ਬੀਤੇ ਦਿਨੀਂ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਕੀਤੇ ਫੈਸਲੇ ਸ਼ਲਾਘਾਯੋਗ: ਸਰਨਾ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ 22 ਮਈ (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ ਰਾਹੀਂ ਕਿਹਾ ਕਿ ਕੌਮ ਅੰਦਰ ਜੋ ਪਿਛਲੇ ਸਾਲਾਂ ਤੋਂ ਆਪਸੀ ਇਤਫ਼ਾਕ ਦੀ ਘਾਟ ਤੇ ਨਿੱਜੀ ਰੰਜਿਸ਼ਾਂ ਕਾਰਨ ਵਖਰੇਵੇਂ ਬਣੇ ਹੋਏ ਸਨ । ਉਹਨਾਂ ਨੂੰ ਦੂਰ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਹੇਠ ਪੰਜ ਸਿੰਘ ਸਾਹਿਬਾਨਾਂ ਨੇ ਜੋ ਫੈਸਲੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਕੀਤੇ ਹਨ । ਉਹ ਸਾਰੇ ਸ਼ਲਾਘਾਯੋਗ ਹਨ । ਸਭ ਤੋਂ ਪਹਿਲਾਂ ਦੋ ਸ੍ਰੀ ਫਤਿਹਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਹਰਪਾਲ ਸਿੰਘ ਜੀ ਨੂੰ ਉਹਨਾਂ ਦੁਆਰਾ ਧਰਮ ਪ੍ਰਚਾਰ ਦੀ ਲਹਿਰ ਚਲਾਉਣ ਤੇ ਸਿੱਖੀ ਦੇ ਪ੍ਰਚਾਰ ਪ੍ਰਸਾਰ ‘ਚ ਨਿਭਾਈਆਂ ਜਾ ਰਹੀਆਂ ਪ੍ਰਸੰਸਾਯੋਗ ਸੇਵਾਵਾਂ ਦੇ ਲਈ ‘ਭਾਈ ਸਾਹਿਬ’ ਦੀ ਉਪਾਧੀ ਬਖਸ਼ਿਸ਼ ਕੀਤੀ ਗਈ ਹੈ । ਇਹ ਬਹੁਤ ਹੀ ਚੰਗਾ ਕਾਰਜ ਹੈ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ‘ਭਾਈ ਸਾਹਿਬ’ ਗਿਆਨੀ ਹਰਪਾਲ ਸਿੰਘ ਜੀ ਨਿਰਸਵਾਰਥ ਹੋ ਕੇ ਧਰਮ ਪ੍ਰਚਾਰ ਕਰਦੇ ਆ ਰਹੇ ਹਨ । ਇਸੇ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਪੰਜ ਪਿਆਰੇ ਜਿੰਨਾਂ ਨੇ ਲੰਮਾ ਸਮਾਂ ਅੰਮ੍ਰਿਤ ਸੰਚਾਰ ਦੀਆਂ ਸੇਵਾਵਾਂ ਨਿਭਾਈਆਂ ਗੁਰਪੁਰਵਾਸੀ ਗਿਆਨੀ ਮਲਕੀਤ ਸਿੰਘ ਖੰਡੂਰ ਜੀ ਦੀ ਸਿੰਘਣੀ ਬੀਬੀ ਹਰਜਿੰਦਰ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸਦੇ ਨਾਲ ਹੀ ਵੱਖ - ਵੱਖ ਸਮੇਂ ਤੇ ਹੋਈਆਂ ਭੁੱਲਾਂ ਕਾਰਨ ਪ੍ਰਚਾਰ ਤੋਂ ਦੂਰ ਕੀਤੇ ਗਏ ਭਾਈ ਰਣਜੀਤ ਸਿੰਘ ਢੱਡਰੀਆਂ, ਗਿਆਨੀ ਗੁਰਮੁਖ ਸਿੰਘ ਤੇ ਗਿਆਨੀ ਰਣਜੀਤ ਸਿੰਘ ਗੌਹਰ ਆਦਿ ਦੇ ਮਾਮਲੇ ਤੇ ਉਹਨਾਂ ਦਾ ਪੱਖ ਸੁਣਨ ਤੋਂ ਬਾਅਦ ਜਿਸ ਤਰ੍ਹਾਂ ਪੰਥਕ ਰਵਾਇਤ ਅਨੁਸਾਰ ਉਹਨਾਂ ਨੂੰ ਬਣਦੀ ਸੇਵਾ ਲਗਾਉਣ ਦੇ ਨਾਲ ਮੁੜ ਤੋਂ ਗੁਰੂ ਸਾਹਿਬ ਦੇ ਅਦਬ ਸਤਿਕਾਰ ਨੂੰ ਮੁੱਖ ਰੱਖਦੇ ਹੋਏ ਧਰਮ ਪ੍ਰਚਾਰ ਮੁੜ ਆਰੰਭ ਕਰਨ ਲਈ ਕਿਹਾ ਗਿਆ ਹੈ । ਇਹ ਬਹੁਤ ਹੀ ਸ਼ਲਾਘਾਯੋਗ ਵੀ ਹੈ ਤੇ ਕੌਮ ਦੀ ਲੋੜ ਵੀ ਹੈ ਕਿਉਂਕਿ ਅੱਜ ਸਾਨੂੰ ਧਰਮ ਪ੍ਰਚਾਰ ਵਿੱਚ ਆਈ ਖੜੋਤ ਤੋੜਨ ਦੀ ਲੋੜ ਹੈ । ਇਸੇ ਤਰ੍ਹਾਂ ਸ. ਹਰਵਿੰਦਰ ਸਿੰਘ ਸਰਨਾ ਵੱਲੋਂ ਖਿਮਾ ਜਾਚਨਾ ਕਰਨ ਤੋਂ ਬਾਅਦ ਉਹਨਾਂ ਦੀ ਸਿਹਤ ਨੂੰ ਦੇਖਦੇ ਹੋਏ ਜੋ ਵੀ ਫੈਸਲਾ ਸਿੰਘ ਸਾਹਿਬਾਨ ਨੇ ਕੀਤਾ ਹੈ ਉਹ ਸੁਆਗਤ ਯੋਗ ਹੈ । ਇਸਦੇ ਨਾਲ ਹੀ ਕੈਨੇਡਾ ਦੀ ਗੁਰੂ ਘਰ ਦੇ ਪ੍ਰਬੰਧਕਾਂ ਅਤੇ ਦਿੱਲੀ ਕਮੇਟੀ ਦੇ ਪ੍ਰਬੰਧ ਬਾਰੇ ਜੋ ਵੀ ਸਿੰਘ ਸਾਹਿਬ ਨੇ ਕਿਹਾ ਹੈ ਤੇ ਆਦੇਸ਼ ਕੀਤੇ ਹਨ । ਉਸਤੋਂ ਕੌਮ ਦੀ ਆਸ ਹੋਰ ਪ੍ਰਚੰਡ ਹੋਈ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਧਰਮ ਦਾ ਕੁੰਡਾ ਸਦਾ ਹੀ ਸਿਆਸਤ ਤੋਂ ਉੱਚਾ ਰੱਖਿਆ ਜਾਵੇਗਾ ਤੇ ਕੌਮ ਨੂੰ ਦਰਪੇਸ਼ ਚੁਣੌਤੀਆਂ ਦਾ ਮੁਕਾਬਲਾ ਕੀਤਾ ਜਾਵੇਗਾ । ਕੀਤੇ ਗਏ ਫ਼ੈਸਲਿਆਂ ਲਈ ਅਸੀਂ ਸਿੰਘ ਸਾਹਿਬਾਨਾਂ ਦਾ ਧੰਨਵਾਦ ਕਰਦੇ ਹਾਂ ਸਾਰੇ ਹੀ ਫੈਸਲਿਆਂ ਦਾ ਤਹਿ ਦਿਲੋਂ ਸੁਆਗਤ ਕਰਦੇ ਹਾਂ ।











Comments (0)