ਕੀ ਪੰਜਾਬ ਵਿਚ ਨਵਾਂ ਸਿਆਸੀ ਪੰਥਕ ਫਰੰਟ ਉਭਰੇਗਾ?
*ਕਦੋਂ ਬਣਾਏਗੀ ਪੰਜ ਮੈਬਰੀ ਭਰਤੀ ਕਮੇਟੀ ਨਵਾਂ ਅਕਾਲੀ ਦਲ?
*ਪੰਜ ਮੈਂਬਰੀ ਭਰਤੀ ਕਮੇਟੀ ਨੇ ਵਾਰਿਸ ਪੰਜਾਬ ਨਾਲ ਸਾਂਝ ਪਾਈ?
*ਤਰਨ ਤਾਰਨ ਉਪ-ਚੋਣ: ਪੰਥਕ ਧਿਰਾਂ ਦੀ ਪਹਿਲੀ ਅਗਨੀ ਪਰੀਖਿਆ
ਸ਼੍ਰੋਮਣੀ ਅਕਾਲੀ ਦਲ ਦੀ ਮੁੜ ਸੁਰਜੀਤੀ ਲਈ ਪੰਜ ਮੈਂਬਰੀ ਕਮੇਟੀ ਦੀਆਂ ਕੋਸ਼ਿਸ਼ਾਂ ਨੇ ਪੰਜਾਬ ਦੀ ਸਿਆਸਤ ਵਿੱਚ ਨਵਾਂ ਮੋੜ ਲਿਆਂਦਾ ਹੈ। ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਇਹ ਕਮੇਟੀ ਨਵੇਂ ਅਕਾਲੀ ਦਲ ਦੀ ਸਥਾਪਨਾ ਲਈ ਸਰਗਰਮ ਹੈ। ਇਸ ਦਾ ਮੁੱਖ ਨਿਸ਼ਾਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿੱਤਣਾ ਹੈ, ਪਰ ਇਸ ਦੇ ਨਾਲ ਹੀ ਵਿਧਾਨ ਸਭਾ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਵੀ ਆਪਣੀ ਮਜ਼ਬੂਤ ਸਥਿਤੀ ਬਣਾਉਣ ਦੀਆਂ ਤਿਆਰੀਆਂ ਜਾਰੀ ਹਨ।
ਪੰਜ ਮੈਂਬਰੀ ਕਮੇਟੀ ਨੇ ਵਾਰਿਸ ਪੰਜਾਬ ਦੇ ਅਤੇ ਭਾਈ ਰਣਜੀਤ ਸਿੰਘ ਦੀ ਜਥੇਬੰਦੀ ਨਾਲ ਸਹਿਮਤੀ ਬਣਾਈ ਹੈ, ਜਿਸ ਨਾਲ ਨਵਾਂ ਅਕਾਲੀ ਦਲ ਇੱਕ ਸਾਂਝੇ ਨਿਸ਼ਾਨ ਅਤੇ ਨਾਂਅ ਹੇਠ ਚੋਣ ਮੈਦਾਨ ਵਿੱਚ ਉਤਰ ਸਕਦਾ ਹੈ। ਪਰ ਇਸ ਪ੍ਰਕਿਰਿਆ ਵਿੱਚ ਕਈ ਚੁਣੌਤੀਆਂ ਵੀ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਵਿੱਚ ਪੰਜ ਮੈਂਬਰੀ ਕਮੇਟੀ ਵਲੋਂ ਨਵੇਂ ਉਸਾਰੇ ਜਾ ਰਹੇ ਅਕਾਲੀ ਦਲ ਦੀ ਪ੍ਰਧਾਨਗੀ ਸਬੰਧੀ ਚੋਣ, ਤਰਨ ਤਾਰਨ ਉਪ-ਚੋਣ ਅਤੇ ਪੰਥਕ ਸਫਾਂ ਵਿੱਚ ਵਿਸ਼ਵਾਸ ਬਣਾਉਣਾ ਸ਼ਾਮਲ ਹੈ।
ਪੰਜ ਮੈਂਬਰੀ ਕਮੇਟੀ ਦੇ ਮੈਂਬਰ ਮਨਪ੍ਰੀਤ ਸਿੰਘ ਇਆਲੀ, ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾ, ਜਥੇਦਾਰ ਸੰਤਾ ਸਿੰਘ ਉਮੈਦਪੁਰੀ ਅਤੇ ਗੁਰਪ੍ਰਤਾਪ ਸਿੰਘ ਵਡਾਲਾ ਤੇ ਉਹਨਾਂ ਦੇ ਸਹਿਯੋਗੀ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਅਕਾਲੀ ਦਲ ਦੀ ਮੁੜ ਸੁਰਜੀਤੀ ਲਈ ਤੇਜ਼ੀ ਨਾਲ ਕੰਮ ਸ਼ੁਰੂ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ, ਕਮੇਟੀ ਨੇ ਵਾਰਿਸ ਪੰਜਾਬ ਦੇ ਅਤੇ ਭਾਈ ਰਣਜੀਤ ਸਿੰਘ ਦੀ ਜਥੇਬੰਦੀ ਨਾਲ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਸਾਂਝਾ ਮੋਰਚਾ ਬਣਾਉਣ ਦੀ ਸਹਿਮਤੀ ਬਣਾ ਲਈ ਹੈ। ਇਸ ਸਹਿਮਤੀ ਦੀ ਸ਼ੁਰੂਆਤ ਜਥੇਦਾਰ ਸੰਤਾ ਸਿੰਘ ਉਮੈਦਪੁਰੀ ਨੇ ਕੀਤੀ ਸੀ।
ਇਸ ਸਾਂਝੇ ਮੋਰਚੇ ਦਾ ਮਕਸਦ ਪੰਥਕ ਵੋਟਰਾਂ ਨੂੰ ਇੱਕਜੁੱਟ ਕਰਕੇ ਅਕਾਲੀ ਦਲ ਬਾਦਲ ਦੇ ਪ੍ਰਭਾਵ ਨੂੰ ਸਿੱਖ ਰਾਜਨੀਤੀ ਵਿਚੋਂ ਘਟਾਉਣਾ ਹੈ। ਇਸ ਦੌਰਾਨ, ਰਾਜਦੇਵ ਸਿੰਘ ਖਾਲਸਾ ਵਰਗੇ ਸਾਬਕਾ ਨੇਤਾਵਾਂ ਦੀ ਵਾਪਸੀ ਨੇ ਵੀ ਨਵੀਂ ਚਰਚਾ ਨੂੰ ਜਨਮ ਦਿੱਤਾ ਹੈ। ਰਾਜਦੇਵ ਸਿੰਘ ਖਾਲਸਾ, ਜੋ ਪਹਿਲਾਂ ਵਾਰਿਸ ਪੰਜਾਬ ਦੇ ਨਾਲ ਜੁੜੇ ਸਨ, ਨੇ ਬੀਤੇ ਦਿਨੀਂ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਸਵੀਕਾਰ ਕਰਦਿਆਂ ਨਵੇਂ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਸੀ। ਸੁਰਜੀਤ ਸਿੰਘ ਰੱਖੜਾ ਅਤੇ ਪਰਮਿੰਦਰ ਸਿੰਘ ਢੀਂਡਸਾ ਨੇ ਉਸ ਦੇ ਇਸ ਫੈਸਲੇ ਦੀ ਸਰਾਹਨਾ ਕੀਤੀ ਸੀ, ਪਰ ਕਈ ਪੰਥਕ ਲੋਕ ਰਾਜਦੇਵ ਸਿੰਘ ਦੀ ਪਿਛਲੀ ਸ਼ੱਕੀ ਸਿਆਸੀ ਸਰਗਰਮੀਆਂ ਜੋ ਸੰਘ ਪਰਿਵਾਰ ਨਾਲ ਜੁੜੀਆਂ ਸਨ,ਨੂੰ ਲੈ ਕੇ ਸਵਾਲ ਵੀ ਉਠਾ ਰਹੇ ਹਨ।
ਨਵੇਂ ਅਕਾਲੀ ਦਲ ਦੀ ਸਥਾਪਨਾ ਦੀ ਪਹਿਲੀ ਵੱਡੀ ਚੁਣੌਤੀ ਪ੍ਰਧਾਨਗੀ ਦੀ ਚੋਣ ਹੈ। ਜਾਣਕਾਰੀ ਅਨੁਸਾਰ, ਪ੍ਰਧਾਨਗੀ ਲਈ ਕਈ ਨਾਂਅ ਚਰਚਾ ਵਿੱਚ ਹਨ, ਜਿਨ੍ਹਾਂ ਵਿੱਚ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਬੀਬੀ ਸਤਵੰਤ ਕੌਰ, ਜਥੇਦਾਰ ਸੰਤਾ ਸਿੰਘ ਉਮੈਦਪੁਰੀ, ਗੁਰਪ੍ਰਤਾਪ ਸਿੰਘ ਵਡਾਲਾ, ਸੁਰਜੀਤ ਸਿੰਘ ਰੱਖੜਾ ਅਤੇ ਕੁਝ ਹੋਰ ਨੇਤਾ ਸ਼ਾਮਲ ਹਨ। ਇਨ੍ਹਾਂ ਵਿੱਚੋਂ ਸੰਤਾ ਸਿੰਘ ਉਮੈਦਪੁਰੀ ਨੂੰ ਸਭ ਤੋਂ ਵੱਧ ਸਵੀਕਾਰਯੋਗ ਉਮੀਦਵਾਰ ਮੰਨਿਆ ਜਾ ਰਿਹਾ ਹੈ, ਕਿਉਂਕਿ ਉਹ ਸਿਰਫ ਪ੍ਰਧਾਨਗੀ ਦੀ ਦਾਅਵੇਦਾਰੀ ਰੱਖਦੇ ਹਨ ਅਤੇ ਮੁੱਖ ਮੰਤਰੀ ਜਾਂ ਚੋਣ ਲਈ ਉਮੀਦਵਾਰੀ ਦੀ ਇੱਛਾ ਨਹੀਂ ਰੱਖਦੇ।
ਪਰ, ਰਾਜਦੇਵ ਸਿੰਘ ਖਾਲਸਾ ਵਰਗੇ ਨੇਤਾਵਾਂ ਦੀ ਸ਼ਮੂਲੀਅਤ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਵਰਗੇ ਦਾਗੀ ਐਲਾਨੇ ਨੇਤਾਵਾਂ ਨੂੰ ਪ੍ਰਮੋਟ ਕਰਨ ਦੀਆਂ ਚਰਚਾਵਾਂ ਨੇ ਪੰਜ ਮੈਂਬਰੀ ਭਰਤੀ ਕਮੇਟੀ ਸਬੰਧੀ ਪੰਥਕ ਸਫਾਂ ਵਿੱਚ ਵਿਸ਼ਵਾਸ ਦੀ ਸਮੱਸਿਆ ਪੈਦਾ ਕੀਤੀ ਹੈ। ਚੰਦੂਮਾਜਰਾ ਨੂੰ ਅਕਾਲ ਤਖ਼ਤ ਵੱਲੋਂ ਦਾਗੀ ਐਲਾਨਿਆ ਗਿਆ ਸੀ, ਅਤੇ ਉਸ ਦੀ ਸੰਭਾਵੀ ਸ਼ਮੂਲੀਅਤ ਨਵੇਂ ਅਕਾਲੀ ਦਲ ਦੀ ਪੰਥਕ ਸਾਖ ’ਤੇ ਸਵਾਲ ਉਠਾ ਸਕਦੀ ਹੈ।
ਨਵੇਂ ਅਕਾਲੀ ਦਲ ਲਈ ਪਹਿਲੀ ਅਗਨੀ ਪਰੀਖਿਆ ਤਰਨ ਤਾਰਨ ਵਿਧਾਨ ਸਭਾ ਹਲਕੇ ਦੀ ਆਉਣ ਵਾਲੀ ਉਪ-ਚੋਣ ਨਵੇਂ ਅਕਾਲੀ ਦਲ ਲਈ ਪਹਿਲੀ ਵੱਡੀ ਅਗਨੀ ਪਰੀਖਿਆ ਹੋਵੇਗੀ। ਇਹ ਹਲਕਾ ਮੁਢਲੇ ਤੌਰ ’ਤੇ ਸਿੱਖ ਅਤੇ ਅਕਾਲੀ ਪ੍ਰਭਾਵ ਵਾਲਾ ਮੰਨਿਆ ਜਾਂਦਾ ਹੈ, ਅਤੇ ਨਵਾਂ ਅਕਾਲੀ ਦਲ ਇਸ ਚੋਣ ਵਿੱਚ ਪਾਸੇ ਨਹੀਂ ਰਹਿ ਸਕਦਾ।
ਜਾਣਕਾਰੀ ਅਨੁਸਾਰ, ਪੰਜ ਮੈਂਬਰੀ ਕਮੇਟੀ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਸੁਪਤਨੀ ਬੀਬੀ ਪਰਮਜੀਤ ਕੌਰ ਨੂੰ ਇਸ ਸੀਟ ਤੋਂ ਚੋਣ ਲੜਨ ਲਈ ਮਨਾਉਣ ਬਾਰੇ ਵਿਚਾਰ ਕਰ ਰਹੀ ਹੈ। ਬੀਬੀ ਪਰਮਜੀਤ ਕੌਰ ਦੀ ਪੰਥਕ ਸਾਖ ਅਤੇ ਸ਼ਹੀਦ ਜਸਵੰਤ ਸਿੰਘ ਦੀ ਵਿਰਾਸਤ ਨੂੰ ਵੇਖਦਿਆਂ ਉਹ ਇੱਕ ਮਜ਼ਬੂਤ ਉਮੀਦਵਾਰ ਸਾਬਤ ਹੋ ਸਕਦੀ ਹੈ।ਪਰ, ਇਸ ਹਲਕੇ ਵਿੱਚ ਵਾਰਿਸ ਪੰਜਾਬ ਦੇ ਦੀ ਮਜ਼ਬੂਤ ਸਥਿਤੀ, ਖਾਸ ਕਰਕੇ ਭਾਈ ਅੰਮ੍ਰਿਤਪਾਲ ਸਿੰਘ ਦੀ ਲੋਕ ਸਭਾ ਮੈਂਬਰ ਵਜੋਂ ਮੌਜੂਦਗੀ, ਨਵੇਂ ਅਕਾਲੀ ਦਲ ਲਈ ਚੁਣੌਤੀ ਖੜ੍ਹੀ ਕਰ ਸਕਦੀ ਹੈ। ਭਾਵੇਂ ਸ਼੍ਰੋਮਣੀ ਕਮੇਟੀ ਚੋਣਾਂ ਲਈ ਸਹਿਮਤੀ ਬਣ ਚੁੱਕੀ ਹੈ, ਪਰ ਵਿਧਾਨ ਸਭਾ ਚੋਣ ਵਿੱਚ ਦੋਵੇਂ ਧਿਰਾਂ ਦਾ ਇਕੱਠੇ ਹੋਣਾ ਅਜੇ ਸਪਸ਼ਟ ਨਹੀਂ ਹੈ।
ਇਸ ਦੇ ਨਾਲ ਹੀ, ਅਕਾਲੀ ਦਲ ਬਾਦਲ ਵੀ ਇਸ ਹਲਕੇ ਤੋਂ ਆਪਣਾ ਉਮੀਦਵਾਰ ਖੜ੍ਹਾ ਕਰੇਗਾ, ਜਿਸ ਨਾਲ ਇਹ ਚੋਣ ਨਵੇਂ ਅਕਾਲੀ ਦਲ ਅਤੇ ਅਕਾਲੀ ਦਲ ਬਾਦਲ ਵਿਚਕਾਰ ਸਿੱਧੇ ਟਕਰਾਅ ਦਾ ਪਹਿਲਾ ਮੌਕਾ ਹੋਵੇਗੀ।
ਨਵੇਂ ਅਕਾਲੀ ਦਲ ਦੀ ਸਥਾਪਨਾ ਨਾਲ ਪੰਜਾਬ ਵਿੱਚ ਇੱਕ ਨਵੇਂ ਪੰਥਕ ਫਰੰਟ ਦੀ ਉਸਰੀ ਦੀਆਂ ਸੰਭਾਵਨਾਵਾਂ ਵਧ ਰਹੀਆਂ ਹਨ। ਪੰਜ ਮੈਂਬਰੀ ਕਮੇਟੀ ਦੀ ਮੁਹਿੰਮ ਨੇ ਹੁਣ ਤੱਕ 8.5 ਲੱਖ ਵਰਕਰਾਂ ਦੀ ਭਰਤੀ ਕਰ ਲਈ ਹੈ, ਜੋ 30 ਜੁਲਾਈ ਤੱਕ ਜਾਰੀ ਰਹੇਗੀ। ਇਸ ਮੁਹਿੰਮ ਨੂੰ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਅਤੇ ਪੰਥਕ ਸੰਗਤ ਦਾ ਸਮਰਥਨ ਮਿਲ ਰਿਹਾ ਹੈ। ਪਰ, ਇਸ ਨਵੇਂ ਫਰੰਟ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪਵੇਗਾ। ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵੀ ਨਵੇਂ ਅਕਾਲੀ ਦਲ ਲਈ ਵੱਡੀ ਪਰੀਖਿਆ ਹੋਣਗੀਆਂ, ਕਿਉਂਕਿ ਇਨ੍ਹਾਂ ਚੋਣਾਂ ਵਿੱਚ ਉਸ ਨੂੰ ਆਪਣੀ ਸੰਗਠਨਾਤਮਕ ਤਾਕਤ ਦਾ ਪ੍ਰਦਰਸ਼ਨ ਕਰਨਾ ਹੋਵੇਗਾ।ਇਸ ਦੇ ਨਾਲ ਹੀ, ਅਕਾਲੀ ਦਲ ਬਾਦਲ ਦੀ ਮੌਜੂਦਗੀ ਅਤੇ ਉਸ ਦੀਆਂ ਪਿਛਲੀਆਂ ਨੀਤੀਆਂ ਦੀ ਆਲੋਚਨਾ ਨਵੇਂ ਅਕਾਲੀ ਦਲ ਲਈ ਮੌਕਾ ਅਤੇ ਚੁਣੌਤੀ ਦੋਵੇਂ ਹੈ।
ਪੰਥਕ ਹਲਕਿਆਂ ਦਾ ਮੰਨਣਾ ਹੈ ਕਿ ਨਵਾਂ ਅਕਾਲੀ ਦਲ ਪੰਥਕ ਸਿਆਸਤ ਵਿੱਚ ਨਵੀਂ ਉਮੀਦ ਜਗਾਉਣ ਦੀ ਸੰਭਾਵਨਾ ਰੱਖਦਾ ਹੈ, ਪਰ ਇਸ ਦੀ ਸਫਲਤਾ ਪ੍ਰਧਾਨਗੀ ਦੀ ਸਹੀ ਚੋਣ, ਪੰਥਕ ਸਾਖ ਦੀ ਬਹਾਲੀ ਅਤੇ ਚੋਣ ਮੈਦਾਨ ਵਿੱਚ ਮਜ਼ਬੂਤ ਪ੍ਰਦਰਸ਼ਨ ’ਤੇ ਨਿਰਭਰ ਕਰੇਗੀ। ਤਰਨ ਤਾਰਨ ਦੀ ਉਪ-ਚੋਣ ਅਤੇ ਆਉਣ ਵਾਲੀਆਂ ਸਥਾਨਕ ਚੋਣਾਂ ਇਸ ਨਵੇਂ ਪੰਥਕ ਫਰੰਟ ਦੀ ਅਸਲ ਤਾਕਤ ਦੀ ਪਰਖ ਕਰਨਗੀਆਂ।











Comments (0)