ਅਕਾਲੀ ਆਗੂਆਂ ਦਾ ਚਿੰਤਨ ਕਿਸ ਦਿਸ਼ਾ ਵਿਚ ਹੋਵੇ..?

ਅਕਾਲੀ ਆਗੂਆਂ ਦਾ ਚਿੰਤਨ ਕਿਸ ਦਿਸ਼ਾ ਵਿਚ ਹੋਵੇ..?

ਪੰਜਾਬ ਦੀ ਰਾਜਨੀਤੀ ਵਿਚ ਅਕਾਲੀਆਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ ਅਤੇ ਕਿਸੇ ਸਮੇਂ ਇਹ ਇੰਨਾ ਪ੍ਰਭਾਵਸ਼ਾਲੀ ਸੀ ਕਿ ਦਿੱਲੀ ਦੀ ਸਰਕਾਰ ਵੀ ਅਕਾਲੀਆਂ ਨੂੰ ਨਰਾਜ਼ ਕਰ ਕੇ ਕੋਈ ਰਾਜਨੀਤਿਕ ਫ਼ੈਸਲਾ ਲੈਣ ਤੋਂ ਸੰਕੋਚ ਕਰਦੀ ਸੀ।

ਅਕਾਲੀ ਆਗੂਆਂ ਦੀ ਪ੍ਰਧਾਨ ਮੰਤਰੀ, ਰਾਸ਼ਟਰਪਤੀ ਅਤੇ ਦੇਸ਼ ਦੇ ਵੱਡੇ ਆਗੂਆਂ ਨਾਲ ਸਿੱਧੀ ਗੱਲਬਾਤ ਸੀ ਅਤੇ ਜਦੋਂ ਅਕਾਲੀ ਆਗੂ ਕੋਈ ਬਿਆਨ ਦਿੰਦੇ ਸਨ ਤਾਂ ਕੋਈ ਨਾ ਕੋਈ ਕੇਂਦਰੀ ਆਗੂ ਜਾਂ ਮੰਤਰੀ ਉਹਨਾਂ ਦੀ ਹਮਾਇਤ ਕਰ ਦਿੰਦਾ ਸੀ ਜਿਸ ਨਾਲ ਅਕਾਲੀਆਂ ਦਾ ਕੇਂਦਰੀ ਸੱਤਾ ਵਿਚ ਪ੍ਰਭਾਵ ਦੇੇਖਣ ਨੂੰ ਮਿਲ ਜਾਂਦਾ ਸੀ।

ਅਕਾਲੀ ਆਗੂ ਕਈ ਵਾਰੀ ਲੜੇ ਅਤੇ ਕਈ ਵਾਰ ਫਿਰ ਇਕੱਠ ਹੋਏ ਹਨ। ਇਹ ਸਮਝਿਆ ਜਾਂਦਾ ਸੀ ਕਿ ਇਕਜੁੱਟ ਹੋਏ ਅਕਾਲੀਆਂ ਨੂੰ ਚੋਣਾਂ ਵਿਚ ਹਰਾਉਣਾ ਲਗਪਗ ਅਸੰਭਵ ਜਾਪਦਾ ਹੈ। ਆਮ ਲੋਕ ਅਕਸਰ ਇਹ ਗੱਲਾਂ ਕਰਦੇ ਸਨ ਕਿ ਹੁਣ ਪਿੰਡਾਂ ਵਾਲੇ ਭਾਵ ਜ਼ਮੀਨੀ ਪੱਧਰ ਤੇ ਕੰਮ ਕਰਨ ਵਾਲੇ ਵੀ ਕਮਰਕੱਸੇ ਕਰਕੇ ਅਤੇ ਕੇਸਰੀ ਝੰਡੀਆਂ ਫੜੀ ਸਕੂਟਰਾਂ, ਸਾਈਕਲਾਂ ਤੇ ਨਜ਼ਰ ਆਉਣ ਲੱਗ ਪਏ ਹਨ, ਹੁਣ ਇਹਨਾਂ ਨੂੰ ਸਰਕਾਰ ਬਣਾਉਣ ਤੋਂ ਕੋਈ ਰੋਕ ਨਹੀਂ ਸਕਦਾ।

ਬਾਦਲ, ਟੌਹੜਾ ਅਤੇ ਤਲਵੰਡੀ ਦੀ ਤਿੱਕੜੀ ਪੰਜਾਬ ਵਿਚ ਮਸ਼ਹੂਰ ਰਹੀ ਹੈ ਅਤੇ ਇਹ ਸਮਝਿਆ ਜਾਂਦਾ ਸੀ ਕਿ ਜਦੋਂ ਇਹ ਇਕੱਠੇ ਹੋ ਗਏ ਤਾਂ ਪੰਥ ਵਿਚ ਏਕਤਾ ਹੋ ਗਈ ਅਤੇ ਜਦੋਂ ਇਹ ਲੜ ਪਏ ਤਾਂ ਪੰਥ ਵਿਚ ਦੁਫੇੜ ਪੈ ਗਿਆ ਹੈ। ਪੰਜਾਬ ਵਿਚ ਇਹਨਾਂ ਨੂੰ ਪੰਥ ਸਮਝਿਆ ਜਾਣ ਲੱਗਾ ਸੀ।  

ਪਿਛਲੇ ਇਕ-ਡੇਢ ਦਹਾਕੇ ਦੌਰਾਨ ਜਦੋਂ ਦਾ ਪੰਜਾਬ ਦੀ ਰਾਜਨੀਤੀ ਨੇ ਪਲਟਾ ਖਾਧਾ ਹੈ ਤਾਂ ਆਮ ਲੋਕ ਇਹ ਸਮਝਣ ਲੱਗੇ ਕਿ ਆਗੂ ਪੰਥ ਨਹੀਂ ਹਨ। ਪੰਥ ਤਾਂ ਉਹ ਹੈ ਜਿਹੜਾ ਗੁਰੂ ਨਾਲ ਜੁੜਿਆ ਹੋਇਆ ਹੈ, ਸਵੇਰੇ ਉਠ ਕੇ ਗੁਰਦੁਆਰਾ ਸਾਹਿਬ ਜਾਂਦਾ ਹੈ, ਲੰਗਰ ਵਿਚ ਸੇਵਾ ਕਰਦਾ ਹੈ, ਜੋੜਿਆਂ ਦੀ ਸੇਵਾ ਕਰਦਾ ਹੈ, ਸਾਈਕਲ-ਸਕੂਟਰ ਸਟੈਂਡ ਤੇ ਲਵਾਉਣ ਦੀ ਸੇਵਾ ਵਿਚ ਜੁਟਿਆ ਹੋਇਆ ਹੈ, ਦਰਬਾਰ ਸਾਹਿਬ ਨੂੰ ਇਸ਼ਨਾਨ ਕਰਵਾ ਰਿਹਾ ਹੈ, ਸਰੋਵਰਾਂ ਵਿਚ ਇਸ਼ਨਾਨ ਕਰ ਰਿਹਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇੇ ਪ੍ਰਕਾਸ਼ ਕਰਨ ਦੀ ਸੇਵਾ ਕਰਦਾ ਹੈ, ਪ੍ਰਭਾਤ-ਫੇਰੀਆਂ ਕੱਢਦਾ ਹੈ, ਨਗਰ-ਕੀਰਤਨ ਵਿਚ ਉਤਸ਼ਾਹ ਨਾਲ ਸ਼ਾਮਲ ਹੁੰਦਾ ਹੈ, ਆਦਿ। ਆਗੂ ਤਾਂ ਪੰਥ ਦੀ ਵਿਚਾਰਧਾਰਾ ਨੂੰ ਅੱਗੇ ਵਧਾਉਣ ਅਤੇ ਪੰਥਕ ਮਸਲੇ ਹੱਲ ਕਰਾਉਣ ਦਾ ਕਾਰਜ ਕਰਦੇ ਹਨ। ਭਾਵੇਂ ਕਿ ਉਹਨਾਂ ਦੀ ਭੂਮਿਕਾ ਵੀ ਅੱਖੋਂ ਪਰੋਖੇ ਨਹੀਂ ਕੀਤੀ ਜਾ ਸਕਦੀ ਪਰ ਫਿਰ ਵੀ ਇਹ ਚਿੰਤਨ ਹੋਣ ਲੱਗਾ ਕਿ ਕਿਹੜੇ ਪੰਥਕ ਆਗੂ ਇਹ ਕਾਰਜ ਕਰ ਰਹੇ ਹਨ।

ਜਦੋਂ ਆਗੂਆਂ ਦੇ ਪੰਥਕ ਕਾਰਜਾਂ ਦੀ ਪੜਚੋਲ ਅਰੰਭ ਹੋਈ ਤਾਂ ਆਮ ਸੰਗਤ ਭਾਵੇਂ ਇਸ ਗੱਲ ਤੇ ਤਾਂ ਖੁਸ਼ੀ ਮਹਿਸੂਸ ਕਰ ਰਹੀ ਸੀ ਕਿ ਸਿੱਖ ਇਤਿਹਾਸ ਦੀਆਂ ਯਾਦਗਾਰਾਂ ਸੜਕਾਂ ਤੇ ਖੜੀਆਂ ਕਰ ਦਿੱਤੀਆਂ ਗਈਆਂ ਹਨ, ਜਿਸ ਨਾਲ ਬੱਚਿਆਂ ਅਤੇ ਆਮ ਲੋਕਾਂ ਵਿਚ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਅਤੇ ਗੁਰਸਿੱਖਾਂ ਦੀਆਂ ਕੁਰਬਾਨੀਆਂ ਅੱਖਾਂ ਅੱਗੇ ਆ ਜਾਂਦੀਆਂ ਹਨ।

ਇਸ ਦੇ ਨਾਲ ਇਹ ਵੀ ਚਿੰਤਨ ਦਾ ਹਿੱਸਾ ਬਣ ਗਿਆ ਕਿ ਅਕਾਲੀਆਂ ਦੇ ਰਾਜ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ, ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਬਿਨਾਂ-ਮੰਗਿਆਂ ਮਾਫੀ ਦਿੱਤੀ ਗਈ। ਇਸ ਦੇ ਨਾਲ ਹੀ ਬਹੁਤ ਸਾਰੀਆਂ ਅਜਿਹੀਆਂ ਹੋਰ ਘਟਨਾਵਾਂ ਵੀ ਜੁੜਦੀਆਂ ਗਈਆਂ ਜਿਨ੍ਹਾਂ ਨੇ ਅਕਾਲੀਆਂ ਦੁਆਰਾ ਕੀਤੇ ਗਏ ਚੰਗੇ ਕੰਮਾਂ ਨੂੰ ਨਜ਼ਰ-ਅੰਦਾਜ਼ ਕਰ ਦਿੱਤਾ ਜਿਸ ਦੇ ਫਲਸਰੂਪ ਉਹ ਸੱਤਾ ਵਿਚੋਂ ਬਾਹਰ ਹੋ ਗਏ।

ਸੱਤਾ ਵਿਚੋਂ ਬਾਹਰ ਹੋਣ ਤੋਂ ਬਾਅਦ ਜਿਵੇਂ ਅਕਾਲੀ ਆਗੂ ਇਕ ਦੂਜੇ ਦੇ ਨੇੜੇ ਆਉਣ ਦੀਆਂ ਕੋਸ਼ਿਸ਼ਾਂ ਕਰ ਲੈਂਦੇ ਸਨ, ਇਸ ਵਾਰੀ ਉਹ ਨਜ਼ਰ ਨਹੀਂ ਆ ਰਿਹਾ। ਮੌਜੂਦਾ ਸਮੇਂ ਵਿਚ ਅਜਿਹੇ ਹਾਲਾਤ ਪੈਦਾ ਹੋ ਗਏ ਹਨ ਕਿ ਇਹਨਾਂ ਦੀ ਲੜਾਈ ਪੰਥ ਅਤੇ ਪੰਜਾਬ ਦੇ ਹਿਤਾਂ ਨੂੰ ਨੁਕਸਾਨ ਪਹੁੰਚਾਉਣ ਵਾਲੀ ਹੋ ਗਈ ਹੈ। ਅਕਾਲੀ ਸਫ਼ਾਂ ਤੱਕ ਸੀਮਿਤ ਹੋਣ ਵਾਲੀ ਲੜਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਪੁੱਜ ਗਈ ਹੈ। ਜਿਸ ਨਾਲ ਸਮੁੱਚੇ ਪੰਥ ਵਿਚ ਉਦਾਸੀ ਅਤੇ ਨਿਰਾਸ਼ਾ ਵਾਲੀ ਸਥਿਤੀ ਪੈਦਾ ਹੋ ਗਈ ਹੈ।

ਪੰਜਾਬ ਦੇ ਬਹੁਤੇ ਲੋਕ ਅਕਾਲੀ ਦਲ ਨਾਲ ਜੁੜੇ ਹੋਏ ਹਨ, ਉਹਨਾਂ ਦੇ ਵੱਡੇ-ਵਡੇਰਿਆਂ ਨੇ ਪੰਥ-ਕੌਮ ਲਈ ਕੁਰਬਾਨੀਆਂ ਕੀਤੀਆਂ ਹਨ। ਪੰਜਾਬ ਦੇ ਹਿਤਾਂ ਲਈ ਮੋਰਚੇ ਲਾਉਣ ਅਤੇ ਇਥੋਂ ਦੇ ਮਸਲੇ ਹੱਲ ਕਰਾਉਣ ਲਈ ਜਿਹੜੇ ਯਤਨ ਉਹਨਾਂ ਦੇ ਬਜ਼ੁਰਗਾਂ ਨੇ ਕੀਤੇ ਸਨ, ਉਹਨਾਂ ਤੇ ਮਾਣ ਕਰਕੇ ਉਹ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਹਨ। ਹੁਣ ਜਦੋਂ ਅਕਾਲੀਆਂ ਦੀ ਰਾਜਨੀਤਿਕ ਹਾਲਤ ਪਤਲੀ ਹੁੰਦੀ ਜਾ ਰਹੀ ਹੈ ਤਾਂ ਵੀ ਉਹ ਚਾਹੁੰਦੇ ਹਨ ਕਿ ਕੋਈ ਅਜਿਹਾ ਰਾਹ ਨਿਕਲੇ ਕਿ ਪੰਜਾਬ ਵਿਚ ਪੰਥ ਦੀ ਗੂੰਜ ਦੁਬਾਰਾ ਪੈਦਾ ਹੋ ਸਕੇ। ਇੱਥੋਂ ਤੱਕ ਕਿ ਪੰਜਾਬ ਦੀਆਂ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਜਿਹੜੀਆਂ ਕਿ ਅਕਸਰ ਅਕਾਲੀਆਂ ਦੇ ਵਿਰੋਧ ਵਿਚ ਭੁਗਤਦੀਆਂ ਰਹੀਆਂ ਹਨ, ਉਹਨਾਂ ਦੇ ਆਗੂ ਵੀ ਇਹ ਚਾਹੁੰਦੇ ਹਨ ਕਿ ਅਕਾਲੀਆਂ ਦਾ ਪੰਜਾਬ ਵਿਚ ਪੁਨਰ-ਸਥਾਪਨ ਹੋਣਾ ਚਾਹੀਦਾ ਹੈ।

ਰਾਜਨੀਤਿਕ ਪਾਰਟੀਆਂ ਦੇ ਆਪਣੇ ਏਜੰਡੇ ਹੁੰਦੇ ਹਨ ਪਰ ਅਕਾਲੀ ਦਲ ਦੀ ਮਜ਼ਬੂਤੀ ਲਈ ਉਹਨਾਂ ਵੱਲੋਂ ਦਿੱਤੇ ਗਏ ਬਿਆਨ ਕਿਤੇ ਨਾ ਕਿਤੇ ਪੰਜਾਬ ਦੇ ਹਿਤਾਂ ਦੀ ਰਾਖੀ ਪ੍ਰਗਟ ਕਰਦੇ ਪ੍ਰਤੀਤ ਹੁੰਦੇ ਹਨ। ਇਹ ਸਮਝਿਆ ਜਾਣ ਲੱਗਿਆ ਹੈ ਕਿ ਕੇਂਦਰੀ ਪਾਰਟੀਆਂ ਨੂੰ ਹੁਕਮ ਕੇਂਦਰੀ ਆਗੂਆਂ ਵੱਲੋਂ ਕੀਤੇ ਜਾਂਦੇ ਹਨ ਜਿਸ ਨਾਲ ਕਈ ਵਾਰੀ ਪੰਜਾਬ ਦੇ ਹਿਤਾਂ ਨੂੰ ਅੱਖ ਪਰੋਖੇ ਕਰ ਦਿੱਤਾ ਜਾਂਦਾ ਹੈ। ਕੇਂਦਰੀ ਪਾਰਟੀਆਂ ਨਾਲ ਜੁੜੇ ਹੋਏ ਆਗੂ ਪਾਰਟੀ ਲਈਨ ਨਾਲ ਜੁੜੇ ਹੋਣ ਕਰਕੇ ਕਈ ਵਾਰੀ ਅਜਿਹੇ ਫੈਸਲੇ ਵਿਰੁੱਧ ਬੋਲਣ ਦੀ ਹਿੰਮਤ ਨਹੀਂ ਕਰ ਸਕਦੇ ਜਿਸ ਨਾਲ ਪੰਜਾਬ ਦਾ ਨੁਕਸਾਨ ਹੁੰਦਾ ਹੋਵੇ। 

ਅਜਿਹਾ ਨਹੀਂ ਕਿ ਹੁਣ ਸਭ ਕੁੱਝ ਖਤਮ ਹੋ ਗਿਆ ਹੈ। ਸ਼ਾਮ ਨੂੰ ਪੰਜਾਬੀ ਵਿਚ ਚੱਲਣ ਵਾਲੇ ਸਮੂਹ ਚੈਨਲਾਂ ਦੇ ਪ੍ਰਾਈਮ-ਟਾਈਮ ਅਕਾਲੀ ਰਾਜਨੀਤੀ ਤੇ ਕੇਂਦਰਿਤ ਹੁੰਦੇ ਹਨ। ਪੰਜਾਬ ਦੇ ਕਿਹੜੇ ਪ੍ਰਮੁੱਖ ਮਸਲੇ ਹਨ, ਉਹਨਾਂ ਦਾ ਕਿਵੇਂ ਨਿਵਾਰਣ ਹੋ ਸਕਦਾ ਹੈ, ਆਮ ਲੋਕਾਂ ਨੂੰ ਸਰਕਾਰ ਦੀਆਂ ਕਿਹੜੀਆਂ ਨੀਤੀਆਂ ਪ੍ਰਭਾਵਿਤ ਕਰਦੀਆਂ ਹਨ; ਇਹ ਸਭ ਗੱਲਾਂ ਪ੍ਰਮੁੱਖ ਵਿਚਾਰ-ਚਰਚਾ ਵਿਚੋਂ ਅਲੋਪ ਹੋ ਗਈਆਂ ਜਾਪਦੀਆਂ ਹਨ। ਕੇਵਲ ਅਕਾਲੀ ਰਾਜਨੀਤੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅਕਾਲ ਤਖ਼ਤ ਸਾਹਿਬ ਸੰਬੰਧੀ ਖ਼ਬਰਾਂ ਅਤੇ ਵਿਚਾਰ-ਚਰਚਾ ਵਿਚ ਜਿੰਨੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤੀ ਜਾਂਦੀ ਹੈ, ਉਸ ਤੋਂ ਇਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਮ ਲੋਕ ਦੇ ਮਨ ਵਿਚ ਪੰਥ ਦੀਆਂ ਇਹ ਸੰਸਥਾਵਾਂ ਕਿੰਨੇ ਪ੍ਰਭਾਵਸ਼ਾਲੀ ਢੰਗ ਨਾਲ ਮੌਜੂਦ ਹਨ ਜਿਨ੍ਹਾਂ ਨੂੰ ਬਾਹਰ ਰੱਖ ਕੇ ਨਹੀਂ ਦੇਖਿਆ ਜਾ ਸਕਦਾ ਅਤੇ ਮੌਜੂਦਾ ਸਮੇਂ ਵਿਚ ਇਹੀ ਪ੍ਰਮੁੱਖ ਅਤੇ ਵੱਡਾ ਮਸਲਾ ਆਮ ਲੋਕਾਂ ਦੀ ਦ੍ਰਿਸ਼ਟੀ ਵਿਚ ਮਹੱਤਵਪੂਰਨ ਹੈ।

ਅਜਿਹੇ ਮਾਹੌਲ ਵਿਚ ਅਕਾਲੀਆਂ ਦੀ ਵੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੀਆਂ ਸੰਸਥਾਵਾਂ ਦਾ ਸਤਿਕਾਰ ਬਹਾਲ ਕਰਨ-ਕਰਾਉਣ ਲਈ ਯਤਨਸ਼ੀਲ ਹੋਣ, ਬੇਲੋੜੀ ਬਿਆਨਬਾਜ਼ੀ ਤੋਂ ਪ੍ਰਹੇਜ਼ ਕਰਨ ਅਤੇ ਆਮ ਲੋਕਾਂ ਦੇ ਮਸਲਿਆਂ ਪ੍ਰਤੀ ਸੰਜੀਦਾ ਪਹੁੰਚ ਅਪਨਾਉਣ ਦਾ ਯਤਨ ਕਰਨ। ਇਸ ਖੁਸ਼ਫਹਿਮੀ ਵਿਚੋਂ ਬਾਹਰ ਨਿਕਲਣ ਕਿ ਦੂਜੀਆਂ ਪਾਰਟੀਆਂ ਜਾਂ ਸਰਕਾਰਾਂ ਤੋਂ ਦੁਖੀ ਹੋ ਕੇ ਲੋਕ ਉਹਨਾਂ ਲਈ ਸਰਕਾਰ ਬਣਾਉਣ ਦਾ ਰਾਹ ਪੱਧਰਾ ਕਰ ਦੇਣਗੇ। 

ਅਕਾਲੀਆਂ ਦੀ ਰਾਜਨੀਤੀ ਗੁਰੂ ਹਰਿਗੋਬਿੰਦ ਸਾਹਿਬ ਤੋਂ ਅਰੰਭ ਹੁੰਦੀ ਹੈ ਜਿਸ ਨਾਲ ਸੇਵਾ, ਨਿਮਰਤਾ, ਪਰੳਪਕਾਰ, ਸਮਰਪਣ ਆਦਿ ਦੀ ਭਾਵਨਾ ਜੁੜੀ ਹੋਈ ਹੈ। ਮੌਜੂਦਾ ਅਕਾਲੀਆਂ ਆਗੂਆਂ ਵਿਚ ਇਹ ਭਾਵਨਾ ਮਨਫ਼ੀ ਦਿਖਾਈ ਦੇ ਰਹੀ ਹੈ। ਟੀ.ਵੀ. ਚੈਨਲਾਂ ਤੇ ਉਚੀ ਅਤੇ ਰੁੱਖੀ ਭਾਸ਼ਾ ਨਾਲ ਪੱਖ ਪੇਸ਼ ਕਰਨ ਦੀ ਨੀਤੀ ਕੁੱਝ ਨਹੀਂ ਸਵਾਰ ਸਕਦੀ ਅਤੇ ਨਾ ਹੀ ਆਮ ਲੋਕਾਂ ਵਿਚ ਕੋਈ ਉਸਾਰੂ ਪ੍ਰਭਾਵ ਸਿਰਜ ਸਕਦੀ ਹੈ। 

ਅੱਜ ਇਹ ਚਿੰਤਨ ਕਰਨ ਦੀ ਲੋੜ ਹੈ ਕਿ 400 ਸਾਲ ਪਹਿਲਾਂ ਛੇਵੇਂ ਪਾਤਸ਼ਾਹ ਜੀ ਦੁਆਰਾ ਸਥਾਪਿਤ ਹੋਈ ਸਿੱਖ ਰਾਜਨੀਤੀ ਵਿਚ ਅਸੀਂ ਕਿਥੇ ਖੜੇ ਹਾਂ ਅਤੇ ਜਿਹੜੀਆਂ ਪਾਰਟੀਆਂ ਦਾ ਇਤਿਹਾਸ ਬਹੁਤਾ ਪੁਰਾਣਾ ਨਹੀਂ ਹੈ, ਉਹ ਅੱਗੇ ਕਿਵੇਂ ਲੰਘ ਗਈਆਂ ਹਨ??

 

ਡਾ. ਪਰਮਵੀਰ ਸਿੰਘ

ਸਿੱਖ ਵਿਸ਼ਵਕੋਸ਼ ਵਿਭਾਾਗ

ਪੰਜਾਬੀ ਯੂਨੀਵਰਸਿਟੀ, ਪਟਿਆਲਾ