ਨਾਨਕਸ਼ਾਹੀ ਕੈਲੰਡਰ ਦੇ ਖਾਤਮੇ ਬਾਬਤ ਜਥੇਦਾਰ ਭੌਰ ਨੇ ਦਸੀ ਸਚਾਈ

ਨਾਨਕਸ਼ਾਹੀ ਕੈਲੰਡਰ ਦੇ ਖਾਤਮੇ ਬਾਬਤ ਜਥੇਦਾਰ ਭੌਰ ਨੇ ਦਸੀ ਸਚਾਈ

ਮਾਮਲਾ ਨਾਨਕਸ਼ਾਹੀ ਕੈਲੰਡਰ ਦਾ

*ਮੱਕੜ ਤੇ ਧੁੰਮੇ ਨੇ ਤਾਂ ਕੋਈ ਰਿਪੋਰਟ ਹੀ ਨਹੀਂ ਸੀ ਦਿੱਤੀ, ਉੱਪਰੋਂ ਹੁਕਮ ਹੀ ਆਏ ਸੀ ਕੈਲੰਡਰ ਰੱਦ ਕਰਨ ਦੇ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਅੰਮ੍ਰਿਤਸਰ-ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵਿੱਚ ਵੱਖ ਵੱਖ ਵਕਾਰੀ ਅਹੁਦਿਆਂ ਉਤੇ ਰਹੇ ਸੀਨੀਅਰ ਪੰਥਕ ਆਗੂ ਸ. ਸੁਖਦੇਵ ਸਿੰਘ ਭੌਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉਤੇ ਇਹ ਖੁਲਾਸਾ ਕੀਤਾ ਹੈ ਕਿ ਪਾਲ ਸਿੰਘ ਪੁਰੇਵਾਲ ਵਾਲੇ ਨਾਨਕਸ਼ਾਹੀ ਕੈਲੰਡਰ ਦਾ ਖ਼ਾਤਮਾ ਕਿਵੇਂ ਕੀਤਾ ਗਿਆ ਸੀ। ਉਨਾਂ ਕਿਹਾ ਕਿ ਪੰਥ ਦੀ ਅੱਡਰੀ ਹਸਤੀ ਦਾ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਬਹੁਤ ਸੋਚ ਵਿਚਾਰ ਤੋਂ ਬਾਅਦ ਸ੍ਰ.ਪਾਲ ਸਿੰਘ ਪੁਰੇਵਾਲ ਵਲੋਂ ਤਿਆਰ ਕੀਤਾ ਗਿਆ ਸੀ ਜਿਸ ਨੂੰ 300 ਸਾਲਾ ਖਾਲਸਾ ਸਿਰਜਣਾ ਦਿਵਸ ਸਮੇ ਸ੍ਰੀ ਅਨੰਦਪੁਰ ਸਾਹਿਬ ਤੋਂ ਜਾਰੀ ਕੀਤਾ ਜਾਣਾ ਸੀ ਪਰ ਉਸ ਸਮੇ ਦੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਭਾਈ ਰਣਜੀਤ ਸਿੰਘ ਨੇ ਕੈਲੰਡਰ ਦੀਆਂ ਕੁੱਝ ਖਾਮੀਆਂ ਸਾਹਮਣੇ ਲਿਆਂਦੀਆਂ ਜਿਸ ਕਾਰਨ ਜਥੇਦਾਰ ਟੌਹੜਾ ਨੇ ਛਪੇ ਹੋਏ ਕੈਲੰਡਰ ਅਤੇ ਡਾਇਰੀਆਂ ਰੋਕ ਲਈਆਂ ਅਤੇ ਵਧੇਰੇ ਵਿਚਾਰ ਲਈ ਪੈਂਡਿੰਗ ਕਰ ਦਿੱਤਾ ਗਿਆ ।

2003 ਵਿੱਚ ਸੋਧਾਂ ਸਮੇਤ ਨਵਾਂ ਕੈਲੰਡਰ ਜ਼ਾਰੀ ਕੀਤਾ ਗਿਆ ਜਿਸ ਨੂੰ ਸਮੁੱਚੇ ਖਾਲਸਾ ਪੰਥ ਨੇ ਪ੍ਰਵਾਨ ਵੀ ਕਰ ਲਿਆ । ਕੇਂਦਰੀ ਸਰਕਾਰ ਅਤੇ ਸੂਬਿਆਂ ਦੀਆਂ ਸਰਕਾਰਾਂ ਨੇ ਸਾਰੇ ਦਿਹਾੜੇ ਇਸੇ ਅਨੁਸਾਰ ਮਨਾਉਣੇ ਸ਼ੁਰੂ ਕਰ ਦਿੱਤੇ ।ਪਰ ਕੁੱਝ ਡੇਰਾਵਾਦੀ ਸੋਚ ਰੱਖਣ ਵਾਲੇ ਸੰਤਾਂ ਅਤੇ ਆਰ ਐੱਸ ਐੱਸ ਨੂੰ ਇਹ ਪ੍ਰਵਾਨ ਨਹੀਂ ਸੀ , ਉਨ੍ਹਾਂ ਇਸ ਦਾ ਵਿਰੋਧ ਵੱਖ ਵੱਖ ਢੰਗਾਂ ਨਾਲ ਜਾਰੀ ਰੱਖਿਆ ।ਆਰ ਐੱਸ ਐੱਸ ਅਤੇ ਡੇਰਾਵਾਦੀ ਸੋਚ ਦੇ ਲੋਕਾਂ ਨੇ ਸ਼ਰੇਆਮ ਨਾਨਕਸ਼ਾਹੀ ਕੈਲੰਡਰ ਦੀ ਵਿਰੋਧਤਾ ਵਿੱਚ ਬਿਆਨ ਵੀ ਜਾਰੀ ਕੀਤੇ ।ਪਰ ਇਹ ਕੈਲੰਡਰ 2010 ਤੱਕ ਸਫਲਤਾ ਨਾਲ ਲਾਗੂ ਰਿਹਾ ।

ਉਨ੍ਹਾਂ ਬਾਦਲ ਦਲ ਦੀ ਲੀਡਰਸ਼ਿਪ ਨੂੰ ਨਾਨਕਸ਼ਾਹੀ ਕੈਲੰਡਰ ਦਾ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ 2010 ਵਿੱਚ ਅਕਾਲੀ ਲੀਡਰਸ਼ਿਪ ਨੇ ਇਸ ਦਾ ਭੋਗ ਪਾਉਣ ਦਾ ਮਨ ਬਣਾ ਲਿਆ , ਉਸ ਵੇਲੇ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਰਾਹੀਂ ਅਕਾਲ ਤਖਤ ਸਾਹਿਬ ਦੀ ਦੁਰਵਰਤੋਂ ਕਰਦਿਆਂ ਇੱਕ ਦੋ ਮੈਂਬਰੀ ਕਮੇਟੀ ਜਿਸ ਵਿੱਚ ਭਾਈ ਹਰਨਾਮ ਸਿੰਘ ਮੁਖੀ ਦਮਦਮੀ ਟਕਸਾਲ ਅਤੇ ਉਸ ਵੇਲੇ ਦੇ ਪ੍ਰਧਾਨ ਸ੍ਰੋਮਣੀ ਕਮੇਟੀ ਅਵਤਾਰ ਸਿੰਘ ਮੱਕੜ ਤੇ ਆਧਾਰਿਤ ਇੱਕ ਕਮੇਟੀ ਬਣਾਈ ਗਈ ਜਿਸ ਦੀ ਰਿਪੋਰਟ ਤੇ ਵਿਚਾਰ ਕਰਨ ਲਈ ਅੰਤ੍ਰਿੰਗ ਕਮੇਟੀ ਦੀ ਵਿਸ਼ੇਸ਼ ਮੀਟਿੰਗ ਬੁਲਾਈ ਗਈ । ਮੀਟਿੰਗ ਤੋਂ ਪਹਿਲਾਂ ਅਕਾਲੀ ਦਲ ਦੀ ਲੀਡਰਸ਼ਿਪ ਨੇ ਸਾਰੇ ਮੈਂਬਰਾਂ ਨੂੰ ਖੁਦ ਫੋਨ ਕਰ ਕੇ ਕਿਹਾ ਕਿ ਇਹ ਕੈਲੰਡਰ ਖਤਮ ਕਰਨ ਵਿੱਚ ਆਪਣਾ ਯੋਗਦਾਨ ਪਾਉਣਾ ਹੈ , ਕੇਵਲ ਅਸੀਂ ਤਿੰਨ ਮੈਂਬਰ ਸਾਂ ਜਿਸ ਵਿੱਚ ਦਾਸ , ਕਰਨੈਲ ਸਿੰਘ ਪੰਜੋਲੀ ਅਤੇ ਬੀਬੀ ਰਵਿੰਦਰ ਕੌਰ ਹਰਿਆਣਾ ਜਿਨ੍ਹਾਂ ਨੇ ਇਸ ਕੋਹਝੀ ਚਾਲ ਦਾ ਲਿਖਤੀ ਵਿਰੋਧ ਕੀਤਾ ।

ਉਨ੍ਹਾਂ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਬਾਰੇ ਕੋਈ ਰਿਪੋਰਟ ਪੇਸ਼ ਹੀ ਨਹੀਂ ਕੀਤੀ ਗਈ ਸੀ ਬਾਅਦ ਵਿੱਚ ਖਾਨਾਪੂਰਤੀ ਲਈ ਇੱਕ ਫਰਜ਼ੀ ਜਿਹੀ ਰਿਪੋਰਟ ਤਿਆਰ ਕਰ ਲਈ ਗਈ , ਤਕਰੀਬਨ ਦੋ ਘੰਟੇ ਦਾਸ ਨੇ ਇਸ ਦੇ ਪੈਣ ਵਾਲੇ ਪ੍ਰਭਾਵਾਂ ਤੇ ਬੋਲਿਆ ਅਤੇ ਪ੍ਰਧਾਨ ਨੂੰ ਕਿਹਾ ਕਿ ਦੋ ਮੈਂਬਰੀ ਕਮੇਟੀ ਸਾਡੇ ਨਾਲ ਚਰਚਾ ਕਰੇ ਮੱਕੜ ਸਾਹਿਬ ਨੇ ਹਾਜ਼ਿਰ ਮੈਂਬਰਾਂ ਸਾਹਮਣੇ ਪ੍ਰਵਾਨ ਕੀਤਾ ਕਿ ਸਾਨੂੰ ਇਸ ਬਾਰੇ ਕੁੱਝ ਨਹੀਂ ਪਤਾ ਅਸੀਂ ਤਾਂ ਉੱਪਰੋਂ ਆਇਆ ਹੁਕਮ ਵਜਾਉਣਾ ਹੈ ਜਿਸ ਦਾ ਅਸੀਂ ਲਿਖਤੀ ਵਿਰੋਧ ਦਰਜ ਕਰਵਾਇਆ ਅਤੇ ਮੀਟਿੰਗ ਵਿਚੋਂ ਬਾਹਰ ਆ ਗਏ । ਮੁਕਦੀ ਗੱਲ ਅਕਾਲੀ ਲੀਡਰਸ਼ਿਪ ਦੇ ਕਹਿਣ ਤੇ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾ ਦਿੱਤਾ ਗਿਆ , ਮੈਂ ਤਾਂ ਇਹ ਵੀ ਕਿਹਾ ਕਿ ਖਤਮ ਨਾ ਕਰੋ ਸਗੋਂ ਕੈਲੰਡਰ ਦੇ ਹੱਕ ਅਤੇ ਵਿਰੋਧ ਵਿੱਚ ਜੋ ਲੋਕ ਹਨ ਉਨ੍ਹਾਂ ਨੂੰ ਇੱਕਠਿਆਂ ਬਿਠਾਉ ਅਤੇ ਜੇ ਕੋਈ ਊਣਤਾਈ ਹੈ ਉਸ ਨੂੰ ਦੂਰ ਕਰ ਲਿਆ ਜਾਵੇ ਪਰੰਤੂ ਕਿਸੇ ਨਾ ਸੁਣੀ।