ਇਨਸਾਫ ਦੀ ਉਡੀਕ 'ਚ ਲੰਘੀ ਸਾਕਾ ਨਕੋਦਰ ਦੇ ਸ਼ਹੀਦਾਂ ਦੀ 33ਵੀਂ ਬਰਸੀ 

ਇਨਸਾਫ ਦੀ ਉਡੀਕ 'ਚ ਲੰਘੀ ਸਾਕਾ ਨਕੋਦਰ ਦੇ ਸ਼ਹੀਦਾਂ ਦੀ 33ਵੀਂ ਬਰਸੀ 

ਨਕੋਦਰ/ਏਟੀ ਨਿਊਜ਼ :
ਸ਼ਹੀਦ ਭਾਈ ਰਵਿੰਦਰ ਸਿੰਘ ਲਿੱਤਰਾਂ ਦੇ ਪਿੰਡ ਲਿੱਤਰਾਂ ਵਿਖੇ ਨਕੋਦਰ ਸਾਕੇ ਨੂੰ ਯਾਦ ਕਰਦਿਆਂ ਸ਼ਹੀਦ ਭਾਈ ਰਵਿੰਦਰ ਸਿੰਘ, ਭਾਈ ਝਿਲਮਣ ਸਿੰਘ, ਭਾਈ ਬਲਧੀਰ ਸਿੰਘ ਅਤੇ ਭਾਈ ਹਰਮਿੰਦਰ ਸਿੰਘ ਜੀ ਦਾ 33ਵਾਂ ਸ਼ਹੀਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਭਾਈ ਰਵਿੰਦਰ ਸਿੰਘ ਜੀ ਦੇ ਪਿਤਾ ਬਾਪੂ ਬਲਦੇਵ ਸਿੰਘ ਹਰ ਸਾਲ ਵਾਂਗ ਅਮਰੀਕਾ ਤੋਂ ਆਏ। ਗੁਰੂਦੁਆਰਾ ਸਾਹਿਬ ਵਿਖੇ ਸ੍ਰੀ ਸਹਿਜ ਪਾਠ ਜੀ ਦੇ ਭੋਗ ਉਪਰੰਤ ਰਾਗੀ ਸਿੰਘਾਂ ਨੇ ਸਿੱਖ ਪੰਥ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਭਾਵ-ਭਿੰਨਾ ਗੁਰਬਾਣੀ ਕੀਰਤਨ ਪਹੁੰਚੀ ਸੰਗਤ ਨੂੰ ਸਰਵਣ ਕਰਵਾਇਆ।
4 ਫਰਵਰੀ 1986 ਨੂੰ ਨਕੋਦਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋਂ ਇਕੱਠੀ ਹੋਈ ਸੰਗਤ ਉੱਪਰ ਪੰਜਾਬ ਪੁਲਸ ਵੱਲੋਂ ਅੰਨ੍ਹੇਵਾਹ ਗੋਲੀਆਂ ਵਰ੍ਹਾ ਕੇ 4 ਨੌਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਨਕੋਦਰ ਸਾਕੇ ਵਜੋਂ ਜਾਣੇ ਜਾਂਦੇ ਇਸ ਸਰਕਾਰੀ ਦਹਿਸ਼ਤਗਰਦੀ ਦੇ ਕਿੱਸੇ ਦੇ ਨਿਆਂ ਲਈ ਅਨੇਕਾਂ ਯਤਨ ਕੀਤੇ ਗਏ ਪਰ 33 ਸਾਲ ਬੀਤਣ ਮਗਰੋਂ ਇਨਸਾਫ ਦੀ ਕੋਈ ਮੱਧਮ ਜੇਹੀ ਲੋਅ ਵੀ ਪਰਿਵਾਰਾਂ ਨੂੰ ਹਾਲੇ ਤੱਕ ਨਹੀਂ ਦਿਖੀ।
ਪੰਜਾਬ ਸਰਕਾਰ ਵੱਲੋਂ ਇਸ ਸਾਕੇ ਦੀ ਜਾਂਚ ਲਈ ਬਣਾਏ ਗਏ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਹਾਲੇ ਤਕ ਵੀ ਜਨਤਕ ਨਹੀਂ ਕੀਤੀ ਗਈ। ਅਪ੍ਰੈਲ 2017 ਵਿਚ ਨਕੋਦਰ ਸਾਕੇ ਦੇ ਸ਼ਹੀਦਾਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਲਗਾਈਆਂ ਗਈਆਂ ਸਨ।
ਅਰਦਾਸ ਅਤੇ ਹੁਕਮਨਾਮਾ ਸਾਹਿਬ ਤੋਂ ਉਪਰੰਤ ਬਾਪੂ ਬਲਦੇਵ ਸਿੰਘ ਜੀ ਨੇ 4 ਅਤੇ 5 ਫਰਵਰੀ 1986 ਦੇ ਦਿਨਾਂ ਨੂੰ ਚੇਤੇ ਕਰਦਿਆਂ ਦੱਸਿਆ ਕਿ ਉਹਨਾਂ ਨੂੰ ਸ਼ਹੀਦਾਂ ਦੀਆਂ ਦੇਹਾਂ ਦੇ ਦਰਸ਼ਨ ਵੀ ਕਿੰਨੀ ਮੁਸ਼ਕਲ ਨਾਲ ਨਸੀਬ ਹੋਏ ਸਨ। ਇਸ ਸਮਾਗਮ ਮੌਕੇ ਹਾਜ਼ਰੀ ਭਰਨ ਆਏ ਦਲ ਖਾਲਸਾ ਦੇ ਆਗੂ ਸ.ਹਰਚਰਨਜੀਤ ਸਿੰਘ ਧਾਮੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਅੰਦਰ ਵਾਪਰੇ ਸਾਕਾ ਨਕੋਦਰ ਅਤੇ ਸਾਕਾ ਬਹਿਬਲ ਕਲਾਂ ਬਾਰੇ ਦੱਸਦਿਆਂ ਕਿਹਾ ਕਿ “ਸਿੱਖ ਪੰਥ ਨੂੰ ਆਪਣੀ ਵਰਤਮਾਨ ਰਾਜਸੀ ਸਥਿਤੀ ਬਾਰੇ ਚੇਤੰਨ ਹੋਕੇ ਸੋਚਣ ਦੀ ਲੋੜ ਹੈ”। ਇਸ ਮੌਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਭਾਵਪੂਰਤ ਸ਼ਬਦਾਂ ਨਾਲ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।
ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਭਾਈ ਨਰਾਇਣ ਸਿੰਘ ਚੌੜਾ ਅਤੇ ਪ੍ਰੋਫੈਸਰ ਬਲਜਿੰਦਰ ਸਿੰਘ ਜੀ ਨੇ ਕਿਹਾ ਕਿ ਓਹ ਨਕੋਦਰ ਸਾਕੇ ਦੀ ਜਾਂਚ ਲਈ ਬਣੇ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਜਾਂਚ ਜਨਤਕ ਕਰਵਾਉਣ ਲਈ ਕਨੂੰਨੀ ਕੋਸ਼ਿਸ਼ਾਂ ਕਰਨਗੇ।
ਭਾਈ ਨਰਾਇਣ ਸਿੰਘ ਨੇ ਦੱਸਿਆ ਕਿ ਨਕੋਦਰ ਸਾਕੇ ਦੇ ਇਨਸਾਫ ਲਈ ਯਤਨ ਕਰਨਾ ਪੰਜ ਮੈਂਬਰੀ ਕਮੇਟੀ ਦੇ ਮੁੱਢਲੇ ਨਿਸ਼ਾਨਿਆਂ ਵਿਚੋਂ ਹੈ।
ਇਸ ਮੌਕੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਆਗੂ ਸ. ਕਰਨੈਲ ਸਿੰਘ ਪੀਰ ਮੁਹੰਮਦ ਨੇ ਆਪਣੇ ਵਿਚਾਰਾਂ ਨੂੰ ਪੰਥਕ ਤਾਲਮੇਲ 'ਤੇ ਕੇਂਦਰਿਤ ਰੱਖਿਆ ਅਤੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਅਗਲੇ ਇਜਲਾਸ ਮੌਕੇ ਵਿਧਾਨ ਸਭਾ ਦੇ ਬਾਹਰ ਰੋਸ ਵਿਖਾਵਾ ਕੀਤਾ ਜਾਣਾ ਚਾਹੀਦਾ ਹੈ।
ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਤੋਂ ਭਾਈ ਸੁਖਜੀਤ ਸਿੰਘ ਖੋਸੇ, ਅਲਾਇੰਸ ਆਫ ਸਿੱਖ ਆਰਗਨਾਈਜ਼ੇਸ਼ਨ ਤੋਂ ਸ. ਪਰਮਪਾਲ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੋਂ ਸ.ਜਗਜੀਤ ਸਿੰਘ ਪਹੁੰਚੇ।


ਨਕੋਦਰ ਗੋਲੀ ਕਾਂਡ ਬਾਰੇ ਝੂਠ ਬੋਲ ਰਿਹਾ ਹੈ ਦਰਬਾਰਾ ਗੁਰੂ
ਅੰਮ੍ਰਿਤਸਰ/ਏਟੀ ਨਿਊਜ਼ :
ਨਕੋਦਰ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਫਰਵਰੀ-1986 ਵਿੱਚ ਗੁਰੂ-ਦੋਖੀਆਂ ਵਲੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਗਨ ਭੇਟ ਕਰਨ ਦੀ ਦੁਖਦਾਈ ਘਟਨਾ ਖਿਲਾਫ ਰੋਸ ਪ੍ਰਗਟਾ ਰਹੀਆਂ ਸੰਗਤਾਂ ਵਿੱਚ ਸ਼ਾਮਿਲ ਚਾਰ ਸਿੱਖ ਨੌਜੁਆਨਾਂ ਨੂੰ ਪੁਲਿਸ ਵਲੋਂ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ ਤੇ ਫਿਰ ਉਨ੍ਹਾਂ ਦੀਆਂ ਸ਼ਹੀਦੀ ਦੇਹਾਂ ਵੀ ਪਰਵਾਰਾਂ ਨੂੰ ਨਾ ਕੇ ਉਨ੍ਹਾਂ ਦਾ ਸੰਸਕਾਰ ਲਾਵਾਰਿਸ ਕਹਿ ਕੇ ਕਰ ਦਿੱਤਾ ਗਿਆ।
ਇਹ ਕੌੜਾ ਸੱਚ ਹੁਣ ਕਿਸੇ ਪਾਸੋਂ ਛੁਪਿਆ ਹੋਇਆ ਨਹੀ ਹੈ। ਭਲੇ ਹੀ ਉਸ ਵੇਲੇ ਦੀ ਸੁਰਜੀਤ ਸਿੰਘ ਬਰਨਾਲਾ ਸਰਕਾਰ ਨੇ ਆਪਣੇ ਇਸ ਪਾਪ ਉਤੇ ਪਰਦਾ ਪਾਉਣ ਦੀ ਨੀਅਤ ਨਾਲ ਇਸ ਮਾਮਲੇ ਵਿੱਚ ਜਸਟਿਸ ਗੁਰਨਾਮ ਸਿੰਘ ਦਾ ਜਾਂਚ ਲੇਖਾ ਜਨਤਕ ਨਾ ਹੋਣ ਦਿੱਤਾ ਪਰ ਨਕੋਦਰ ਦੇ ਤਤਕਾਲੀਨ ਵਧੀਕ ਡਿਪਟੀ ਕਮਿਸ਼ਨਰ ਰਹੇ ਦਰਬਾਰਾ ਸਿੰਘ ਗੁਰੂ, ਜਿਨ੍ਹਾਂ ਨੂੰ ਬਾਦਲ ਸਰਕਾਰ ਨੇ ਮੁੱਖ ਸਕੱਤਰ ਪੰਜਾਬ ਦੇ ਅਹੁਦੇ ਨਾਲ ਵੀ ਨਿਵਾਜ਼ਿਆ ਤੇ ਸੇਵਾ ਮੁਕਤ ਹੋਣ ਤੇ ਆਪਣੇ ਗਲ ਲਾਉਂਦਿਆਂ ਇੱਕ ਵਾਰ ਵਿਧਾਇਕ ਦੀ ਚੋਣ ਲੜਨ ਲਈ ਪਾਰਟੀ ਟਿਕਟ ਵੀ ਦੇ ਦਿੱਤੀ, ਉਹ ਇਸ ਘਟਨਾ ਬਾਰੇ ਕੁਫਰ ਕਿਉਂ ਤੋਲ ਰਹੇ ਹਨ?
ਜ਼ਿਕਰ ਕਰਨਾ ਬਣਦਾ ਹੈ ਕਿ ਦਰਬਾਰਾ ਸਿੰਘ ਗੁਰੂ ਨੇ ਬੀਤੇ ਦਿਨੀਂ ਕਿਹਾ ਸੀ ਕਿ ਉਨ੍ਹਾਂ ਦਾ ਨਕੋਦਰ ਕਾਂਡ ਨਾਲ ਕੋਈ ਲੈਣ ਦੇਣ ਨਹੀ ਹੈ ਪਰ ਇਸ ਕਾਂਡ ਵਿੱਚ ਪੁਲਿਸ ਗੋਲੀ ਨਾਲ ਸ਼ਹੀਦ ਹੋਏ ਭਾਈ ਰਵਿੰਦਰ ਸਿੰਘ ਲਿੱਤਰਾਂ ਦੇ ਪਰਿਵਾਰ ਨੇ ਡਿਪਟੀ ਕਮਿਸ਼ਨਰ ਦਫਤਰ ਨਕੋਦਰ ਵਲੋਂ ਜਾਰੀ ਉਸ ਹੁਕਮ ਦੀ ਨਕਲ ਜਨਤਕ ਕੀਤੀ ਹੈ ਜਿਸ ਉਪਰ ਦਰਬਾਰਾ ਸਿੰਘ ਗੁਰੂ ਨੇ ਵਧੀਕ ਜ਼ਿਲ੍ਹਾ ਮੈਜਿਸਟਰੇਟ ਜਲੰਧਰ (ਕੈਂਪ ਆਫਿਸ ਨਕੋਦਰ) ਵਜੋਂ ਦਸਤਖਤ ਕੀਤੇ ਹੋਏ ਹਨ।
3 ਫਰਵਰੀ 1986 ਨੂੰ 'ਕਰਫਿਊ ਆਰਡਰ' ਦੇ ਸਿਰਲੇਖ ਹੇਠ ਜਾਰੀ ਦਫਤਰੀ ਹੁਕਮ ਨੰਬਰ 741-72/ਐਮ.ਸੀ. ਮਿਤੀ 3-2-1986 ਵਿੱਚ ਲਿਖਿਆ ਹੈ 'ਨਕੋਦਰ ਦੇ ਹਾਲਾਤ ਨੂੰ ਵੇਖਦਿਆਂ ਮੈਨੂੰ ਪੂਰੀ ਤਸੱਲੀ ਹੈ ਕਿ ਹਾਲਾਤ ਕਿਸੇ ਵੇਲੇ ਵੀ ਹਿੰਸਾ ਦਾ ਰੂਪ ਧਾਰਣ ਕਰ ਸਕਦੇ ਹਨ, ਇਸ ਲਈ ਮੈਂ ਦਰਬਾਰਾ ਸਿੰਘ ਗੁਰੂ ਆਈ.ਏ.ਐਸ. ਵਧੀਕ ਡਿਪਟੀ ਕਮਿਸ਼ਨਰ ਜਲੰਧਰ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਨਕੋਦਰ ਵਿੱਚ ਧਾਰਾ 144 ਤਹਿਤ ਕਰਫਿਉ ਦਾ ਹੁਕਮ ਦਿੰਦਾ ਹਾਂ'।
ਭਾਈ ਰਵਿੰਦਰ ਸਿੰਘ ਦੇ ਪਰਿਵਾਰ ਨੇ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਵਲੋਂ ਡਿਪਟੀ ਕਮਿਸ਼ਨਰ ਦਫਤਰ ਨੂੰ ਭੇਜੀ ਉਸ ਚਿੱਠੀ ਦੀ ਨਕਲ ਵੀ ਭੇਜੀ ਹੈ ਜਿਸ ਵਿੱਚ ਹੁਕਮ ਕੀਤਾ ਗਿਆ ਹੈ ਕਿ ਡਿਪਟੀ ਕਮਿਸ਼ਨਰ ਦਫਤਰ ਦਾ ਕੋਈ ਅਧਿਕਾਰੀ ਕਮਿਸ਼ਨ ਸਾਹਮਣੇ ਪੇਸ਼ ਹੋਵੇ। ਇਸੇ ਚਿੱਠੀ ਉਪਰ ਆਦੇਸ਼ ਦਿੰਦਿਆਂ ਡਿਪਟੀ ਕਮਿਸ਼ਨਰ ਦਫਤਰ ਜਲੰਧਰ ਲਿਖਦਾ ਹੈ ਕਿ ਐਸ.ਡੀ.ਏ. ਕਮਿਸ਼ਨ ਪਾਸ ਪੇਸ਼ ਹੋਵੇ ਤੇ ਕਰਫਿਉ ਹੁਕਮ ਦੀ ਕਾਪੀ ਨਾਲ ਲੈ ਕੇ ਜਾਵੇ।
ਦੂਸਰੇ ਪਾਸੇ ਘਟਨਾ ਦੀ ਨਿਰਪੱਖ ਜਾਂਚ ਕਰਨ ਵਾਲੀ ਮਨੁੱਖੀ ਹੱਕਾਂ ਦੀ ਜਥੇਬੰਦੀ ਇੰਟਰਨੈਸ਼ਨਲ ਹਿਉਮਨ ਰਾਈਟਸ ਆਰਗੇਨਾਈਜੇਸ਼ਨ” ਦੀ ਜਾਂਚ ਖੁਲਾਸਾ ਕਰਦੀ ਹੈ ਕਿ ਜਿਸ ਵੇਲੇ ਵਧੀਕ ਡਿਪਟੀ ਕਮਿਸ਼ਨਰ ਦਰਬਾਰਾ ਸਿੰਘ ਗੁਰੂ ਤੇ ਐਸ.ਐਸ.ਪੀ. ਇਜ਼ਹਾਰ ਆਲਮ ਗੁਰਦੁਆਰਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਗਨ ਭੇਟ ਕੀਤੇ ਜਾਣ ਦੀ ਘਟਨਾ ਦਾ ਜਾਇਜ਼ਾ ਲੈਣ ਆਏ ਤਾਂ ਦਰਬਾਰਾ ਸਿੰਘ ਗੁਰੂ ਨੇ ਬਿਨਾ ਕੁਝ ਵੇਖੇ ਹੀ ਕਹਿ ਦਿੱਤਾ ਇਹ ਤਾਂ ਅਚਨਚੇਤੀ ਘਟਨਾ ਕਾਰਨ ਵਾਪਰਿਆ ਹੈ। ਹਾਲਾਂਕਿ ਇੰਟਰਨੈਸ਼ਨਲ ਹਿਉਮਨ ਰਾਈਟਸ ਆਰਗੇਨਾਈਜੇਸ਼ਨ ਨੇ ਆਪਣੀ ਜਾਂਚ ਵਿੱਚ ਸਾਫ ਕੀਤਾ ਹੈ ਕਿ ਗੁਰਦੁਆਰਾ ਸਾਹਿਬ ਅੰਦਰ ਨਾ ਤਾਂ ਕੋਈ ਜੋਤ ਸੀ, ਨਾ ਧੂਫ ਤੇ ਨਾ ਹੀ ਬਿਜਲੀ ਦਾ ਕੋਈ ਸ਼ਾਰਟ-ਸਰਕਟ” ਤੇ ਨਾ ਹੀ ਬਿਜਲੀ ਵਿਭਾਗ ਵਲੋਂ ਲਗਾਏ ਗਏ ਕਿਸੇ ਪਾਵਰ ਕੱਟ ਦਾ ਵੇਰਵਾ। ਆਈ.ਐਚ.ਆਰ.ਓ. ਨੇ ਆਪਣੀ ਚਿੰਤਾ ਜਾਹਰ ਕੀਤੀ ਸੀ ਕਿ ਆਖਿਰ ਘਟਨਾ ਦੇ ਉਪਰੰਤ ਇੰਟੈਲੀਜੈਂਸ ਅਫਸਰ ਰਣਜੀਤ ਸਿੰਘ ਭਿੰਡਰ ਅਤੇ ਕਾਂਗਰਸੀ ਆਗੂ ਉਮਰਾਉ ਸਿੰਘ ਨਕੋਦਰ ਦੇ ਸ਼ਿਵ ਸੈਨਾ ਸਰਪ੍ਰਸਤ ਦੇ ਘਰ ਕੀ ਲੈਣ ਗਏ ਸਨ ਜਦੋਂ ਕਿ ਇਸ ਘਟਨਾ ਲਈ ਸ਼ਿਵ ਸੈਨਾ ਨੂੰ ਜਿੰਮੇਵਾਰ ਦੱਸਿਆ ਜਾ ਰਿਹਾ ਸੀ।
ਨਕੋਦਰ ਗੋਲੀ ਕਾਂਡ ਨਾਲ ਜੁੜੇ ਜੋ ਦਸਤਾਵੇਜ਼ ਸਾਹਮਣੇ ਆਏ ਹਨ, ਸਭ ਕੁਝ ਹਕੀਕਤ ਬਿਆਨ ਕਰਦੇ ਹਨ ਤਾਂ ਫਿਰ ਦਰਬਾਰਾ ਸਿੰਘ ਗੁਰੂ ਇਸ ਘਟਨਾ ਬਾਰੇ ਐਡਾ ਵੱਡਾ ਕੁਫਰ ਕਿਉਂ ਤੋਲ ਰਹੇ ਹਨ? ਇਹ ਤਾਂ ਹੀ ਸਾਹਮਣੇ ਆ ਸਕੇਗਾ ਜਦੋਂ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦਾ ਜਾਂਚ ਲੇਖਾ ਜਨਤਕ ਹੋਵੇਗੀ ਜਿਸ ਨੂੰ ਕਿ ਪੰਜਾਬ ਵਿਚ ਬਣਨ ਵਾਲੀਆਂ ਸਰਕਾਰਾਂ ਲੰਘੇ ਤਿੰਨ ਦਹਾਕਿਆਂ ਤੋਂ ਦੱਬ-ਦੱਬ ਕੇ ਰੱਖ ਰਹੀਆਂ ਹਨ। ਇਹ ਆਉਂਦੇ ਦਿਨਾਂ ਵਿਚ ਹੀ ਪਤਾ ਲੱਗੇਗਾ ਕਿ ਕੀ ਜਸਟਿਸ ਰਣਜੀਤ ਸਿੰਘ ਦਾ ਜਾਂਚ ਲੇਖਾ ਜਨਤਕ ਕਰਨ ਵਾਲੀ ਮੌਜੂਦਾ ਸਰਕਾਰ ਜਸਟਿਸ ਗੁਰਨਾਮ ਸਿੰਘ ਦਾ ਜਾਂਚ ਲੇਖਾ ਜਨਤਕ ਕਰਨ ਦੀ ਸਿਆਸੀ ਇੱਛਾ-ਸ਼ਕਤੀ ਵਿਖਾ ਸਕੇਗੀ?