ਪਟਿਆਲਾ ਜੇਲ੍ਹ ਵਿਚ ਖੂਨੀ ਝੜਪ ਬਾਅਦ ਬੁਚੜ ਪੁਲਿਸ ਅਫਸਰ ਸੂਬਾ ਸਿੰਘ ਦੀ ਮੌਤ, ਸੰਨੀ 'ਤੇ ਕਤਲ ਦਾ ਕੇਸ

ਪਟਿਆਲਾ ਜੇਲ੍ਹ ਵਿਚ ਖੂਨੀ ਝੜਪ ਬਾਅਦ ਬੁਚੜ ਪੁਲਿਸ ਅਫਸਰ ਸੂਬਾ ਸਿੰਘ ਦੀ ਮੌਤ, ਸੰਨੀ 'ਤੇ ਕਤਲ ਦਾ ਕੇਸ

*ਸ਼ੋਸ਼ਲ ਮੀਡੀਆ ਉਪਰ ਸਿੱਖ ਨੌਜਵਾਨਾਂ ਦਾ ਹੀਰੋ ਬਣਿਆ ਸੰਦੀਪ ਸਿੰਘ ਸੰਨੀ

*ਸੂਬਾ ਸਿੰਘ ਦਾ ਵਿਵਾਦਤ ਅਤੀਤ: ਪਰਿਵਾਰ ਦਾ ਲਾਸ਼ ਤੋਂ ਇਨਕਾਰ, ਸਮਾਜਿਕ ਬਾਈਕਾਟ

*ਜੇਲ੍ਹ ਪ੍ਰਸ਼ਾਸਨ 'ਤੇ ਸਵਾਲ ਖੜੇ ਹੋਏ ਸੰਨੀ 'ਤੇ ਤਸ਼ੱਦਦ ਦੇ ਦੋਸ਼, ਅਦਾਲਤ ਦਾ ਸਖ਼ਤ ਰੁਖ

ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ 10 ਸਤੰਬਰ 2025 ਨੂੰ ਵਾਪਰੀ ਇੱਕ ਖੂਨੀ ਝੜਪ ਨੇ ਨਾ ਸਿਰਫ਼ ਪੰਜਾਬ ਦੀ ਸਿਆਸਤ ਅਤੇ ਸਮਾਜਿਕ ਹਲਕਿਆਂ ਵਿੱਚ ਹੰਗਾਮਾ ਮਚਾਇਆ, ਸਗੋਂ ਜੇਲ੍ਹ ਪ੍ਰਸ਼ਾਸਨ ਦੀ ਸੁਰੱਖਿਆ ਵਿਵਸਥਾ 'ਤੇ ਵੀ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ। ਇਸ ਘਟਨਾ ਵਿੱਚ ਸੇਵਾਮੁਕਤ ਪੁਲਿਸ ਇੰਸਪੈਕਟਰ ਸੂਬਾ ਸਿੰਘ ਦੀ ਮੌਤ ਹੋ ਗਈ, ਜਦਕਿ ਹਵਾਲਾਤੀ ਸੰਦੀਪ ਸਿੰਘ, ਜਿਸ ਨੂੰ ਭਾਈ ਸੰਨੀ ਵਜੋਂ ਜਾਣਿਆ ਜਾਂਦਾ ਹੈ, 'ਤੇ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਗਿਆ। ਇਸ ਮਾਮਲੇ ਕਾਰਣ ਸਿੱਖ ਸਮਾਜ ਵਿੱਚ ਸੰਨੀ  ਹੀਰੋ ਵਜੋਂ ਸਵੀਕਾਰਿਆ ਗਿਆ।ਸ਼ੋਸ਼ਲ ਮੀਡੀਆ ਵਿਚ ਸਿੱਖ ਨੌਜਵਾਨ ਉਸਦੀ ਪ੍ਰਸ਼ੰਸਾ ਕਰ ਰਹੇ ਹਨ। ਜਦਕਿ ਪੰਜਾਬ ਸੰਤਾਪ ਦੌਰਾਨ ਝੂਠੇ ਪੁਲਿਸ ਮੁਕਾਬਲਿਆਂ ਦੇ ਦੋਸ਼ੀ ਸੂਬਾ ਸਿੰਘ ਦੀ ਲਾਸ਼ ਲੈਣ ਤੋਂ ਉਸ ਦੇ ਪਰਿਵਾਰ ਨੇ ਇਨਕਾਰ ਕਰ ਦਿਤਾ।ਸਿੱਖ ਪੰਥ ਨੇ ਗੁਰਦੁਆਰਿਆਂ ਵਿਚ ਉਸਦੀਆਂ ਅੰਤਿਮ ਰਸਮਾਂ ਨਿਭਾਉਣ ਤੋਂ ਇਨਕਾਰ ਕਰ ਦਿੱਤਾ।

ਜੇਲ ਵਿਚ ਝੜਪ ਕਿਵੇਂ ਹੋਈ

ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ 10 ਸਤੰਬਰ ਨੂੰ ਸੰਦੀਪ ਸਿੰਘ ਸੰਨੀ ਅਤੇ ਤਿੰਨ ਸਾਬਕਾ ਪੁਲਿਸ ਅਧਿਕਾਰੀਆਂ—ਸੇਵਾਮੁਕਤ ਡੀ.ਐਸ.ਪੀ. ਗੁਰਬਚਨ ਸਿੰਘ, ਸੇਵਾਮੁਕਤ ਇੰਸਪੈਕਟਰ ਸੂਬਾ ਸਿੰਘ, ਅਤੇ ਇੰਸਪੈਕਟਰ ਇੰਦਰਜੀਤ ਸਿੰਘ—ਵਿਚਕਾਰ ਤਕਰਾਰ ਸ਼ੁਰੂ ਹੋਈ। ਇਹ ਤਕਰਾਰ ਇੰਨੀ ਵੱਧ ਗਈ ਸੀ ਕਿ ਸੰਨੀ ਨੇ ਕਥਿਤ ਤੌਰ 'ਤੇ ਲੋਹੇ ਦੀ ਪਾਈਪ ਨਾਲ ਤਿੰਨਾਂ 'ਤੇ ਹਮਲਾ ਕਰ ਦਿੱਤਾ। ਸੂਬਾ ਸਿੰਘ ਦੇ ਸਿਰ ਅਤੇ ਮੂੰਹ 'ਤੇ ਗੰਭੀਰ ਸੱਟਾਂ ਲੱਗੀਆਂ, ਜਦਕਿ ਬਾਕੀ ਦੋ ਅਧਿਕਾਰੀ ਵੀ ਜ਼ਖਮੀ ਹੋਏ। ਜ਼ਖਮੀਆਂ ਨੂੰ ਰਾਜਿੰਦਰਾ ਹਸਪਤਾਲ ਲਿਜਾਇਆ ਗਿਆ, ਪਰ ਸੂਬਾ ਸਿੰਘ ਦੀ ਹਾਲਤ ਵਿਗੜਨ ਕਾਰਨ ਉਸ ਨੂੰ ਬ੍ਰੇਨ ਡੈਡ ਐਲਾਨਿਆ ਗਿਆ ਅਤੇ ਬੀਤੇ ਬੁੱਧਵਾਰ ਨੂੰ ਉਸ ਦੀ ਮੌਤ ਹੋ ਗਈ ਸੀ।

ਥਾਣਾ ਤ੍ਰਿਪੜੀ ਦੀ ਪੁਲਿਸ ਨੇ ਜੇਲ੍ਹ ਅਧਿਕਾਰੀਆਂ ਦੀ ਸ਼ਿਕਾਇਤ 'ਤੇ ਸੰਨੀ ਖ਼ਿਲਾਫ਼ ਪਹਿਲਾਂ ਇਰਾਦਾ-ਏ-ਕਤਲ ਦਾ ਮੁਕੱਦਮਾ ਦਰਜ ਕੀਤਾ, ਜਿਸ ਵਿੱਚ ਸੂਬਾ ਸਿੰਘ ਦੀ ਮੌਤ ਤੋਂ ਬਾਅਦ ਕਤਲ ਦੀ ਧਾਰਾ ਜੋੜੀ ਗਈ। 

ਸਿੱਖ ਨਸਲਕੁਸ਼ੀ ਦਾ ਦੋਸ਼ੀ ਸੂਬਾ ਸਿੰਘ 

ਸੂਬਾ ਸਿੰਘ ਪੰਜਾਬ ਪੁਲਿਸ ਦਾ ਇੱਕ ਵਿਵਾਦਤ ਅਧਿਕਾਰੀ ਸੀ, ਜਿਸ ਦਾ ਨਾਂ 1990 ਦੇ ਦਹਾਕੇ ਦੌਰਾਨ ਪੰਜਾਬ ਵਿੱਚ ਖਾੜਕਵਾਦ ਦੇ ਸਮੇਂ ਫਰਜ਼ੀ ਮੁਕਾਬਲਿਆਂ ਅਤੇ ਨੌਜਵਾਨਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਅਗਵਾ ਕਰਕੇ ਲਾਪਤਾ ਕਰਨ ਦੇ ਮਾਮਲਿਆਂ ਵਿੱਚ ਸਾਹਮਣੇ ਆਇਆ। ਮਨੁੱਖੀ ਅਧਿਕਾਰ ਵਕੀਲ ਸਰਬਜੀਤ ਸਿੰਘ ਵੇਰਕਾ ਦੇ ਅਨੁਸਾਰ, ਸੂਬਾ ਸਿੰਘ ਦੇ ਖ਼ਿਲਾਫ਼ ਲਗਭਗ 100 ਅਜਿਹੇ ਮਾਮਲੇ ਸਨ, ਜਿਨ੍ਹਾਂ ਵਿੱਚੋਂ ਸਿਰਫ਼ ਸੱਤ ਦੀ ਜਾਂਚ ਹੋਈ ਅਤੇ ਛੇ ਵਿੱਚ ਉਸ ਨੂੰ ਦੋਸ਼ੀ ਠਹਿਰਾਇਆ ਗਿਆ ਸੀ।

1993 ਵਿੱਚ ਤਰਨਤਾਰਨ ਦੇ ਫਰਜ਼ੀ ਮੁਕਾਬਲਿਆਂ ਦੇ ਮਾਮਲੇ ਵਿੱਚ ਸੂਬਾ ਸਿੰਘ ਨੂੰ ਸੀਬੀਆਈ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਇਸ ਕੇਸ ਵਿੱਚ ਸੱਤ ਨੌਜਵਾਨਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਹਿਰਾਸਤ ਵਿੱਚ ਲੈ ਕੇ ਮਾਰਿਆ ਗਿਆ ਸੀ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਅਣਪਛਾਤੀਆਂ ਦੱਸ ਕੇ ਨਸ਼ਟ ਕਰ ਦਿੱਤਾ ਗਿਆ ਸੀ। ਇਸੇ ਤਰ੍ਹਾਂ, 1993 ਵਿੱਚ ਬਾਬਾ ਚਰਨ ਸਿੰਘ ਅਤੇ ਉਸ ਦੇ ਪਰਿਵਾਰ ਦੇ ਪੰਜ ਮੈਂਬਰਾਂ ਦੇ ਅਗਵਾ ਅਤੇ ਕਤਲ ਦੇ ਮਾਮਲੇ ਵਿੱਚ ਸੂਬਾ ਸਿੰਘ ਨੂੰ 10 ਸਾਲ ਦੀ ਸਜ਼ਾ ਹੋਈ ਸੀ।

ਇਨ੍ਹਾਂ ਮਾਮਲਿਆਂ ਦੀ ਜਾਂਚ ਸੀਬੀਆਈ ਨੇ ਕੀਤੀ, ਅਤੇ ਸੂਬਾ ਸਿੰਘ ਨੂੰ ਗੰਭੀਰ ਅਪਰਾਧਾਂ ਦਾ ਦੋਸ਼ੀ ਪਾਇਆ ਗਿਆ ਸੀ। ਵਕੀਲ ਵੇਰਕਾ ਨੇ ਦੱਸਿਆ ਕਿ ਸੂਬਾ ਸਿੰਘ ਦੇ ਖ਼ਿਲਾਫ਼ ਜਾਂਚ ਅਤੇ ਸਜ਼ਾਵਾਂ ਲਈ 27 ਸਾਲ ਲੱਗੇ। ਬਾਬਾ ਚਰਨ ਸਿੰਘ ਦੀ ਪਤਨੀ ਸੁਰਜੀਤ ਕੌਰ ਨੇ 1997 ਵਿੱਚ ਸੁਪਰੀਮ ਕੋਰਟ ਵਿੱਚ ਅਰਜ਼ੀ ਦਾਇਰ ਕੀਤੀ, ਜਿਸ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਜਾਂਚ ਸੀਬੀਆਈ ਨੂੰ ਸੌਂਪੀ।

ਸੰਦੀਪ ਸਿੰਘ ਸੰਨੀ: ਸਿੱਖ ਨੌਜਵਾਨਾਂ ਦਾ ਹੀਰੋ

ਸੰਦੀਪ ਸਿੰਘ ਸੰਨੀ ਨੂੰ 2022 ਵਿੱਚ ਅੰਮ੍ਰਿਤਸਰ ਵਿੱਚ ਸ਼ਿਵ ਸੈਨਾ ਦੇ ਆਗੂ ਸੁਧੀਰ ਸੂਰੀ ਦੇ ਕਤਲ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਸੁਧੀਰ ਸੂਰੀ ਨੇ ਸਿੱਖ ਪੰਥ ਵਿਰੁੱਧ ਜ਼ਹਿਰੀਲੇ ਭਾਸ਼ਣ ਦਿੱਤੇ ਸਨ, ਜਿਸ ਕਾਰਨ ਸੰਨੀ ਨੇ ਉਸ 'ਤੇ ਹਮਲਾ ਕੀਤਾ। ਇਸ ਕਾਰਵਾਈ ਨੇ ਸੰਨੀ ਨੂੰ ਸਿੱਖ ਸਮਾਜ ਵਿੱਚ ਸਤਿਕਾਰ ਦਿਵਾਇਆ, ਅਤੇ ਸੋਸ਼ਲ ਮੀਡੀਆ 'ਤੇ ਉਸ ਨੂੰ ‘ਨਿਰਭੈ ਸਿੱਖ’ ਵਜੋਂ ਦੇਖਿਆ ਜਾਂਦਾ ਹੈ।

ਪਟਿਆਲਾ ਜੇਲ੍ਹ ਵਿੱਚ ਸਾਬਕਾ ਪੁਲਿਸ ਅਧਿਕਾਰੀਆਂ ਨਾਲ ਝੜਪ ਨੇ ਸੰਨੀ ਦੀ ਸਾਖ ਨੂੰ ਹੋਰ ਵਧਾਇਆ। ਸੋਸ਼ਲ ਮੀਡੀਆ 'ਤੇ ਸਿੱਖ ਨੌਜਵਾਨ ਉਸ ਨੂੰ ਹੀਰੋ ਮੰਨਦੇ ਹਨ, ਕਿਉਂਕਿ ਉਸ ਨੇ ਉਨ੍ਹਾਂ ਅਧਿਕਾਰੀਆਂ ਦਾ ਮੁਕਾਬਲਾ ਕੀਤਾ, ਜੋ 1990 ਦੇ ਦਹਾਕੇ ਵਿੱਚ ਸਿੱਖ ਨੌਜਵਾਨਾਂ 'ਤੇ ਜ਼ੁਲਮ ਕਰਨ ਦੇ ਦੋਸ਼ੀ ਸਨ।

ਸੰਦੀਪ ਸਿੰਘ 'ਤੇ ਤਸ਼ੱਦਦ ਦੇ ਦੋਸ਼

ਸੰਦੀਪ ਸਿੰਘ ਦੇ ਪਰਿਵਾਰ ਅਤੇ ਵਕੀਲ ਨੇ ਦਾਅਵਾ ਕੀਤਾ ਕਿ ਜੇਲ੍ਹ ਵਿੱਚ ਸੰਨੀ 'ਤੇ ਸਾਬਕਾ ਪੁਲਿਸ ਅਧਿਕਾਰੀਆਂ ਅਤੇ ਜੇਲ੍ਹ ਪ੍ਰਸ਼ਾਸਨ ਨੇ ਤਸ਼ੱਦਦ ਕੀਤਾ। ਸੰਨੀ ਦੀ ਮੈਡੀਕਲ ਰਿਪੋਰਟ ਵਿੱਚ 11 ਸੱਟਾਂ ਦੇ ਨਿਸ਼ਾਨ ਮਿਲੇ, ਅਤੇ ਡਾਕਟਰਾਂ ਨੇ ਸਿਰ ਦਾ ਸੀਟੀ ਸਕੈਨ ਅਤੇ ਐਕਸਰੇ ਕਰਵਾਉਣ ਦੀ ਸਿਫਾਰਸ਼ ਕੀਤੀ ਸੀ। ਸੰਨੀ ਦੇ ਵਕੀਲ ਘੁੰਮਣ ਭਰਾਵਾਂ ਨੇ ਦੋਸ਼ ਲਾਇਆ ਕਿ ਮੈਡੀਕਲ ਰਿਪੋਰਟ ਨੂੰ 8 ਦਿਨ ਦੇਰੀ ਨਾਲ ਜਾਰੀ ਕੀਤਾ ਗਿਆ ਤਾਂ ਜੋ ਸੰਨੀ 'ਤੇ ਹੋਏ ਤਸ਼ੱਦਦ ਦੀ ਜਾਣਕਾਰੀ ਲੁਕਾਈ ਜਾ ਸਕੇ।

ਸੰਨੀ ਦੇ ਭਰਾ ਮਨਦੀਪ ਸਿੰਘ ਨੇ ਦੱਸਿਆ ਕਿ ਸਾਬਕਾ ਅਧਿਕਾਰੀ ਸੰਨੀ ਨੂੰ ਜੇਲ੍ਹ ਵਿੱਚ ਲਗਾਤਾਰ ਪਰੇਸ਼ਾਨ ਕਰਦੇ ਸਨ। “ਉਹ ਸੰਨੀ ਨੂੰ ਟਿੱਚਰਾਂ ਕਰਦੇ, ਘੂਰੀਆਂ ਮਾਰਦੇ ਅਤੇ ਮਾੜੇ-ਮਾੜੇ ਕਮੈਂਟ ਕਰਦੇ ਸਨ। ਅਸੀਂ ਜੇਲ੍ਹ ਸੁਪਰਡੈਂਟ ਨੂੰ ਸੰਨੀ ਦੀ ਬੈਰਕ ਬਦਲਣ ਲਈ ਕਿਹਾ ਸੀ, ਪਰ ਕੋਈ ਕਾਰਵਾਈ ਨਹੀਂ ਹੋਈ,” ਮਨਦੀਪ ਨੇ ਕਿਹਾ। ਉਸ ਨੇ ਇਹ ਵੀ ਦੱਸਿਆ ਕਿ ਝੜਪ ਵਿੱਚ ਸੰਨੀ ਵੀ ਜ਼ਖਮੀ ਹੋਇਆ ਅਤੇ ਉਸ ਦੀ ਹਾਲਤ ਗੰਭੀਰ ਹੈ।

ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਸੰਨੀ 'ਤੇ ਹੋਏ ਤਸ਼ੱਦਦ ਦੀ ਜਾਂਚ ਦੀ ਮੰਗ ਕੀਤੀ। ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਜੇল੍ਹ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਜਾਂਚ ਨਾ ਹੋਈ ਤਾਂ ਪੰਥਕ ਤੌਰ 'ਤੇ ਸਖ਼ਤ ਕਦਮ ਚੁੱਕੇ ਜਾਣਗੇ।

 ਸੰਦੀਪ ਸਿੰਘ ਸਨੀ ’ਤੇ ਜੇਲ੍ਹ ਅੰਦਰ ਕਥਿਤ ਤਸ਼ੱਦਦ ’ਤੇ ਚਿੰਤਾ ਪ੍ਰਗਟ ਕਰਦਿਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਧਨੌਲਾ ਨੇ ਇਸ ਵਰਤਾਰੇ ਨੂੰ ਨਿੰਦਣਯੋਗ ਕਰਾਰ ਦਿੱਤਾ। ਸਿੰਘ ਸਾਹਿਬ ਨੇ ਕਿਹਾ ਕਿ ਸਿੱਖ ਨੌਜਵਾਨਾਂ ਦੇ ਕਤਲੇਆਮ ਦੇ ਦੋਸ਼ਾਂ ਤਹਿਤ ਜੇਲ੍ਹ ਵਿੱਚ ਸਜ਼ਾ ਭੁਗਤ ਰਹੇ ਸਾਬਕਾ ਪੁਲੀਸ ਅਧਿਕਾਰੀਆਂ ਤੇ ਜੇਲ੍ਹ ਪ੍ਰਸ਼ਾਸਨ ਦੀ ਮਿਲੀਭੁਗਤ ਵੀ ਇਸ ਤਸ਼ੱਦਦ ਦੀ ਘਟਨਾ ਨੇ ਸਾਹਮਣੇ ਲਿਆਂਦੀ ਹੈ। ਪੂਰੇ ਮਾਮਲੇ ਨੂੰ ਦੱਬੀ ਰੱਖਣ ਦੇ ਮਕਸਦ ਨਾਲ ਹੀ ਭਾਈ ਸਨੀ ਨੂੰ ਪਟਿਆਲਾ ਤੋਂ ਸੰਗਰੂਰ ਜੇਲ੍ਹ ਤਬਦੀਲ ਕੀਤਾ ਗਿਆ। ਜਥੇਦਾਰ ਬਾਬਾ ਟੇਕ ਸਿੰਘ ਧਨੌਲਾ ਨੇ ਕਿਹਾ ਕਿ ਜੇਲ੍ਹਾਂ ਵਿੱਚ ਬੰਦ ਸਿੱਖ ਕੈਦੀਆਂ ਨਾਲ ਅਜਿਹੇ ਵਰਤਾਰੇ ’ਤੇ ਸਿੱਖ ਕੌਮ ਚੁੱਪ ਨਹੀਂ ਬੈਠੇਗੀ। ਉਨ੍ਹਾਂ ਕਿਹਾ ਕਿ ਸੂਬੇ ਦੇ ਜੇਲ੍ਹ ਮੰਤਰੀ ਇਸ ਸਮੁੱਚੇ ਮਾਮਲੇ ਦੀ ਗੰਭੀਰਤਾ ਨਾਲ ਨਿਰਪੱਖ ਜਾਂਚ ਕਰਵਾਉਣ ਅਤੇ ਤਸ਼ੱਦਦ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਠੋਸ ਕਾਰਵਾਈ ਅਮਲ ਵਿੱਚ ਲਿਆਉਣ।

ਸੰਨੀ ਦੇ ਪਰਿਵਾਰ ਅਤੇ ਵਕੀਲ ਦਾ ਕਹਿਣਾ ਹੈ ਕਿ ਜੇਲ੍ਹ ਪ੍ਰਸ਼ਾਸਨ ਦੀ ਨਾਕਾਮੀ ਕਾਰਨ ਇਹ ਘਟਨਾ ਵਾਪਰੀ। ਸੰਨੀ ਨੂੰ ਸਾਬਕਾ ਅਧਿਕਾਰੀਆਂ ਵੱਲੋਂ ਲਗਾਤਾਰ ਪਰੇਸ਼ਾਨ ਕੀਤਾ ਜਾ ਰਿਹਾ ਸੀ, ਅਤੇ ਜੇਲ੍ਹ ਅਧਿਕਾਰੀਆਂ ਨੇ ਸੁਰੱਖਿਆ ਦੇਣ ਵਿੱਚ ਅਣਗਹਿਲੀ ਵਰਤੀ। ਸੰਦੀਪ ਸਿੰਘ ਦੇ ਭਰਾ ਮਨਦੀਪ ਸਿੰਘ ਨੇ ਕਿਹਾ, “ਜੇ ਜੇਲ੍ਹ ਸੁਪਰਡੈਂਟ ਨੇ ਸਾਡੀ ਬੇਨਤੀ ਮੰਨ ਕੇ ਸੰਨੀ ਦੀ ਬੈਰਕ ਬਦਲ ਦਿੱਤੀ ਹੁੰਦੀ, ਤਾਂ ਇਹ ਨਾ ਵਾਪਰਦਾ।”

ਸੰਦੀਪ ਸਿੰਘ ਦੇ ਵਕੀਲ ਐਡਵੋਕੇਟ ਹਰਪ੍ਰੀਤ ਸਿੰਘ ਨੇ ਝੜਪ ਨੂੰ ਆਤਮਰੱਖਿਆ ਦਾ ਮਾਮਲਾ ਦੱਸਿਆ। “ਸੰਨੀ ਨੂੰ ਤਿੰਨ ਸਾਬਕਾ ਪੁਲਿਸ ਅਧਿਕਾਰੀਆਂ ਨੇ ਘੇਰ ਲਿਆ ਸੀ। ਉਹ ਉਸ ਨੂੰ ਮਾਰਨ ਦੀ ਤਿਆਰੀ ਵਿੱਚ ਸਨ। ਸੰਨੀ ਨੇ ਆਪਣੀ ਜਾਨ ਬਚਾਉਣ ਲਈ ਲੋਹੇ ਦੀ ਪਾਈਪ ਨਾਲ ਹਮਲਾ ਕੀਤਾ। ਇਹ ਯੋਜਨਾਬੱਧ ਅਪਰਾਧ ਨਹੀਂ, ਸਗੋਂ ਜੇਲ੍ਹ ਪ੍ਰਸ਼ਾਸਨ ਦੀ ਨਾਕਾਮੀ ਦਾ ਨਤੀਜਾ ਹੈ,” ਵਕੀਲ ਨੇ ਕਿਹਾ। ਉਨ੍ਹਾਂ ਨੇ ਅਦਾਲਤ ਵਿੱਚ ਮਾਮਲੇ ਨੂੰ ਜ਼ੋਰਦਾਰ ਢੰਗ ਨਾਲ ਲੜਨ ਦਾ ਐਲਾਨ ਕੀਤਾ।

ਦੂਜੇ ਪਾਸੇ, ਜੇਲ੍ਹ ਪ੍ਰਸ਼ਾਸਨ ਅਤੇ ਪੁਲਿਸ ਦਾ ਕਹਿਣਾ ਹੈ ਕਿ ਸੰਨੀ ਨੇ ਯੋਜਨਾਬੱਧ ਢੰਗ ਨਾਲ ਹਮਲਾ ਕੀਤਾ। ਪਰ ਸੰਨੀ ਦੀ ਮੈਡੀਕਲ ਰਿਪੋਰਟ ਅਤੇ ਉਸ 'ਤੇ ਹੋਏ ਤਸ਼ੱਦਦ ਦੇ ਦੋਸ਼ ਜੇਲ੍ਹ ਪ੍ਰਸ਼ਾਸਨ ਦੀ ਭੂਮਿਕਾ 'ਤੇ ਸਵਾਲ ਉਠਾਉਂਦੇ ਹਨ। ਅਦਾਲਤ ਨੇ ਜੇਲ੍ਹ ਅਧਿਕਾਰੀਆਂ ਨੂੰ 72 ਘੰਟਿਆਂ ਵਿੱਚ ਜਾਂਚ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ, ਅਤੇ ਸਪੱਸ਼ਟ ਕੀਤਾ ਹੈ ਕਿ ਜੇਕਰ ਪ੍ਰਸ਼ਾਸਨੀ ਨਾਕਾਮੀ ਸਾਬਤ ਹੋਈ, ਤਾਂ ਸਖ਼ਤ ਕਾਰਵਾਈ ਹੋਵੇਗੀ।

ਅਦਾਲਤ ਦਾ ਸਖ਼ਤ ਰੁਖ 

ਪਟਿਆਲਾ ਦੀ ਜ਼ਿਲ੍ਹਾ ਅਦਾਲਤ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ। ਅਦਾਲਤ ਨੇ ਸੰਨੀ ਨੂੰ 14 ਦਿਨਾਂ ਦੀ ਜੁਡੀਸ਼ੀਅਲ ਕਸਟਡੀ ਵਿੱਚ ਭੇਜਿਆ ਅਤੇ ਜੇਲ੍ਹ ਵਿੱਚ ਸੁਰੱਖਿਆ ਵਧਾਉਣ ਲਈ ਵਿਸ਼ੇਸ਼ ਸੈੱਲ ਬਣਾਉਣ ਦੇ ਹੁਕਮ ਦਿੱਤੇ। ਜੱਜ ਨੇ ਜੇਲ੍ਹ ਸੁਪਰਡੈਂਟ ਦੀ ਅਣਗਹਿਲੀ 'ਤੇ ਵੀ ਸਖ਼ਤ ਨੋਟਿਸ ਲਿਆ, ਜਿਸ ਨੇ ਵੀਡੀਓ ਕਾਨਫਰੰਸਿੰਗ ਦੌਰਾਨ ਸੰਨੀ ਦੀ ਹਾਲਤ ਦੇਖਣ ਤੋਂ ਬਾਅਦ ਤੁਰੰਤ ਇਲਾਜ ਦੇ ਹੁਕਮ ਦਿੱਤੇ ਸਨ, ਪਰ ਅਧਿਕਾਰੀਆਂ ਨੇ ਇਸ ਨੂੰ ਨਜ਼ਰਅੰਦਾਜ਼ ਕੀਤਾ ਸੀ। ਸੰਨੀ ਦੇ ਪਰਿਵਾਰ ਨੂੰ ਉਮੀਦ ਹੈ ਕਿ ਅਦਾਲਤ ਤੋਂ ਨਿਆਂ ਮਿਲੇਗਾ ਅਤੇ ਸੰਨੀ ਦੀ ਆਤਮਰੱਖਿਆ ਦਾ ਦਾਅਵਾ ਸਾਬਤ ਹੋਵੇਗਾ।

ਸੂਬਾ ਸਿੰਘ ਦੀ ਲਾਸ਼ ਤੋਂ ਪਰਿਵਾਰ ਦਾ ਇਨਕਾਰ

ਸੂਬਾ ਸਿੰਘ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਨੇ ਲਾਸ਼ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਸੂਬਾ ਸਿੰਘ ਦੇ ਰਿਸ਼ਤੇਦਾਰ ਮਨਜੀਤ ਸਿੰਘ ਅਤੇ ਗੁਰਮੁੱਖ ਸਿੰਘ ਨੇ ਕਿਹਾ, “ਅਸੀਂ ਇੱਕ ਅਪਰਾਧੀ ਦੀ ਲਾਸ਼ ਨਹੀਂ ਲਵਾਂਗੇ।” ਉਨ੍ਹਾਂ ਨੇ ਪੁਲਿਸ ਨੂੰ ਲਾਸ਼ ਦਾ ਨਿਪਟਾਰਾ ਕਰਨ ਲਈ ਕਿਹਾ। ਨਤੀਜੇ ਵਜੋਂ, ਪੁਲਿਸ ਨੇ ਲਾਸ਼ ਦਾ ਅੰਤਿਮ ਸਸਕਾਰ ਕਰ ਦਿੱਤਾ।ਇਸ ਦੇ ਨਾਲ ਹੀ, ਪੁਲਿਸ ਪਰਿਵਾਰ ਵੈਲਫੇਅਰ ਐਸੋਸੀਏਸ਼ਨ ਨੇ ਵੀ ਸੂਬਾ ਸਿੰਘ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ।