ਰਾਸ਼ਟਰੀ ਸਿੱਖਿਆ ਸਰਵੇਖਣ ਵਿਚ ਪੰਜਾਬ ਤੋਂ ਪਛੜਿਆ ਦਿੱਲੀ 

ਰਾਸ਼ਟਰੀ ਸਿੱਖਿਆ ਸਰਵੇਖਣ ਵਿਚ ਪੰਜਾਬ ਤੋਂ ਪਛੜਿਆ ਦਿੱਲੀ 

ਅੰਮ੍ਰਿਤਸਰ ਟਾਈਮਜ਼

ਫ਼ਾਜ਼ਿਲਕਾ- ਭਾਰਤ ਸਰਕਾਰ ਵਲੋਂ ਐਨ.ਸੀ.ਈ.ਆਰ.ਟੀ. ਦੇ ਮਾਧਿਅਮ ਨਾਲ ਕਰਵਾਏ ਨੈਸ਼ਨਲ ਅਚੀਵਮੈਂਟ ਸਰਵੇ - 2021 ਦੀ ਰਿਪੋਰਟ 'ਵਿਚ ਪੰਜਾਬ ਨੇ ਸਿੱਖਿਆ ਦੀ ਗੁਣਵੱਤਾ ਦੇ ਮਾਮਲੇ 'ਚ ਦੇਸ਼ ਭਰ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ | ਤੀਜੀ, ਪੰਜਵੀਂ, ਅੱਠਵੀਂ ਅਤੇ ਦਸਵੀਂ ਜਮਾਤ ਦੇ 34 ਲੱਖ ਵਿਦਿਆਰਥੀਆਂ ਦੇ ਕਰਵਾਏ ਇਮਤਿਹਾਨ 'ਵਿਚ ਪੰਜਾਬ ਨੇ ਦਿੱਲੀ ਹੀ ਨਹੀਂ, ਦੇਸ਼ ਨੂੰ ਵੀ ਸ਼ੀਸ਼ਾ ਵਿਖਾਇਆ ਹੈ ਕਿ ਪੰਜਾਬ ਸਿੱਖਿਆ 'ਚ ਨੰਬਰ ਇਕ ਸੀ ਤੇ ਨੰਬਰ ਇਕ ਹੈ । ਪਰ ਜੇ ਰੱਖਣਾ ਹੈ ਤਾਂ ਪੰਜਾਬ ਦੀਆਂ ਹਾਕਮ ਸਰਕਾਰਾਂ ਨੂੰ ਅਧਿਆਪਕਾਂ ਨੂੰ ਸਿਰਫ਼ ਪੜ੍ਹਾਉਣ 'ਤੇ ਹੀ ਲਗਾਉਣਾ ਪਵੇਗਾ ।ਰਿਪੋਰਟ ਬੀਤੇ ਦਿਨੀਂ ਜਾਰੀ ਹੋਈ ਹੈ, ਪੰਜਾਬ ਦੀ ਸਿੱਖਿਆ ਲਈ ਵੱਡੀ ਪ੍ਰਾਪਤੀ ਹੈ, ਪਰ ਨਾ ਕਿਤੇ ਖ਼ੁਸ਼ੀ ਨਾ ਕਿਸੇ ਨੇ ਵਧਾਈ ਦਿੱਤੀ ਅਤੇ ਨਾ ਹੀ ਕੋਈ ਸਰਕਾਰੀ ਜਸ਼ਨ, ਬੱਸ ਵਿਰੋਧੀ ਪਾਰਟੀਆਂ ਦਿੱਲੀ ਮਾਡਲ ਦੀਆਂ ਟਕੋਰਾਂ ਕਰ ਰਹੀਆਂ ਹਨ ।ਤੱਥ ਬੋਲਦੇ ਹਨ ਕਿ ਇਹ ਸਰਵੇਖਣ ਪੰਜਾਬ ਦੇ 23 ਜ਼ਿਲ੍ਹਿਆਂ ਦਾ ਨਹੀਂ ਹੈ, ਦੇਸ਼ ਭਰ ਦੇ ਸਾਰੇ ਪ੍ਰਾਂਤਾਂ ਦੇ 720 ਜ਼ਿਲ੍ਹਿਆਂ ਦਾ ਸਰਵੇਖਣ ਹੈ ।ਦੇਸ਼ ਦੇ ਵੱਖ-ਵੱਖ ਪ੍ਰਾਂਤਾਂ ਦੇ ਇਕ ਲੱਖ 18 ਹਜ਼ਾਰ 234 ਸਕੂਲ ਇਸ 'ਚ ਸ਼ਾਮਿਲ ਹਨ । 21 ਨਵੰਬਰ 2021 ਨੂੰ ਹੋਈ ਇਸ ਪ੍ਰੀਖਿਆ ਵਿਚ ਇਕ ਲੱਖ 24 ਹਜ਼ਾਰ ਆਬਜ਼ਰਵਰ ਲੱਗੇ ਸਨ, 36 ਸਟੇਟ ਨੋਡਲ ਅਫ਼ਸਰ ਸਨ, 733 ਜ਼ਿਲ੍ਹਾ ਕੋਆਰਡੀਨੇਟਰ ਅਤੇ ਦੋ ਲੱਖ ਅਧਿਆਪਕ ਇਮਤਿਹਾਨ ਲੈਣ ਲਈ ਡਿਊਟੀ 'ਤੇ ਲੱਗੇ ਸਨ । ਪੰਜਾਬ ਦੇ 3656 ਸਰਕਾਰੀ, ਏਡਿਡ, ਮਾਨਤਾ ਪ੍ਰਾਪਤ, ਪ੍ਰਾਈਵੇਟ ਅਤੇ ਕੇਂਦਰੀ ਵਿਦਿਆਲਿਆ 'ਚ ਇਹ ਪ੍ਰੀਖਿਆ ਹੋਈ ਸੀ ।ਇਸ ਪ੍ਰੀਖਿਆ 'ਚ ਇਕ ਲੱਖ 17 ਹਜ਼ਾਰ 601 ਵਿਦਿਆਰਥੀ ਅਤੇ 16972 ਅਧਿਆਪਕ ਬੈਠੇ ਸਨ । ਤੀਜੀ, ਪੰਜਵੀਂ, ਅੱਠਵੀਂ ਅਤੇ ਦਸਵੀਂ ਦੇ ਸਾਰੇ ਵਿਸ਼ਿਆਂ ਦਾ ਮੁਕਾਬਲਾ ਕੇਵਲ ਰਾਜਸਥਾਨ ਨਾਲ ਸੀ, ਦਿੱਲੀ ਤਾਂ ਕਿਤੇ ਨੇੜੇ-ਤੇੜੇ ਨਹੀਂ ਸੀ | ਦਸਵੀਂ ਜਮਾਤ ਦੇ ਗਣਿਤ ਦੀ ਗੱਲ ਕਰੀਏ ਤਾਂ ਪੰਜਾਬ ਨੇ 273 ਅਤੇ ਦਿੱਲੀ ਨੇ 230 ਅੰਕ ਪ੍ਰਾਪਤ ਕੀਤੇ, ਅੰਗਰੇਜ਼ੀ ਵਿਚ ਪੰਜਾਬ ਨੇ 330 ਅਤੇ ਦਿੱਲੀ ਨੇ 321 ਅੰਕ ਪ੍ਰਾਪਤ ਕੀਤੇ । ਇਸ ਸਾਰਾ ਸਰਵੇਖਣ ਸਾਰੇ ਰਾਜ ਦੇ ਵਿਦਿਆਰਥੀਆਂ ਦੀ ਸਮੁੱਚੀ ਕਾਰਗੁਜ਼ਾਰੀ ਦੀ ਔਸਤ ਹੈ । ਪੰਜਾਬ ਸਰਕਾਰ, ਸਿੱਖਿਆ ਵਿਭਾਗ ਦੇ ਮੰਤਰੀ ਅਤੇ ਉੱਚ ਅਧਿਕਾਰੀਆਂ ਵਲੋਂ ਧੰਨਵਾਦ, ਸ਼ਾਬਾਸ਼ ਨਾ ਕਹਿਣਾ ਇਹ ਸਾਬਤ ਕਰਦਾ ਹੈ ਕਿ ਪੰਜਾਬ ਸਰਕਾਰ ਨੂੰ ਇਹ ਨਤੀਜੇ ਹਜ਼ਮ ਨਹੀਂ ਹੋਏ ਜਾਂ ਫਿਰ ਦਿੱਲੀ ਪੰਜਾਬ ਤੋਂ ਕਿਉਂ ਪਛੜ ਗਈ, ਇਸ ਦਾ ਵੱਧ ਅਫ਼ਸੋਸ ਹੈ |