ਫੂਲਕਾ ਨੇ ਅਕਾਲ ਤਖ਼ਤ ਤੋਂ ਮਦਦ ਮੰਗੀ
ਪੰਜਾਬ ਦਾ ਜ਼ਮੀਨ ਦੋਜ ਪਾਣੀ ਬਚਾਓ
ਅੰਮ੍ਰਿਤਸਰ ਟਾਈਮਜ਼
ਅੰਮ੍ਰਿਤਸਰ: ਐਡਵੋਕੇਟ ਐੱਚਐੱਸ ਫੂਲਕਾ ਦੀ ਅਗਵਾਈ ਹੇਠ ਇਕ ਵਫ਼ਦ ਨੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਮਿਲਿਆ। ਵਫ਼ਦ ਨੇ ਪੱਤਰ ਦੇ ਕੇ ਅਪੀਲ ਕੀਤੀ ਹੈ ਕਿ ਪੰਜਾਬ ਵਿੱਚ ਝੋਨੇ ਦੀ ਫ਼ਸਲ ਦੀ ਬਿਜਾਈ ਕੁਦਰਤੀ ਤਰੀਕੇ ਨਾਲ ਕਰਵਾਉਣ ਲਈ ਲੋਕਾਂ ਨੂੰ ਧਾਰਮਿਕ ਸਥਾਨਾਂ ਰਾਹੀਂ ਜਾਗਰੂਕ ਕੀਤਾ ਜਾਵੇ। ਇਸ ਸਬੰਧੀ ਗੁਰਦੁਆਰਿਆਂ ਵਿੱਚ ਖੇਤੀ ਸਤਿਸੰਗ ਕਰਵਾਏ ਜਾਣ, ਜਿਨ੍ਹਾਂ ਵਿੱਚ ਖੇਤੀ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਝੋਨਾ ਬੀਜਣ ਦੀ ਕੁਦਰਤੀ ਵਿਧੀ ਬਾਰੇ ਦੱਸਿਆ ਜਾਵੇ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਜਾਗਰੂਕ ਕੀਤਾ ਜਾਵੇ। ਫੂਲਕਾ ਨੇ ਦਾਅਵਾ ਕੀਤਾ ਕਿ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇਸ ਸਬੰਧੀ ਹਾਂ-ਪੱਖੀ ਹੁੰਗਾਰਾ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ‘ਮੇਰੀ ਜ਼ਮੀਨ, ਮੇਰੀ ਜ਼ਿੰਮੇਵਾਰੀ’ ਯੋਜਨਾ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਲਈ ਕੈਂਪ ਲਾਏ ਜਾਣਗੇ। ਇਸ ਮੁਹਿੰਮ ਦੀ ਸ਼ੁਰੂਆਤ ਦਸ ਮਈ ਨੂੰ ਤਲਵੰਡੀ ਭਾਈ ਸਥਿਤ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤੋਂ ਕੀਤੀ ਜਾਵੇਗੀ।

ਇਸ ਸਬੰਧ ਵਿੱਚ 21 ਮਈ ਤੱਕ ਵੱਖ-ਵੱਖ ਹਲਕਿਆਂ ਵਿੱਚ ਗੁਰਦੁਆਰਿਆਂ ਤੇ ਹੋਰ ਧਰਮ ਅਸਥਾਨਾਂ ’ਤੇ ਜਾਗਰੂਕ ਕੈਂਪ ਲੱਗਣਗੇ। ਉਨ੍ਹਾਂ ਵਲੋਂ ਸ੍ਰੀ ਅਕਾਲ ਤਖਤ ਦੇ ਸਕਤਰੇਤ ਵਿੱਚ ਦਿੱਤੇ ਗਏ ਪੱਤਰ ਵਿਚ ਆਖਿਆ ਗਿਆ ਕਿ, ਜਿਸ ਤਰੀਕੇ ਨਾਲ ਇਸ ਵੇਲੇ ਝੋਨੇ ਦੀ ਬਿਜਾਈ ਹੋ ਰਹੀ ਹੈ, ਉਸ ਨਾਲ ਆਉਣ ਵਾਲੇ 25 ਸਾਲਾਂ ਵਿੱਚ ਜ਼ਮੀਨ ਹੇਠਲਾ ਪਾਣੀ ਖਤਮ ਹੋ ਜਾਵੇਗਾ ਅਤੇ ਜ਼ਮੀਨ ਬੰਜਰ ਹੋ ਜਾਵੇਗੀ। ਉਨ੍ਹਾਂ ਨੇ ਪੱਤਰ ਵਿੱਚ ਝੋਨਾ ਬੀਜਣ ਦੀਆਂ ਨਵੀਆਂ ਵਿਧੀਆਂ ਦਾ ਹਵਾਲਾ ਦਿੱਤਾ।











Comments (0)