ਗੁਰਪੁਰਬ ਮੌਕੇ ਕਿਤਾਬਚਾ ‘ਅਦਬਨਾਮਾ’ ਦਾ ਹਿੰਦੀ ਵਿਚ ਤਰਜ਼ਮਾ ਜਾਰੀ 

ਗੁਰਪੁਰਬ ਮੌਕੇ ਕਿਤਾਬਚਾ ‘ਅਦਬਨਾਮਾ’ ਦਾ ਹਿੰਦੀ ਵਿਚ ਤਰਜ਼ਮਾ ਜਾਰੀ 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਚੰਡੀਗੜ੍ਹ : ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸੰਗਰੂਰ ਵਿਖੇ ਸਜੇ ਦੀਵਾਨਾਂ ਵਿੱਚ ਇਲਾਕੇ ਦੀਆਂ ਸਿੱਖ ਸਖਸ਼ੀਅਤਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕਿਤਾਬਚਾ ‘ਅਦਬਨਾਮਾ (ਹਿੰਦੀ)’ ਜਾਰੀ ਕੀਤਾ ਗਿਆ। 


ਕਿਤਾਬਚਾ ‘ਅਦਬਨਾਮਾ’ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਨੂੰ ਵੱਡੀ ਥਾਂ ਤੇ ਰੱਖ ਕੇ ਸਿੱਖਾਂ ਵਜੋਂ ਸਾਡੇ ਕਰਨਯੋਗ ਕਾਰਜਾਂ ਦੀ ਨਿਸ਼ਾਨਦੇਹੀ ਕਰਦਾ ਹੈ। ਮੂਲ ਰੂਪ ਵਿਚ ਇਹ ਕਿਤਾਬਚਾ ਪੰਜਾਬੀ ਵਿਚ ਬੀਤੇ ਸਾਲ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਗੁਰਪੁਰਬ ਮੌਕੇ ਤੇ ਗੁਰੂ ਕੇ ਵਜ਼ੀਰ ਗ੍ਰੰਥੀ ਸਿੰਘਾਂ ਵਲੋਂ ਗੁਰਦੁਆਰਾ ਸਿੰਘ ਸਭਾ ਸੰਗਰੂਰ ਵਿਖੇ ਹੀ ਜਾਰੀ ਕੀਤਾ ਗਿਆ ਸੀ। ਬਾਅਦ ਵਿੱਚ ਦੇਸ਼ ਵਿਦੇਸ਼ ਵਿਚ ਬੈਠੀ ਗੁਰ ਨਾਨਕ ਨਾਮ ਲੇਵਾ ਸੰਗਤ ਨਾਲ ਗੁਰਮਤਿ ਦੇ ਪੱਖ ਤੋਂ ਅਦਬ ਸਤਿਕਾਰ ਸਬੰਧੀ ਅਹਿਮ ਨੁਕਤਿਆਂ ਦੀ ਸਾਂਝ ਪਾਉਣ ਲਈ ਇਸਨੂੰ ਹੋਰਨਾਂ ਬੋਲੀਆਂ ਵਿੱਚ ਜਾਰੀ ਕਰਨ ਦੀ ਕਵਾਇਦ ਵਜੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਗੁਰਦੁਆਰਾ ਜੰਡਸਰ ਸਾਹਿਬ ਖਡਿਆਲ ਵਿਖੇ ਅੰਗਰੇਜ਼ੀ ਵਿਚ ਵੀ ਜਾਰੀ ਕੀਤਾ ਗਿਆ ਸੀ। ਇਸੇ ਲੜੀ ਅੰਦਰ ਪੰਜਾਬ ਤੋਂ ਬਾਹਰ ਸਿੱਖ ਸੰਗਤ ਤੱਕ ਪਹੁੰਚ ਕਰਨ ਲਈ ਹੁਣ ਇਸਦਾ ਹਿੰਦੀ ਵਿਚ ਤਰਜ਼ਮਾ ਜਾਰੀ ਕੀਤਾ ਗਿਆ ਹੈ। 
ਪਿਛਲੇ ਸਮੇਂ ਤੋਂ ਪੰਜਾਬ ਤੋਂ ਬਾਹਰਲੀ ਸਿੱਖ ਸੰਗਤ ਵਲੋਂ ਗੁਰਮੁਖੀ ਤੋਂ ਵਾਂਝੇ ਰਹਿਣ ਦੀ ਗੱਲ ਵੀ ਕੀਤੀ ਜਾਂਦੀ ਸੀ, ਓਥੇ ਹੀ ਸਿਧਾਂਤਕ ਕਿਤਾਬਾਂ ਵੀ ਉਨ੍ਹਾਂ ਦੀ ਸਮਝਣਯੋਗ ਬੋਲੀ ਵਿਚ ਪਹੁਚਾਉਣ ਦੀ ਮੰਗ ਹੁੰਦੀ ਰਹੀ ਹੈ। ਸੰਗਤ ਦੀ ਮੰਗ ਤੇ ਭਾਈ ਗੁਰਮੀਤ ਸਿੰਘ ਰਾਂਚੀ ਨੇ ਇਸ ਕਿਤਾਬਚੇ ਦਾ ਹਿੰਦੀ ਵਿਚ ਅਨੁਵਾਦ ਕਰਨ ਦੀ ਸੇਵਾ ਕੀਤੀ ਹੈ।  
ਇਸ ਮੌਕੇ ਭਾਈ ਮਲਕੀਤ ਸਿੰਘ ਭਵਾਨੀਗੜ੍ਹ ਨੇ ਸੰਗਤ ਨਾਲ ਅਦਬਨਾਮੇ ਬਾਰੇ ਵਿਚਾਰ ਸਾਂਝੇ ਕੀਤੇ ਗਏ। ਇਹ ਕਿਤਾਬਚਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿਚ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਲਖਵਿੰਦਰ ਸਿੰਘ ਅਤੇ ਜਥਾ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਮੁੱਖ ਸੇਵਾਦਾਰ ਭਾਈ ਕਰਮਜੀਤ ਸਿੰਘ ਗੱਗੜਪੁਰ, ਭਾਈ ਗੁਰਜੀਤ ਸਿੰਘ ਦੁੱਗਾਂ, ਭਾਈ ਹਰਪ੍ਰੀਤ ਸਿੰਘ ਲੌਂਗੋਵਾਲ (ਨੀਸਾਣਿ ਪ੍ਰਕਾਸ਼ਨ), ਗੁਰੂਦੁਆਰਾ ਮਹਿਲ ਮੁਬਾਰਕ ਅਤੇ ਗੁਰਦੁਆਰਾ ਤਾਲਮੇਲ ਕਮੇਟੀ (ਪੰਚ ਪ੍ਰਧਾਨੀ) ਤੋਂ ਭਾਈ ਕੇਹਰ ਸਿੰਘ ਅਤੇ ਭਾਈ ਭੁਪਿੰਦਰ ਸਿੰਘ ਗਰੇਵਾਲ (ਧਰਮ ਪ੍ਰਚਾਰ ਕਮੇਟੀ, ਮਸਤੂਆਣਾ ਸਾਹਿਬ) ਵਲੋਂ ਜਾਰੀ ਕੀਤਾ ਗਿਆ। 
ਇਸ ਮੌਕੇ ਭਾਈ ਇੰਦਰਪ੍ਰੀਤ ਸਿੰਘ, ਭਾਈ ਅਮਨਪ੍ਰੀਤ ਸਿੰਘ, ਭਾਈ ਪਰਵਿੰਦਰ ਸਿੰਘ, ਭਾਈ ਧਰਮਵੀਰ ਸਿੰਘ, ਭਾਈ ਸਤਪਾਲ ਸਿੰਘ ਅਤੇ ਵੱਡੀ ਗਿਣਤੀ ਵਿੱਚ ਸੰਗਤ ਹਾਜਰ ਸੀ।