ਸਿੱਖ ਸ਼ਹਾਦਤਾਂ ਨੂੰ ਰੋਲਣ ਵਾਲੀ ਸਿਆਸਤ

ਸਿੱਖ ਸ਼ਹਾਦਤਾਂ ਨੂੰ ਰੋਲਣ ਵਾਲੀ ਸਿਆਸਤ

ਪੰਜਾਬ ਵਿੱਚ ਰਾਜਨੀਤੀ ਦਾ ਜੋ ਦੌਰ....

ਪੰਜਾਬ ਵਿੱਚ ਰਾਜਨੀਤੀ ਦਾ ਜੋ ਦੌਰ ਚੱਲ ਰਿਹਾ ਹੈ  ਉਸ ਨੂੰ ਵੇਖ ਕੇ ਲੱਗ ਰਿਹਾ ਹੈ ਇੱਥੇ ਨਾ ਤਾਂ ਸਿੱਖੀ ਨੂੰ ਬਚਾਉਣ ਦੀ ਗੱਲ ਕੀਤੀ ਜਾ ਰਹੀ ਹੈ ਤੇ ਨਾ ਹੀ ਲੋਕਾਂ ਦੀਆਂ ਅਸਲ ਭਾਵਨਾਵਾਂ ਨੂੰ ਵੇਖਿਆ ਜਾ ਰਿਹਾ ਹੈ। ਸਿਆਸੀ ਲੀਡਰ ਆਪਣੀਆਂ ਰੋਟੀਆਂ ਸੇਕਣ ਦੇ ਲਈ ਇੱਕ ਦੂਜੇ ਉੱਤੇ ਇਲਜ਼ਾਮਾਂ ਦੀਆਂ ਝੜੀਆਂ ਲਾ ਰਹੇ ਹਨ ਜਿਸ ਵਿੱਚ ਆਏ ਦਿਨ ਕਿਸੇ ਨਾ ਕਿਸੇ ਅਜਿਹੇ ਮੁੱਦੇ ਤੇ ਬਹਿਸ ਛੇੜ ਦਿੱਤੀ ਜਾਂਦੀ ਹੈ ਜਿਸ ਨਾਲ ਪੰਜਾਬ ਦੇ ਅਸਲ ਮੁੱਦਿਆਂ ਨੇ ਅੱਖੋਂ ਓਹਲੇ ਕਰ ਦਿੱਤਾ ਜਾਂਦਾ ਹੈ । 

ਅਜੋਕੇ ਦੌਰ ਵਿੱਚ ਇਨ੍ਹਾਂ ਸਿਆਸਤਦਾਨਾਂ ਨੇ ਸਿੱਖ ਕੌਮ ਦੇ  ਯੋਧਿਆਂ ਦੀਆਂ ਸ਼ਹਾਦਤਾਂ 'ਤੇ  ਸਿਆਸਤ ਕਰਨੀ ਸ਼ੁਰੂ ਕਰ ਦਿੱਤੀ ਹੈ । ਇਸ ਗੰਦੀ ਰਾਜਨੀਤੀ ਦੀ ਖੇਡ ਨੇ ਤਾਂ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਨਹੀ ਬਖ਼ਸ਼ਿਆ ਹੈ। ਜਿਨ੍ਹਾਂ ਸੂਰਮਿਆਂ ਨੇ ਸ਼ਬਦ ਗੁਰੂ ਨੂੰ ਸਮਰਪਿਤ ਹੋ ਕੇ ਸਿੱਖੀ ਵਿੱਚ ਅਣਖੀਲਾਪਣ ਕਾਇਮ ਕੀਤਾ ਸੀ ਅੱਜ ਉਨ੍ਹਾਂ ਦੀ ਰਿਹਾਈ ਦੇ ਲਈ ਸਿਆਸੀ ਤੰਜ ਕੱਸੇ ਜਾ ਰਹੇ ਹਨ । ਅੱਜ ਉਹ ਹੀ ਲੀਡਰ ਹੱਥਾਂ ਵਿੱਚ ਤਖ਼ਤੀਆਂ ਫੜ ਕੇ ਸਿੰਘਾਂ ਦੀ ਰਿਹਾਈ ਦੀ ਗੱਲ ਕਰ ਰਹੇ ਹਨ ਜਿਨ੍ਹਾਂ ਨੇ ਆਪਣੇ ਰਾਜ ਦੇ ਦੌਰਾਨ ਵੀ ਕਦੇ ਸਿੰਘਾਂ ਦੀ  ਸਾਰ ਨਹੀਂ ਲਈ ਸੀ। ਉਦੋਂ ਇਨ੍ਹਾਂ ਨੂੰ ਦਿੱਲੀ ਦਰਬਾਰ ਆਪਣਾ ਲੱਗਦਾ ਸੀ।ਅਜਿਹੇ ਲੋਕ ਸਿਰਫ਼ ਦਿਖਾਵੇ ਦੇ ਲਈ ਕੌਮੀ ਪਹਿਰੇਦਾਰ ਬਣਦੇ ਹਨ ਪਰ ਅਸਲ ਹਕੀਕਤ ਵਿਚ ਇਹ ਅਬਦਾਲੀ  ਦੇ ਹੀ ਪੈਰੋਕਾਰ ਹਨ ।ਜੇਕਰ ਗਹਿਰਾਈ ਵਿੱਚ ਬੰਦੀ ਸਿੰਘਾਂ ਦੀ ਗੱਲ ਕੀਤੀ ਜਾਵੇ ਤਾਂ  ਸਮਝ ਆਉਂਦਾ ਹੈ ਕਿ  ਬੰਦੀ ਸਿੰਘ ਕੇਵਲ  ਭਾਰਤੀ ਜੇਲ੍ਹਾਂ ਵਿੱਚ ਹੀ ਨਹੀਂ ਹਨ ਸਗੋਂ ਭਾਰਤ ਤੋਂ ਬਾਹਰ ਵੀ ਬੰਦੀ ਸਿੰਘ ਸਜ਼ਾਵਾ ਕੱਟ ਰਹੇ ਹਨ ।

 ਜਿਵੇਂ ਆਸਟਰੀਆ ਦੇ  ਵਿਆਨਾ 'ਚ ਇੱਕ ਰਵਿਦਾਸੀਆ ਮੰਦਿਰ ਵਿੱਚ ਗੋਲੀਬਾਰੀ ਅਤੇ ਝਗੜੇ ਦੇ ਸਬੰਧ ਵਿੱਚ ਗ੍ਰਿਫਤਾਰ ਕੀਤੇ ਗਏ ਛੇ ਸਿੱਖਾਂ ਨੂੰ ਸਵੈ-ਨਿਰਭਰ ਰਵਿਦਾਸੀਆ ‘ਗੁਰੂ’ ਬਾਬਾ ਰਾਮਾਨੰਦ ਦੇ ਕਤਲ ਦੇ ਦੋਸ਼ ਵਿੱਚ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਸਿੱਖਾਂ ਨੂੰ ਰਾਮਾਨੰਦ ਅਤੇ ਉਸ ਦੇ ਪੈਰੋਕਾਰਾਂ ਨੂੰ ਵਿਆਨਾ ਮੰਦਿਰ ਵਿਚ ਹੋਈ ਹਿੰਸਾ ਲਈ ਜ਼ਿੰਮੇਵਾਰ ਠਹਿਰਾਇਆ ਸੀ, ਇਹ ਕਹਿੰਦਿਆਂ ਕਿ ਉਨ੍ਹਾਂ ਨੇ ਜਾਣਬੁੱਝ ਕੇ ਸਿੱਖਾਂ ਦੇ ਪਵਿੱਤਰ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਰਾਦਰ ਕੀਤਾ ਸੀ। ਸਜ਼ਾ ਸੁਣਾਏ ਗਏ ਵਿਅਕਤੀਆਂ ਦੀ ਪਛਾਣ ਜਸਪਾਲ ਸਿੰਘ (35), ਸਤਵਿੰਦਰ ਸਿੰਘ (29), ਤਸੇਮ ਸਿੰਘ (46), ਸੁਖਵਿੰਦਰ ਸਿੰਘ (28), ਹਰਦੀਪ ਸਿੰਘ (33) ਅਤੇ ਚਰਨਜੀਤ ਸਿੰਘ (24) ਵਜੋਂ ਹੋਈ ਹੈ। ਇਸ ਤੋਂ ਇਲਾਵਾ ਦੁਨੀਆਂ ਭਰ ਵਿੱਚ  ਕਿੰਨੇ ਹੀ ਅਜਿਹੇ ਬੰਦੀ ਸਿੰਘ ਹਨ ਜਿਨ੍ਹਾਂ ਨੂੰ  ਸਾਡਾ ਪੰਥ ਅੱਜ ਭੁੱਲ ਚੁੱਕਿਆ ਹੈ । ਕਿਉਂਕਿ ਪੰਥ ਦੀ ਨੁਮਾਇੰਦਗੀ ਕਰਨ ਵਾਲੇ ਹੀ ਅਜਿਹੇ ਲੋਕ ਹਨ ਜੋ ਕੇਵਲ ਆਪਣੇ ਹਿੱਤਾਂ ਦੀ ਪੂਰਤੀ ਦੇ ਲਈ ਪੰਥ ਦੀ ਸੇਵਾ ਕਰਨ ਦਾ ਢੋਂਗ ਰਚਦੇ ਹਨ । 

ਪੰਥ ਦਾ ਦਰਦ ਰੱਖਣ ਦਾ ਦਿਖਾਵਾ  ਕਰਨ ਵਾਲਿਆਂ ਨੂੰ ਸਭ ਤੋਂ ਪਹਿਲਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ  ਉਹ ਸਹੂਲਤਾਂ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਹਨ ਜਿਨ੍ਹਾਂ ਦੇ ਲਈ ਉਹ ਅੱਜ ਤਕ ਤਰਸਦੇ ਆ ਰਹੇ ਹਨ । ਪੰਜਾਬ ਦੇ ਵਿੱਚ ਹੀ ਅਜਿਹੇ  ਕਿੰਨੇ  ਸ਼ਹੀਦ ਪਰਿਵਾਰ ਹਨ ਜਿਨ੍ਹਾਂ ਦੀ ਆਰਥਿਕ ਸਥਿਤੀ  ਚੰਗੀ ਨਹੀਂ ਹੈ । ਗੁਰੂ ਦੀ ਗੋਲਕ ਇਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਲਈ ਕਿਉਂ ਨਹੀਂ ਖੁੱਲ੍ਹਦੀ ? ਅੱਜ ਅਸੀਂ ਇਹ ਤਾਂ ਆਖ ਦਿੰਦੇ ਹਾਂ ਕਿ ਸਿੱਖ ਧਰਮ ਵਿੱਚ ਪਰਿਵਰਤਨ ਦੀ  ਹੋੜ ਲੱਗੀ ਪਈ ਹੈ । ਸਿੱਖ ਹੋਣ ਦੇ ਬਾਵਜੂਦ ਵੀ ਉਹ ਲੋਕ ਇਸਾਈ ਮੱਤ ਨੂੰ ਗ੍ਰਹਿਣ ਕਰ ਰਹੇ ਹਨ । ਪਰ ਕੀ ਕਦੇ ਕਿਸੇ ਪੰਥਕ ਆਗੂ ਨੇ ਇਹ ਜਾਨਣ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਦਾ ਅਸਲ ਕਾਰਨ ਕੀ ਹੈ ? ਸਾਡੇ ਅੱਜ ਦੇ ਧਾਰਮਿਕ ਅਦਾਰੇ ਵੀ ਉਹ ਸਿੱਖਿਆ ਦੇਣ ਵਿੱਚ ਅਸਫਲ ਹਨ ਜਿਵੇਂ ਦੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਆਪਣੇ ਵਿਦਿਆਰਥੀਆਂ ਨੂੰ ਦਿੰਦੇ ਸਨ । 

ਕੌਮ ਦੀ ਤਰਾਸਦੀ ਹੀ ਇਸ ਵਿੱਚ ਹੈ ਕਿ ਇਸ ਦੇ ਆਗੂ ਹੀ ਸ਼ਬਦ ਗੁਰੂ ਦਾ ਸਹੀ ਪ੍ਰਚਾਰ  ਕਰਨ ਵਿਚ ਸਫ਼ਲ ਨਹੀਂ ਹੋ ਸਕੇ ਹਨ ।ਬੇਸ਼ੱਕ ਕੁਝ ਅਜਿਹੇ ਸੰਤ ਬਿਰਤੀ  ਰੂਹਾਂ ਹਨ ਜੋ ਕੌਮ ਲਈ  ਸੰਘਰਸ਼ਮਈ ਜ਼ਿੰਦਗੀ ਬਤੀਤ ਕਰ ਰਹੀਆਂ ਹਨ ਤੇ ਸਮਾਂ ਪੈਣ ਤੇ  ਉਨ੍ਹਾਂ ਨਾਲ ਵੀ ਇਹ ਸਿਆਸੀ ਲੀਡਰ  ਦਗ਼ੇਬਾਜ਼ੀਆਂ ਕਮਾ ਜਾਂਦੇ ਹਨ ।  ਜਿਸ ਦੀ ਸਪਸ਼ਟ ਉਦਾਹਰਣ  ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਹਨ ਜਿਨ੍ਹਾਂ ਦੇ ਸੱਚੇ  ਬੋਲਾਂ ਕਾਰਨ  295-A ਦਾ ਝੂਠਾ ਪਰਚਾ ਦਰਜ ਕੀਤਾ ਗਿਆ  ।

ਇਨ੍ਹਾਂ ਸਿਆਸੀ ਅਨਸਰਾਂ ਨੇ ਹਮੇਸ਼ਾ ਹੀ ਪੰਜਾਬ ਨੂੰ ਵਰਤਿਆ ਹੈ। ਅੱਜ ਪੰਜਾਬ ਦੇ ਵਿੱਚ ਹੀ ਪੰਜਾਬੀ ਬੋਲੀ ਤੇ ਸਿੱਖੀ ਨੂੰ ਖ਼ਤਰਾ ਹੈ। ਜਦੋਂ ਅਜਿਹੇ ਲੋਕਾਂ ਨੇ ਸਿੱਖੀ ਨੂੰ ਹੀ ਢਾਹ ਲਾਉਣੀ ਸ਼ੁਰੂ ਕਰ ਦਿੱਤੀ ਹੈ ਫਿਰ ਇਨ੍ਹਾਂ ਕੋਲੋਂ ਪੰਜਾਬ ਦੀ ਖੁਸ਼ਹਾਲੀ ਦੀ ਆਸ ਕਿੱਥੋਂ ਕੀਤੀ ਜਾ ਸਕਦੀ ਹੈ । ਅੱਜ ਰਾਜਨੀਤੀ  ਲੋਕਾਂ ਦੇ ਭਲੇ ਲਈ ਨਹੀਂ ਕੀਤੀ ਜਾ ਰਹੀ ਸਗੋਂ  ਇੱਕ ਦੂਜੇ  ਰਾਜਨੀਤਕ ਲੀਡਰਾਂ ਤੇ ਚਿੱਕੜ ਸੁੱਟਣ ਲਈ ਕੀਤੀ ਜਾਂਦੀ ਹੈ । 

ਕੌਮ ਦੀ ਵਿਰਾਸਤ ਅੱਜ ਇਨ੍ਹਾਂ ਲੀਡਰਾਂ ਨੇ ਪੈਰਾਂ ਵਿੱਚ ਰੋਲ ਦਿੱਤੀ ਹੈ । ਜਿਸ ਦਾ ਨਤੀਜਾ ਪੰਜਾਬ ਅੱਜ ਅਜਿਹੇ ਲੋਕਾਂ ਦੇ ਹੱਥਾਂ ਵਿੱਚ ਹੈ  ਜਿਨ੍ਹਾਂ ਨੇ ਕੇਵਲ ਦੁਨਿਆਵੀ ਵਿਅੰਗ ਰਚੇ ਹਨ । ਸਿੱਖ ਇਤਿਹਾਸ ਤੇ ਵਿਰਾਸਤ ਦੀ ਸੋਝੀ ਜਿਨ੍ਹਾਂ ਲੋਕਾਂ ਨੂੰ ਨਹੀਂ ਹੈ ਉਹ ਦਿੱਲੀ ਤੋਂ ਪੰਜਾਬ ਦੀ ਅਗਵਾਈ ਕਰ ਰਹੇ ਹਨ । ਪੰਜਾਬ ਦੀ ਸਭ ਤੋਂ ਵੱਡੀ ਤਰਾਸਦੀ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਕੋਈ ਵੀ ਚੰਗਾ ਲੀਡਰ ਪੰਜਾਬ ਦੀ ਰਹਿਨੁਮਾਈ ਨਹੀਂ ਕਰ ਸਕਿਆ । ਪੰਜਾਬ ਨੂੰ ਜਿੰਨੇ  ਵੀ ਆਗੂ ਮਿਲੇ  ਉਨ੍ਹਾਂ ਸਾਰਿਆਂ ਨੇ ਪੰਜਾਬ ਨੂੰ ਲੁੱਟ ਕੇ ਖਾ ਲਿਆ ਤੇ  ਰਹਿੰਦੀ ਕਸਰ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੀ ਲੱਤ ਲਾ ਕੇ ਗੈਂਗਸਟਰ ਬਣਾ ਦਿੱਤਾ ਹੈ । ਅੱਜ ਪੰਜਾਬ ਦੀਆਂ ਮਾਵਾਂ  ਆਪਣੇ ਪੁੱਤਾਂ ਦੀਆਂ  ਲਾਸ਼ਾਂ ਉਪਰ ਵੈਣ ਪਾਉਂਦੀਆਂ ਨਜ਼ਰ ਆ ਰਹੀਆਂ ਹਨ ਤੇ  ਸਾਡਾ ਸਿਆਸੀ ਭਾਈਚਾਰਾ ਇੱਕ ਦੂਜੇ ਉੱਤੇ  ਭ੍ਰਿਸ਼ਟਾਚਾਰ ਦੇ  ਆਰੋਪ ਲਾ ਕੇ ਆਪਸ ਵਿੱਚ ਲੜ ਰਹੇ ਹਨ । 

ਪੰਜਾਬ ਵਿੱਚ ਇਸ ਸਮੇਂ ਕੀ ਵਾਪਰ ਰਿਹਾ ਹੈ,ਲੋਕਾਂ ਦੀ ਸੋਚ ਕਿਸ ਪਾਸੇ ਜਾ ਰਹੀ ਹੈ, ਸਿੱਖ ਕੌਮ ਧਰਮ ਪਰਿਵਰਤਨ ਵੱਲ ਕਿਉਂ ਵਧ ਰਹੀ ਹੈ, ਨਸ਼ਿਆਂ ਦਾ ਕਾਰੋਬਾਰ ਕਿੱਥੋਂ ਚੱਲ ਰਿਹਾ ਹੈ, ਮਾਰੂ ਹਥਿਆਰ ਪੰਜਾਬ ਵਿਚ ਕਿਵੇਂ ਖੁੱਲ੍ਹੇਆਮ  ਵਿਕ ਰਹੇ ਹਨ , ਪੰਜਾਬ ਦੇ ਲੋਕ ਬਿਮਾਰੀਆਂ ਨਾਲ ਕਿਵੇਂ ਜੂਝ ਰਹੇ ਹਨ , ਧਰਤੀ ਹੇਠਲਾ ਪਾਣੀ ਕਿਵੇਂ ਦੂਸ਼ਿਤ ਹੋ ਰਿਹਾ ਹੈ , ਨੌਜਵਾਨ ਤੇ  ਬਜ਼ੁਰਗ ਆਤਮਹੱਤਿਆ ਕਰਨ ਲਈ ਕਿਉਂ ਮਜਬੂਰ ਹਨ । ਇਸ ਸਭ ਦੇ ਲਈ ਸਰਕਾਰਾਂ ਤੇ  ਕੌਮ ਦੇ ਨੁਮਾਇੰਦੇ ਕਦੋਂ ਸੋਚਣਗੇ ?

 

ਸਰਬਜੀਤ ਕੌਰ ਸਰਬ