ਬੀਬੀ ਕਿਰਨਜੋਤ ਕੌਰ ਜੀ ਇਸਦਾ ਫੈਸਲਾ ਵਕਤ ਕਰੇਗਾ ਕਿ ਕਿੰਨੇ ਮੈਂਬਰ ਪੰਥ ਦੀ ਚੜਦੀ ਕਲਾ ਲਈ ਖੜ੍ਹਦੇ ਹਨ ਤੇ ਕਿੰਨੇ ਪੰਥ ਵਿਰੋਧੀ ਤਾਕਤਾਂ ਦੇ ਨਾਲ ਖੜਨਗੇ: ਸਰਨਾ 

ਬੀਬੀ ਕਿਰਨਜੋਤ ਕੌਰ ਜੀ ਇਸਦਾ ਫੈਸਲਾ ਵਕਤ ਕਰੇਗਾ ਕਿ ਕਿੰਨੇ ਮੈਂਬਰ ਪੰਥ ਦੀ ਚੜਦੀ ਕਲਾ ਲਈ ਖੜ੍ਹਦੇ ਹਨ ਤੇ ਕਿੰਨੇ ਪੰਥ ਵਿਰੋਧੀ ਤਾਕਤਾਂ ਦੇ ਨਾਲ ਖੜਨਗੇ: ਸਰਨਾ 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 26 ਮਾਰਚ (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਨੂੰ ਜਾਰੀ ਬਿਆਨ ਰਾਹੀਂ ਕਿਹਾ ਕਿ ਪੰਥ ਰਤਨ ਮਾਸਟਰ ਤਾਰਾ ਸਿੰਘ ਜੀ ਪੰਥ ਦੀ ਉਹ ਹਸਤੀ ਹਨ । ਜਿੰਨਾ ਸਾਰੀ ਉਮਰ ਸਿੱਖ ਕੌਮ ਦੀ ਨਿਰਸਵਾਰਥ ਸੇਵਾ ਕੀਤੀ । ਉਹ ਸ਼੍ਰੋਮਣੀ ਅਕਾਲੀ ਦਲ ਦੇ ਲੰਮਾ ਸਮਾਂ ਪ੍ਰਧਾਨ ਵੀ ਰਹੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਪ੍ਰਧਾਨ ਰਹੇ । ਉਹਨਾਂ ਦੇ ਪੰਥ ਪ੍ਰਤੀ ਯੋਗਦਾਨ ਦਾ ਕੋਈ ਦੇਣ ਨਹੀਂ ਦੇ ਸਕਦਾ । ਪਰ ਆਪਣੇ ਆਪ ਨੂੰ ਮਾਸਟਰ ਤਾਰਾ ਸਿੰਘ ਦੀ ਵਾਰਸ ਕਹਾਉਣ ਵਾਲੀ ਉਹਨਾਂ ਦੀ ਦੋਹਤੀ ਬੀਬੀ ਕਿਰਨਜੋਤ ਕੌਰ ਨੇ ਜੋ ਸਿੰਘ ਸਾਹਿਬਾਨਾਂ ਦੀ ਨਿਯੁਕਤੀ ਬਾਰੇ ਸਵਾਲ ਕਰਦਿਆਂ ਚਾਲੀ ਮੈਂਬਰਾਂ ਦੀ ਹਿਮਾਇਤ ਆਪਣੇ ਨਾਲ ਹੋਣ ਦਾ ਦਾਅਵਾ ਕੀਤਾ ਹੈ । ਮੈਂ ਬੀਬੀ ਜੀ ਨੂੰ ਚੇਤੇ ਕਰਵਾਉਣਾ ਚਾਹੁੰਦਾ ਹਾਂ ਕਿ ਜਿਸ ਵਿਧੀ ਰਾਹੀਂ ਸਿੰਘ ਸਾਹਿਬਾਨਾਂ ਦੀ ਨਿਯੁਕਤੀ ਪਿਛਲੀ ਇਕ ਸਦੀ ਤੋਂ ਹੁੰਦੀ ਆ ਰਹੀ ਹੈ । ਉਹ ਮਾਸਟਰ ਤਾਰਾ ਸਿੰਘ ਜੀ ਤੇ ਉਹਨਾਂ ਵਰਗੇ ਹੀ ਹੋਰ ਸੁਹਿਰਦ ਸਿੱਖ ਆਗੂਆਂ ਦੀ ਦੇਣ ਹੈ । ਇਸ ਲਈ ਆਪਣੇ ਆਪ ਨੂੰ ਮਾਸਟਰ ਜੀ ਦੇ ਵਾਰਸ ਕਹਾਉਣ ਵਾਲਿਆਂ ਨੂੰ ਇਹੋ ਜਿਹੀ ਗੱਲ ਨਹੀ ਕਰਨੀ ਚਾਹੀਦੀ । ਉਹ ਵੀ ਉਸ ਇਨਸਾਨ ਲਈ ਜਿਹੜਾ ਕਿਸੇ ਵੀ ਰੂਪ ਵਿੱਚ ਸਿੰਘ ਸਾਹਿਬਾਨ ਦੇ ਸਤਿਕਾਰਤ ਰੁਤਬੇ ਦੇ ਬਿਲਕੁਲ ਯੋਗ ਨਹੀਂ । ਬੀਬੀ ਜੀ ਨੂੰ ਮੈਂ ਇਹ ਵੀ ਯਾਦ ਦਵਾਉਣਾ ਚਾਹੁੰਦਾ ਹਾਂ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਵੱਖੋ ਵੱਖਰੇ ਸਮਿਆਂ ਤੇ ਮਾਸਟਰ ਜੀ ਦੀ ਯਾਦ ਵਿੱਚ ਸਮਾਗਮ ਕਰਵਾਉਣ ਦਾ ਸੁਭਾਗ ਹਾਸਲ ਕੀਤਾ ਤੇ ਦੋਵੇਂ ਵਾਰ ਬੀਬੀ ਜੀ ਨੇ ਆਪਣੇ ਨਾਨੇ ਦੀ ਯਾਦ ਵਿੱਚ ਆਉਣਾ ਮੁਨਾਸਿਬ ਨਹੀਂ ਸਮਝਿਆ ।

ਇਹਨਾਂ ਵਿੱਚੋਂ ਇੱਕ ਮੌਕਾ ਉਹ ਸੀ ਜਦੋਂ ਦਿੱਲੀ ਵਿੱਚ ਮਾਸਟਰ ਜੀ ਦਾ ਬੁੱਤ ਸਾਡੇ ਯਤਨਾਂ ਨੇ ਸ੍ਰੀ ਮਦਨ ਲਾਲ ਖੁਰਾਣਾ ਵੱਲੋਂ ਲਗਵਾਇਆ ਗਿਆ ਸੀ । ਇਸ ਲਈ ਜਿਹੜੀ ਬੀਬੀ ਆਪਣੇ ਨਾਨੇ ਦੀ ਨਾ ਹੋ ਸਕੀ ਉਹ ਕਿਸੇ ਹੋਰ ਦੀ ਕਿਵੇਂ ਹੋਵੇਗੀ ? ਮੈਂਨੂੰ ਬੀਬੀ ਕਿਰਨਜੋਤ ਕੌਰ ਦੇ ਸਤਿਕਾਰਯੋਗ ਮਾਤਾ ਜੀ ਨਾਲ ਵੀ ਕੰਮ ਕਰਨ ਦਾ ਮੌਕਾ ਮਿਲਿਆ ਹੈ ਤੇ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਬੀਬੀ ਜੀ ਨਾ ਆਪਣੇ ਨਾਨਾ ਜੀ ਦੇ ਕਦਮਾਂ ਤੇ ਚੱਲੇ ਹਨ ਤੇ ਨਾ ਆਪਣੀ ਮਾਤਾ ਜੀ ਦੇ ਇਸ ਲਈ ਬੀਬੀ ਜੀ ਨੂੰ ਆਪਣੀ ਸਿਆਸਤ ਕਰਨ ਦਾ ਹੱਕ ਹੈ ਪਰ ਆਪਣੇ ਆਪ ਨੂੰ ਆਪਣੇ ਨਾਨਾ ਜੀ ਦੀ ਵਾਰਸ ਕਹਾਉਣ ਦਾ ਕੋਈ ਹੱਕ ਨਹੀਂ । ਬੀਬੀ ਜੀ ਇਹ ਗੱਲਾਂ ਬਹੁਤ ਲੰਮੇਂ ਸਮੇਂ ਤੋਂ ਮੈਂ ਸਾਂਝੀਆਂ ਕਰਨਾ ਚਾਹੁੰਦਾ ਸੋ ਜੋ ਅੱਜ ਤੁਹਾਡੇ ਬਿਆਨ ਦੇ ਸਬੱਬ ਨਾਲ ਕਰ ਰਿਹਾ ਹਾਂ ਤੇ ਜਿਹੜਾ ਤੁਸੀ ਦਾਅਵਾ ਚਾਲੀ ਮੈਂਬਰਾਂ ਦਾ ਕੀਤਾ ਹੈ । ਇਸਦਾ ਫੈਸਲਾ ਵਕਤ ਕਰ ਦੇਵੇਗਾ ਕਿ ਕਿੰਨੇ ਮੈਂਬਰ ਪੰਥ ਦੀ ਚੜਦੀ ਕਲਾ ਲਈ ਖੜ੍ਹਦੇ ਹਨ ਤੇ ਕਿੰਨੇ ਪੰਥ ਵਿਰੋਧੀ ਤਾਕਤਾਂ ਦੇ ਨਾਲ ਖੜਨਗੇ । ਪਰ ਇੱਕ ਗੱਲ ਪੱਕੀ ਹੈ ਕਿ ਜਿੱਤ ਗੁਰੂ ਸਾਹਿਬ ਦੀ ਕਿਰਪਾ ਨਾਲ ਸੱਚ ਹੀ ਹੋਵੇਗੀ ।