ਪੰਜਾਬ ਕਾਂਗਰਸ ਵਿਚ ਸਿਆਸੀ ਸੰਕਟ ਵਧਣ ਦੀ ਸੰਭਾਵਨਾ
*ਪ੍ਰਸ਼ਾਂਤ ਕਿਸ਼ੋਰ ਵੱਲੋਂ ਕਾਂਗਰਸ ਵਿਚ ਸ਼ਾਮਲ ਹੋਣ ਤੋਂ ਇਨਕਾਰੀ ,ਸਿਧੂ ਨਾਲ ਹੋਈ ਮੁਲਾਕਾਤ
*ਜਾਖੜ ਤੋਂ ਸੋਨੀਆ ਗਾਂਧੀ ਨੇ ਸਾਰੇ ਅਹੁਦੇ ਖੋਹੇ
ਅਨੁਸ਼ਾਸਨੀ ਕਮੇਟੀ ਦੀ ਹਦਾਇਤ ਨਾ ਮੰਨਕੇ ਜਾਖੜ ਨੂੰ ਮੁਅੱਤਲ ਨਾ ਕੀਤਾ
ਅੰਮ੍ਰਿਤਸਰ ਟਾਈਮਜ਼
ਨਵੀਂ ਦਿੱਲੀ: ਪੰਜਾਬ ਕਾਂਗਰਸ ਦਾ ਸਿਆਸੀ ਸੰਕਟ ਵਧਦਾ ਜਾ ਰਿਹਾ ਹੈ। ਨਵਜੋਤ ਸਿੰਘ ਸਿਧੂ ਤੇ ਸੁਨੀਲ ਜਾਖੜ ਬਾਗੀ ਮੂਡ ਵਿਚ ਹਨ।ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅਨੁਸ਼ਾਸਨੀ ਕਮੇਟੀ ਦੀ ਸਿਫਾਰਸ਼ ਮਗਰੋਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੂੰ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਲਾਂਭੇ ਕਰ ਦਿੱਤਾ ਹੈ। ਅਨੁਸ਼ਾਸਨੀ ਕਮੇਟੀ ਨੇ ਅਨੁਸ਼ਾਸਨਹੀਣਤਾ ਦੇ ਦੋਸ਼ਾਂ ਤਹਿਤ ਸੁਨੀਲ ਜਾਖੜ ਨੂੰ ਪਾਰਟੀ ਵਿਚੋਂ ਦੋ ਸਾਲਾਂ ਲਈ ਮੁਅੱਤਲ ਕਰਨ ਦੀ ਸਿਫਾਰਸ਼ ਕੀਤੀ ਸੀ। ਸੋਨੀਆ ਗਾਂਧੀ ਨੇ ਹਾਲਾਂਕਿ ਸੁਨੀਲ ਜਾਖੜ ਖ਼ਿਲਾਫ਼ ਮੁਅੱਤਲੀ ਵਰਗਾ ਸਖ਼ਤ ਕਦਮ ਚੁੱਕਣ ਤੋਂ ਪਾਸਾ ਵੱਟ ਲਿਆ ਕਿਉਂਕਿ ਕਾਂਗਰਸ ਪਹਿਲਾਂ ਹੀ ਨਿਵਾਣ ਵੱਲ ਖਿਸਕ ਰਹੀ ਹੈ। ਕਾਂਗਰਸ ਹਾਈਕਮਾਨ ਨੇ ਜਾਖੜ ਨੂੰ ਸਾਰੇ ਅਹੁਦਿਆਂ ਤੋਂ ਹਟਾ ਕੇ ਮਹਿਜ਼ ਖਾਨਾਪੂਰਤੀ ਕੀਤੀ ਹੈ ਕਿਉਂਕਿ ਸੁਨੀਲ ਜਾਖੜ ਕੋਲ ਇਸ ਵੇਲੇ ਪਾਰਟੀ ਦਾ ਕੋਈ ਵੀ ਅਹੁਦਾ ਨਹੀਂ ਹੈ। ਹਾਈਕਮਾਨ ਦੀ ਜਾਖੜ ਖਿਲਾਫ਼ ਮੱਠੀ ਕਾਰਵਾਈ ਤੋਂ ਸਾਫ ਹੈ ਕਿ ਹਾਈਕਮਾਨ ਅੰਦਰਖਾਤੇ ਸੁਨੀਲ ਜਾਖੜ ਨੂੰ ਕਿਸੇ ਵੀ ਸੂਰਤ ਵਿੱਚ ਗੁਆਉਣਾ ਨਹੀਂ ਚਾਹੁੰਦੀ। ਜਾਖੜ ਪਰਿਵਾਰ ਦੀ ਕਾਂਗਰਸ ਨੂੰ ਵੱਡੀ ਦੇਣ ਹੈ ਅਤੇ ਸੁਨੀਲ ਜਾਖੜ ਪੰਜਾਬ ਵਿਚ ਚੰਗਾ ਅਕਸ ਰੱਖਦੇ ਹਨ।ਸੂਤਰ ਦੱਸਦੇ ਹਨ ਕਿ ਹਾਈਕਮਾਨ ਦੇ ਏਲਚੀ ਤਾਂ ਆਖਰੀ ਮੌਕੇ ਤੱਕ ਸੁਨੀਲ ਜਾਖੜ ਤੱਕ ਪਹੁੰਚ ਕਰਕੇ ਆਖਦੇ ਰਹੇ ਕਿ ਉਹ ਇਕ ਲਾਈਨ ਦਾ ਜਵਾਬ ਲਿਖ ਕੇ ਭੇਜ ਦੇਣ। ਜਾਖੜ ਅਖੀਰ ਤੱਕ ਆਪਣੇ ਸਟੈਂਡ ’ਤੇ ਕਾਇਮ ਰਹੇ। ਜਾਖੜ ਨੇ ਇੱਕ ਇੰਟਰਵਿਊ ਵਿਚ ਕਿਹਾ ਸੀ ਕਿ ਜਦੋਂ ਅਮਰਿੰਦਰ ਸਿੰਘ ਨੂੰ ਗੱਦੀ ਤੋਂ ਉਤਾਰਿਆ ਗਿਆ ਤਾਂ ਉਦੋਂ 42 ਵਿਧਾਇਕਾਂ ਦੀ ਰਾਇ ਉਨ੍ਹਾਂ (ਜਾਖੜ) ਨੂੰ ਮੁੱਖ ਮੰਤਰੀ ਬਣਾਏ ਜਾਣ ਦੇ ਪੱਖ ਵਿਚ ਸੀ, ਪਰ ਹਾਈਕਮਾਨ ਨੇ ਆਪਣੀ ਧਰਮ-ਨਿਰਪੱਖ ਸੋਚ ਨੂੰ ਸੀਨੀਅਰ ਬੀਬੀ ਆਗੂ ਦੇ ਕਹਿਣ ’ਤੇ ਤਿਲਾਂਜਲੀ ਦੇ ਦਿੱਤੀ ਸੀ। ਜਾਖੜ ਨੇ ਚਰਨਜੀਤ ਚੰਨੀ ਦੀ ਵੀ ਆਲੋਚਨਾ ਕੀਤੀ ਸੀ।ਅਨੁਸ਼ਾਸਨੀ ਕਮੇਟੀ ਦੇ ਫੈਸਲੇ ਮਗਰੋਂ ਸੁਨੀਲ ਜਾਖੜ ਨੇ ਕਾਂਗਰਸ ਨੂੰ ‘ਗੁੱਡ ਲੱਕ’ ਆਖਿਆ। ਕਮੇਟੀ ਨੇ 11 ਅਪਰੈਲ ਨੂੰ ਸੁਨੀਲ ਜਾਖੜ ਨੂੰ ‘ਕਾਰਨ ਦੱਸੋ ਨੋਟਿਸ’ ਜਾਰੀ ਕੀਤਾ ਸੀ, ਪਰ ਜਾਖੜ ਨੇ ਇਸ ਨੋਟਿਸ ਨੂੰ ਤੌਹੀਨ ਮੰਨਿਆ ਜਿਸ ਕਰਕੇ ਉਨ੍ਹਾਂ ਪੰਜਾਬੀ ਹੋਣ ਦੇ ਨਾਤੇ ਆਪਣੀ ਅਣਖ ਦੀ ਹਿਫ਼ਾਜ਼ਤ ਕੀਤੀ। ਜਾਖੜ ਆਪਣੇ ਸਟੈਂਡ ਤੋਂ ਨਹੀਂ ਥਿੜਕੇ, ਜਿਸ ਪਿੱਛੋਂ ਹਾਈਕਮਾਨ ਨੂੰ ਹੀ ਨਰਮ ਐਕਸ਼ਨ ਲੈ ਕੇ ਮੁੱਦਾ ਖਤਮ ਕਰਨਾ ਪਿਆ।ਚੋਣ ਰਣਨੀਤੀ ਘਾੜੇ ਪ੍ਰਸ਼ਾਂਤ ਕਿਸ਼ੋਰ ਨਾਲ ਨਵਜੋਤ ਸਿੰਘ ਸਿਧੂ ਨਾਲ ਮੁਲਾਕਾਤ ਇਸ ਗਲ ਵਲ ਇਸ਼ਾਰਾ ਹੈ ਕਿ ਪੰਜਾਬ ਦੀ ਰਾਜਨੀਤੀ ਵਿਚ ਨਵਾਂ ਵਾਪਰਨ ਵਾਲਾ ਹੈ। ਉਧਰ ਸੁਨੀਲ ਜਾਖੜ ਦੇ ਭਤੀਜੇ ਤੇ ਵਿਧਾਇਕ ਸੰਦੀਪ ਜਾਖੜ ਨੇ ਕਿਹਾ ਕਿ ਪਾਰਟੀ ਵਿਚ ਅਨੁਸ਼ਾਸਨ ਹੋਣਾ ਚਾਹੀਦਾ ਹੈ, ਪਰ ਇਹ ਸਾਰਿਆਂ ਲਈ ਬਰਾਬਰ ਹੋਵੇ। ਉਨ੍ਹਾਂ ਕਿਹਾ ਕਿ ਜਾਖੜ ਇੱਕ ਧਰਮ ਵਿਸ਼ੇਸ਼ ਨਾਲ ਸਬੰਧ ਰੱਖਦੇ ਹਨ ਜਿਸ ਕਰਕੇ ਉਨ੍ਹਾਂ ਨੂੰ ਨੋਟਿਸ ਭੇਜਿਆ ਗਿਆ।ਸਾਬਕਾ ਮੰਤਰੀ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਪਾਰਟੀ ਬਹੁਤ ਕਮਜ਼ੋਰ ਹੋ ਚੁੱਕੀ ਹੈ ਜਿਸ ਕਰਕੇ ਸਾਰਿਆਂ ਨੂੰ ਇਕੱਠੇ ਕਰਨ ਦੀ ਲੋੜ ਹੈ। ਜੇਕਰ ਕੋਈ ਗਲਤੀ ਕਰਦਾ ਹੈ ਤਾਂ ਸੁਧਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਾਖੜ ਤੋਂ ਇਲਾਵਾ ਹੋਰਨਾਂ ਲੋਕਾਂ ਨੇ ਵੀ ਸਵਾਲ ਖੜ੍ਹੇ ਕੀਤੇ ਸਨ, ਪਰ ‘ਬਲੀ ਦਾ ਬੱਕਰਾ’ ਸੁਨੀਲ ਜਾਖੜ ਨੂੰ ਬਣਾਉਣਾ ਗਲਤ ਹੈ। ਸੁਨੀਲ ਜਾਖੜ ਦਲਿਤਾਂ ਲਈ ਲੜਦੇ ਰਹੇ ਹਨ।

ਦੂਸਰੇ ਪਾਸੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੀ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨਾਲ ਮਿਲਣੀ ਤੋਂ ਨਵੇਂ ਚਰਚੇ ਛਿੜ ਗਏ ਹਨ। ਨਵਜੋਤ ਸਿੱਧੂ ਨੇ ਦਿੱਲੀ ਵਿਚ ਪ੍ਰਸ਼ਾਂਤ ਕਿਸ਼ੋਰ ਨਾਲ ਮੁਲਾਕਾਤ ਕੀਤੀ ਹੈ। ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੇ ਕਾਂਗਰਸ ਵਿਚ ਸ਼ਮੂਲੀਅਤ ਕਰਨ ਤੋਂ ਇਨਕਾਰ ਕਰਨ ਮਗਰੋਂ ਨਵਜੋਤ ਸਿੱਧੂ ਅਤੇ ਪ੍ਰਸ਼ਾਂਤ ਕਿਸ਼ੋਰ ਦੀ ਇੱਕ ਸੈਲਫੀ ਸਾਹਮਣੇ ਆਈ ਹੈ। ਨਵਜੋਤ ਸਿੱਧੂ ਨੇ ਪ੍ਰਸ਼ਾਂਤ ਕਿਸ਼ੋਰ ਨਾਲ ਆਪਣੀ ਤਸਵੀਰ ਟਵਿੱਟਰ ’ਤੇ ਸਾਂਝੀ ਕੀਤੀ ਹੈ। ਨਵਜੋਤ ਸਿੱਧੂ ਨੇ ਲਿਖਿਆ ਹੈ ਕਿ ‘ਪੁਰਾਣੇ ਦੋਸਤ ਪੀਕੇ ਨਾਲ ਮੁਲਾਕਾਤ ਹੋਈ.. ਪੁਰਾਣੀ ਸ਼ਰਾਬ, ਪੁਰਾਣਾ ਸੋਨਾ ਅਤੇ ਪੁਰਾਣੇ ਦੋਸਤ ਸਭ ਤੋਂ ਅੱਛੇ ਹੁੰਦੇ ਹਨ|’ ਸਿਆਸੀ ਹਲਕੇ ਪ੍ਰਸ਼ਾਂਤ ਕਿਸ਼ੋਰ ਤੇ ਨਵਜੋਤ ਸਿੱਧੂ ਦੀ ਮਿਲਣੀ ਨੂੰ ਰਾਜਸੀ ਨਜ਼ਰੀਏ ਤੋਂ ਦੇਖ ਰਹੇ ਹਨ| ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਰਾਜਾ ਵੜਿੰਗ ਨਾਲ ਨਜਵੋਤ ਸਿੱਧੂ ਦੇ ਸੁਰ ਅਜੇ ਤੱਕ ਪੂਰੀ ਤਰ੍ਹਾਂ ਮਿਲ ਨਹੀਂ ਸਕੇ ਹਨ| ਹਾਈਕਮਾਨ ਵੱਲੋਂ ਪ੍ਰਧਾਨ ਬਦਲਣ ਦੇ ਬਾਵਜੂਦ ਅਜੇ ਪੰਜਾਬ ਕਾਂਗਰਸ ਦੀ ਅੰਦਰੂਨੀ ਖਿੱਚੋਤਾਣ ਪੂਰੀ ਤਰ੍ਹਾਂ ਮੁੱਕੀ ਨਹੀਂ ਜਾਪਦੀ| ਜਦ ਤੋਂ ਰਾਜਾ ਵੜਿੰਗ ਪ੍ਰਧਾਨ ਬਣੇ ਹਨ, ਨਵਜੋਤ ਸਿੱਧੂ ਨੇ ਆਪਣੇ ਪੱਧਰ ’ਤੇ ਵੱਖਰੀ ਲਾਮਬੰਦੀ ਸ਼ੁਰੂ ਕੀਤੀ ਹੋਈ ਹੈ| ਉਨ੍ਹਾਂ ਨਾਲ ਆਮ ਤੌਰ ’ਤੇ ਅਸ਼ਵਨੀ ਸੇਖੜੀ, ਸੁਰਜੀਤ ਧੀਮਾਨ ਅਤੇ ਨਵਤੇਜ ਚੀਮਾ ਹੀ ਦੇਖੇ ਜਾਂਦੇ ਹਨ।ਨਵਜੋਤ ਸਿੱਧੂ ਨੇ ਰਾਜਾ ਵੜਿੰਗ ਦੇ ਅਹੁਦਾ ਸੰਭਾਲ ਸਮਾਗਮ ਦੀ ਸਟੇਜ ਤੋਂ ਵੀ ਦੂਰੀ ਬਣਾਈ ਰੱਖੀ ਅਤੇ ਕਿਸੇ ਜਨਤਕ ਸਮਾਗਮ ਵਿਚ ਵੀ ਰਾਜਾ ਵੜਿੰਗ ਤੇ ਨਵਜੋਤ ਸਿੱਧੂ ਹਾਲੇ ਤੱਕ ਇਕੱਠੇ ਨਜ਼ਰ ਨਹੀਂ ਆਏ ਹਨ।ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਨੇ ਸੋਮਵਾਰ ਰਾਜਪੁਰਾ ਥਰਮਲ ਅੱਗੇ ਧਰਨਾ ਦਿੱਤਾ ਸੀ| ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨਵਾਂ ਅਹੁਦਾ ਸੰਭਾਲਣ ਮਗਰੋਂ ਫ਼ਿਲਹਾਲ ਕਿਸੇ ਕਲੇਸ਼ ਵਿਚ ਪੈਂਦੇ ਨਹੀਂ ਜਾਪ ਰਹੇ। ਉਹ ਪਾਰਟੀ ਦੇ ਅੰਦਰੂਨੀ ਮਸਲਿਆਂ ਬਾਰੇ ਬੋਲਣ ਤੋਂ ਫ਼ਿਲਹਾਲ ਗੁਰੇਜ਼ ਕਰ ਰਹੇ ਹਨ।
ਇਥੇ ਜਿਕਰਯੋਗ ਹੈ ਕਿ ਚੋਣ ਰਣਨੀਤੀਘਾੜੇ ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸ ਵਿਚ ਸ਼ਾਮਲ ਹੋਣ ਦੀ ਪੇਸ਼ਕਸ਼ ਠੁਕਰਾਉਂਦਿਆਂ ਕਿਹਾ ਕਿ ਪਾਰਟੀ ਨੂੰ ਆਪਣੀਆਂ ਢਾਂਚਾਗਤ ਸਮੱਸਿਆਵਾਂ ਦੂਰ ਕਰਨ ਲਈ ਉਸ ਨਾਲੋਂ ਜ਼ਿਆਦਾ ਲੀਡਰਸ਼ਿਪ ਤੇ ਸਾਂਝੀ ਇੱਛਾ ਸ਼ਕਤੀ ਦੀ ਵੱਧ ਲੋੜ ਹੈ। ਪ੍ਰਸ਼ਾਂਤ ਕਿਸ਼ੋਰ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ‘ਵਿਸ਼ੇਸ਼ ਅਧਿਕਾਰ ਪ੍ਰਾਪਤ ਕਾਰਜ ਸਮੂਹ-2024’ ਦਾ ਹਿੱਸਾ ਬਣ ਕੇ ਪਾਰਟੀ ਵਿਚ ਸ਼ਾਮਲ ਹੋਣ ਤੇ ਆਉਣ ਵਾਲੀਆਂ ਚੋਣਾਂ ਲਈ ਚੋਣ ਰਣਨੀਤੀ ਤਿਆਰ ਕਰਨ ਦੀ ਪੇਸ਼ਕਸ਼ ਕੀਤੀ ਸੀ।ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਕਿਸ਼ੋਰ ਨੇ ਕਾਂਗਰਸ ਦੀ ਪੇਸ਼ਕਸ਼ ਠੁਕਰਾ ਦਿੱਤੀ ਹੈ ਅਤੇ ਪਾਰਟੀ ਉਨ੍ਹਾਂ ਦੀਆਂ ਕੋਸ਼ਿਸ਼ਾਂ ਤੇ ਸੁਝਾਵਾਂ ਦੀ ਸ਼ਲਾਘਾ ਕਰਦੀ ਹੈ। ਜ਼ਿਕਰਯੋਗ ਹੈ ਕੁਝ ਦਿਨ ਪਹਿਲਾਂ ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸ ਆਗੂਆਂ ਸਾਹਮਣੇ ਚੋਣ ਸਬੰਧੀ ਲੰਮੀ-ਚੌੜੀ ਰਣਨੀਤੀ ਪੇਸ਼ ਕੀਤੀ ਸੀ। ਇਸ ਮਗਰੋਂ ਪਾਰਟੀ ਨੇ ਪ੍ਰਸ਼ਾਂਤ ਨੂੰ ਕਾਂਗਰਸ ਵਿਚ ਸ਼ਾਮਲ ਹੋਣ ਦੀ ਪੇਸ਼ਕਸ਼ ਕੀਤੀ ਸੀ। ਕਾਂਗਰਸ ਦੀ ਟਿੱਪਣੀ ਮਗਰੋਂ ਪ੍ਰਸ਼ਾਂਤ ਕਿਸ਼ੋਰ ਨੇ ਟਵੀਟ ਕੀਤਾ, ‘ਵਿਸ਼ੇਸ਼ ਅਧਿਕਾਰ ਪ੍ਰਾਪਤ ਕਾਰਜ ਸਮੂਹ ਦਾ ਹਿੱਸਾ ਬਣ ਕੇ ਪਾਰਟੀ ਵਿਚ ਸ਼ਾਮਲ ਹੋਣ ਤੇ ਚੋਣਾਂ ਦੀ ਜ਼ਿੰਮੇਵਾਰੀ ਲੈਣ ਦੀ ਕਾਂਗਰਸ ਦੀ ਪੇਸ਼ਕਸ਼ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਮੇਰੀ ਨਿਮਰਤਾ ਸਹਿਤ ਸਲਾਹ ਹੈ ਕਿ ਮੇਰੇ ਨਾਲੋਂ ਵੱਧ ਪਾਰਟੀ ਨੂੰ ਅਗਵਾਈ ਤੇ ਸਮੂਹਿਕ ਇੱਛਾ ਸ਼ਕਤੀ ਦੀ ਲੋੜ ਹੈ ਤਾਂ ਜੋ ਤਬਦੀਲੀ ਵਾਲੇ ਸੁਧਾਰਾਂ ਰਾਹੀਂ ਪਾਰਟੀ ਅੰਦਰ ਜੜ੍ਹਾਂ ਬਣਾ ਚੁੱਕੀਆਂ ਢਾਂਚਾਗਤ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕੇ।’
ਪਿਛਲੇ ਕਈ ਦਿਨਾਂ ਤੋਂ ਕਿਸ਼ੋਰ ਵੱਲੋਂ ਦਿੱਤੇ ਗਏ ਸੁਝਾਵਾਂ ਤੇ ਉਨ੍ਹਾਂ ਦੇ ਪਾਰਟੀ ਨਾਲ ਜੁੜਨ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਕਾਂਗਰਸ ਅੰਦਰ ਲਗਾਤਾਰ ਵਿਚਾਰ ਚਰਚਾ ਚੱਲ ਰਹੀ ਸੀ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪ੍ਰਸ਼ਾਂਤ ਕਿਸ਼ੋਰ ਦੇ ਸੁਝਾਵਾਂ ’ਤੇ ਵਿਚਾਰ ਕਰਨ ਲਈ ਕਾਇਮ ਕੀਤੀ ਕਮੇਟੀ ਦੀ ਰਿਪੋਰਟ ’ਤੇ ਵਿਚਾਰ-ਚਰਚਾ ਤੋਂ ਬਾਅਦ ਬੀਤੇ ਦਿਨ ਫ਼ੈਸਲਾ ਕੀਤਾ ਸੀ ਕਿ ਅਗਲੀਆਂ ਲੋਕ ਸਭਾ ਚੋਣਾਂ ਲਈ ਪਾਰਟੀ ਨੂੰ ਮਜ਼ਬੂਤ ਕਰਨ ਤੇ ਭਵਿੱਖੀ ਚੁਣੌਤੀਆਂ ਨਾਲ ਨਜਿੱਠਣ ਲਈ ਇੱਕ ਵਿਸ਼ੇਸ਼ ਅਧਿਕਾਰ ਪ੍ਰਾਪਤ ਕਾਰਜ ਸਮੂਹ-2024 ਦਾ ਗਠਨ ਕੀਤਾ ਜਾਵੇਗਾ।ਜ਼ਿਕਰਯੋਗ ਹੈ ਕਿ ਕਾਂਗਰਸ ਲੀਡਰਸ਼ਿਪ ਸਾਹਮਣੇ ਪਾਰਟੀ ਨੂੰ ਮਜ਼ਬੂਤ ਕਰਨ ਸਬੰਧੀ ਦਿੱਤੀ ਪੇਸ਼ਕਾਰੀ ਦੌਰਾਨ ਕਿਸ਼ੋਰ ਨੇ ਸੁਝਾਅ ਦਿੱਤਾ ਸੀ ਕਿ ਉੱਤਰ ਪ੍ਰਦੇਸ਼, ਬਿਹਾਰ ਤੇ ਉੜੀਸਾ ਵਰਗੇ ਕੁਝ ਰਾਜਾਂ ਵਿਚ ਕਾਂਗਰਸ ਨੂੰ ਨਵੇਂ ਸਿਰੇ ਤੋਂ ਆਪਣੀ ਰਣਨੀਤੀ ਬਣਾਉਣੀ ਚਾਹੀਦੀ ਹੈ ਤੇ ਇਨ੍ਹਾਂ ਰਾਜਾਂ ਵਿਚ ਗੱਠਜੋੜ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਪ੍ਰਸ਼ਾਂਤ ਕਿਸ਼ੋਰ ਨੇ ਇਹ ਵੀ ਕਿਹਾ ਸੀ ਕਿ ਕਾਂਗਰਸ ਨੂੰ ਤਕਰੀਬਨ 370 ਲੋਕ ਸਭਾ ਸੀਟਾਂ ’ਤੇ ਧਿਆਨ ਦੇਣਾ ਚਾਹੀਦਾ ਹੈ ਅਤੇ ਮਹਾਰਾਸ਼ਟਰ, ਪੱਛਮੀ ਬੰਗਾਲ ਤੇ ਤਾਮਿਲਨਾਡੂ ਵਿਚ ਗੱਠਜੋੜ ਨਾਲ ਚੋਣ ਮੈਦਾਨ ਵਿਚ ਉੱਤਰਨਾ ਚਾਹੀਦਾ ਹੈ।











Comments (0)