ਆਨਲਾਈਨ ਗੁਟਕਿਆਂ ਦੀ ਵਿਕਰੀ ਨਾ ਰੋਕੇ ਸ਼੍ਰੋਮਣੀ ਕਮੇਟੀ
* ਸਿੱਖ ਚਿੰਤਕਾਂ ਦਾ ਇਕੱਠ ਬੁਲਾਕੇ ,ਗੁਰਬਾਣੀ ਦੀ ਬੇਅਦਬੀ ਸੰਬੰਧੀ ਸਪੱਸ਼ਟ ਪ੍ਰੀਭਾਸ਼ਾ ਤੈਅ ਕਰੇ
*ਬਿਪਰਵਾਦੀ ਸਾਜ਼ਿਸ਼ ਤੋਂ ਸ਼੍ਰੋਮਣੀ ਕਮੇਟੀ ਸੁਚੇਤ ਰਹੇ : ਗਿਆਨੀ ਜਾਚਕ
*ਬੇਅਦਬੀਆਂ ਦੇ ਨਾਮ ਉਪਰ ਸਿਖੀ ਦਾ ਪ੍ਰਚਾਰ ਨਾ ਰੋਕੋ-ਬੀਬੀ ਕਿਰਨਜੋਤ ਕੌਰ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਸਮਿਆਂ ਦੌਰਾਨ ਕੁਝ ਸਿੱਖ ਧਿਰਾਂ ਕੁਝ ਜ਼ਿਆਦਾ ਹੀ ਸੰਵੇਦਨਸ਼ੀਲ ਹੋ ਗਈਆਂ ਹਨ ਤੇ ਉਹ ਆਮ ਵਰਤਾਰੇ ਨੂੰ ਵੀ ਬੇਅਦਬੀ ਸਮਝ ਰਹੀਆਂ ਹਨ। ਕੁਝ ਆਪੂ ਬਣੇ ਚੌਧਰੀ ਸਿੱਖਾਂ ਦੇ ਨਾਮ ਉਪਰ ਗੁਰਬਾਣੀ ਦੇ ਸਤਿਕਾਰ ਦੇ ਨਾਂਅ ਹੇਠ ਮਨਮਾਨੀਆਂ ਵੀ ਕਰਨ ਲੱਗ ਪਏ ਹਨ।ਸਿੱਖਾਂ ਦੇ ਘਰੋਂ ਗੁਰੂ ਗ੍ਰੰਥ ਸਾਹਿਬ ,ਗੁਟਕੇ ਵੀ ਚੁਕਣ ਲਗ ਪਏ ਹਨ।

ਸ੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਸਤਿਕਾਰ ਕਮੇਟੀਆਂ ਦੀ ਇਸ ਕਰਕੇ ਆਲੋਚਨਾ ਕਰ ਚੁਕੇ ਹਨ ਕਿ ਮਰਿਯਾਦਾ ਦੇ ਨਾਂਅ 'ਤੇ ਪੰਜਾਬ ਹੀ ਨਹੀਂ, ਸਗੋਂ ਦਿੱਲੀ ਆਦਿ ਵਿਚ ਵੀ ਇਹ ਲੋਕ ਪੁਲਿਸ ਨੂੰ ਨਾਲ ਲੈ ਕੇ ਸਿਖਾਂ ਦੇ ਘਰਾਂ ਵਿਚ ਪ੍ਰਕਾਸ਼ ਕੀਤੇ ਜਾ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਧੱਕੇ ਨਾਲ ਚੁਕਵਾ ਲੈਂਦੇ ਹਨ।
ਕੀ ਅਸੀਂ ਚਾਹੁੰਦੇ ਹਾਂ ਕਿ ਸਿੱਖੀ ਦਾ ਦਾਇਰਾ ਸੀਮਤ ਹੁੰਦਾ ਜਾਵੇ ਤੇ ਲੋਕ ਸਿੱਖੀ ਅਤੇ ਗੁਰਬਾਣੀ ਤੋਂ ਦੂਰ ਹੁੰਦੇ ਜਾਣ? ਸਾਡੀ ਇਸ ਘਟੀਆ ਕਾਰਗੁਜ਼ਾਰੀ ਨੇ ਕਈ ਨਾਨਕ ਨਾਮ ਲੇਵਾ ਸੰਪਰਦਾਵਾਂ ਜਿਵੇਂ ਸਹਿਜਧਾਰੀਆਂ, ਸਿੰਧੀਆਂ ਤੇ ਨਿਰਮਲਿਆਂ ਨੂੰ ਸਾਡੇ ਤੋਂ ਦੂਰ ਕਰਨ ਦੀ ਹੀ ਭੂਮਿਕਾ ਅਦਾ ਕੀਤੀ ਹੈ।
ਸ੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਇਨ੍ਹਾਂ ਆਪ ਬਣੇ ਚੌਧਰੀਆਂ ਖਿਲਾਫ ਸਖਤ ਸਟੈਂਡ ਲਿਆ ਹੈ ਤੇ ਇਨ੍ਹਾਂ ਦੀਆਂ ਹਰਕਤਾਂ ਨੂੰ ਸਿਖੀ ਦੇ ਵਿਕਾਸ ਵਿਚ ਰੁਕਾਵਟ ਦਸਿਆ ਹੈ।
ਹੁਣੇ ਜਿਹੇ ਸ੍ਰੋਮਣੀ ਕਮੇਟੀ ਨੇ ਇਨ੍ਹਾਂ ਦੇ ਪ੍ਰਭਾਵ ਅਧੀਨ ਗੁਟਕੇ ਤੇ ਧਾਰਮਿਕ ਲਿਟਰੇਚਰ ਆਨ ਲਾਈਨ ਭੇਜਣ ਵਿਰੁੱਧ ਮਤਾ ਪਾਸ ਕੀਤਾ ਸੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਐਮਾਜ਼ੋਨ ਨੂੰ ਕਿਹਾ ਸੀ ਕਿ ਉਹ ਇਹ ਗੁਟਕੇ ਵੇਚਣੇ ਬੰਦ ਕਰਨ।ਤੇ ਅਕਾਲ ਤਖਤ ਦੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਨਲਾਈਨ ਗੁਟਕੇ ਭੇਜਣ ਉਪਰ ਪਾਬੰਦੀ ਲਗਾਉਣ।
ਸੋਚਣ ਵਾਲੀ ਗੱਲ ਹੈ ਕਿ ਐਮਾਜ਼ੋਨ 'ਤੇ ਗੁਟਕਿਆਂ ਦੀ ਵਿਕਰੀ 'ਤੇ ਰੋਕ ਸਾਨੂੰ ਕਿਧਰ ਨੂੰ ਲੈ ਕੇ ਜਾਵੇਗੀ? ਕੀ ਕੱਲ੍ਹ ਨੂੰ ਅਸੀਂ ਗੁਰਬਾਣੀ 'ਐਪ' ਬਣਾਉਣ 'ਤੇ ਵੀ ਪਾਬੰਦੀ ਲਾਵਾਂਗੇ? ਇਸ ਵੇਲੇ ਲੱਖਾਂ ਲੋਕ ਇਥੋਂ ਤੱਕ ਕਿ ਵੱਡੇ-ਵੱਡੇ ਰਾਗੀ ਵੀ ਕੀਰਤਨ ਕਰਨ ਵੇਲੇ ਇਹ ਐਪ ਖੋਲ੍ਹ ਕੇ ਹੀ ਸ਼ਬਦਾਂ ਦਾ ਸਹੀ ਉਚਾਰਨ ਕਰਦੇ ਦੇਖੇ ਗਏ ਹਨ। ਕੀ ਅਸੀਂ ਚਾਹੁੰਦੇ ਹਾਂ ਕਿ ਗੁਰਬਾਣੀ ਸਿਰਫ਼ ਸਾਡੇ ਤੱਕ ਹੀ ਸੀਮਤ ਰਹਿ ਜਾਵੇ। ਇਹ ਯੁੱਗ ਆਰਟੀਫੀਸ਼ਲ ਇੰਟੈਲੀਜੈਂਸ (ਏ.ਆਈ.) ਦਾ ਯੁੱਗ ਹੈ, ਜਿਥੇ ਹਰ ਧਰਮ ਹਰ ਚੀਜ਼ ਦਾ ਗਿਆਨ ਪਿਆ ਹੈ ਤੇ ਕਿਸੇ ਧਰਮ ਨੂੰ ਮੰਨਣਾ ਜਾਂ ਇਥੋਂ ਤੱਕ ਕਿ ਨਾਸਤਿਕ ਬੰਦਾ ਵੀ ਕਿਸੇ ਵੀ ਧਰਮ ਤੇ ਕਿਸੇ ਵੀ ਚੀਜ਼ ਬਾਰੇ ਗਿਆਨ ਹਾਸਿਲ ਕਰਨ ਦੇ ਸਮਰੱਥ ਹੋ ਰਿਹਾ ਹੈ। ਕੀ ਅਸੀਂ ਕੱਲ੍ਹ ਨੂੰ ਏ.ਆਈ. ਵਿਚ ਵੀ ਗੁਰਬਾਣੀ ਦਾ ਮੂਲ ਪਾਠ ਪਾਉਣ 'ਤੇ ਰੋਕ ਲਗਾ ਦੇਵਾਂਗੇ?
ਐਮਾਜ਼ੋਨ ਇਸ ਵੇਲੇ 13 ਦੇਸ਼ਾਂ ਵਿਚ ਸਿੱਧੇ ਰੂਪ ਵਿਚ ਮੌਜੂਦ ਹੈ ਅਤੇ ਕਰੀਬ 100 ਮੁਲਕਾਂ ਵਿਚ ਉਹ ਚੀਜ਼ਾਂ ਭੇਜਣ ਦਾ ਕੰਮ ਕਰ ਰਹੀ ਹੈ। ਕੀ ਸ੍ਰੋਮਣੀ ਕਮੇਟੀ ਇਨ੍ਹਾਂ 100 ਮੁਲਕਾਂ ਵਿਚ ਗੁਰਬਾਣੀ ਪਹੁੰਚਾਉਣ ਦੇ ਸਮਰੱਥ ਹੈ?
ਬੀਬੀ ਕਿਰਨਜੋਤ ਕੌਰ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਵਲੋਂ ਪ੍ਰਕਾਸ਼ਤ ਸਿੱਖ ਰਹਿਤ ਮਰਿਆਦਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ ਸਹਿਤ ਪ੍ਰਕਾਸ਼ ਲਈ ਸਥਾਨ ਤੇ ਵਿਛਾਈ ਲਈ ਬਸਤਰ ਸਾਫ਼-ਸੁਥਰੇ, ਮੰਜੀ, ਗਦੇਲੇ, ਚੰਦੋਆ, ਚੌਰ ਤੇ ਰੁਮਾਲ ਆਦਿਕ ਸਮਾਨ ਗੁਰਦੁਆਰਾ ਸਾਹਿਬਾਨ ਦੇ ਪ੍ਰਕਾਸ਼-ਸਥਾਨ (ਸਤਿਸੰਗ-ਸਥਾਨ, ਦੀਵਾਨ ਹਾਲ) ਲਈ ਅਤਿ ਲੋੜੀਂਦਾ ਹੈ। ਗੁਰਬਾਣੀ ਦੀਆਂ ਸੰਥਾ ਸੈਂਚੀਆਂ, ਗੁਟਕਿਆਂ ਤੇ ਗੁਰਬਾਣੀ ਦੀ ਵਿਆਖਿਆ ਰੂਪ ਹੋਰ ਧਾਰਮਿਕ ਪੁਸਤਕਾਂ ਲਈ ਉਪਰੋਕਤ ਕਿਸਮ ਦਾ ਕੋਈ ਵਿਧਾਨ ਨਹੀਂ ਹੈ।
ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਾਬਕਾ ਗ੍ਰੰਥੀ ਤੇ ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗਿ. ਜਗਤਾਰ ਸਿੰਘ ਜਾਚਕ ਨੇ ਕਿਹਾ ਕਿ ਦੇਸ਼ ਵਿਦੇਸ਼ ਵਿਚ ਵਸਦੇ ਪੰਥ ਹਿਤਕਾਰੀ ਸੱਜਣ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਉਸ ਬਿਆਨ ਪੱਖੋਂ ਬੜੇ ਚਿੰਤਤ ਹਨ ਜਿਸ ਵਲੋਂ 100 ਦੇਸ਼ਾਂ ਤਕ ਪਹੁੰਚ ਰੱਖਣ ਵਾਲੀਆਂ ਐਮਾਜ਼ੋਨ ਤੇ ਫਲਿਪਕਾਰਟ ਵਰਗੀਆਂ ਆਨਲਾਈਨ ਸਾਈਟਾਂ ਜਾਂ ਐਪਾਂ ਰਾਹੀਂ ਗੁਰਬਾਣੀ ਦੇ ਗੁਟਕੇ ਤੇ ਸੈਂਚੀਆਂ ਆਦਿਕ ਦੀ ਵਿਕਰੀ ਨੂੰ ਬੇਅਦਬੀ ਵਜੋਂ ਲੈਂਦਿਆਂ ਅਜਿਹੀ ਵਿਕਰੀ ਨੂੰ ਰੋਕਣ ਦੀ ਜ਼ੋਰਦਾਰ ਵਕਾਲਤ ਕੀਤੀ ਹੈ।
ਉਨ੍ਹਾਂ ਕਿਹਾ ਕਿ ਕੀ ਸ੍ਰੋਮਣੀ ਕਮੇਟੀ ਅਖ਼ਬਾਰਾਂ ਤੇ ਮੈਗਜ਼ੀਨਾਂ ਰਾਹੀਂ ਗੁਰਮਤਿ ਦੀ ਵਿਆਖਿਆ ਸਬੰਧੀ ਕੋਈ ਲੇਖ ਛਾਪਣ ’ਤੇ ਵੀ ਪਾਬੰਦੀ ਲਾਵੇਗੀ? ਕੀ ਸ੍ਰੋਮਣੀ ਕਮੇਟੀ ਆਪਣੀ ਵੈੱਬਸਾਈਟ ਰਾਹੀਂ ਆਪਣੀਆਂ ਪ੍ਰਕਾਸ਼ਨਾਵਾਂ ਦੀ ਵਿਕਰੀ ’ਤੇ ਵੀ ਰੋਕ ਲਾਏਗੀ? ਉਨ੍ਹਾਂ ਕਿਹਾ ਕਿ ਇਉਂ ਜਾਪਦਾ ਹੈ ਕਿ ਪ੍ਰਧਾਨ ਜੀ ਨੇ ਰਾਜਨੀਤਕਾਂ ਦੀ ਵੋਟ-ਬਟੋਰੂ ਨੀਤੀ ਤੇ ਬਿਪਰਵਾਦੀ ਨੀਤੀਆਂ ਦੀ ਏਜੰਟ ਬਣੀ ਸੰਪਰਦਾਈ ਸੰਕੀਰਨ ਸੋਚ ਦੇ ਦਬਾਅ ਹੇਠ ਅਜਿਹਾ ਕਦਮ ਚੁੱਕਿਆ ਹੈ। ਸ਼੍ਰੋਮਣੀ ਕਮੇਟੀ ਦਾ 50 ਸਾਲਾ ਇਤਿਹਾਸ ਦਸਦਾ ਹੈ ਕਿ ਗੁਰਬਾਣੀ ਸਬੰਧੀ ਅਜਿਹੇ ਮੁੱਦੇ ਸਦਾ ਕਮੇਟੀ ਦੇ ਜਨਰਲ ਹਾਊਸ ਵਿਚ ਵਿਚਾਰੇ ਜਾਂਦੇ ਰਹੇ ਹਨ। ਕੋਈ ਵੀ ਅਹੁਦੇਦਾਰ ਗੁਰਬਾਣੀ ਦੇ ਅਦਬ ਤੇ ਪ੍ਰਕਾਸ਼ਨਾ ਪ੍ਰਤੀ ਵਿਅਕਤੀਗਤ ਬਿਆਨ ਨਹੀਂ ਦਿੰਦਾ ਰਿਹਾ।
ਉਨ੍ਹਾਂ ਸਿੱਖ ਜਗਤ ਦੇ ਬੁੱਧੀਜੀਵੀ ਵਰਗ, ਸਿੱਖ ਮਿਸ਼ਨਰੀ ਸੰਸਥਾਵਾਂ ਅਤੇ ਹੋਰ ਪੰਥਕ ਹਿਤਕਾਰੀ ਸੱਜਣਾਂ ਨੂੰ ਇਸ ਪੱਖੋਂ ਆਪਣੀ ਰਾਇ ਸਾਂਝੀ ਕਰਨੀ ਚਾਹੀਦੀ ਹੈ, ਤਾਂਕਿ ਸਿੱਖ ਜਗਤ ਦੀ ਸ਼੍ਰੋਮਣੀ ਜਮਾਤ ਸ਼੍ਰੋਮਣੀ ਕਮੇਟੀ ਸ੍ਰੀ ਅੰਮ੍ਰਿਤਸਰ ਭਵਿੱਖ ਵਿਚ ਕਿਸੇ ਪ੍ਰਕਾਰ ਦੇ ਦਬਾਅ ਦੀ ਪ੍ਰਵਾਹ ਨਾ ਕਰੇ।
ਪਹਿਲੀ ਗੱਲ ਤਾਂ ਇਹ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗੁਟਕੇ, ਪੋਥੀਆਂ ਤੇ ਧਾਰਮਿਕ ਕਿਤਾਬਾਂ ਹੋ ਹੀ ਨਹੀਂ ਸਕਦੀਆਂ ਅਤੇ ਇਨ੍ਹਾਂ ਨੂੰ ਰੱਖਣ, ਸਾਂਭਣ ਤੇ ਵੇਚਣ ਦੀ ਆਗਿਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲੀ ਨਹੀਂ ਹੋ ਸਕਦੀ। ਇਥੇ ਇਹ ਗੱਲ ਸਪੱਸ਼ਟ ਕਰਨੀ ਜ਼ਰੂਰੀ ਹੈ ਕਿ ਸਿੱਖ ਰਹਿਤ ਮਰਿਆਦਾ, ਸਿੱਖ ਸਿਧਾਂਤਾਂ ਦੀ ਵਿਆਖਿਆ ਕਰਨਾ ਸ਼੍ਰੋਮਣੀ ਕਮੇਟੀ ਦਾ ਅਧਿਕਾਰ ਹੈ। ਪਰ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਉਹ ਜਦੋਂ ਵੀ ਕੋਈ ਫ਼ੈਸਲਾ ਲਵੇ ਉਸ ਦੇ ਚੰਗੇ-ਮਾੜੇ ਸਾਰੇ ਪੱਖਾਂ ਨੂੰ ਵਿਚਾਰ ਕੇ ਹੀ ਲਵੇ ਨਾ ਕਿ ਸਿਖੀ ਦੇ ਵਿਕਾਸ ਵਿਚ ਰੁਕਾਵਟ ਪਾਵੇ।
ਚਾਹੀਦਾ ਤਾਂ ਇਹ ਹੈ ਕਿ ਅਸੀਂ ਗੁਰਬਾਣੀ ਨੂੰ ਦੁਨੀਆ ਦੀ ਹਰ ਭਾਸ਼ਾ ਵਿਚ ਅਨੁਵਾਦ ਕਰਵਾ ਕੇ ਪੀ.ਡੀ.ਐੱਫ. ਤੇ ਹੋਰ ਫਾਰਮੈਟਾਂ ਵਿਚ ਦੁਨੀਆ ਭਰ ਦੇ ਲੋਕਾਂ ਤੱਕ ਪਹੁੰਚਾਈਏ, ਤਾਂ ਜੋ ਦੁਨੀਆ ਇਸ ਰੂਹਾਨੀ ਗਿਆਨ ਤੋਂ ਜਾਣੂ ਹੋ ਸਕੇ ਤੇ ਸਿੱਖੀ ਦਾ ਚਾਨਣ ਦੁਨੀਆ ਭਰ ਵਿਚ ਫੈਲ ਸਕੇ। ਇਸ ਲਈ ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਅਸੀਂ ਇਸ ਤਰ੍ਹਾਂ ਦੁਨੀਆ ਭਰ ਵਿਚ ਗੁਰਬਾਣੀ ਦੇ ਗੁਟਕੇ ਪਹੁੰਚਾ ਸਕਣ ਦੇ ਸਮਰੱਥ ਸਾਈਟ ਨੂੰ ਗੁਟਕਾ ਵੇਚਣ ਤੋਂ ਰੋਕ ਰਹੇ ਹਾਂ ਤਾਂ ਕੀ ਅਸੀਂ ਗੁਰਬਾਣੀ ਨੂੰ ਮਨੁੱਖਤਾ ਤੱਕ ਪਹੁੰਚਾਉਣ 'ਤੇ ਵੀ ਰੋਕ ਤਾਂ ਨਹੀਂ ਲਾ ਰਹੇ? ਕੀ ਦੁਕਾਨਾਂ 'ਤੇ ਵਿਕਦੇ ਗੁਟਕਿਆਂ ਨੂੰ ਹੋਰ ਕਿਤਾਬਾਂ ਨਾਲ ਹੀ ਨਹੀਂ ਰੱਖਿਆ ਜਾ ਰਿਹਾ, ਕੀ ਸ੍ਰੋਮਣੀ ਕਮੇਟੀ ਦੁਕਾਨਾਂ 'ਤੇ ਵੀ ਗੁਟਕੇ, ਸੈਂਚੀਆਂ ਵਿਕਣੀਆਂ ਬੰਦ ਕਰਾ ਦੇਵੇਗੀ?
ਸੱਚ ਇਹ ਵੀ ਹੈ ਕਿ ਸਿਖੀ ਪ੍ਰਚਾਰ ਦੀ ਘਾਟ ਕਾਰਣ ਪੰਜਾਬ ਵਿਚ ਵੀ ਕਿਵੇਂ ਸਿੱਖ ਇਸਾਈ ਬਣ ਰਹੇ ਹਨ। ਇਸਾਈ ਆਪਣਾ ਧਾਰਮਿਕ ਸਾਹਿਤ ਕਿਵੇਂ ਮੁਫ਼ਤ ਵੰਡਦੇ ਹਨ। ਪਰ ਸ਼੍ਰੋਮਣੀ ਕਮੇਟੀ ਦਾ ਸਿੱਖੀ ਪ੍ਰਚਾਰ ਵਲ ਧਿਆਨ ਹੀ ਨਹੀਂ ਹੈ। ਸਹੀ ਇਲਾਜ ਇਹ ਹੈ ਕਿ ਸਿੱਖ ਬੁਧੀਜੀਵੀਆਂ ਦਾ ਇਕਠ ਬੁਲਾਕੇ ਸ਼੍ਰੋਮਣੀ ਕਮੇਟੀ ਬੇਅਦਬੀ ਕੀ ਹੈ ਤੇ ਕੀ ਬੇਅਦਬੀ ਨਹੀਂ ਹੈ, ਦੀ ਇਕ ਪ੍ਰੀਭਾਸ਼ਾ ਨਿਸਚਿਤ ਕਰੇ, ਤਾਂ ਜੋ ਹਰ ਨਿੱਕੀ-ਵੱਡੀ ਘਟਨਾ ਜਾਂ ਗੱਲ ਨੂੰ ਬੇਅਦਬੀ ਤੇ ਸਤਿਕਾਰ ਨਾਲ ਜੋੜ ਕੇ ਸਿੱਖੀ ਦੇ ਚਾਨਣ ਨੂੰ ਫੈਲਣ ਤੋਂ ਰੋਕਿਆ ਨਾ ਜਾ ਸਕੇ।












Comments (0)