ਅਕਾਲੀ ਦਲ ਦੇ ਸੰਕਟ ਕਾਰਣ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਤੇ ਬੰਡੂਗਰ ਨੂੰ ਦੇਣਾ ਪਿਆ ਅਸਤੀਫਾ
*ਪੰਥਕ ਸੰਕਟ ਹੋਇਆ ਡੂੰਘਾ,ਜਥੇਦਾਰ ਅਕਾਲ ਤਖਤ ਨੂੰ ਹੁਣ ਹੁਕਮਨਾਮਾ ਨਿਭਾਉਣਾ ਹੋਇਆ ਔਖਾ
*ਸੱਤ ਮੈਂਬਰੀ ਭਰਤੀ ਕਮੇਟੀ ਵਿਚੋਂ ਪੰਜ ਮੈਂਬਰ ਹੁਕਮਨਾਮਾ ਨਿਭਾਉਣ ਦੇ ਹੱਕ ਵਿਚ
*ਕੀ ਜਥੇਦਾਰ ਅਕਾਲ ਤਖਤ ਪੰਥਕ ਸੰਕਟ ਦਾ ਹੱਲ ਲੱਭ ਸਕਣਗੇ?
ਪੰਥਕ ਹਲਚਲ
ਅਕਾਲੀ ਦਲ ਦੇ ਸੰਕਟ ਨੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੂੰ ਆਪਣੇ ਚੱਕਰਵਿਊ ਵਿੱਚ ਧੱਕ ਦਿੱਤਾ ਹੈ।ਗਿਆਨੀ ਹਰਪ੍ਰੀਤ ਸਿੰਘ ਨੂੰ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਫ਼ਾਰਗ ਕਰਨ ਦੇ ਫ਼ੈਸਲੇ ਮਗਰੋਂ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਇਸ ਤੋਂ ਬਾਅਦ ਸ੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਕਿ੍ਪਾਲ ਸਿੰਘ ਬਡੂੰਗਰ ਨੇ ਬੀਤੇ ਦਿਨੀ 7ਮੈਂਬਰੀ ਭਰਤੀ ਕਮੇਟੀ ਜੋ ਅਕਾਲੀ ਦਲ ਨੂੰ ਪੁਨਰ ਉਸਾਰਨ ਲਈ ਅਕਾਲ ਤਖਤ ਸਾਹਿਬ ਤੋਂ ਬਣਾਈ ਗਈ ਸੀ ,ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਧਾਮੀ ਤਾਂ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਵੀ ਲਾਂਭੇ ਹੋ ਗਏ ਹਨ। ਇਸ ਨਾਲ ਪਿਛਲੇ ਸਾਲ ਦੋ ਦਸੰਬਰ ਤੋਂ ਬਾਅਦ ਬਦਲ ਰਹੇ ਹਾਲਾਤ ਦਰਮਿਆਨ ਪੰਥਕ ਸੰਕਟ ਹੋਰ ਵੀ ਡੂੰਘਾ ਹੋ ਗਿਆ ਹੈ।
ਅਸਤੀਫ਼ਾ ਦੇਣ ਦੇ ਕਾਰਨ ਸਪੱਸ਼ਟ ਕਰਦਿਆਂ ਧਾਮੀ ਨੇ ਕਿਹਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਫਾਰਗ ਕਰਨ ਦੇ ਫ਼ੈਸਲੇ ਤੋਂ ਬਾਅਦ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਕਾਰਨ ਉਹ ਨੈਤਿਕ ਆਧਾਰ ’ਤੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਰਹੇ ਹਨ। ਸ਼੍ਰੋਮਣੀ ਕਮੇਟੀ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰ ਦੇ ਅਹੁਦੇ ਤੋਂ ਫਾਰਗ ਕਰਨ ਦੇ ਫ਼ੈਸਲੇ ’ਤੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਖਤ ਇਤਰਾਜ਼ ਪ੍ਰਗਟਾਇਆ ਸੀ। ਉਹ ਉਸ ਵੇਲੇ ਇੰਗਲੈਂਡ ਦੌਰੇ ’ਤੇ ਸਨ ।
ਜਥੇਦਾਰ ਰਘਬੀਰ ਸਿੰਘ ਨੇ ਕਿਹਾ ਸੀ ਕਿ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਹਟਾਉਣ ਲਈ ਵਰਤੇ ਗਏ ਕਾਰਨ ਅਤੇ ਤਰੀਕਾ ਬਿਲਕੁਲ ਗੈਰ ਸਿਧਾਂਤਕ ਤੇ ਮਰਿਆਦਾ ਹੀਣ ਹੈ। ਉਨ੍ਹਾਂ ਕਿਹਾ ਸੀ ਕਿ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਥਕ ਭਾਵਨਾਵਾਂ ਅਤੇ ਪਰੰਪਰਾਵਾਂ ਦੀ ਰੌਸ਼ਨੀ ਵਿਚ ਹੋਏ ਫੈਸਲਿਆਂ ਤੋਂ ਬਾਅਦ ਹੀ ਇਸ ਤਰ੍ਹਾਂ ਜਾਪ ਰਿਹਾ ਸੀ ਕਿ ਸਿੰਘ ਸਾਹਿਬਾਨ ਖ਼ਿਲਾਫ਼ ਗਿਣੇ ਮਿਥੇ ਤਰੀਕੇ ਦੇ ਨਾਲ ਮਾਹੌਲ ਬਣਾਇਆ ਜਾ ਰਿਹਾ ਹੈ।ਜਥੇਦਾਰ ਗਿਆਨੀ ਰਘਬੀਰ ਸਿੰਘ ਇਸ ਤੋਂ ਪਹਿਲਾਂ ਹੀ ਗਿਆਨੀ ਹਰਪ੍ਰੀਤ ਸਿੰਘ ਖ਼ਿਲਾਫ਼ ਬਣਾਈ ਗਈ ਜਾਂਚ ਕਮੇਟੀ ਬਾਰੇ ਇਤਰਾਜ਼ ਪ੍ਰਗਟ ਕਰ ਚੁੱਕੇ ਸਨ ਕਿ ਜਥੇਦਾਰਾਂ ਖ਼ਿਲਾਫ਼ ਜਾਂਚ ਕਰਨ ਦਾ ਅਧਿਕਾਰ ਸ਼੍ਰੋਮਣੀ ਕਮੇਟੀ ਕੋਲ ਨਹੀਂ ਹੈ ਅਤੇ ਸਿਰਫ਼ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਹੀ ਇਸ ਸਬੰਧੀ ਕੋਈ ਕਾਰਵਾਈ ਕੀਤੀ ਜਾ ਸਕਦੀ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ, ਜਥੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਭਾਈ ਮਨਜੀਤ ਸਿੰਘ, ਜਥੇਦਾਰ ਮਿੱਠੂ ਸਿੰਘ ਕਾਹਨੇਕੇ, ਜਥੇਦਾਰ ਸਤਵਿੰਦਰ ਸਿੰਘ ਟੌਹੜਾ ਅਤੇ ਜਥੇਦਾਰ ਮਲਕੀਤ ਸਿੰਘ ਚੰਗਾਲ ਵੱਲੋਂ ਇਕ ਸਾਂਝਾ ਬਿਆਨ ਜਾਰੀ ਕਰਕੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਅਪੀਲ ਕੀਤੀ ਗਈ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਖ਼ਿਲਾਫ਼ ਤਿਆਰ ਕੀਤੀ ਗਈ, ਇਕਪਾਸੜ ਪੜਤਾਲੀਆ ਰਿਪੋਰਟ ਨੂੰ ਰੱਦ ਕੀਤਾ ਜਾਵੇ।
ਪਾਕਿਸਤਾਨੀ ਸਿੱਖ ਆਗੂ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਿਸ਼ਨ ਸਿੰਘ ਨੇ ਕਿਹਾ ਸੀ ਕਿ ਪਾਕਿਸਤਾਨੀ ਸਿੱਖ ਸੰਗਤ ਨੇ ਫੈਸਲਾ ਕੀਤਾ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਚੱਟਾਨ ਵਾਂਗ ਖ੍ੜ੍ਹੇ ਹਾਂ। ਉਨ੍ਹਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਖ਼ਿਲਾਫ਼ ਬੇਬੁਨਿਆਦ ਦੋਸ਼ ਲਗਾਏ ਗਏ ਹਨ।
ਹੁਣ ਤੱਕ, ਨਾ ਤਾਂ ਸ਼੍ਰੋਮਣੀ ਕਮੇਟੀ ਅਤੇ ਨਾ ਹੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਅਕਾਲ ਤਖ਼ਤ ਦੇ ਜਥੇਦਾਰ ਦੇ ਬਿਆਨ 'ਤੇ ਕੋਈ ਪ੍ਰਤੀਕਿਰਿਆ ਦਿੱਤੀ ਸੀ ਹਾਲਾਂਕਿ ਸੁਖਬੀਰ ਦੇ ਧੜੇ ਦੇ ਸਮਰਥਕ ਗਿਆਨੀ ਹਰਪ੍ਰੀਤ ਸਿੰਘ ਦੀ ਸਖ਼ਤ ਆਲੋਚਨਾ ਕਰ ਰਹੇ ਹਨ, ਕੁਝ ਤਾਂ ਤਿੱਖੀ ਭਾਸ਼ਾ ਦੀ ਵਰਤੋਂ ਵੀ ਕਰ ਰਹੇ ਹਨ, ਅਤੇ ਅਕਾਲੀ ਆਗੂਆਂ ਅਤੇ ਸ਼੍ਰੋਮਣੀ ਕਮੇਟੀ ਦੇ ਫੈਸਲੇ ਦਾ ਸਮਰਥਨ ਕਰਨਾ ਜਾਰੀ ਰੱਖਿਆ ਹੈ, ਪਰ ਅਕਾਲ ਤਖ਼ਤ ਦੇ ਜਥੇਦਾਰ ਦੇ ਬਿਆਨ 'ਤੇ ਉਨ੍ਹਾਂ ਵੱਲੋਂ ਕੋਈ ਸਪੱਸ਼ਟ ਪ੍ਰਤੀਕਿਰਿਆ ਨਹੀਂ ਆਈ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦੋ ਦਸੰਬਰ ਨੂੰ ਅਕਾਲ ਤਖ਼ਤ ਤੋਂ ਸ਼੍ਰੋਮਣੀ ਅਕਾਲੀ ਦਲ ਆਗੂ ਸੁਖਬੀਰ ਸਿੰਘ ਬਾਦਲ ਅਤੇ ਹੋਰਾਂ ਖ਼ਿਲਾਫ਼ ਕੀਤੀ ਗਈ ਕਾਰਵਾਈ ਮਗਰੋਂ ਪੰਥਕ ਹਾਲਾਤ ਲਗਾਤਾਰ ਬਦਲ ਰਹੇ ਹਨ। ਇਸ ਦੌਰਾਨ ਹੀ ਸ਼੍ਰੋਮਣੀ ਅਕਾਲੀ ਦਲ ਅਤੇ ਤਖ਼ਤਾਂ ਦੇ ਜਥੇਦਾਰਾਂ ਵਿਚਾਲੇ ਪਾੜਾ ਵਧਿਆ ਹੈ। ਸ਼੍ਰੋਮਣੀ ਕਮੇਟੀ ਦੋਹਾਂ ਧਿਰਾਂ ਵਿਚਾਲੇ ਇੱਕ ਪੁਲ ਵਾਂਗ ਕੰਮ ਕਰ ਰਹੀ ਸੀ ਪਰ ਪੈਦਾ ਹੋਏ ਤਣਾਅ ਅਤੇ ਦਬਾਅ ਕਾਰਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।
ਸੀਨੀਅਰ ਪੱਤਰਕਾਰ ਅਤੇ ਪੰਥਕ ਸਿਆਸਤ ਦੇ ਜਾਣਕਾਰ ਜਸਪਾਲ ਸਿੰਘ ਸਿੱਧੂ ਕਹਿੰਦੇ ਹਨ ਕਿ 'ਹਰਜਿੰਦਰ ਸਿੰਘ ਧਾਮੀ ਉੱਤੇ ਕਾਫ਼ੀ ਜ਼ਿਆਦਾ ਰਾਜਨੀਤਿਕ ਦਬਾਅ ਸੀ, ਇਸ ਕਰ ਕੇ ਕਾਫ਼ੀ ਸਮਾਂ ਪਹਿਲਾਂ ਹੀ ਉਨ੍ਹਾਂ ਨੇ ਆਪਣੇ ਆਪ ਨੂੰ ਅਕਾਲੀ ਦਲ ਦੀਆਂ ਗਤੀਵਿਧੀਆਂ ਤੋਂ ਵੱਖ ਕਰ ਲਿਆ ਸੀ। ਖ਼ਾਸ ਤੌਰ ਉੱਤੇ ਮਾਘੀ ਮੇਲੇ ਦੌਰਾਨ ਵੀ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਟੇਜ ਉੱਤੇ ਨਜ਼ਰ ਨਹੀਂ ਆਏ।ਜਸਪਾਲ ਸਿੰਘ ਨੇ ਦੱਸਿਆ ਕਿ ਅਕਾਲੀ ਦਲ ਉੱਤੇ ਪੰਥਕ ਸੰਕਟ ਪਹਿਲਾ ਵੀ ਆਇਆ ਹੈ ਪਰ ਉਸ ਸਮੇਂ ਉਸ ਦੀ ਰਾਜਨੀਤਿਕ ਪਕੜ ਕਾਫ਼ੀ ਜ਼ਿਆਦਾ ਸੀ ਪਰ ਮੌਜੂਦਾ ਸਮੇਂ ਦੌਰਾਨ ਹਵਾ ਅਕਾਲੀ ਦਲ ਦੇ ਪੱਖ ਵਿੱਚ ਨਹੀਂ ਹੈ ਕਿਉਂਕਿ ਰਾਜਨੀਤਿਕ ਤੌਰ ਉੱਤੇ ਉਹ ਪਹਿਲਾਂ ਹੀ ਹਾਸ਼ੀਏ ਉੱਤੇ ਆ ਗਿਆ ਹੈ।ਮੌਜੂਦਾ ਹਾਲਾਤ ਵਿੱਚ ਜਿਸ ਦੀ ਭਰਪਾਈ ਹੋਣਾ ਸੰਭਵ ਨਹੀਂ ਲੱਗ ਰਿਹਾ ਅਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਅਕਾਲੀ ਦਲ ਲਈ ਸਭ ਤੋਂ ਇਤਿਹਾਸਕ ਝਟਕਾ ਹੋਵੇਗਾ।
ਜਥੇਦਾਰ ਅਕਾਲ ਤਖਤ ਚੁਣੌਤੀਆਂ ਵਿਚ ਘਿਰੇ
ਧਾਮੀ ਤੇ ਬਡੂੰਗਰ ਦੇ ਅਸਤੀਫ਼ੇ ਤੋਂ ਬਾਅਦ, ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਹੁਣ ਇੱਕ ਹੋਰ ਚੁਣੌਤੀ ਅਤੇ ਇੱਕ ਗੁੰਝਲਦਾਰ ਸਥਿਤੀ ਦਾ ਸਾਹਮਣਾ ਕਰਨਾ ਪਵੇਗਾ , ਕਿਉਂਕਿ ਸੰਕਟ ਨੂੰ ਹੱਲ ਕਰਨ ਦੀ ਬਜਾਏ, ਹੋਰ ਪੇਚੀਦਗੀਆਂ ਪੈਦਾ ਹੋ ਗਈਆਂ ਹਨ।
ਭਾਵੇਂ ਧਾਮੀ ਨੇ ਅਕਾਲ ਤਖ਼ਤ ਦੇ ਜਥੇਦਾਰ ਦੇ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿਚ ਤੇ ਸ੍ਰੋਮਣੀ ਕਮੇਟੀ ਦੀ ਜਾਂਚ ਟੀਮ ਵਿਰੁਧ ਦਿੱਤੇ ਬਿਆਨ ਤੋਂ ਚਾਰ ਦਿਨ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੂੰ ਬਰਖਾਸਤ ਕਰਨ ਬਾਰੇ ਅਕਾਲ ਤਖ਼ਤ ਦੇ ਜਥੇਦਾਰ ਦੇ ਬਿਆਨ ਦਾ ਹਵਾਲਾ ਦਿੱਤਾ ਸੀ, ਪਰ ਪਤਾ ਲੱਗਾ ਹੈ ਕਿ ਦੂਜਾ ਵੱਡਾ ਕਾਰਨ ਇਹ ਸੀ ਕਿ ਉਹ ਅਕਾਲ ਤਖ਼ਤ ਵੱਲੋਂ 2 ਦਸੰਬਰ ਨੂੰ ਅਕਾਲੀ ਦਲ ਦੀ ਮੈਂਬਰਸ਼ਿਪ ਮੁਹਿੰਮ ਲਈ ਬਣੀ ਸੱਤ ਮੈਂਬਰੀ ਕਮੇਟੀ ਚਲਾਉਣ ਦੀ ਜ਼ਿੰਮੇਵਾਰੀ ਨਹੀਂ ਨਿਭਾ ਸਕੇ । ਇਹ ਕਮੇਟੀ ਅੱਜ ਤੱਕ ਕੰਮ ਨਹੀਂ ਕਰ ਸਕੀ, ਅਤੇ ਸੁਖਬੀਰ ਸਿੰਘ ਬਾਦਲ ਦੇ ਧੜੇ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਸਦੀ ਮੈਂਬਰਸ਼ਿਪ ਮੁਹਿੰਮ ਸੁਚਾਰੂ ਢੰਗ ਨਾਲ ਚੱਲ ਰਹੀ ਹੈ ਅਤੇ ਇਸ ਬਾਰੇ ਕੋਈ ਸਵਾਲ ਨਹੀਂ ਉਠਾਏ ਜਾਣੇ ਚਾਹੀਦੇ। ਕਮੇਟੀ ਨੇ 13 ਫਰਵਰੀ ਨੂੰ ਚੰਡੀਗੜ੍ਹ ਸਥਿਤ ਸ਼੍ਰੋਮਣੀ ਕਮੇਟੀ ਦੇ ਉਪ-ਦਫ਼ਤਰ ਵਿੱਚ ਇੱਕ ਮੀਟਿੰਗ ਕੀਤੀ, ਧਾਮੀ ਅਤੇ ਗੁਰਪ੍ਰਤਾਪ ਸਿੰਘ ਵਡਾਲਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨਾਲ ਵੀ ਮੁਲਾਕਾਤ ਕੀਤੀ। ਇੱਕ ਦਿਨ ਬਾਅਦ, ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਜ਼ੋਰ ਦੇ ਕੇ ਕਿਹਾ ਸੀ ਕਿ ਇਸ ਕਮੇਟੀ ਦੇ ਮੈਂਬਰ ਸ਼੍ਰੋਮਣੀ ਅਕਾਲੀ ਦਲ ਦੀ ਕਾਰਜਕਾਰੀ ਕਮੇਟੀ ਵੱਲੋਂ ਲਏ ਗਏ ਫੈਸਲੇ ਅਨੁਸਾਰ ਨਿਗਰਾਨ ਵਜੋਂ ਕੰਮ ਕਰ ਸਕਦੇ ਹਨ, ਅਤੇ ਮੈਂਬਰਸ਼ਿਪ ਬਹੁਤ ਸੁਚਾਰੂ ਅਤੇ ਜੋਸ਼ ਨਾਲ ਚੱਲ ਰਹੀ ਹੈ। ਕਲੇਰ ਨੇ ਕਮੇਟੀ ਮੈਂਬਰਾਂ ਬਾਰੇ ਟਿੱਪਣੀ ਕੀਤੀ ਕਿ ਉਹ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਲਈ ਕਿਸੇ ਸਾਜ਼ਿਸ਼ ਤਹਿਤ ਕੰਮ ਕਰ ਰਹੇ ਜਾਪਦੇ ਹਨ। ਧਾਮੀ ਦੇ ਅਸਤੀਫ਼ੇ ਤੋਂ ਬਾਅਦ, ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਹੁਣ ਇੱਕ ਹੋਰ ਚੁਣੌਤੀ ਅਤੇ ਇੱਕ ਔਖੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਸੰਕਟ ਹੱਲ ਹੋਣ ਦੀ ਬਜਾਏ, ਹੋਰ ਪੇਚੀਦਗੀਆਂ ਪੈਦਾ ਹੋ ਗਈਆਂ ਹਨ।
ਭਰਤੀ ਕਮੇਟੀ ਦਾ ਨਜ਼ਰੀਆ
ਇਸ ਦੌਰਾਨ ਕਮੇਟੀ ਦੇ ਪੰਜ ਮੈਂਬਰਾਂ ਨੇ ਬੀਤੇ ਮੰਗਲਵਾਰ ਨੂੰ ਆਪਣੀ ਮੀਟਿੰਗ ਕਰ ਕੇ ਮੌਜੂਦਾ ਹਾਲਾਤ ਵਿੱਚ ਆਪਣੇ ਕੰਮ ਬਾਰੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਤੋਂ ਨਵੇਂ ਦਿਸ਼ਾ-ਨਿਰਦੇਸ਼ ਲੈਣ ਦਾ ਫ਼ੈਸਲਾ ਕੀਤਾ ਹੈ ਜਿਸ ਤੋਂ ਜ਼ਾਹਿਰ ਹੋਇਆ ਹੈ ਕਿ ਕਮੇਟੀ ਅਜੇ ਵੀ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਸੌਂਪੇ ਕਾਰਜ ਨੂੰ ਨੇਪਰੇ ਚਾੜ੍ਹਨ ਦੀ ਇੱਛੁਕ ਹੈ।
ਹਾਲਾਂਕਿ ਅਸਤੀਫ਼ਾ ਦਿੱਤੇ ਹੋਣ ਕਰਕੇ ਇਸ ਦੌਰਾਨ ਕਮੇਟੀ ਦੇ ਮੁਖੀ ਵਜੋਂ ਹਰਜਿੰਦਰ ਸਿੰਘ ਧਾਮੀ ਅਤੇ ਮੈਂਬਰ ਵਜੋਂ ਪ੍ਰੋ. ਕਿਰਪਾਲ ਸਿੰਘ ਬਡੂੰਗਰ ਮੀਟਿੰਗ ’ਚੋਂ ਗ਼ੈਰਹਾਜ਼ਰ ਰਹੇ। ਉਨ੍ਹਾਂ ਦੀ ਗ਼ੈਰਹਾਜ਼ਰੀ ’ਚ ਕਮੇਟੀ ਦੇ ਪੰਜ ਮੈਂਬਰਾਂ ਗੁਰਪ੍ਰਤਾਪ ਸਿੰਘ ਵਡਾਲਾ, ਮਨਪ੍ਰੀਤ ਸਿੰਘ ਇਯਾਲੀ, ਇਕਬਾਲ ਸਿੰਘ ਝੂੰਦਾਂ, ਸੰਤਾ ਸਿੰਘ ਉਮੈਦਪੁਰੀ ਤੇ ਬੀਬੀ ਸਤਵੰਤ ਕੌਰ ਨੇ ਮੀਟਿੰਗ ਕੀਤੀ। ਘੋਖ ਦੌਰਾਨ ਇਹ ਭਰਤੀ ਕਮੇਟੀ ਇਸ ਸਿੱਟੇ ’ਤੇ ਪਹੁੰਚੀ ਹੈ ਕਿ ਜਿਸ ਮਨੋਰਥ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਹ ਭਰਤੀ ਕਮੇਟੀ ਬਣਾਈ ਗਈ ਸੀ ਉਸ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਭਰਤੀ ਕਰਨ ਲਈ ਰਾਜ਼ੀ ਨਹੀਂ ਹੈ ਤੇ ਇਸ ਸਬੰਧੀ ਇਹ ਕਮੇਟੀ ਆਪਣੀ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੌਂਪ ਦੇੇਵੇਗੀ। ਮਨਪ੍ਰੀਤ ਇਯਾਲੀ ਨੇ ਕਿਹਾ ਕਿ ਭੂੰਦੜ ਦੇ ਦੂਜੀ ਮੀਟਿੰਗ ’ਚ ਨਾ ਆਉਣ ਮਗਰੋਂ ਉਹ ਉਨ੍ਹਾਂ ਦੇ ਘਰ ਵੀ ਗਏ ਪਰ ਉਨ੍ਹਾਂ ਨੇ ਸਹਿਯੋਗ ਨਹੀਂ ਦਿੱਤਾ।












Comments (0)