ਉੱਤਰ ਦਿੰਦੇ ਹੋਏ ਕਿਹਾ ਗਿਆ ਕਿ ‘ਦਿਨ ਦੀ ਕੋਈ ਜ਼ਰੂਰਤ ਨਹੀਂ ਹੈ ਜਦ ਚਾਹੇ ਤਦ ਬਖਸ਼ ਸਕੀਦਾ ਹੈ ਅਤੇ ਜੇ ਕੋਈ ਗੁਰਦੁਆਰਾ ਸਮੀਪ ਹੋਵੇ ਤਾਂ ਬਹੁਤ ਅਛਾ ਹੈ, ਨਹੀਂ ਜਿਥੇ ਪੰਜ ਸਿੰਘ ਰਹਤ ਬਿਬੇਕ ਵਾਲੇ ਹੋਨ ਅਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ ਉਥੇ ਹੀ ਗੁਰੂ ਦਾ ਸਰੂਪ ਹੈ ਸੋ ਓਥੇ ਬਖਸ਼ ਸਕੀਦਾ ਹੈ।’        

ਵੀਹਵੀਂ ਸਦੀ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਉਪਰੰਤ ਸਿੱਖਾਂ ਵਿਚ ਧਾਰਮਿਕ ਮਰਯਾਦਾ ਸੰਬੰਧੀ ਇਕਸੁਰਤਾ ਅਤੇ ਇਕਸਾਰਤਾ ਲਿਆਉਣ ਲਈ ਸਿੱਖ ਰਹਿਤ ਮਰਯਾਦਾ ਤਿਆਰ ਕੀਤੀ ਗਈ ਜਿਸ ਵਿਚ ਮਰਯਾਦਾ ਦੀ ਉਲੰਘਣਾ ਕਰਨ ਵਾਲਿਆਂ ਨੂੰ ਤਨਖਾਹ ਲਾਉਣ ਸੰਬੰਧੀ ਵਿਸ਼ੇਸ਼ ਜਾਣਕਾਰੀ ਪ੍ਰਦਾਨ ਕਰਦੇ ਹੋਏ ਕਿਹਾ ਗਿਆ ਕਿ ਧਾਰਮਿਕ ਮਰਯਾਦਾ ਦੀ ਉਲੰਘਣਾ ਕਰਨ ਵਾਲਾ ਗੁਰ-ਸੰਗਤ ਪਾਸ ਹਾਜ਼ਰ ਹੋ ਕੇ ਆਪਣੀ ਭੁੱਲ ਮੰਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਚੁਣੇ ਹੋਏ ਪੰਜ ਪਿਆਰੇ ਪੇਸ਼ ਹੋਏ ਸੱਜਣ ਨੂੰ ਤਨਖਾਹ ਤਜਵੀਜ਼ ਕਰ ਦੇਣ। ਤਨਖਾਹ ਲਵਾਉਣ ਅਤੇ ਬਖ਼ਸ਼ਣ ਵਾਲਿਆਂ ਨੂੰ ਅੜੀ ਨਹੀਂ ਕਰਨੀ ਚਾਹੀਦੀ। 

ਤਨਖਾਹ ਲਾਉਣ ਦਾ ਜਿਹੜਾ ਵਿਧੀ-ਵਿਧਾਨ ਸਿੱਖ ਮਰਯਾਦਾ ਵਿਚ ਸਾਹਮਣੇ ਆਉਂਦਾ ਹੈ, ਉਸ ਨੇ ਸਿੱਖਾਂ ਨੂੰ ਇਕ-ਸ਼ਕਤੀ ਵਿਚ ਪਰੋਣ ਦਾ ਕਾਰਜ ਕੀਤਾ ਹੈ। ਗੁਰੂ ਨਾਨਕ ਦੇਵ ਜੀ ਦੇ ਵੰਸ਼ਜ਼ ਬਾਬਾ ਕਰਤਾਰ ਸਿੰਘ ਬੇਦੀ ਨਨਕਾਣਾ ਸਾਹਿਬ ਸਾਕੇ ਦੇ ਦੋਸ਼ੀ ਮੰਨੇ ਗਏ ਜਿਸ ਵਿਚ 150 ਤੋਂ ਵਧੇਰੇ ਸਿੱਖਾਂ ਨੂੰ ਗੁਰਦੁਆਰਾ ਸਾਹਿਬ ਦੀ ਹੁਦੂਦ ਅੰਦਰ ਜਿਉਂਦੇ ਸਾੜ ਦਿੱਤਾ ਗਿਆ ਸੀ, ਉਸ ਨੇ ਆਪਣੀ ਭੁੱਲ ਮੰਨੀ ਅਤੇ ਤਨਖਾਹ ਲਗਵਾ ਕੇ ਪੰਥ ਵਿਚ ਸ਼ਾਮਲ ਹੋਇਆ ਅਤੇ ਫਿਰ 20 ਸਾਲ ਤੋਂ ਵਧੇਰੇ ਸਮਾਂ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਦਾ ਜਥੇਦਾਰ ਰਿਹਾ। ਮਾਸਟਰ ਤਾਰਾ ਸਿੰਘ, ਸੰਤ ਫ਼ਤਿਹ ਸਿੰਘ ਆਦਿ ਅਨੇਕਾਂ ਅਕਾਲੀ ਅਤੇ ਗੈਰ-ਅਕਾਲੀ ਆਗੂ ਤਨਖਾਹ ਲਗਵਾ ਕੇ ਪੰਥ ਵਿਚ ਦੁਬਾਰਾ ਸ਼ਾਮਲ ਹੋਏ ਅਤੇ ਸਤਿਕਾਰ ਦਾ ਪਾਤਰ ਬਣੇ।ਮੌਜੂਦਾ ਸਮੇਂ ਵਿਚ ਇਹ ਪਹਿਲੀ ਵਾਰੀ ਦੇਖਣ ਨੂੰ ਮਿਿਲਆ ਹੈ ਕਿ ਅਕਾਲੀ ਸਰਕਾਰ ਸਮੇਂ ਵਜ਼ਾਰਤ ਵਿਚ ਰਹੇ ਸਮੂਹ ਅਕਾਲੀ ਆਗੂਆਂ ਨੇ ਸਮੂਹਿਕ ਤਨਖਾਹ ਲਗਵਾ ਕੇ ਪੰਥ ਵਿਚ ਵਾਪਸੀ ਕੀਤੀ ਹੈ। 

ਸਿੱਖ ਧਰਮ ਵਿਚ ਤਨਖਾਹ ਲਗਾ ਕੇ ਪੰਥ ਵਿਚ ਸ਼ਾਮਲ ਕਰਨ ਦਾ ਇਹ ਇਕ ਅਜਿਹਾ ਵਿਧੀ-ਵਿਧਾਨ ਸਿਰਜਿਆ ਗਿਆ ਹੈ ਜਿਹੜਾ ਕਿ ਮਰਯਾਦਾ ਦੀ ਉਲੰਘਣਾ ਕਰਨ ਵਾਲੇ ਸਿੱਖ ਨੂੰ ਪੰਥ ਨਾਲ ਦੁਬਾਰਾ ਜੋੜਨ ਦਾ ਕਾਰਜ ਕਰਦਾ ਹੈ। ਪੰਥ ਵਿਚ ਦੁਬਾਰਾ ਸ਼ਾਮਲ ਹੋੇਏ ਸਿੱਖ ਤੋਂ ਇਹ ਆਸ ਕੀਤੀ ਜਾਂਦੀ ਹੈ ਕਿ ਉਹ ਗੁਰੂ ਆਸ਼ੇ ਅਨੁਸਾਰ ਪੰਥਕ ਸ਼ਕਤੀ ਨੂੰ ਇਕੱਤਰ ਅਤੇ ਮਜ਼ਬੂਤ ਕਰਨ ਦਾ ਕਾਰਜ ਕਰਨ ਲਈ ਵਚਨਬੱਧ ਹੋਵੇਗਾ। 

 

ਡਾ. ਪਰਮਵੀਰ ਸਿੰਘ

ਸਿੱਖ ਵਿਸ਼ਵਕੋਸ਼ ਵਿਭਾਗ

ਪੰੰਜਾਬੀ ਯੂਨੀਵਰਸਿਟੀ, ਪਟਿਆਲਾ