ਸਿੱਖ ਖੋਜੀ ਡਾ. ਗੁਰਤੇਜ ਸਿੰਘ ਸੰਧੂ ਨੇ ਥਾਮਸ ਐਡੀਸਨ ਨੂੰ ਪਛਾੜਿਆ

ਸਿੱਖ ਖੋਜੀ ਡਾ. ਗੁਰਤੇਜ ਸਿੰਘ ਸੰਧੂ ਨੇ ਥਾਮਸ ਐਡੀਸਨ ਨੂੰ ਪਛਾੜਿਆ

*ਜੀ.ਐਨ.ਡੀ.ਯੂ. ਤੋਂ ਵਿਸ਼ਵ ਪੱਧਰ ਤੱਕ: ਸੰਧੂ ਦੀ ਤਕਨੀਕੀ ਕ੍ਰਾਂਤੀ

1,382 ਪੇਟੈਂਟਸ ਦੀ ਦਾਸਤਾਨ

ਸਿੱਖ ਕੌਮ ਦਾ ਸਿਰ ਉੱਚਾ ਕਰਦਿਆਂ, ਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀ.ਐਨ.ਡੀ.ਯੂ.) ਦੇ ਸਾਬਕਾ ਵਿਦਿਆਰਥੀ 58ਸਾਲਾ ਡਾ. ਗੁਰਤੇਜ ਸਿੰਘ ਸੰਧੂ ਨੇ ਵਿਸ਼ਵ ਪੱਧਰ 'ਤੇ ਤਕਨੀਕੀ ਜਗਤ ਵਿਚ ਅਜਿਹਾ ਕਮਾਲ ਕੀਤਾ ਹੈ, ਜਿਸ ਨੇ ਨਾ ਸਿਰਫ ਭਾਰਤ, ਸਗੋਂ ਪੂਰੀ ਦੁਨੀਆਂ ਨੂੰ ਮਾਣ ਮਹਿਸੂਸ ਕਰਵਾਇਆ। 1,382 ਅਮਰੀਕੀ ਪੇਟੈਂਟਸ ਨਾਲ ਡਾ. ਸੰਧੂ ਨੇ ਮਹਾਨ ਅਮਰੀਕੀ ਖੋਜੀ ਥਾਮਸ ਐਡੀਸਨ ਦੇ 1,093 ਪੇਟੈਂਟਸ ਦੇ ਰਿਕਾਰਡ ਨੂੰ ਪਛਾੜਦਿਆਂ ਦੁਨੀਆਂ ਦੇ ਸੱਤਵੇਂ ਸਭ ਤੋਂ ਵੱਡੇ ਖੋਜੀ ਵਜੋਂ ਆਪਣਾ ਨਾਂਅ ਇਤਿਹਾਸ ਦੇ ਪੰਨਿਆਂ 'ਤੇ ਸੁਨਹਿਰੀ ਅੱਖਰਾਂ ਨਾਲ ਲਿਖਵਾਕੇ ਸਿੱਖ ਪੰਥ ਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਮਾਈਕ੍ਰੋਨ ਟੈਕਨਾਲੋਜੀ ਦੇ ਸੀਨੀਅਰ ਫੈਲੋ ਅਤੇ ਵਾਈਸ ਪ੍ਰੈਜ਼ੀਡੈਂਟ ਵਜੋਂ, ਉਨ੍ਹਾਂ ਨੇ ਸੈਮੀਕੰਡਕਟਰ ਤਕਨੀਕ ਵਿਚ ਕ੍ਰਾਂਤੀਕਾਰੀ ਯੋਗਦਾਨ ਪਾਇਆ, ਜਿਸ ਨੇ ਸਮਾਰਟਫੋਨ, ਕੈਮਰੇ, ਅਤੇ ਕਲਾਊਡ ਸਟੋਰੇਜ ਵਰਗੇ ਉਪਕਰਣਾਂ ਨੂੰ ਛੋਟਾ, ਤੇਜ਼, ਅਤੇ ਵਧੇਰੇ ਕੁਸ਼ਲ ਬਣਾਇਆ।

ਡਾ. ਗੁਰਤੇਜ ਸਿੰਘ ਸੰਧੂ ਦੀ ਇਹ ਸਫਲਤਾ ਦੀ ਕਹਾਣੀ ਅੰਮ੍ਰਿਤਸਰ ਦੀ ਧਰਤੀ ਤੋਂ ਸ਼ੁਰੂ ਹੁੰਦੀ ਹੈ। ਜੀ.ਐਨ.ਡੀ.ਯੂ. ਦੇ ਕੈਮਿਸਟਰੀ ਵਿਭਾਗ ਦੇ ਸੰਸਥਾਪਕ ਮੁਖੀ ਪ੍ਰੋ. ਐਸ.ਐਸ. ਸੰਧੂ ਦੇ ਪੁੱਤਰ ਵਜੋਂ ਜਨਮੇ ਗੁਰਤੇਜ ਸਿੰਘ ਨੇ 1980 ਦੇ ਦਹਾਕੇ 'ਚ ਇਸ ਯੂਨੀਵਰਸਿਟੀ ਤੋਂ ਫਿਜ਼ਿਕਸ ਵਿਚਚ ਐਮ.ਐਸ.ਸੀ. ਆਨਰਜ਼ ਕੀਤੀ। ਉਨ੍ਹਾਂ ਦੀ ਸਿੱਖਿਆ ਦੀ ਨੀਂਹ ਅੰਮ੍ਰਿਤਸਰ ਦੀ ਇਸ ਮਹਾਨ ਸੰਸਥਾ ਵਿਚ ਪੱਕੀ ਹੋਈ, ਜਿਸ ਨੇ ਉਨ੍ਹਾਂ ਨੂੰ ਵਿਸ਼ਵ ਪੱਧਰ 'ਤੇ ਚਮਕਣ ਦਾ ਮੌਕਾ ਦਿੱਤਾ। ਇਸ ਤੋਂ ਬਾਅਦ, ਉਨ੍ਹਾਂ ਨੇ ਆਈ.ਆਈ.ਟੀ. ਦਿੱਲੀ ਤੋਂ ਇਲੈਕਟ੍ਰੀਕਲ ਇੰਜੀਨੀਅਰਿੰਗ 'ਚ ਬੀ.ਟੈਕ ਅਤੇ ਯੂਨੀਵਰਸਿਟੀ ਆਫ਼ ਨਾਰਥ ਕੈਰੋਲੀਨਾ, ਚੈਪਲ ਹਿੱਲ ਤੋਂ ਫਿਜ਼ਿਕਸ ਵਿਚ ਪੀ.ਐਚ.ਡੀ. ਹਾਸਲ ਕਰਕੇ ਆਪਣੇ ਗਿਆਨ ਨੂੰ ਹੋਰ ਪਰਵਾਜ਼ ਦਿੱਤੀ।

ਜੀ.ਐਨ.ਡੀ.ਯੂ. ਦੇ ਵਾਈਸ-ਚਾਂਸਲਰ ਪ੍ਰੋ. ਡਾ. ਕਰਮਜੀਤ ਸਿੰਘ ਨੇ ਡਾ. ਸੰਧੂ ਦੀਆਂ ਪ੍ਰਾਪਤੀਆਂ ਨੂੰ ਯੂਨੀਵਰਸਿਟੀ ਅਤੇ ਭਾਰਤ ਲਈ ਮਾਣ ਵਾਲੀ ਗੱਲ ਦੱਸਿਆ।  

ਥਾਮਸ ਐਡੀਸਨ, ਜਿਸ ਨੂੰ 19ਵੀਂ ਸਦੀ ਦਾ ਮਹਾਨ ਖੋਜੀ ਮੰਨਿਆ ਜਾਂਦਾ ਹੈ, ਨੇ ਇਲੈਕਟ੍ਰਿਕ ਬੱਲਬ, ਫੋਨੋਗ੍ਰਾਫ, ਅਤੇ ਫਿਲਮ ਕੈਮਰੇ ਵਰਗੀਆਂ ਖੋਜਾਂ ਨਾਲ ਮਨੁੱਖੀ ਜੀਵਨ ਨੂੰ ਬਦਲ ਦਿੱਤਾ ਸੀ। ਉਸ ਦੀਆਂ 1,093 ਪੇਟੈਂਟਸ ਨੇ ਉਦਯੋਗਿਕ ਅਤੇ ਸਮਾਜਿਕ ਵਿਕਾਸ ਦੀ ਨੀਂਹ ਰੱਖੀ ਸੀ। ਪਰ ਡਾ. ਸੰਧੂ ਦੀਆਂ ਖੋਜਾਂ 21ਵੀਂ ਸਦੀ ਦੀ ਡਿਜੀਟਲ ਕ੍ਰਾਂਤੀ ਦਾ ਅਧਾਰ ਬਣੀਆਂ। ਉਨ੍ਹਾਂ ਦੀਆਂ ਨਵੀਨਤਾਵਾਂ, ਜਿਵੇਂ ਕਿ ਐਟੋਮਿਕ ਲੇਅਰ ਡਿਪੋਜ਼ੀਸ਼ਨ, ਆਕਸੀਜਨ-ਮੁਕਤ ਟਾਈਟੇਨੀਅਮ ਕੋਟਿੰਗ, ਅਤੇ ਪਿੱਚ-ਡਬਲਿੰਗ ਤਕਨੀਕਾਂ, ਨੇ ਸੈਮੀਕੰਡਕਟਰ ਉਦਯੋਗ ਨੂੰ ਨਵੀਂ ਉਚਾਈਆਂ 'ਤੇ ਪਹੁੰਚਾਇਆ ਹੈ।

ਐਡੀਸਨ ਦੀਆਂ ਖੋਜਾਂ ਨੇ ਮਕੈਨੀਕਲ ਅਤੇ ਇਲੈਕਟ੍ਰਿਕਲ ਯੰਤਰਾਂ ਨੂੰ ਜਨਮ ਦਿੱਤਾ ਸੀ, ਜਦਕਿ ਸੰਧੂ ਦੀਆਂ ਖੋਜਾਂ ਨੇ ਮੂਰਜ਼ ਲਾਅ (ਕੰਪਿਊਟਰ ਚਿੱਪਸ ਦੀ ਸਮਰੱਥਾ ਹਰ 18-24 ਮਹੀਨਿਆਂ ਵਿਚ ਦੁੱਗਣੀ ਹੁੰਦੀ ਹੈ) ਨੂੰ ਜਾਰੀ ਰੱਖਣ ਵਿਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਦੀ ਆਕਸੀਜਨ-ਮੁਕਤ ਟਾਈਟੇਨੀਅਮ ਕੋਟਿੰਗ ਤਕਨੀਕ ਨੇ ਮੈਮੋਰੀ ਚਿੱਪਸ ਦੀ ਉਤਪਾਦਨ ਪ੍ਰਕਿਰਿਆ ਨੂੰ ਸੁਧਾਰਿਆ, ਜਿਸ ਨੂੰ ਅੱਜ ਦੁਨੀਆਂ ਦੇ ਜ਼ਿਆਦਾਤਰ ਮੈਮੋਰੀ-ਚਿੱਪ ਨਿਰਮਾਤਾ ਵਰਤਦੇ ਹਨ। ਇਸ ਨੇ ਸਮਾਰਟਫੋਨ, ਲੈਪਟਾਪ, ਅਤੇ ਕਲਾਊਡ ਸਟੋਰੇਜ ਵਰਗੀਆਂ ਡਿਵਾਈਸਾਂ ਨੂੰ ਵਧੇਰੇ ਸੰਘਣਾ, ਸਸਤਾ, ਅਤੇ ਤਾਕਤਵਰ ਬਣਾਇਆ। 

ਐਡੀਸਨ ਦੀਆਂ ਖੋਜਾਂ ਸਮਾਜ ਨੂੰ ਰੌਸ਼ਨੀ ਅਤੇ ਸੰਚਾਰ ਦੇ ਸਾਧਨ ਦੇਣ ਵਾਲੀਆਂ ਸਨ, ਪਰ ਸੰਧੂ ਦੀਆਂ ਖੋਜਾਂ ਨੇ ਡਿਜੀਟਲ ਯੁੱਗ ਦੀ ਰੀੜ੍ਹ ਦੀ ਹੱਡੀ ਬਣਕੇ ਅਰਬਾਂ ਲੋਕਾਂ ਦੀ ਜ਼ਿੰਦਗੀ ਨੂੰ ਸਿੱਧੇ ਤੌਰ 'ਤੇ ਪ੍ਰਭਾਵਿਤ ਕੀਤਾ। ਜਿਥੇ ਐਡੀਸਨ ਦਾ ਯੋਗਦਾਨ ਉਦਯੋਗਿਕ ਯੁੱਗ ਦੀ ਨੀਂਹ ਸੀ, ਉਥੇ ਸੰਧੂ ਦੀਆਂ ਨਵੀਨਤਾਵਾਂ ਨੇ ਸੂਚਨਾ ਤਕਨੀਕ ਦੇ ਯੁੱਗ ਨੂੰ ਚਮਕਾਇਆ।

ਅੰਤਰਰਾਸ਼ਟਰੀ ਮੀਡੀਆ ਨੇ ਡਾ. ਸੰਧੂ ਦੀਆਂ ਪ੍ਰਾਪਤੀਆਂ ਨੂੰ ਸਰਾਹਿਆ ਹੈ। ਅਮਰੀਕੀ ਮੈਗਜ਼ੀਨ ਕਿਪਲਿੰਗਰ ਨੇ ਉਨ੍ਹਾਂ ਦੀ ਆਕਸੀਜਨ-ਮੁਕਤ ਟਾਈਟੇਨੀਅਮ ਕੋਟਿੰਗ ਤਕਨੀਕ ਨੂੰ "ਗੇਮ-ਚੇਂਜਰ" ਕਰਾਰ ਦਿੱਤਾ, ਜਿਸ ਨੇ ਮੈਮੋਰੀ ਚਿੱਪਸ ਦੇ ਉਤਪਾਦਨ ਨੂੰ ਸੁਧਾਰ ਕੇ ਸੈਮੀਕੰਡਕਟਰ ਉਦਯੋਗ ਨੂੰ ਨਵੀਂ ਦਿਸ਼ਾ ਦਿੱਤੀ। ਫੋਰਬਸ ਅਤੇ ਟੈਕ ਕਰੰਚ ਵਰਗੀਆਂ ਪ੍ਰਕਾਸ਼ਨਾਂ ਨੇ ਉਨ੍ਹਾਂ ਨੂੰ "ਡਿਜੀਟਲ ਯੁੱਗ ਦਾ ਵਿਸ਼ੇਸ਼ ਹੀਰੋ" ਕਿਹਾ, ਜਿਸ ਨੇ ਮਾਈਕ੍ਰੋਨ ਟੈਕਨਾਲੋਜੀ ਨੂੰ ਵਿਸ਼ਵ ਦੀਆਂ ਪ੍ਰਮੁੱਖ ਸੈਮੀਕੰਡਕਟਰ ਕੰਪਨੀਆਂ ਵਿਚ ਸ਼ੁਮਾਰ ਕਰਵਾਇਆ। ਵਾਸ਼ਿੰਗਟਨ ਪੋਸਟ ਨੇ ਉਨ੍ਹਾਂ ਦੀਆਂ 1,382 ਪੇਟੈਂਟਸ ਨੂੰ "ਤਕਨੀਕੀ ਜਗਤ ਵਿਚ ਮੀਲ ਪੱਥਰ" ਦੱਸਿਆ, ਜਿਸ ਨੇ ਐਡੀਸਨ ਦੇ ਰਿਕਾਰਡ ਨੂੰ ਪਛਾੜਦਿਆਂ ਸਿੱਖ ਪੰਥ ਦੀ ਬੁੱਧੀਜੀਵੀ ਸਮਰੱਥਾ ਨੂੰ ਵਿਸ਼ਵ ਸਾਹਮਣੇ ਰੱਖਿਆ।

ਯੂ.ਐਸ. ਪੇਟੈਂਟ ਅਤੇ ਟ੍ਰੇਡਮਾਰਕ ਆਫਿਸ ਦੇ ਅੰਕੜਿਆਂ ਅਨੁਸਾਰ, ਡਾ. ਸੰਧੂ ਦੀਆਂ ਪੇਟੈਂਟਸ ਨੇ ਸੈਮੀਕੰਡਕਟਰ ਡਿਵਾਈਸ ਫੈਬਰੀਕੇਸ਼ਨ, ਥਿੰਨ-ਫਿਲਮ ਪ੍ਰਕਿਰਿਆਵਾਂ, ਅਤੇ ਵੈਰੀ ਲਾਰਜ ਸਕੇਲ ਇੰਟੀਗਰੇਸ਼ਨ ਦੇ ਖੇਤਰ ਵਿਚ ਨਵੇਂ ਮਾਪਦੰਡ ਸਥਾਪਤ ਕੀਤੇ। ਅੰਤਰਰਾਸ਼ਟਰੀ ਅਖਬਾਰਾਂ ਨੇ ਉਨ੍ਹਾਂ ਦੀ ਸਾਦਗੀ ਅਤੇ ਸਮਰਪਣ ਦੀ ਵੀ ਸਰਾਹਨਾ ਕੀਤੀ, ਜਿਵੇਂ ਕਿ ਕਿਪਲਿੰਗਰ ਨੇ ਲਿਖਿਆ, "ਸੰਧੂ ਨੂੰ ਸ਼ੁਰੂ ਵਿਚ ਨਹੀਂ ਸੀ ਪਤਾ ਸੀ ਕਿ ਉਸ ਦੀ ਖੋਜ ਇੰਨੀ ਵੱਡੀ ਹੋਵੇਗੀ, ਪਰ ਅੱਜ ਉਸ ਦੀ ਤਕਨੀਕ ਦੁਨੀਆਂ ਦੇ ਹਰ ਸਮਾਰਟ ਡਿਵਾਈਸ ਵਿਚ ਮੌਜੂਦ ਹੈ।"

ਅਮਰੀਕੀ ਪ੍ਰਸ਼ਾਸਨ ਨੇ ਡਾ. ਸੰਧੂ ਦੇ ਯੋਗਦਾਨ ਨੂੰ ਸਤਿਕਾਰ ਨਾਲ ਵੇਖਿਆ ਹੈ। 2018 ਵਿਚ, ਇੰਸਟੀਚਿਊਟ ਆਫ ਇਲੈਕਟ੍ਰਿਕਲ ਐਂਡ ਇਲੈਕਟ੍ਰਾਨਿਕਸ ਇੰਜੀਨੀਅਰਜ਼ ਨੇ ਉਨ੍ਹਾਂ ਨੂੰ ਐਂਡਰਿਊ ਐਸ. ਗ੍ਰੋਵ ਅਵਾਰਡ ਨਾਲ ਸਨਮਾਨਿਤ ਕੀਤਾ ਸੀ, ਜੋ ਸੈਮੀਕੰਡਕਟਰ ਤਕਨੀਕ ਵਿਚ ਸਭ ਤੋਂ ਵੱਕਾਰੀ ਪੁਰਸਕਾਰਾਂ 'ਚੋਂ ਇੱਕ ਹੈ। ਅਮਰੀਕੀ ਸਰਕਾਰ ਦੇ ਨੁਮਾਇੰਦਿਆਂ ਨੇ ਉਨ੍ਹਾਂ ਦੀਆਂ ਖੋਜਾਂ ਨੂੰ "ਅਮਰੀਕੀ ਤਕਨੀਕੀ ਨਵੀਨਤਾ ਦਾ ਮੁੱਖ ਹਿੱਸਾ" ਦੱਸਿਆ। ਮਾਈਕ੍ਰੋਨ ਟੈਕਨਾਲੋਜੀ, ਜੋ ਅਮਰੀਕਾ ਦੀ ਅਰਥ-ਵਿਵਸਥਾ ਵਿਚ ਮਹੱਤਵਪੂਰਨ ਯੋਗਦਾਨ ਪਾਉਂਦੀ ਹੈ, ਨੇ ਸੰਧੂ ਦੀ ਅਗਵਾਈ ਵਿਚ 40,000 ਤੋਂ ਵੱਧ ਪੇਟੈਂਟਸ ਹਾਸਲ ਕੀਤੇ, ਜਿਨ੍ਹਾਂ ਵਿਚੋਂ 1,325 ਇਕੱਲੇ ਸੰਧੂ ਦੇ ਨਾਂਅ ਹਨ।

ਸ਼੍ਰੋਮਣੀ  ਕਮੇਟੀ  ਅਤੇ ਸਿੱਖ ਆਗੂਆਂ ਨੇ ਡਾ. ਸੰਧੂ ਦੀਆਂ ਪ੍ਰਾਪਤੀਆਂ ਨੂੰ ਸਿੱਖ ਪੰਥ ਦੀ ਬੋਧਿਕ ਸਮਰੱਥਾ ਦਾ ਪ੍ਰਤੀਕ ਦੱਸਿਆ। ਐਸ.ਜੀ.ਪੀ.ਸੀ. ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਡਾ. ਗੁਰਤੇਜ ਸੰਧੂ ਨੇ ਸਿੱਖ ਪੰਥ ਦਾ ਨਾਂਅ ਵਿਸ਼ਵ ਪੱਧਰ 'ਤੇ ਰੋਸ਼ਨ ਕੀਤਾ ਹੈ। ਉਨ੍ਹਾਂ ਦੀਆਂ ਖੋਜਾਂ ਸਾਡੇ ਲਈ ਮਾਣ ਦਾ ਵਿਸ਼ਾ ਹਨ।" ਸਿੱਖ ਸੰਸਥਾਵਾਂ ਨੇ ਉਨ੍ਹਾਂ ਨੂੰ ਸਨਮਾਨਿਤ ਕਰਨ ਦੀ ਯੋਜਨਾ ਵੀ ਬਣਾਈ ਹੈ, ਪਰ ਅਜੇ ਤੱਕ ਕੋਈ ਅਧਿਕਾਰਤ ਸਮਾਗਮ ਦਾ ਐਲਾਨ ਨਹੀਂ ਹੋਇਆ।

ਡਾ. ਸੰਧੂ ਨੇ ਮਾਈਕ੍ਰੋਨ ਟੈਕਨਾਲੋਜੀ ਨੂੰ ਵਿਸ਼ਵ ਦੀਆਂ ਪ੍ਰਮੁੱਖ ਸੈਮੀਕੰਡਕਟਰ ਕੰਪਨੀਆਂ ਵਿਚ ਸ਼ੁਮਾਰ ਕਰਵਾਇਆ। ਜਦੋਂ ਉਹ 1990 'ਚ ਮਾਈਕ੍ਰੋਨ ਨਾਲ ਜੁੜੇ, ਕੰਪਨੀ ਕੰਪਿਊਟਰ ਮੈਮਰੀ ਬਣਾਉਣ ਵਾਲੀਆਂ ਕੰਪਨੀਆਂ ਵਿਚ 18ਵੇਂ ਨੰਬਰ 'ਤੇ ਸੀ। ਅੱਜ, ਉਨ੍ਹਾਂ ਦੀਆਂ ਖੋਜਾਂ ਸਦਕਾ, ਮਾਈਕ੍ਰੋਨ ਵਿਸ਼ਵ ਦੀਆਂ ਚੋਟੀ ਦੀਆਂ ਕੰਪਨੀਆਂ 'ਵਿਚੋਂ ਇੱਕ ਹੈ। ਉਨ੍ਹਾਂ ਦੀਆਂ ਪੇਟੈਂਟਸ ਨੇ ਮੈਮੋਰੀ ਚਿੱਪਸ ਦੀ ਕੀਮਤ ਘਟਾਈ ਅਤੇ ਕਾਰਜਕੁਸ਼ਲਤਾ ਵਧਾਈ, ਜਿਸ ਨਾਲ ਸਮਾਰਟ ਡਿਵਾਈਸਾਂ ਹਰ ਵਰਗ ਦੇ ਲੋਕਾਂ ਦੀ ਪਹੁੰਚ ਵਿਚ ਆਈਆਂ।