ਬੱਬਰ ਖ਼ਾਲਸਾ ਦਾ ਚਰਨਜੀਤ ਪਟਿਆਲਵੀ ਗ੍ਰਿਫ਼ਤਾਰ
ਅੰਮ੍ਰਿਤਸਰ ਟਾਈਮਜ਼
ਚੰਡੀਗੜ੍ਹ :ਪੰਜਾਬ ਪੁਲੀਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ ਨੇ ਬੀਤੇ ਦਿਨੀਂ ‘ਮੋਸਟ ਵਾਂਟੇਡ’ ਖਾੜਕੂ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਸਰਗਰਮ ਮੈਂਬਰ ਚਰਨਜੀਤ ਸਿੰਘ ਪਟਿਆਲਵੀ ਨੂੰ ਗ੍ਰਿਫ਼ਤਾਰ ਕੀਤਾ ਹੈ| ਚਰਨਜੀਤ ਪਟਿਆਲਵੀ 12 ਸਾਲਾਂ ਤੋਂ ਵੱਖ-ਵੱਖ ਪਛਾਣ ਅਤੇ ਛੁਪਣਗਾਹਾਂ ਨਾਲ ਗ੍ਰਿਫ਼ਤਾਰੀ ਤੋਂ ਬਚ ਰਿਹਾ ਸੀ। ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪਟਿਆਲਾ ਦੇ ਪਿੰਡ ਬੂਟਾ ਸਿੰਘ ਵਾਲਾ ਦੇ ਵਸਨੀਕ ਚਰਨਜੀਤ ਪਟਿਆਲਵੀ ਨੂੰ ਥਾਣਾ ਮਾਛੀਵਾੜਾ ਵਿਚ 23 ਅਗਸਤ-2010 ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਏਆਈਜੀ ਏ.ਜੀ.ਟੀ.ਐਫ. ਗੁਰਮੀਤ ਸਿੰਘ ਚੌਹਾਨ ਅਤੇ ਡੀਐੱਸਪੀ ਏਜੀਟੀਐਫ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਵਿੱਚ ਏਜੀਟੀਐਫ ਦੀਆਂ ਟੀਮਾਂ ਨੇ ਪਟਿਆਲਵੀ ਨੂੰ ਡੇਰਾਬੱਸੀ ਦੇ ਪਿੰਡ ਲਾਲੀ ਦੇ ਗੁਰਦੁਆਰਾ ਸਾਹਿਬ ਨੇੜਿਓਂ ਗ੍ਰਿਫਤਾਰ ਕੀਤਾ। ਭੁੱਲਰ ਨੇ ਦੱਸਿਆ ਕਿ ਪਟਿਆਲਵੀ ਗ੍ਰੰਥੀ ਦਾ ਭੇਸ ਬਣਾ ਕੇ ਪੱਛਮੀ ਬੰਗਾਲ ਦੇ ਖੜਗਪੁਰ ਸਥਿਤ ਗੁਰਦੁਆਰੇ ਵਿੱਚ ਰਹਿ ਰਿਹਾ ਸੀ ਅਤੇ ਕਿਸੇ ਵੀ ਸੰਚਾਰ ਸਾਧਨ ਦੀ ਵਰਤੋਂ ਨਹੀਂ ਸੀ ਕਰ ਰਿਹਾ। ਉਸ ਕੋਲੋਂ ਬੰਗਾਲ ਦੇ ਪਤੇ ਵਾਲੇ ਵੱਖ-ਵੱਖ ਪਛਾਣ ਪੱਤਰ ਬਰਾਮਦ ਕੀਤੇ ਗਏ ਹਨ। ਪੁਲੀਸ ਅਨੁਸਾਰ ਚਰਨਜੀਤ ਸਿੰਘ ਪਟਿਆਲਵੀ 2007 ਵਿੱਚ ਲੁਧਿਆਣਾ ਦੇ ਸ਼ਿੰਗਾਰ ਸਿਨੇਮਾ ਬੰਬ ਧਮਾਕਿਆਂ ਅਤੇ 2010 ਵਿੱਚ ਕਾਲੀ ਮਾਤਾ ਮੰਦਰ, ਪਟਿਆਲਾ ਅਤੇ ਅੰਬਾਲਾ ਵਿਖੇ ਹੋਏ ਬੰਬ ਧਮਾਕਿਆਂ ਦੀ ਸਾਜ਼ਿਸ਼ ਵਿਚ ਸ਼ਾਮਲ ਸੀ।











Comments (0)