ਸਰਗਰਮ ਸਿਆਸਤ ਤੋਂ ਗਾਇਬ ਹੋਏ ਸਾਬਕਾ ਮੁੱਖ ਮੰਤਰੀ ਚੰਨੀ
ਸੰਗਰੂਰ ਦੀ ਜ਼ਿਮਨੀ ਚੋਣ ਲਈ ਵੀ ਅਜੇ ਤੱਕ ਨਹੀਂ ਦਿਖਾਈ ਸਰਗਰਮੀ
ਅੰਮ੍ਰਿਤਸਰ ਟਾਈਮਜ਼
ਚੰਡੀਗੜ੍ਹ:ਪੰਜਾਬ ਦੇ ਸਿਆਸੀ ਨਕਸ਼ੇ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਗਾਇਬ ਹਨ। ਬਤੌਰ ਮੁੱਖ ਮੰਤਰੀ ਦਿਨ ਰਾਤ ਕੰਮ ਕਰਨ ਵਾਲੇ ਚਰਨਜੀਤ ਚੰਨੀ ਕਾਂਗਰਸ ਪਾਰਟੀ ਦੇ ਪ੍ਰੋਗਰਾਮਾਂ ਤੋਂ ਦੂਰ ਹਨ। ਹੁਣ ਜਦੋਂ ਚੋਣ ਕਮਿਸ਼ਨ ਵੱਲੋਂ ਸੰਗਰੂਰ ਦੀ ਜ਼ਿਮਨੀ ਚੋਣ ਦੀ ਤਰੀਕ ਐਲਾਨ ਦਿੱਤੀ ਗਈ ਹੈ ਤਾਂ ਉਸ ਮਗਰੋਂ ਵੀ ਸਾਬਕਾ ਮੁੱਖ ਮੰਤਰੀ ਚੰਨੀ ਦੀ ਕੋਈ ਸਰਗਰਮੀ ਨਹੀਂ ਦਿਖੀ। ਆਖ਼ਰੀ ਵਾਰ ਸਾਬਕਾ ਮੁੱਖ ਮੰਤਰੀ ਚੰਨੀ 22 ਅਪਰੈਲ ਨੂੰ ਕਾਂਗਰਸ ਦੇ ਨਵੇਂ ਪ੍ਰਧਾਨ ਰਾਜਾ ਵੜਿੰਗ ਦੇ ਅਹੁਦਾ ਸੰਭਾਲ ਸਮਾਗਮ ਵਿੱਚ ਨਜ਼ਰ ਆਏ ਸਨ। ਟਵਿੱਟਰ ’ਤੇ ਚਰਨਜੀਤ ਚੰਨੀ ਨੇ 22 ਅਪਰੈਲ ਨੂੰ ਰਾਜਾ ਵੜਿੰਗ ਨੂੰ ਵਧਾਈ ਦਿੱਤੀ ਸੀ। ਉਸ ਮਗਰੋਂ ਪਾਰਟੀ ਦੇ ਕਿਸੇ ਪ੍ਰੋਗਰਾਮ ਵਿੱਚ ਚਰਨਜੀਤ ਚੰਨੀ ਨਜ਼ਰ ਨਹੀਂ ਆਏ। ਟਵਿੱਟਰ ’ਤੇ ਵੀ ਉਨ੍ਹਾਂ ਦੀ ਸਰਗਰਮੀ ਨਾਮਾਤਰ ਰਹਿ ਗਈ ਹੈ। ਆਖ਼ਰੀ ਵਾਰ ਚੰਨੀ ਨੇ 3 ਮਈ ਨੂੰ ਈਦ ਮੁਬਾਰਕ ਦਾ ਟਵੀਟ ਕੀਤਾ ਸੀ। ਪੰਜਾਬ ਦੀ ਸਿਆਸਤ ਵਿੱਚ ਹਾਕਮ ਧਿਰ ਦੇ ਫ਼ੈਸਲਿਆਂ ਅਤੇ ਹੋਰਨਾਂ ਮਾਮਲਿਆਂ ’ਤੇ ਬਾਕੀ ਕਾਂਗਰਸ ਆਗੂ ਤਾਂ ਟਿੱਪਣੀਆਂ ਕਰ ਰਹੇ ਹਨ ਪ੍ਰੰਤੂ ਚੰਨੀ ਨੇ ‘ਆਪ’ ਸਰਕਾਰ ਦੇ ਕਿਸੇ ਫ਼ੈਸਲੇ ’ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਜਦੋਂ ਪੰਜਾਬ ਚੋਣਾਂ ਸਿਰ ’ਤੇ ਸਨ ਤਾਂ ਉਦੋਂ ਚੰਨੀ ਨੂੰ ਕਾਂਗਰਸ ਨੇ ਮੁੜ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਸੀ।
ਇਸੇ ਦੌਰਾਨ ਉਨ੍ਹਾਂ ਦੇ ਭਾਣਜੇ ’ਤੇ ਐਨਫੋਰਸਮੈਂਟ ਡਾਇਰੈਕਟੋਰੇਟ ’ਤੇ ਛਾਪਾ ਮਾਰਿਆ ਸੀ, ਜਿਸ ਮਗਰੋਂ ਹਾਲੇ ਤੱਕ ਚੰਨੀ ਦਾ ਭਾਣਜਾ ਨਿਆਂਇਕ ਹਿਰਾਸਤ ਵਿੱਚ ਹੈ। ਈਡੀ ਵੱਲੋਂ ਚੰਨੀ ਨੂੰ ਵੀ ਤਲਬ ਕੀਤਾ ਗਿਆ ਸੀ। ਸੂਤਰ ਆਖਦੇ ਹਨ ਕਿ ਚੋਣ ਨਤੀਜੇ ਆਉਣ ਮਗਰੋਂ ਚੰਨੀ ਨੇ ਸਿਆਸੀ ਸਰਗਰਮੀ ਘਟਾ ਦਿੱਤੀ ਹੈ। ਹਾਲਾਂਕਿ ਚੰਨੀ ਨੇ ਤਾਂ ਬਤੌਰ ਮੁੱਖ ਮੰਤਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਚੋਣਾਂ ਮੌਕੇ ਸਖ਼ਤ ਟੱਕਰ ਲਈ ਸੀ। ਚੰਨੀ ਨੇ ਐਤਕੀਂ ਹਲਕਾ ਚਮਕੌਰ ਸਾਹਿਬ ਤੋਂ ਇਲਾਵਾ ਹਲਕਾ ਭਦੌੜ ਤੋਂ ਵੀ ਚੋਣ ਲੜੀ ਸੀ। ਦੋਵੇਂ ਹਲਕਿਆਂ ਤੋਂ ਚੋਣ ਹਾਰਨ ਮਗਰੋਂ ਚੰਨੀ ਨੇ ਸਿਆਸੀ ਸਰਗਰਮੀ ਘਟਾ ਦਿੱਤੀ ਹੈ। ਚੰਨੀ ਕਿਹੜੇ ਰੁਝੇਵੇਂ ਵਿੱਚ ਹਨ ਜਾਂ ਉਹ ਕਿਸੇ ਦੌਰੇ ’ਤੇ ਗਏ ਹੋਏ ਹਨ, ਇਸ ਸਬੰਧੀ ਕੁਝ ਵੀ ਭਿਣਕ ਨਹੀਂ ਪੈ ਸਕੀ ਹੈ।
ਮਨਪ੍ਰੀਤ ਬਾਦਲ ਕਦੋਂ ਮੁੜਨਗੇ ਵਿਦੇਸ਼ੋਂ.....?
ਤਤਕਾਲੀ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਖ਼ਾਸ ਸਮਝੇ ਜਾਂਦੇ ਅਤੇ ਉਦੋਂ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਚੋਣ ਨਤੀਜਿਆਂ ਮਗਰੋਂ ਵਿਦੇਸ਼ ਚਲੇ ਗਏ ਸਨ। ਉਨ੍ਹਾਂ ਨੂੰ ‘ਆਪ’ ਦੇ ਜਗਰੂਪ ਸਿੰਘ ਗਿੱਲ ਨੇ ਵੱਡੇ ਫਰਕ ਨਾਲ ਮਾਤ ਦਿੱਤੀ ਸੀ। ਨਵੀਂ ਸਰਕਾਰ ਬਣਨ ਮਗਰੋਂ ਮਨਪ੍ਰੀਤ ਬਾਦਲ ਪੰਜਾਬ ਤੋਂ ਹੀ ਬਾਹਰ ਹਨ। ਸੂਤਰ ਦੱਸਦੇ ਹਨ ਕਿ ਮਨਪ੍ਰੀਤ ਬਾਦਲ ਦੇ ਜੂਨ ਮਹੀਨੇ ਵਿੱਚ ਵਿਦੇਸ਼ੋਂ ਵਾਪਸ ਆਉਣ ਦੀ ਸੰਭਾਵਨਾ ਹੈ। ਮਨਪ੍ਰੀਤ ਬਾਦਲ ਦੇ ਸਿਆਸੀ ਵਿਰੋਧੀ ਰਾਜਾ ਵੜਿੰਗ ਹੁਣ ਕਾਂਗਰਸ ਦੇ ਪ੍ਰਧਾਨ ਬਣ ਗਏ ਹਨ, ਜਿਸ ਕਰਕੇ ਮਨਪ੍ਰੀਤ ਸਿਆਸੀ ਮਾਹੌਲ ਨੂੰ ਫ਼ਿਲਹਾਲ ਨੇੜਿਓਂ ਦੇਖ ਰਹੇ ਹਨ।











Comments (0)