ਪੰਜਾਬ ਜ਼ਹਿਰੀਲੀ ਸ਼ਰਾਬ ਦਾ ਧੰਦਾ,ਲੋਕਾਂ ਦੀ ਮੌਤ ਪਰ ਸਰਕਾਰੀ ਠੋਸ ਕਾਰਵਾਈ ਕਿਉਂ ਨਹੀਂ..?
ਪੰਜਾਬ ਅੰਦਰ ਮਿਲਾਵਟੀ ਨਸ਼ਿਆਂ ਦਾ ਵਧ ਰਿਹਾ ਪ੍ਰਭਾਵ ਲੋਕਾਂ 'ਤੇ ਕਹਿਰ ਬਣ ਕੇ ਟੁੱਟ ਰਿਹਾ ਹੈ। ਮਾਮਲਾ ਚਾਹੇ ਜ਼ਿਆਦਾ ਮਾਤਰਾ 'ਚ ਨਸ਼ਾ ਲੈਣ ਨਾਲ ਹੋਈਆਂ ਮੌਤਾਂ ਦਾ ਹੋਵੇ ਜਾਂ ਫਿਰ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਦਾ, ਦੋਹਾਂ ਮਾਮਲਿਆਂ 'ਚ ਇਕ ਹੀ ਕਾਰਨ ਸਾਹਮਣੇ ਆਉਂਦਾ ਹੈ ਕਿ ਨਸ਼ੇ ਨੂੰ ਵੱਡੀ ਮਾਤਰਾ 'ਚ ਤਿਆਰ ਕਰਨ ਲਈ ਜ਼ਹਿਰੀਲੇ ਰਸਾਇਣਾਂ ਦੀ ਵਰਤੋਂ ਕੀਤੀ ਜਾ ਰਹੀ ਹੈ।
ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਮਜੀਠਾ 'ਚ ਵਾਪਰੇ ਜ਼ਹਿਰੀਲੇ ਸ਼ਰਾਬ ਕਾਂਡ 'ਚ 27 ਵਿਅਕਤੀ ਮਾਰੇ ਗਏ ਹਨ ਤੇ ਮੌਤਾਂ ਦੀ ਗਿਣਤੀ 'ਚ ਹੋਰ ਵੀ ਵਾਧਾ ਹੋ ਸਕਦਾ ਹੈ। ਮਰਨ ਵਾਲਿਆਂ 'ਚ ਮਜੀਠਾ ਦੇ 7-8 ਪਿੰਡਾਂ ਭੰਗਾਲੀ ਕਲਾ, ਮਰੜ੍ਹੀ ਕਲਾਂ, ਭੰਗਵਾ, ਕਰਨਾਲਾ, ਪਤਾਲਪੁਰੀ, ਗਾਲੋਵਾਲੀ, ਤਲਵੰਡੀ ਖੁੰਮਣ ਤੇ ਥਰੀਏਵਾਲ ਆਦਿ ਨਾਲ ਸੰਬੰਧਿਤ ਦਿਹਾੜੀਦਾਰ ਕਾਮੇ ਸਨ, ਜੋ ਇੱਟਾਂ ਦੇ ਭੱਠਿਆਂ 'ਤੇ ਕੰਮ ਕਰਦੇ ਸਨ।
ਪਹਿਲਾਂ ਜ਼ਹਿਰੀਲੀ ਸ਼ਰਾਬ ਕਾਰਨ ਵਾਪਰਨ ਵਾਲੀਆਂ ਅਜਿਹੀਆਂ ਘਟਨਾਵਾਂ ਬਿਹਾਰ/ ਯੂ.ਪੀ. ਜਾਂ ਦੇਸ਼ ਦੇ ਪਿਛੜੇ ਇਲਾਕਿਆਂ 'ਚ ਸੁਣਨ ਨੂੰ ਮਿਲਦੀਆਂ ਸਨ, ਪਰ ਹੁਣ ਤਾਂ ਪੰਜਾਬ 'ਚ ਵੀ ਸਾਲ ਕੁ ਬਾਅਦ ਅਜਿਹੀ ਕੋਈ ਨਾ ਕੋਈ ਘਟਨਾ ਜ਼ਰੂਰ ਵਾਪਰ ਜਾਂਦੀ ਹੈ। ਮਜੀਠੇ ਵਾਲੀ ਜ਼ਹਿਰੀਲੀ ਸ਼ਰਾਬ ਵਾਲੀ ਘਟਨਾ ਨੇ ਪੰਜਾਬ ਸਰਕਾਰ ਵਲੋਂ ਛੇੜੀ ਗਈ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ 'ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ।
ਹੁਣ ਵਾਪਰੇ ਇਸ ਸ਼ਰਾਬ ਕਾਂਡ ਤੋਂ ਪਹਿਲਾਂ ਸਾਲ 2024 'ਚ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਜ਼ਿਲ੍ਹੇ ਸੰਗਰੂਰ ਅਤੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਤੇ ਅਮਨ ਅਰੋੜਾ ਦੇ ਹਲਕਿਆਂ 'ਚ 16 ਤੋਂ ਵੱਧ ਮੌਤਾਂ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੋਈਆਂ ਸਨ। ਜ਼ਹਿਰੀਲੀ ਸ਼ਰਾਬ ਪੀ ਕੇ ਆਪਣੀ ਜਾਨ ਗੁਆਉਣ ਵਾਲੇ ਤਕਰੀਬਨ ਸਾਰੇ ਹੀ ਵਿਅਕਤੀ ਗਰੀਬ ਪਰਿਵਾਰਾਂ ਨਾਲ ਸੰਬੰਧ ਰੱਖਦੇ ਸਨ, ਜਿਹੜੇ ਆਪਣੀਆਂ ਘਰੇਲੂ ਤੇ ਆਰਥਿਕ ਮਜਬੂਰੀਆਂ ਕਾਰਨ ਸਰਕਾਰੀ ਠੇਕਿਆਂ 'ਤੇ ਵਿਕਣ ਵਾਲੀ ਮਹਿੰਗੀ ਸ਼ਰਾਬ ਖਰੀਦਣ ਤੋਂ ਅਸਮਰੱਥ ਸਨ। ਇਸੇ ਹੀ ਗੱਲ ਦਾ ਫ਼ਾਇਦਾ ਉਠਾ ਕੇ ਨਾਜਾਇਜ਼ ਸ਼ਰਾਬ ਬਣਾ ਕੇ ਵੇਚਣ ਵਾਲੇ ਇਨ੍ਹਾਂ ਗਰੀਬ ਬਸਤੀਆਂ 'ਚ ਆਪਣੇ ਘਰੀਂ ਰਸਾਇਣ ਪਾ ਕੇ ਤਿਆਰ ਕੀਤੀ ਗਈ ਸ਼ਰਾਬ ਲੰਮੇ ਸਮੇਂ ਤੋਂ ਸਸਤੇ ਭਾਅ ਵੇਚਣ ਆ ਰਹੇ ਸਨ। ਸ਼ਰਾਬ ਦੇ ਇਨ੍ਹਾਂ ਤਸਕਰਾਂ ਕੋਲ ਸ਼ਰਾਬ ਤਿਆਰ ਕਰਨ ਦਾ ਕੋਈ ਪੈਮਾਨਾ ਵੀ ਨਹੀਂ ਸੀ, ਜਿਸ ਕਰਕੇ ਕਿਸੇ ਰਸਾਇਣ ਦੀ ਵੱਧ ਮਾਤਰਾ ਪਾਉਣ ਕਰਕੇ ਅਜਿਹੀ ਦੁਖਦਾਈ ਘਟਨਾ ਵਾਪਰ ਗਈ ਤੇ ਪੁਲਿਸ ਵਲੋਂ ਕੁਝ ਘੰਟਿਆਂ ਅੰਦਰ ਹੀ ਸ਼ਰਾਬ ਤਿਆਰ ਕਰਨ ਵਾਲਾ ਸਾਰਾ ਸਾਮਾਨ ਵੀ ਬਰਾਮਦ ਕਰ ਲਿਆ ਗਿਆ ਸੀ। ਉਕਤ ਘਟਨਾ 'ਚ ਮਰਨ ਵਾਲੇ ਵਿਅਕਤੀਆਂ 'ਚ 8 ਜਣੇ ਹਲਕਾ ਦਿੜ੍ਹਬਾ ਦੇ ਪਿੰਡ ਗੁੱਜਰਾਂ ਨਾਲ ਸੰਬੰਧ ਰੱਖਦੇ ਸਨ ਅਤੇ 2 ਵਿਅਕਤੀ ਇਸੇ ਹਲਕੇ ਦੇ ਪਿੰਡ ਢੰਡੋਲੀ ਖੁਰਦ ਨਾਲ ਸੰਬੰਧਿਤ ਸਨ। 4 ਵਿਅਕਤੀ ਹਲਕਾ ਸੁਨਾਮ 'ਚ ਪੈਂਦੀ ਰਵਿਦਾਸਪੁਰਾ ਟਿੱਬੀ ਅਤੇ ਇਕ ਇਸੇ ਹਲਕੇ ਦੇ ਪਿੰਡ ਜਖੇਪਲ ਦਾ ਰਹਿਣ ਵਾਲਾ ਸੀ। 16ਵਾਂ ਵਿਅਕਤੀ ਹਲਕਾ ਸਮਾਣਾ ਦਾ ਬਾਸ਼ਿੰਦਾ ਸੀ, ਜਿਹੜਾ ਰਵਿਦਾਸਪੁਰਾ ਟਿੱਬੀ ਵਿਖੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਇਆ ਹੋਇਆ ਸੀ, ਜਿਨ੍ਹਾਂ ਦੀ ਅੱਖਾਂ ਦੀ ਰੌਸ਼ਨੀ ਵੀ ਚਲੀ ਗਈ ਸੀ। ਹੋਰ ਪੀੜਤ ਲੋਕ ਸਰੀਰਕ ਦਿੱਕਤਾਂ ਦਾ ਸਾਹਮਣਾ ਕਰ ਰਹੇ ਹਨ। ਫਿਰ ਵੀ ਇਹ ਮਾਮਲਾ ਕੁਝ ਦਿਨਾਂ ਬਾਅਦ ਠੰਢਾ ਹੋ ਗਿਆ ਅਤੇ ਗਰੀਬ ਲੋਕ ਆਪੋ-ਆਪਣੇ ਘਰਾਂ 'ਚ ਬੈਠ ਗਏ। 2020 ਤੋਂ 2025 ਤੱਕ ਜ਼ਹਿਰੀਲੀ ਨਕਲੀ ਸ਼ਰਾਬ ਪੀਣ ਨਾਲ 180 ਤੋਂ ਵਧੇਰੇ ਮੌਤਾਂ ਹੋ ਚੁੱਕੀਆਂ ਹਨ। ਇਨ੍ਹਾਂ ਮਰਨ ਵਾਲਿਆਂ ਵਿਚ ਸਾਰੇ ਗ਼ਰੀਬ ਦਿਹਾੜੀਦਾਰ ਹਨ, ਜਿਹੜੇ ਸਾਰੀ ਦਿਹਾੜੀ ਹੱਡ-ਭੰਨਵੀਂ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰਾਂ ਨੂੰ ਪਾਲਦੇ ਸਨ।
ਹੁਣ ਇਸੇ ਤਰ੍ਹਾਂ ਹੀ ਮਜੀਠਾ ਵਾਲੇ ਮਾਮਲੇ ਚ ਹੋਵੇਗਾ, ਕਿਉਂਕਿ ਪੰਜਾਬ 'ਚ ਜ਼ਹਿਰੀਲੀ ਸ਼ਰਾਬ ਪੀ ਕੇ ਹੋਣ ਵਾਲੀਆਂ ਮੌਤਾਂ ਨਾਲ ਸੰਬੰਧਿਤ ਮਜੀਠੇ ਵਾਲੀ ਕੋਈ ਪਹਿਲੀ ਜਾਂ ਆਖ਼ਰੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਸਾਲ 2020 'ਚ ਤਰਨ ਤਾਰਨ, ਗੁਰਦਾਸਪੁਰ ਤੇ ਅੰਮ੍ਰਿਤਸਰ ਜ਼ਿਲਿਆਂ 'ਚ ਜ਼ਹਿਰੀਲੀ ਸ਼ਰਾਬ ਪੀਣ ਕਰਕੇ 131 ਮੌਤਾਂ ਹੋਈਆਂ ਸਨ ਅਤੇ 15 ਲੋਕ ਆਪਣੀਆਂ ਅੱਖਾਂ ਦੀ ਰੌਸ਼ਨੀ ਗਵਾ ਚੁੱਕੇ ਸਨ । ਇਸ ਮਾਮਲੇ 'ਚ 2 ਡੀ.ਐੱਸ.ਪੀ., 4 ਐੱਸ.ਐੱਚ.ਓ., 7 ਆਬਕਾਰੀ ਤੇ ਕਰ ਵਿਭਾਗ ਦੇ ਕਰਮਚਾਰੀਆਂ ਨੂੰ ਮੁਅੱਤਲ ਕੀਤਾ ਗਿਆ ਸੀ, ਪਰ ਸਾਰੇ ਬਹਾਲ ਹੋ ਕੇ ਆਪੋ-ਆਪਣੀਆਂ ਨੌਕਰੀਆਂ 'ਤੇ ਆ ਗਏ ਸਨ। ਉਸ ਵੇਲੇ 9 ਮਾਮਲੇ ਦਰਜ ਹੋਏ ਅਤੇ 179 ਲੋਕਾਂ ਨੂੰ ਦੋਸ਼ੀ ਮੰਨਿਆ ਗਿਆ। ਨਕਲੀ ਸ਼ਰਾਬ ਵੇਚਣ ਵਾਲੇ ਕਈ ਦਰਜਨ ਵਿਅਕਤੀ ਪੁਲਿਸ ਦੇ ਹੱਥ ਹੀ ਨਹੀਂ ਲੱਗੇ। ਨਾਜਾਇਜ਼ ਸ਼ਰਾਬ ਵੇਚਣ ਵਾਲੇ ਵਧੇਰੇ ਗਿਣਤੀ ਵਿਚ ਲੋਕ ਜ਼ਮਾਨਤ ਲੈ ਕੇ ਬਾਹਰ ਘੁੰਮ ਰਹੇ ਹਨ। ਇਹ ਘਟਨਾ ਕਾਂਗਰਸ ਸਰਕਾਰ ਸਮੇਂ ਦੀ ਹੈ। ਤੱਤਕਾਲੀ ਸਰਕਾਰ ਨੇ ਪੀੜਤ ਪਰਿਵਾਰਾਂ ਨੂੰ 5-5 ਲੱਖ ਰੁਪਏ ਦਾ ਮੁਆਵਜ਼ਾ ਵੀ ਦਿੱਤਾ ਸੀ। ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਹੋਇਆ ਸ਼ਰਾਬ ਕਾਂਡ ਵੱਖਰੀ ਤਰ੍ਹਾਂ ਦੀ ਜਾਂਚ ਦੀ ਮੰਗ ਕਰ ਰਿਹਾ ਹੈ; ਕਿਉਂਕਿ 3 ਮਹੀਨੇ ਅੰਦਰ ਪੰਜਾਬ ਦੀ ਧਰਤੀ ਤੋਂ ਨਸ਼ਿਆਂ ਦਾ ਖ਼ਾਤਮਾ ਕਰਨ ਦਾ ਵਾਅਦਾ ਕਰਕੇ ਸੱਤਾ 'ਚ ਆਈ ਆਮ ਆਦਮੀ ਪਾਰਟੀ ਨਸ਼ਿਆਂ ਦੇ ਕਹਿਰ ਨੂੰ ਰੋਕਣ 'ਚ ਅਸਮਰੱਥ ਤਾਂ ਰਹੀ ਹੀ ਹੈ, ਸਗੋਂ ਨਸ਼ਾ ਤਸਕਰਾਂ ਦੇ ਹੌਸਲੇ ਇਸ ਕਦਰ ਬੁਲੰਦ ਹੋਏ ਹਨ ਕਿ 'ਯੁੱਧ ਨਸ਼ਿਆਂ ਵਿਰੁੱਧ' ਚਲਦਾ ਹੋਣ ਦੇ ਬਾਵਜੂਦ ਵੀ ਉਹ ਆਪਣੇ ਘਰਾਂ 'ਚ ਸ਼ਰਾਬ ਤਿਆਰ ਕਰਨ ਦੇ ਉਦਯੋਗ ਚਲਾ ਕੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਡ ਰਹੇ ਹਨ। ਸਰਕਾਰ ਅਤੇ ਪ੍ਰਸ਼ਾਸਨ ਨਾਲ ਜੁੜਿਆ ਹਰ ਵਿਅਕਤੀ ਸ਼ਰਾਬ ਦੇ ਇਸ ਕਾਰੋਬਾਰ ਤੋਂ ਜਾਣੂ ਹੋਵੇਗਾ। ਦੂਸਰੇ ਪਾਸੇ ਆਮ ਆਦਮੀ ਪਾਰਟੀ ਜਿਹੜੀ ਕਿ ਪੰਜਾਬ ਚ ਸੱਤਾਧਾਰੀ ਪਾਰਟੀ ਹੈ ਅਤੇ ਉਨ੍ਹਾਂ ਦੇ ਰਾਜ ਦੌਰਾਨ ਜ਼ਹਿਰੀਲੀ ਸ਼ਰਾਬ ਨਾਲ ਸੰਬੰਧਿਤ ਇਹ ਦੂਸਰੀ ਘਟਨਾ ਹੈ, ਜਦਕਿ ਸਿੰਥੈਟਿਕ ਨਸ਼ਿਆਂ ਨਾਲ ਵਾਪਰਨ ਵਾਲੀਆਂ ਘਟਨਾਵਾਂ ਅਣਗਣਿਤ ਹਨ। ਅਕਸਰ ਇਹ ਸਭ ਕੁਝ ਸਿਆਸੀ ਸ਼ਹਿ 'ਤੇ ਹੀ ਚੱਲਦਾ ਹੈ। ਸ਼ਰਾਬ ਤਸਕਰਾਂ ਦੀ ਰਾਜਨੀਤਕ ਪਹੁੰਚ ਹੋਣ ਕਰਕੇ ਕੋਈ ਉਨ੍ਹਾਂ ਨੂੰ ਹੱਥ ਪਾਉਣ ਨੂੰ ਤਿਆਰ ਨਹੀਂ ਹੁੰਦਾ, ਜਿਸ ਕਰਕੇ ਉਨ੍ਹਾਂ ਦਾ ਬਿਨਾਂ ਕਿਸੇ ਰੋਕ-ਟੋਕ ਤੋਂ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਚੱਲਦਾ ਰਹਿੰਦਾ ਹੈ। ਲੋਕਾਂ ਨੂੰ ਜਿਸ ਦਾ ਡਰ ਸੀ, ਅਖੀਰ 'ਚ ਉਹੀ ਘਟਨਾ ਵਾਪਰਨ ਤੋਂ ਬਾਅਦ ਪ੍ਰਸ਼ਾਸਨ ਹਰਕਤ 'ਚ ਆਇਆ। ਜ਼ਹਿਰੀਲੇ ਸ਼ਰਾਬ ਕਾਂਡ ਮਾਮਲੇ ਚ ਮੁਜ਼ਰਮਾਂ ਨੂੰ ਫੜ ਕੇ ਜੇਲ੍ਹ ਭੇਜਣ ਜਾਂ ਕੇਸ ਦਰਜ ਕਰਨ ਨਾਲ ਮਸਲੇ ਦਾ ਕੋਈ ਹੱਲ ਨਹੀਂ ਹੋਣਾ, ਸਗੋਂ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਕਿ ਕਿਹੜੇ ਸਿਆਸੀ ਵਿਅਕਤੀਆਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਜ਼ਹਿਰੀਲੀ ਸ਼ਰਾਬ ਦਾ ਇਹ ਕਾਰੋਬਾਰ ਚਲਾਇਆ ਜਾ ਰਿਹਾ ਸੀ। ਅਜਿਹੇ ਅਨਸਰਾਂ ਦੇ ਖ਼ਿਲਾਫ਼ ਨਿਰੰਤਰ ਮੁਹਿੰਮ ਚਲਾਈ ਜਾਣੀ ਚਾਹੀਦੀ ਹੈ ਅਤੇ ਦੋਸ਼ੀਆਂ ਨੂੰ ਅਦਾਲਤੀ ਅਮਲ ਰਾਹੀਂ ਤੇਜ਼ੀ ਨਾਲ ਸਜ਼ਾਵਾਂ ਵੀ ਮਿਲਣੀਆਂ ਚਾਹੀਦੀਆਂ ਹਨ।
ਬ੍ਰਿਜ ਭਾਨ ਬੁਜਰਕ












Comments (0)