ਸੁਖਬੀਰ ਸਿੰਘ ਬਾਦਲ ਫਿਰ ਬਾਗੀਆਂ ਉਪਰ ਪਏ ਭਾਰੂ

ਸੁਖਬੀਰ ਸਿੰਘ ਬਾਦਲ ਫਿਰ ਬਾਗੀਆਂ ਉਪਰ ਪਏ ਭਾਰੂ

 ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੱਤ ਮੈਂਬਰੀ ਕਮੇਟੀ ਨੂੰ ਅਕਾਲੀ ਭਰਤੀ ਵਿਚ ਨਿਗਰਾਨੀ ਕਰਨ ਲਈ ਕਿਹਾ

ਬੀਤੇ ਦਿਨੀਂ ਗਿਆਨੀ ਰਘਬੀਰ ਸਿੰਘ ਨੇ ਜਥੇਦਾਰ ਅਕਾਲ ਤਖਤ ਸਾਹਿਬ ਨੇ ਨਿੱਜੀ ਰੁਝੇਂਵਿਆਂ ਕਾਰਣ ਸਿੰਘ ਸਾਹਿਬਾਨ ਦੀ 28 ਜਨਵਰੀ ਨੂੰ ਹੋਣ ਜਾ ਰਹੀ ਮੀਟਿੰਗ ਮੁਲਤਵੀ ਕਰ ਦਿਤੀ ਸੀ । ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ ਪੰਥਕ ਮੁੱਦਿਆਂ ਤੇ ਗੁਰਮਤੇ ਦੀ ਪਾਲਣਾ ਕਰਾਉਣ ਬਾਰੇ ਵਿਚਾਰਾਂ ਕਰਨ ਲਈ ਇਹ ਮੀਟਿੰਗ ਸੱਦੀ ਗਈ ਸੀ। ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਅਤੇ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਆਹਮੋ ਸਾਹਮਣੇ ਖੜੇ ਹਨ।ਪਰ ਸੁਖਬੀਰ ਸਿੰਘ ਬਾਦਲ ਬਾਗੀਆਂ ਉਪਰ ਭਾਰੂ ਪੈ ਰਹੇ ਹਨ।

ਦੋ ਦਸੰਬਰ ਤੋਂ ਬਾਅਦ ਆਪੋ ਆਪਣਾ ਪੱਖ ਪੇਸ਼ ਕਰਨ ਲਈ ਸਾਰੀਆਂ ਧਿਰਾਂ ਪਤਾ ਨਹੀਂ ਕਿੰਨੇ ਵਾਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ ਕਰ ਚੁੱਕੀਆਂ ਹਨ। ਵਿਰੋਧੀ ਆਗੂ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਉਨਾਂ ਦੇ ਸਹਿਯੋਗੀ ਆਖ ਰਹੇ ਹਨ ਕਿ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਦੋ ਦਸੰਬਰ ਦੇ ਫੈਸਲਿਆਂ ਨੂੰ ਲਾਗੂ ਨਹੀਂ ਕਰ ਰਹੀ ਹੈ। ਇਸ ਅਨੁਸਾਰ ਅਕਾਲੀ ਦਲ ਦੀ ਭਰਤੀ ਮੁਹਿੰਮ ਸੱਤ ਮੈਂਬਰੀ ਕਮੇਟੀ ਨੇ ਕਰਨੀ ਸੀ ਪਰ ਉਸ ਦੀ ਤਾਂ ਪਹਿਲੀ ਮੀਟਿੰਗ ਵੀ ਨਹੀਂ ਹੋਈ ਹੈ ਜਦੋਂ ਕਿ ਅਕਾਲੀ ਦਲ ਨੇ ਪਾਰਟੀ ਦੀ ਭਰਤੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ । ਅਕਾਲੀ ਦਲ ਦੇ ਆਗੂ ਲਗਾਤਾਰ ਆਖ ਰਹੇ ਹਨ ਕਿ ਜਥੇਦਾਰ ਦੇ ਫੈਸਲੇ ਨੂੰ ਲਾਗੂ ਕਰਵਾਉਣ ਨਾਲ ਅਕਾਲੀ ਦਲ ਦੀ ਮਾਨਤਾ ਖਤਰੇ ਵਿੱਚ ਪੈ ਸਕਦੀ ਹੈ। ਇਸ ਦੇ ਨਾਲ ਹੀ ਅਕਾਲੀ ਦਲ ਨੇ ਜਥੇਦਾਰ ਵਡਾਲਾ ਨੂੰ ਫਰੀਦਕੋਟ ਜਿਲੇ ਦੀ ਭਰਤੀ ਦਾ ਨਿਗਰਾਨ ਲਾ ਦਿੱਤਾ ਸੀ। ਜਥੇਦਾਰ ਵਡਾਲਾ ਨੇ ਸਪੱਸ਼ਟ ਤੌਰ ਤੇ ਨਾਂਹ ਕਰ ਦਿੱਤੀ ਸੀ ਅਤੇ ਕਿਹਾ ਸੀ ਕਿ ਇਹ ਕਾਰਵਾਈ ਸਿੱਧੇ ਤੌਰ ਤੇ ਦੋ ਦਸੰਬਰ ਦੇ ਸਿੰਘ ਸਾਹਿਬਾਨ ਦੇ ਫੈਸਲਿਆਂ ਦੀ ਉਲੰਘਣਾ ਹੈ।

ਅਕਾਲੀ ਦਲ ਦੇ ਕਈ ਸੀਨੀਅਰ ਆਗੂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਫ਼ੈਸਲੇ ਲਾਗੂ ਨਾ ਹੋਣ ਕਾਰਨ ਨਾਰਾਜ਼ ਹਨ।ਇਨਾਂ ਆਗੂਆਂ ਵਿਚ ਇਕਬਾਲ ਸਿੰਘ ਝੂੰਡਾ, ਮਨਪ੍ਰੀਤ ਸਿੰਘ ਇਯਾਲੀ, ਸੰਤਾ ਸਿੰਘ ਅਤੇ ਕਈ ਹੋਰ ਸ਼ਾਮਲ ਹਨ। ਸਿੰਘ ਸਾਹਿਬਾਨ ਦੇ ਦੋ ਦਸੰਬਰ ਦੇ ਫ਼ੈਸਲਿਆਂ ਬਾਅਦ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਦੋਸ਼ਾਂ ਦੇ ਮਾਮਲੇ ਵਿੱਚ ਜਥੇਦਾਰ ਦੀਆਂ ਸੇਵਾਵਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਬੇਸ਼ਕ ਆਰਜੀ ਤੌਰ ਤੇ ਪਾਸੇ ਕੀਤਾ ਹੈ ਪਰ ਉਨ੍ਹਾਂ ਦਾ ਮਾਮਲਾ ਵੀ ਕਿਸੇ ਸਿਰੇ ਨਹੀਂ ਲੱਗਾ ਹੈ। 

ਕੀ ਨਵਾਂ ਅਦੇਸ਼ ਹੈ ਜਥੇਦਾਰ ਅਕਾਲ ਤਖਤ ਸਾਹਿਬ ਦਾ

ਗਿਆਨੀ ਰਘਬੀਰ ਸਿੰਘ ਜਥੇਦਾਰ ਅਕਾਲ ਤਖਤ ਸਾਹਿਬ ਨੇ 2 ਦਸਬੰਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਅਕਾਲੀ ਦਲ ਦੀ ਮਜਬੂਤੀ ਲਈ ਬਣਾਈ ਗਈ ਸੱਤ ਮੈਂਬਰੀ ਕਮੇਟੀ ਦਾ ਤਕਰੀਬਨ ਭੋਗ ਪਾ ਦਿੱਤਾ ਹੈ। ਹੁਣ ਤੱਕ ਬਾਦਲ ਦਲ ਦਾ ਸੁਖਬੀਰ ਬਾਦਲ ਧੜਾ ਚੋਣ ਕਮਿਸ਼ਨ ਦੀਆਂ ਹਦਾਇਤਾਂ ਨੂੰ ਅਧਾਰ ਬਣਾਕੇ ਇਸ ਕਮੇਟੀ ਨੂੰ ਮੰਨਣ ਤੋਂ ਇਨਕਾਰੀ ਸੀ ਕਿ ਇਸ ਨਾਲ ਅਕਾਲੀ ਦਲ ਦੀ ਮਾਨਤਾ ਰਦ ਹੋ ਸਕਦੀ ਹੈ। 

 ਗਿਆਨੀ ਰਘਬੀਰ ਸਿੰਘ ਹੁਣ ਇੰਗਲੈਂਡ ਯਾਤਰਾ ਉਪਰ ਦਸੇ ਜਾ ਰਹੇ ਹਨ। ਯਾਤਰਾ ਤੋਂ ਪਹਿਲਾਂ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅਕਾਲੀ ਦਲ (ਬਾਦਲ) ਦੀ ਵਰਕਿੰਗ ਕਮੇਟੀ ਨੂੰ ਮੁੜ ਆਦੇਸ਼ ਜਾਰੀ ਕੀਤਾ ਸੀ ਕਿ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਜਾਰੀ ਆਦੇਸ਼ਾਂ ਅਨੁਸਾਰ ਦਲ ਦੀ ਨਵੀਂ ਮੈਂਬਰਸ਼ਿਪ ਭਰਤੀ ਲਈ 7 ਮੈਂਬਰੀ ਨਿਗਰਾਨ ਕਮੇਟੀ ਨੂੰ ਕਾਰਜਸ਼ੀਲ ਕੀਤਾ ਜਾਵੇ ।ਉਨ੍ਹਾਂ ਕਿਹਾ ਕਿ ਭਰਤੀ ਮੁਹਿੰਮ ਦੀ ਸਾਰੀ ਨਿਗਰਾਨੀ ਇਸ ਸੱਤ ਮੈਂਬਰੀ ਕਮੇਟੀ ਨੇ ਕਰਨੀ ਹੈ । ਸੰਖੇਪ ਗੱਲਬਾਤ ਦੌਰਾਨ 7 ਮੈਂਬਰੀ ਕਮੇਟੀ ਵਿਚ ਵਾਧਾ ਕੀਤੇ ਜਾਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਅਕਾਲੀ ਦਲ ਵਲੋਂ ਪੂਰੇ ਭਾਰਤ ਵਿਚ ਹੀ ਮੈਂਬਰਸ਼ਿਪ ਭਰਤੀ ਕੀਤੀ ਜਾਣੀ ਹੈ, ਜੇ ਵਰਕਿੰਗ ਕਮੇਟੀ ਜ਼ਰੂਰਤ ਮਹਿਸੂਸ ਕਰੇਗੀ ਤਾਂ ਉਹ ਇਸ ਵਿਚ ਵਾਧਾ ਕਰ ਸਕਦੀ ਹੈ । ਗਿਆਨੀ ਹਰਪ੍ਰੀਤ ਸਿੰਘ 'ਤੇ ਲੱਗੇ ਦੋਸ਼ਾਂ ਦੀ ਤਿੰਨ ਮੈਂਬਰੀ ਕਮੇਟੀ ਵਲੋਂ ਕੀਤੀ ਜਾ ਰਹੀ ਜਾਂਚ ਬਾਰੇ ਉਨ੍ਹਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਸਮੇਤ ਹਰ ਪਦਵੀ ਦਾ ਮਾਣ-ਸਨਮਾਨ ਜ਼ਰੂਰ ਕਾਇਮ ਰੱਖਿਆ ਜਾਣਾ ਚਾਹੀਦਾ ਹੈ । ਗਿਆਨੀ ਹਰਪ੍ਰੀਤ ਸਿੰਘ ਵਲੋਂ ਤਿੰਨ ਮੈਂਬਰੀ ਕਮੇਟੀ ਮੈਂਬਰ ਨੂੰ 'ਮੈਸੰਜਰ ਆਫ਼ ਬਾਦਲ' ਆਖੇ ਜਾਣ 'ਤੇ ਉਨ੍ਹਾਂ ਕਿਹਾ ਕਿ ਇਸ ਬਾਰੇ ਗਿਆਨੀ ਹਰਪ੍ਰੀਤ ਸਿੰਘ ਹੀ ਦੱਸ ਸਕਦੇ ਹਨ ਕਿ ਉਹ ਕੌਣ ਹੈ ਤੇ ਉਨ੍ਹਾਂ ਕਿਸ ਸੰਦਰਭ ਵਿਚ ਆਖਿਆ ਹੈ ।ਸਿੰਘ ਸਾਹਿਬਾਨ ਦੀ ਇਕੱਤਰਤਾ ਦੀਆਂ ਵੀਡੀਓ ਕਲਿੱਪ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਬਾਰੇ ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਹੋਣਾ ਚਾਹੀਦਾ, ਕਿਉਂਕਿ ਹਰ ਅਹੁਦੇ ਦੀ ਇਕ ਮਰਿਆਦਾ ਹੁੰਦੀ ਹੈ ।

ਪਰ ਇਸ ਮਾਮਲੇ ਦੀ ਜਾਂਚ ਪੜਤਾਲ ਕਰਾਉਣ ਬਾਰੇ ਉਨ੍ਹਾਂ ਕਿਹਾ ਕਿ ਅਜੇ ਇਸ ਬਾਰੇ ਕੋਈ ਵਿਚਾਰ ਨਹੀਂ ਹੈ, ਅੱਗੇ ਜਾ ਕੇ ਦੇਖਾਂਗੇ।ਪਤਾ ਲਗਾ ਹੈ ਕਿ ਗਿਆਨੀ ਰਘਬੀਰ ਨਹੀਂ ਚਾਹੁੰਦੇ ਕਿ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਨੂੰ ਰਦ ਕਰਕੇ ਅਕਾਲੀ ਦਲ ਦਾ ਭੋਗ ਪਾ ਦਿਤਾ ਜਾਵੇ।ਕਿਉਂਕਿ ਬਾਗੀ ਅਕਾਲੀ ਧੜਾ ਅਜੇ ਤਕ ਆਪਣਾ ਜਨਤਕ ਅਧਾਰ ਬਾਦਲ ਦਲ ਵਾਂਗ ਪੇਸ਼ ਨਹੀਂ ਕਰ ਸਕਿਆ।ਜਦ ਕਿ ਮਾਘੀ ਦੇ ਮੇਲੇ ਬਾਦਲ ਧੜਾ ਵੱਡੀ ਕਾਨਫਰੰਸ ਕਰਨ ਵਿਚ ਕਾਮਯਾਬ ਹੋਇਆ ਹੈ।ਇਹੀ ਕਾਰਣ ਹੈ ਜਥੇਦਾਰ ਹੁਣ ਸੁਖਬੀਰ ਸਿੰਘ ਨੂੰ ਹਦਾਇਤ ਦੇ ਰਹੇ ਹਨ ਕਿ ਅਕਾਲ ਤਖਤ ਤੋਂ ਬਣੀ ਸੱਤ ਮੈਂਬਰੀ ਕਮੇਟੀ ਦਾ ਸਹਿਯੋਗ ਲਿਆ ਜਾਵੇ ਤਾਂ ਜੋ ਬਾਗੀ ਧੜਾ ਵੀ ਬਾਦਲ ਦਲ ਵਿਚ ਸ਼ਾਮਿਲ ਹੋ ਜਾਵੇ।ਵੱਡੀ ਗੱਲ ਇਹ ਵੀ ਕਿ ਸੁਖਬੀਰ ਬਾਦਲ ਦਾ ਧੜਾ ਆਰਥਿਕ ਤੌਰ ਉਪਰ ਮਜਬੂਤ ਹੈ ਤੇ ਸਿਆਸੀ ਸਰਗਰਮੀਆਂ ਵਿਚ ਜੁਟਿਆ ਹੋਇਆ ਹੈ।ਜਦਕਿ ਬਾਗੀ ਧੜੇ ਦੀਆਂ ਕੋਈ ਸਰਗਰਮੀਆਂ ਨਜ਼ਰ ਨਹੀਂ ਆ ਰਹੀਆਂ।ਨਾਹੀ ਉਹ ਆਰਥਿਕ ਤੌਰ ਉਪਰ ਮਜਬੂਤ ਹੈ।ਉਹ ਮੀਡੀਆ ਬਿਆਨਾਂ ਤਕ ਸੀਮਤ ਹੈ।

 ਬਾਦਲ ਦਲ ਦੇ ਸੁਖਬੀਰ ਚੀਮਾ ਧੜੇ ਨੂੰ ਹੁਣ ਸੁਨਿਹਰੀ ਮੌਕਾ ਹੈ, ਉਹ ਇਸ ਕਮੇਟੀ ਨੂੰ 15-20 ਮੈਂਬਰੀ ਕਮੇਟੀ ਬਣਾ ਦੇਣਗੇ ਤੇ ਨਾਲੇ ਕਹਿਣਗੇ ਕਿ ਅਸੀਂ ਤਾਂ ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹੁਕਮ ਦੀ ਪਾਲਣਾ ਕੀਤੀ ਹੈ। ਇਸ ਨਾਲ ਵਿਰੋਧੀ ਸੁਧਾਰ ਲਹਿਰ ਵਾਲੇ ਬੁਰੀ ਤਰ੍ਹਾਂ ਫੱਸ ਗਏ ਹਨ। ਜੇਕਰ ਉਹ ਨਵੀ ਬਣਨ ਵਾਲੀ ਕਮੇਟੀ ਨੂੰ ਨਹੀ ਮੰਨਣਗੇ ਤਾਂ ਸੁਖਬੀਰ ਧੜਾ ਉਨ੍ਹਾਂ ਉਪਰ ਇਲਜ਼ਾਮ ਲਾਵੇਗਾ ਕਿ ਬਾਗੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹੁਕਮ ਨੂੰ ਨਹੀਂ ਮੰਨਦੇ ਤੇ ਜੇਕਰ ਮੰਨਣਗੇ ਤਾਂ ਉਨਾ ਦਾ ਭਵਿੱਖ ਖਤਮ ਹੈ ਕਿਉਂਕਿ ਤਾਕਤ ਤਾਂ ਸਾਰੀ ਸੁਖਬੀਰ ਬਾਦਲ ਦੇ ਹੱਥ ਵਿੱਚ ਹੀ ਹੋਵੇਗੀ ।