ਐਸਜੀਪੀਸੀ 28 ਮਾਰਚ ਦੇ ਜਨਰਲ ਇਜਲਾਸ ਵਿੱਚ ਸਿੰਘ ਸਾਹਿਬਾਨ ਨੂੰ ਸੇਵਾ ਦੇਣ ਅਤੇ ਸੇਵਾ ਮੁਕਤੀ ਲਈ ਪੰਥਕ ਭਾਵਨਾਵਾਂ ਅਨੁਸਾਰ ਵਿਧੀ ਵਿਧਾਨ ਬਣਾਵੇ: ਪੰਜ ਮੈਂਬਰੀ ਭਰਤੀ ਕਮੇਟੀ
ਅੰਮ੍ਰਿਤਸਰ ਟਾਈਮਜ਼ ਬਿਊਰੋ
ਚੰਡੀਗੜ 19 ਮਾਰਚ: ਪੰਜ ਮੈਂਬਰੀ ਭਰਤੀ ਕਮੇਟੀ ਮੈਬਰਾਂ ਸਰਦਾਰ ਮਨਪ੍ਰੀਤ ਸਿੰਘ ਇਯਾਲੀ, ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਸਰਦਾਰ ਇਕਬਾਲ ਸਿੰਘ ਝੂੰਦਾ, ਜੱਥੇਦਾਰ ਸੰਤਾ ਸਿੰਘ ਉਮੈਦਪੁਰ ਨੇ ਆਪਣੇ ਜਾਰੀ ਸਾਂਝੇ ਬਿਆਨ ਵਿੱਚ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਾਹਿਬ ਦੀਆਂ ਦੂਰ ਹੋਈਆਂ ਨਰਾਜਗੀਆਂ ਦੀ ਖਬਰਾਂ ਵਿਚਕਾਰ ਅਤੇ ਮੁੜ ਸੇਵਾ ਸੰਭਾਲ ਤੋ ਪਹਿਲਾਂ ਓਹਨਾ ਨੂੰ ਪੰਥਕ ਭਾਵਨਾਵਾਂ ਦੀ ਰਾਖੀ ਕਰਨ ਦੀ ਗਹਿਰੀ ਅਪੀਲ ਕੀਤੀ ਹੈ।
ਮੈਬਰਾਂ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਧਾਮੀ ਸਾਹਿਬ ਦੇ ਅਸਤੀਫ਼ੇ ਦੀਆਂ ਮੀਡੀਆ ਵਿੱਚ ਜਿਸ ਤਰਾਂ ਦੀ ਖਬਰਾਂ ਪ੍ਰਕਾਸ਼ਿਤ ਰਹੀਆਂ ਕਿ ਓਹਨਾ ਤੇ ਬਹੁਤ ਵੱਡਾ ਦਬਾਅ ਰਿਹਾ, ਦੋ ਦਸੰਬਰ ਦੇ ਹੁਕਮਨਾਮਾ ਸਾਹਿਬ ਜਾਰੀ ਕਰਨ ਵਾਲੇ ਫ਼ਸੀਲ ਤੇ ਹਾਜ਼ਰ ਸਿੰਘ ਸਾਹਿਬਾਨ ਨੂੰ ਹਟਾਉਣ ਦੇ ਲਈ, ਜਿਸ ਕਾਰਨ ਓਹਨਾ ਨੂੰ ਆਪਣੀ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇਣ ਲਈ ਮਜਬੂਰ ਹੋਣਾ ਪਿਆ ਸੀ। ਇਸ ਲਈ ਹੁਣ ਜਦੋਂ ਇਹ ਵੱਡਾ ਪੰਥਕ ਘਾਣ ਓਹਨਾ ਦੇ ਸਮੇਂ ਜਾਂ ਉਹਨਾਂ ਦੀ ਗੈਰ ਮੌਜੂਦਗੀ ਵਿੱਚ ਹੋਣ ਕਰ ਕੇ ਪੰਥ ਅਤੇ ਕੌਮ ਦੀਆਂ ਭਾਵਨਾਵਾਂ ਨੂੰ ਹਤਾਸ਼ ਕੀਤਾ ਜਾ ਚੁੱਕਾ ਹੈ ਅਤੇ ਸਿਧਾਤਾਂ ਨੂੰ ਚੁਣੌਤੀ ਦਿੱਤੀ ਜਾ ਚੁੱਕੀ ਹੈ ਤਾਂ ਧਾਮੀ ਸਾਹਿਬ ਦੀਆਂ ਦੂਰ ਹੋਈਆਂ ਨਰਾਜਗੀਆਂ ਤੇ ਮੁੜ ਸੇਵਾ ਸੰਭਾਲਣ ਤੋਂ ਪਹਿਲਾਂ ਹਰ ਸਿੱਖ ਦਰਦੀ ਦੀ ਤਰਾਂ ਉਮੀਦ ਵੀ ਕਰਦੇ ਹਾਂ ਅਤੇ ਮੰਗ ਵੀ ਕਰਦੇ ਹਾਂ ਕਿ ਧਾਮੀ ਸਾਹਿਬ ਦੋ ਦਸੰਬਰ ਦੇ ਹੁਕਮਨਾਮਾ ਸੁਣਾਉਣ ਦੀ ਸਜਾ ਭੁਗਤ ਰਹੇ ਸਿੰਘ ਸਾਹਿਬਾਨ ਨੂੰ ਮੁੜ ਬਹਾਲੀ ਕਰਨਗੇ।
ਇਸ ਤੋਂ ਇਲਾਵਾ ਜਾਰੀ ਬਿਆਨ ਵਿੱਚ ਆਗੂਆਂ ਨੇ ਕਿਹਾ ਕਿ ਸੇਵਾ ਦੇਣ ਅਤੇ ਸੇਵਾ ਮੁਕਤ ਕਰਨ ਲਈ ਪੱਕਾ ਵਿਧੀ ਵਿਧਾਨ ਬਣੇ, ਸੇਵਾ ਮੁਕਤ ਕੀਤੇ ਤਿੰਨੋ ਸਿੰਘ ਸਾਹਿਬਾਨ ਦੀਆਂ ਸੇਵਾਵਾਂ ਮੁੜ ਬਹਾਲ ਹੋਣ, ਇਸ ਲਈ ਹਰ ਐਸਜੀਪੀਸੀ ਮੈਂਬਰ ਨੂੰ ਆਪਣੀ ਪੰਥ ਪ੍ਰਤੀ ਜ਼ਿੰਮੇਵਾਰੀ ਅਤੇ ਫਰਜ ਨੂੰ ਸਮਝਦੇ ਹੋਏ, ਅੰਤ੍ਰਿੰਗ ਕਮੇਟੀ ਦੇ ਮਤਿਆਂ ਨੂੰ ਰੱਦ ਕਰਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ, ਜੇਕਰ ਕੋਈ ਵੀ ਐਸਜੀਪੀਸੀ ਮੈਂਬਰ ਆਪਣੀ ਜ਼ਿੰਮੇਵਾਰੀ ਅਤੇ ਫਰਜ ਨੂੰ ਨਹੀਂ ਸਮਝਦਾ ਤੇ ਪੰਥਕ ਭਾਵਨਾ ਦੇ ਖਿਲਾਫ ਜਾਂਦਾ ਹੈ ਤਾਂ ਸੰਗਤ ਦੇ ਗੁੱਸੇ ਦਾ ਸਾਹਮਣਾ ਕਰਨਾਂ ਪੈ ਸਕਦਾ ਹੈ।
ਇਸ ਦੇ ਨਾਲ ਜਾਰੀ ਬਿਆਨ ਵਿਚ ਮੈਬਰਾਂ ਨੇ ਕਿਹਾ ਕਿ ਉਹ ਵਿਅਕਤੀ ਵਿਸ਼ੇਸ਼ ਦੇ ਖਿਲਾਫ ਨਹੀਂ ਹਨ, ਗੱਲ ਪੰਥਕ ਸਿਧਾਂਤਾਂ ਦੇ ਖਿਲਾਫ ਹੋਏ ਫੈਸਲਿਆਂ ਦੀ ਹੈ, ਕਿਸੇ ਹੋਰ ਸਿੰਘ ਸਾਹਿਬਾਨ ਦਾ ਨਿਰਾਦਰ ਨਾ ਹੋਵੇ, ਇਸ ਲਈ ਜ਼ਰੂਰੀ ਵਿਧੀ ਵਿਧਾਨ ਬਣਾਉਣ ਲਈ ਸਰਦਾਰ ਧਾਮੀ ਅੱਗੇ ਆਉਣ॥











Comments (0)