ਅਕਾਲ ਤਖਤ ਸਾਹਿਬ ਵਿਖੇ ਕੌਮੀ ਇਕਠ ਹੋਵੇ- ਕਰਨੈਲ ਸਿੰਘ ਪੰਜੋਲੀ

ਅਕਾਲ ਤਖਤ ਸਾਹਿਬ ਵਿਖੇ ਕੌਮੀ ਇਕਠ ਹੋਵੇ- ਕਰਨੈਲ ਸਿੰਘ ਪੰਜੋਲੀ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਚੰਡੀਗੜ੍ਹ : ਦਲ ਨੇ ਜਿਸ ਤਰ੍ਹਾਂ ਤਖਤਾਂ ਦੇ ਜਥੇਦਾਰ ਸਾਹਿਬਾਨ ਨੂੰ ਬਰਖਾਸਤ ਕਰਕੇ ਆਪ ਦੇ ਪੱਖ ਦੇ ਜਥੇਦਾਰ ਸਾਹਿਬਾਨ ਥਾਪੇ ਹਨ ਇਹ ਕਾਰਵਾਈ ਸਿੱਖ ਇਤਿਹਾਸ ਦੇ ਸਭ ਤੋਂ ਕਾਲਾ ਦਿਨ ਵਜੋਂ ਦਰਜ ਹੋ ਗਈ ਹੈ ।ਜਥੇਦਾਰ ਰਘਵੀਰ ਸਿੰਘ ਅਤੇ ਜਥੇਦਾਰ ਸੁਲਤਾਨ ਸਿੰਘ ਉੱਤੇ ਬਾਦਲ ਦਲ ਦਾ ਇਹੀ ਰੋਸ ਹੈ ਕਿ ਉਹ ਦੋ ਦਸੰਬਰ ਨੂੰ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਹੁਕਮਾਂ ਨੂੰ ਇੰਨ ਬਿੰਨ ਲਾਗੂ ਕਰਨ ਦੀ ਵਕਾਲਤ ਕਰਦੇ ਰਹੇ ਹਨ ਤੇ ਹੁਣ ਜੋ ਨਵੇਂ ਜਥੇਦਾਰ ਸਾਹਿਬਾਨ ਥਾਪੇ ਗਏ ਹਨ ਉਹਨਾਂ ਰਾਹੀਂ ਦੋ ਦਸੰਬਰ ਵਾਲਾ ਹੁਕਮਨਾਮਾ ਵੀ ਬਦਲਿਆ ਜਾਵੇਗਾ। ਜਥੇਦਾਰ ਸਾਹਿਬਾਨ ਦੇ ਵਿਧੀ ਵਿਧਾਨ ਨਾ ਹੋਣ ਕਰਕੇ ਬਾਦਲਕਿਆਂ ਨੂੰ ਮਨ ਮਰਜ਼ੀਆਂ ਕਰਨ ਦਾ ਮੌਕਾ ਮਿਲਿਆ ਹੋਇਆ ਹੈ ਅਤੇ ਉਹ ਬੇਰਹਿਮੀ ਨਾਲ ਸਿੱਖ ਸੰਸਥਾਵਾਂ ਦਾ ਅਤੇ ਸਿੱਖ ਪਰੰਪਰਾਵਾਂ ਦਾ ਘਾਣ ਕਰ ਰਹੇ ਹਨ ।ਹਾਲਾਂਕਿ ਬਾਦਲਕਿਆਂ ਦੀਆਂ ਇਹੋ ਜਿਹੀਆਂ ਪੰਥ ਵਿਰੋਧੀ  ਹਰਕਤਾਂ ਕਰਕੇ ਹੀ ਖਾਲਸਾ ਪੰਥ ਨੇ ਬਾਦਲਕਿਆਂ ਨੂੰ ਵੋਟਾਂ ਵਿੱਚ ਵਾਰ ਵਾਰ ਹਰਾਇਆ ਹੈ ਅਤੇ ਹੁਣ ਬਾਦਲਕਿਆਂ ਨੇ ਆਪਣੇ ਲਈ ਹੋਰ ਵੀ ਵੱਡਾ ਟੋਆ ਪੱਟ ਲਿਆ ਹੈ ।

ਕਿੰਨੀ ਸ਼ਰਮਨਾਕ ਗੱਲ ਹੈ ਕਿ ਬਾਦਲਾਂ ਦੇ ਰਾਜ ਵਿੱਚ ਜਿਸ ਬਾਬਾ ਟੇਕ ਸਿੰਘ ਧਨੌਲਾ ਦੀ ਦਸਤਾਰ ਲਾਹੀ ਲਾਹੀ ਸੀ ਅੱਜ ਆਪਦੇ ਸਵਾਰਥਾਂ ਲਈ ਬਾਬਾ ਧਨੌਲਾ ਨੂੰ ਜਥੇਦਾਰ ਥਾਪ ਦਿੱਤਾ ਗਿਆ ਹੈ ਅਤੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਥਾਪੇ ਗਏ ਭਾਈ ਕੁਲਦੀਪ ਸਿੰਘ ਗੜਗੱਜ ਟੀਵੀ ਚੈਨਲਾਂ ਦੇ ਉੱਤੇ ਅਕਸਰ ਹੀ ਬਾਦਲ ਦਲ ਦੇ ਨੁਮਾਇਦੇ ਵਜੋਂ ਬੋਲਦੇ ਰਹਿੰਦੇ ਹਨ ।ਕੀ ਬਾਦਲ ਧਿਰ ਦੇ ਪੱਖ ਵਿੱਚ ਸ਼ਰੇਆਮ ਬੋਲਣ ਵਾਲੇ ਇਹ ਆਗੂ ਖਾਲਸਾ ਪੰਥ ਨਾਲ ਅਤੇ ਆਪਣੇ ਅਹੁਦੇ ਨਾਲ ਇਨਸਾਫ ਕਰ ਸਕਦੇ ਹਨ ?

ਹੁਣ ਤਾਂ ਇਹ ਵੀ ਜਾਪਦਾ ਹੈ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਇਸੇ ਕਰਕੇ ਹੀ ਪ੍ਰਵਾਨ ਨਹੀਂ ਕੀਤਾ ਜਾ ਰਿਹਾ ਕਿ ਪਹਿਲਾਂ ਜਥੇਦਾਰ ਬਦਲ ਕੇ ,ਦੋ ਦਸੰਬਰ ਵਾਲੇ ਹੁਕਮਨਾਮੇ ਦਾ ਪੂਰੀ ਤਰਾਂ ਭੋਗ ਪਾ ਕੇ ਅਤੇ ਅਕਾਲੀ ਦਲ ਦੀ ਭਰਤੀ ਬਾਦਲਕਿਆਂ ਦੇ ਹਿਸਾਬ ਨਾਲ ਕਰਨ ਤੋਂ ਬਾਅਦ ਵਿੱਚ ਐਡਵੋਕੇਟ ਧਾਮੀ ਨੂੰ ਫੇਰ ਦੁਬਾਰਾ ਉਹਦੇ ਉੱਤੇ ਲੈ ਆਂਦਾ ਜਾਵੇ ।ਇਹ ਸਾਰੀ ਪ੍ਰਕਿਰਿਆ ਦੋ ਦਸੰਬਰ ਵਾਲੇ ਹੁਕਮਨਾਮੇ ਦੀ ਤੌਹੀਨ ਕਰਨ ਲਈ ਬੇਲਿਹਾਜ ਬੇਸ਼ਰਮ ਤੇ ਬੇਕਿਰਕ ਹੋ ਕੇ ਕੀਤੀ ਜਾ ਰਹੀ ਹੈ ।

ਸੰਗਤਾਂ ਵਾਰ ਵਾਰ ਗਿਆਨੀ ਰਘਬੀਰ ਸਿੰਘ ਨੂੰ ਪੰਥਕ ਇਕਠ ਸਦਣ ਲਈ ਕਹਿੰਦੀਆਂ ਰਹੀਆ ਪਰ ਉਨਾ ਨੇ ਧਿਆਨ ਨਹੀ ਸੀ ਦਿਤਾ। ਬਾਦਲਕਿਆ ਨੂੰ ਚੁਭਦਾ ਸੀ ਕਿ ਓਹ ਦੋ ਦਸੰਬਰ ਵਾਲੇ ਹੁਕਮ ਲਾਗੂ ਕਰਵਾਉਣ ਲਈ ਪੰਜ ਮੈਂਬਰੀ ਕਮੇਟੀ ਰਾਹੀ ਕਿਓ ਉਪਰਾਲੇ ਕਰ ਰਹੇ ਹਨ?ਸਚ ਇਹ ਹੈ ਕਿ ਓਹ ਹੁਕਮਨਾਮਾ ਲਾਗੂ ਕਰਵਾਉਣ ਦੀ ਗੱਲ ਕਰਨ ਕਰਕੇ ਹੀ ਜਥੇਦਾਰੀ ਤੋਂ ਲਾਹੇ ਗਏ। ਜੇ ਕੌਮ ਵਿਚ ਜਥੇਦਾਰ ਸਾਹਿਬਾਨ ਦੀ ਜਥੇਦਾਰੀ ਵੀ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਹਮਾਇਤ ਕਰਨ ਕਰਕੇ ਖੋਹੀ ਜਾ ਸਕਦੀ ਹੈ ਤਾਂ ਇਸ ਨਾਲੋ ਮਾੜਾ ਹੋਰ ਕੀ ਵਾਪਰ ਸਕਦਾ ਹੈ?ਬਾਦਲਕਿਆ ਦੀ ਇਹ ਹਰਕਤ ਉਨਾ ਦਾ ਸਿਆਸੀ ਭਵਿੱਖ ਦਾ ਬਰਬਾਦ ਕਰੇਗੀ ਹੀ ਪਰ ਜੋ ਕੌਮ ਦਾ ਨੁਕਸਾਨ ਹੋ ਰਿਹਾ ਹੈ ਓਹਦੀ ਭਰਪਾਈ ਕਰਨੀ ਵੀ ਔਖੀ ਹੋਵੇਗੀ।

ਸਮੇ ਦੀ ਲੋੜ ਹੈ ਕਿ ਸਿੱਖ ਸੰਗਤਾਂ ਜਥੇਬੰਦੀਆਂ ਅਤੇ ਕੌਮ ਪ੍ਰਸਤ ਅਕਾਲੀ ਲੀਡਰਸ਼ਿਪ ਨੂੰ ਅਕਾਲ ਤਖਤ ਸਾਹਿਬ ਦੇ ਸਨਮੁਖ 1920 ਵਾਂਗ ਇਕੱਠੇ ਹੋ ਕੇ ਵੱਡੇ ਫੈਸਲੇ ਲੈਣੇ ਪੈਣਗੇ।