ਸਿੰਥੈਟਕ ਡਰਗਜ਼ ਨੇ ਪੰਜਾਬ ਨੂੰ ਜਕੜਿਆ, ਨੌਜਵਾਨ ਬਣੇ ਸ਼ਿਕਾਰ *10-20 ਦੇ ਨੋਟ ਬਣੇ ਨਸ਼ੇੜੀਆਂ ਦਾ ਹਥਿਆਰ, ਪੁਲਿਸ ਛਾਪੇ 'ਵਿਚ ਸੜੇ ਨੋਟ ਬਰਾਮਦ!

ਸਿੰਥੈਟਕ ਡਰਗਜ਼ ਨੇ ਪੰਜਾਬ ਨੂੰ ਜਕੜਿਆ, ਨੌਜਵਾਨ ਬਣੇ ਸ਼ਿਕਾਰ *10-20 ਦੇ ਨੋਟ ਬਣੇ ਨਸ਼ੇੜੀਆਂ ਦਾ ਹਥਿਆਰ, ਪੁਲਿਸ ਛਾਪੇ 'ਵਿਚ ਸੜੇ ਨੋਟ ਬਰਾਮਦ!

*ਹੁਸ਼ਿਆਰਪੁਰ ਜੇਲ੍ ਵਿਚ ਡਰਗ ਮਾਫੀਆ ਬਣੇ ਸੀਨੀਅਰ ਅਧਿਕਾਰੀ ਫਰਾਰ, ਹਾਈਕੋਰਟ ਸਖਤ!

*ਪੰਜਾਬ ਦੀ ਕੈਟਮੀਨ ਵਿਦੇਸ਼ਾਂ ਵਿਚ ਸਮਗਲ, ਯੂਰਪ 'ਚ 85% ਵਰਤੋਂ ਵਧੀ!

ਪੰਜਾਬ ਦੀ ਜਵਾਨੀ ਨੂੰ ਸਿੰਥੈਟਿਕ ਡਰੱਗਜ਼ ਦਾ ਜ਼ਹਿਰ ਖਾ ਰਿਹਾ ਹੈ। ਹੈਰੋਇਨ, ਆਈਸ (ਕ੍ਰਿਸਟਲ ਮੈਥ), ਕੈਟਾਮਾਈਨ, ਐਮਡੀਐਮਏ ਵਰਗੀਆਂ ਡਰੱਗਜ਼ ਨੇ ਸੂਬੇ ਨੂੰ ਨਸ਼ੇ ਦੀ ਚਪੇਟ ਵਿਚ ਲਿਆ ਹੋਇਆ ਹੈ। ਪੰਜਾਬ ਪੁਲਿਸ ਦੀ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਤਹਿਤ ਹਜ਼ਾਰਾਂ ਨਸ਼ੇੜੀਆਂ ਅਤੇ ਸਮਗਲਰਾਂ ਨੂੰ ਗ੍ਰਿਫਤਾਰ ਕੀਤਾ ਗਿਆ, ਪਰ ਵੱਡੇ ਮਾਸਟਰਮਾਈਂਡ ਅਜੇ ਵੀ ਕਾਨੂੰਨ ਦੀ ਪਕੜ ਤੋਂ ਬਾਹਰ ਹਨ। ਸਵਾਲ ਉੱਠ ਰਿਹਾ ਹੈ ਕਿ ਨਸ਼ਿਆਂ ਦੀ ਸਪਲਾਈ ਦਾ ਜਾਲ ਕਿਵੇਂ ਤੋੜਿਆ ਜਾਵੇ ਅਤੇ ਪੰਜਾਬ ਦੀ ਨਵੀਂ ਪੀੜ੍ਹੀ ਨੂੰ ਕਿਵੇਂ ਬਚਾਇਆ ਜਾਵੇ?

ਪੁਲਿਸ ਦੀਆਂ ਛਾਪੇਮਾਰੀਆਂ ਦੌਰਾਨ ਹੈਰਾਨੀਜਨਕ ਖੁਲਾਸੇ ਹੋਏ ਹਨ। ਨਸ਼ੇੜੀਆਂ ਕੋਲੋਂ 10-20 ਰੁਪਏ ਦੇ ਸੜੇ-ਝੁਲਸੇ ਨੋਟ ਮਿਲ ਰਹੇ ਹਨ, ਜਿਨ੍ਹਾਂ ਨੂੰ ਹੈਰੋਇਨ ਸੁੰਘਣ ਲਈ ਪਾਈਪ ਵਾਂਗ ਵਰਤਿਆ ਜਾਂਦਾ ਹੈ। ਇਹ ਛੋਟੀ ਕਰੰਸੀ ਨਸ਼ਿਆਂ ਦੀ ਖਰੀਦ-ਫਰੋਖਤ ਵਿਚ ਵੀ ਚੱਲਦੀ ਹੈ, ਕਿਉਂਕਿ ਵੱਡੇ ਨੋਟ ਪੁਲਿਸ ਦਾ ਸ਼ੱਕ ਵਧਾਉਂਦੇ ਹਨ। 2023-2025 ਦੌਰਾਨ ਪੁਲਿਸ ਨੇ 500 ਕਿਲੋ ਤੋਂ ਵੱਧ ਹੈਰੋਇਨ, 3 ਕਿਲੋ ਆਈਸ, 100 ਕਿਲੋ ਗਾਂਜਾ ਅਤੇ ਲੱਖਾਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ, ਪਰ ਸਮਗਲਿੰਗ ਦਾ ਜਾਲ ਟੁੱਟਣ ਦਾ ਨਾਂ ਨਹੀਂ ਲੈ ਰਿਹਾ।ਸਿੰਥੈਟਿਕ ਡਰੱਗਜ਼ ਦੀ ਸਪਲਾਈ ਹਿਮਾਚਲ ਦੀਆਂ ਗੁਪਤ ਲੈਬਾਂ, ਗੁਜਰਾਤ ਦੀਆਂ ਫਾਰਮਾ ਕੰਪਨੀਆਂ ਤੋਂ ਹੋ ਰਹੀ ਹੈ। ਹੈਰੋਇਨ ਅਫਗਾਨਿਸਤਾਨ ਤੋਂ ਪਾਕਿਸਤਾਨ ਰਾਹੀਂ ਡਰੋਨ, ਸੁਰੰਗਾਂ, ਅਤੇ ਸਮੁੰਦਰੀ ਰਸਤਿਆਂ ਪੰਜਾਬ ਪਹੁੰਚਦੀ ਹੈ। ਨਵੀਂ ਪੀੜ੍ਹੀ ਦੇ ਸਮਗਲਰ ਡਾਰਕ ਵੈੱਬ ਰਾਹੀਂ ਡਰੱਗਜ਼ ਮੰਗਵਾਉਂਦੇ ਹਨ, ਜੋ ਕੋਰੀਅਰ ਸਰਵਿਸ ਜਾਂ ਡਾਕ 'ਤੇ ਛੋਟੇ ਪਾਰਸਲਾਂ ਵਿਚ ਆਉਂਦੀਆਂ ਹਨ।ਪੰਜਾਬ ਸਿਰਫ ਨਸ਼ਿਆਂ ਦਾ ਸ਼ਿਕਾਰ ਨਹੀਂ, ਸਗੋਂ ਸਪਲਾਈ ਦਾ ਕੇਂਦਰ ਵੀ ਬਣ ਰਿਹਾ ਹੈ। ਕੈਟਾਮਾਈਨ, ਜੋ ਮੈਡੀਕਲ ਵਰਤੋਂ ਲਈ ਬਣਦੀ ਹੈ, ਯੂਰਪ, ਅਮਰੀਕਾ, ਅਤੇ ਆਸਟਰੇਲੀਆ ਵਿਚ ਸਮਗਲ ਹੋ ਰਹੀ ਹੈ। ਯੂਰਪ ਵਿਚ 2023-24 ਦੌਰਾਨ ਕੈਟਾਮੀਨ ਦੀ ਵਰਤੋਂ 85-90% ਵਧੀ ਹੈ, ਅਤੇ 53 ਮੌਤਾਂ ਇਸ ਨਾਲ ਜੁੜੀਆਂ ਹਨ। ਸਮਗਲਰ ਫਰਜ਼ੀ ਕੰਪਨੀਆਂ ਦੀ ਆੜ ਵਿਚ ਕੈਟਾਮਾਈਨ ਨੂੰ ਵਿਦੇਸ਼ ਭੇਜਦੇ ਹਨ।

ਹੁਸ਼ਿਆਰਪੁਰ ਜੇਲ੍ਹ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਜੇਲ੍ ਅਧਿਕਾਰੀਆਂ ਦੀ ਮਿਲੀਭੁਗਤ 'ਤੇ ਸਖਤ ਨਾਰਾਜ਼ਗੀ ਜਤਾਈ ਹੈ, ਜਿਨ੍ਹਾਂ ਵਿਚ ਸੀਨੀਅਰ ਸੁਪਰਡੈਂਟ ਬਲਜੀਤ ਸਿੰਘ ਵੀ ਸ਼ਾਮਲ ਹੈ, ਜੋ ਫਰਾਰ ਹੈ। ਅਦਾਲਤ ਨੇ ਜਾਂਚ ਦੀ ਨਿਗਰਾਨੀ ਖੁਦ ਕਰਨ ਦਾ ਫੈਸਲਾ ਕੀਤਾ ਅਤੇ ਮੁਲਜ਼ਮਾਂ ਦੀਆਂ ਜ਼ਮਾਨਤ ਅਰਜ਼ੀਆਂ ਰੱਦ ਕਰ ਦਿੱਤੀਆਂ।ਸਰਕਾਰ ਅਤੇ ਪੁਲਿਸ ਦੀਆਂ ਕੋਸ਼ਿਸ਼ਾਂ ਦੇ, ਵੱਡੇ ਸਮਗਲਰਾਂ ਨੂੰ ਫੜਨ ਵਿਚ ਨਾਕਾਮੀ ਨੇ ਲੋਕਾਂ ਦਾ ਭਰੋਸਾ ਡਗਮਗਾਇਆ ਹੈ। ਸਿਆਸੀ ਗਠਜੋੜ ਅਤੇ ਸਮਗਲਰਾਂ ਦੀ ਮਿਲੀਭੁਗਤ ਦੀਆਂ ਅਫਵਾਹਾਂ ਨੇ ਮਸਲੇ ਨੂੰ ਹੋਰ ਗੰਭੀਰ ਕਰ ਦਿੱਤਾ ਹੈ। ਪੰਜਾਬ ਨੂੰ ਨਸ਼ੇ ਦੀ ਇਸ ਪਖੋਂ ਬਚਾਉਣ ਲਈ ਸਖਤ ਕਦਮ ਚੁਕਣ, ਅੰਤਰਰਾਸ਼ਟਰੀ ਸਹਿਯੋਗ ਵਧਾਉਣ, ਅਤੇ ਸਾਈਬਰ ਨਿਗਰਾਨੀ ਵਧਾਉਣ ਦੀ ਲੋੜ ਹੈ।