ਦਰਬਾਰ ਸਾਹਿਬ 'ਤੇ  ਪਾਕਿਸਤਾਨੀ ਹਮਲੇ ਬਾਰੇ  ਭਾਰਤੀ ਫੌਜ ਵਲੋਂ ਦਾਅਵੇ ਕਿੰਨੇ ਕੁ ਸੱਚੇ

ਦਰਬਾਰ ਸਾਹਿਬ 'ਤੇ  ਪਾਕਿਸਤਾਨੀ ਹਮਲੇ ਬਾਰੇ  ਭਾਰਤੀ ਫੌਜ ਵਲੋਂ ਦਾਅਵੇ ਕਿੰਨੇ ਕੁ ਸੱਚੇ

* ਸ੍ਰੋਮਣੀ ਕਮੇਟੀ ਤੇ ਸਿਖ ਚਿੰਤਕਾਂ   ਨੇ ਭਾਰਤੀ ਫੌਜ ਦੇ ਦਾਅਵਿਆਂ ਨੂੰ ਝੂਠਾ ਦਸਿਆ ,ਜਾਂਚ ਦੀ ਕੀਤੀ ਮੰਗ 

*ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਫੌਜ ਦੇ ਦਾਅਵੇ 'ਤੇ ਸਖਤ ਇਤਰਾਜ਼ 

ਭਾਰਤੀ ਫੌਜ ਦੇ ਇਸ ਦਾਅਵੇ ਕਿ ਪਾਕਿਸਤਾਨ ਨੇ ਸ੍ਰੀ ਦਰਬਾਰ ਸਾਹਿਬ 'ਤੇ ਮਿਸਾਈਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ, ਨੇ ਸਿੱਖ ਸੰਗਤਾਂ ਵਿੱਚ ਭਾਰੀ ਵਿਵਾਦ ਨੂੰ ਜਨਮ ਦਿੱਤਾ ਹੈ। ਬੀਤੇ ਦਿਨੀਂ ਭਾਰਤੀ ਫੌਜ ਨੇ ‘ਆਪ੍ਰੇਸ਼ਨ ਸਿੰਦੂਰ’ ਦੇ ਸਬੰਧ ਵਿੱਚ ਇੱਕ ਵੀਡੀਓ ਜਾਰੀ ਕੀਤਾ ਸੀ, ਜਿਸ ਵਿੱਚ ਪਾਕਿਸਤਾਨ ਵੱਲੋਂ ਦਾਗੇ ਗਏ ਡਰੋਨ ਅਤੇ ਮਿਸਾਈਲਾਂ ਨੂੰ ਮਾਰ ਡੇਗਣ ਦੀ ਗੱਲ ਦਿਖਾਈ ਗਈ ਸੀ। ਮੇਜਰ ਜਨਰਲ ਕਾਰਤਿਕ ਸੀ ਸੇਸ਼ਾਦਰੀ ਨੇ ਕਿਹਾ ਸੀ  ਅਸੀਂ ਅੰਦਾਜ਼ਾ ਲਗਾਇਆ ਸੀ ਕਿ ਉਹ ਧਾਰਮਿਕ ਸਥਾਨਾਂ, ਭਾਰਤ ਦੇ ਫੌਜੀ ਟਿਕਾਣਿਆਂ ਅਤੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣਗੇ। ਇਨ੍ਹਾਂ ਵਿੱਚੋਂ, ਦਰਬਾਰ ਸਾਹਿਬ ਸਭ ਤੋਂ ਪ੍ਰਮੁੱਖ ਜਾਪਦਾ ਸੀ।" ਫੌਜ ਨੇ ਕਿਹਾ ਸੀ ਕਿ ਸਾਡੇ ਸੁਚੇਤ ਆਰਮੀ ਏਅਰ ਡਿਫੈਂਸ ਗੰਨਰਾਂ ਨੇ ਦਰਬਾਰ ਸਾਹਿਬ 'ਤੇ ਨਿਸ਼ਾਨਾ ਬਣਾਏ ਗਏ ਸਾਰੇ ਡਰੋਨ ਅਤੇ ਮਿਜ਼ਾਈਲਾਂ ਨੂੰ ਮਾਰ ਸੁੱਟਿਆ। ਇਸ ਤਰ੍ਹਾਂ, ਸਾਡੇ ਪਵਿੱਤਰ ਦਰਬਾਰ ਸਾਹਿਬ 'ਤੇ ਇੱਕ ਵੀ ਝਰੀਟ ਨਹੀਂ ਆਉਣ ਦਿੱਤੀ ਗਈ।" ਅਤੇ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਦੀ ਪ੍ਰਵਾਨਗੀ ਨਾਲ ਉਸ ਦੁਆਲੇ ਤੋਪਾਂ ਤਾਇਨਾਤ ਕੀਤੀਆਂ ਸਨ। 

ਭਾਰਤੀ ਫੌਜ ਦੇ ਇਸ ਦਾਅਵੇ ਨੂੰ ਸਿੱਖ ਆਗੂਆਂ ਨੇ ਸਿਰੇ ਤੋਂ ਰੱਦ ਕਰਦਿਆਂ ਸੁਤੰਤਰ ਜਾਂਚ ਦੀ ਮੰਗ ਕੀਤੀ ਹੈ।  ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਉਹ 24 ਅਪ੍ਰੈਲ ਤੋਂ 14 ਮਈ 2025 ਤੱਕ ਵਿਦੇਸ਼ ਦੌਰੇ 'ਤੇ ਸਨ ਅਤੇ ਫੌਜ ਨੇ ਉਨ੍ਹਾਂ ਨਾਲ ਕੋਈ ਸੰਪਰਕ ਨਹੀਂ ਕੀਤਾ। ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ  ਕਿਹਾ ਕਿ ਇਸ ਮਾਮਲੇ ਬਾਰੇ ਡੂੰਘੀ ਜਾਂਚ ਕੀਤੀ ਜਾਵੇ। ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਇਹ ਦਾਅਵੇ ਸਿੱਖ ਸੰਗਤ ਦੇ ਜਜ਼ਬਾਤਾਂ ਨੂੰ ਠੇਸ ਪਹੁੰਚਾਉਣ ਅਤੇ ਨਫਰਤ ਪੈਦਾ ਕਰਨ ਦੀ ਕੋਸ਼ਿਸ਼ ਹਨ।”

. ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਵੀ ਜਾਂਚ ਦੀ ਮੰਗ ਦਾ ਸਮਰਥਨ ਕਰਦਿਆਂ ਸ੍ਰੋਮਣੀ ਕਮੇਟੀ ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ।

ਸ੍ਰੋਮਣੀ ਕਮੇਟੀ ਦੇ ਸਕੱਤਰ ਦਾ ਪ੍ਰਤੀਕਰਮ

ਸ੍ਰੋਮਣੀ ਕਮੇਟੀ  ਦੇ ਮੁਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਫੌਜ ਦੇ ਦਾਅਵੇ ਨੂੰ ਰੱਦ ਕਰਦਿਆਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ 'ਤੇ ਹਮਲੇ ਦੀ ਸੰਭਾਵਨਾ ਅਸੰਭਵ ਹੈ। ਉਨ੍ਹਾਂ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਸ਼ਾਂਤੀ ਅਤੇ ਸਰਬੱਤ ਦੇ ਭਲੇ ਦਾ ਪ੍ਰਤੀਕ ਹੈ। ਕੋਈ ਵੀ ਸੈਨਿਕ ਅਜਿਹੀ ਨੀਚ ਸੋਚ ਨਹੀਂ ਸਕਦਾ।” 

ਸ੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ 19 ਮਈ 2025 ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ  ਸੀ ਕਿ ਸਾਡੀ ਕਮੇਟੀ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਣ ਲਈ ਵਚਨਬੱਧ ਹੈ। ਅਸੀਂ ਸੁਤੰਤਰ ਜਾਂਚ ਲਈ ਸਰਕਾਰ ਨੂੰ ਪੱਤਰ ਲਿਖ ਰਹੇ ਹਾਂ ਅਤੇ ਸਿੱਖ ਸੁਰੱਖਿਆ ਮਾਹਿਰਾਂ ਨੂੰ ਸ਼ਾਮਲ ਕਰਨ ਦੀ ਮੰਗ ਕਰਦੇ ਹਾਂ।”

 ਪਾਕਿਸਤਾਨ ਨੇ ਭਾਰਤੀ ਫੌਜ ਦੇ ਦਾਅਵੇ ਨਕਾਰੇ  , ਸਿੱਖਾਂ ਨੂੰ ‘ਭਰਾ’ ਦੱਸਿਆ

ਪਾਕਿਸਤਾਨ ਨੇ ਸ੍ਰੀ ਦਰਬਾਰ ਸਾਹਿਬ 'ਤੇ ਹਮਲੇ ਦੇ ਦੋਸ਼ਾਂ ਨੂੰ ਸਿਰੇ ਤੋਂ ਰੱਦ ਕੀਤਾ। ਪਾਕਿਸਤਾਨੀ ਅਧਿਕਾਰੀ ਫਵਾਦ ਚੌਧਰੀ ਨੇ X 'ਤੇ ਪੋਸਟ ਕੀਤਾ ਕਿ ਦਰਬਾਰ ਸਾਹਿਬ ਸਾਡੇ ਸਾਰਿਆਂ ਲਈ ਪਵਿੱਤਰ ਹੈ। ਪਾਕਿਸਤਾਨ ਕਦੇ ਸਿੱਖ ਅਸਥਾਨਾਂ 'ਤੇ ਹਮਲਾ ਨਹੀਂ ਕਰ ਸਕਦਾ।” ਮੁਹੰਮਦ ਅਕਰਮ ਨੇ ਦਾਅਵਾ ਕੀਤਾ ਕਿ ਭਾਰਤ ਨੇ ਅੰਮ੍ਰਿਤਸਰ ਵਿੱਚ ਬਲੈਕਆਊਟ ਕਰਕੇ ਸਿੱਖਾਂ ਵਿੱਚ ਡਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇਸ ਨੂੰ ਭਾਰਤ ਦੀ ਸਾਜਿਸ਼ ਕਰਾਰ ਦਿੱਤਾ।

ਸਿੱਖ ਚਿੰਤਕਾਂ ਦੀ ਰਾਇ: 

ਸਿੱਖ ਚਿੰਤਕ ਅਜੈਪਾਲ ਸਿੰਘ ਬਰਾੜ ਨੇ ਸਵਾਲ ਉਠਾਇਆ ਕਿ ਏਅਰ ਡਿਫੈਂਸ ਸਿਸਟਮ ਸ੍ਰੀ ਦਰਬਾਰ ਸਾਹਿਬ ਦੀ ਹਦੂਦ ਵਿੱਚ ਕਿਉਂ ਲਗਾਇਆ ਗਿਆ, ਜਦਕਿ ਇਸ ਨੂੰ ਜਲ੍ਹਿਆਂਵਾਲਾ ਬਾਗ ਜਾਂ ਟਾਊਨ ਹਾਲ ਵਿੱਚ ਲਗਾਇਆ ਜਾ ਸਕਦਾ ਸੀ।ਉਨ੍ਹਾਂ ਦਾ ਮੰਨਣਾ ਹੈ ਕਿ ਅਜਿਹੇ ਸਿਸਟਮ ਨਾਲ ਸ੍ਰੀ ਦਰਬਾਰ ਸਾਹਿਬ ਨੂੰ ਉਲਟਾ ਦੁਸ਼ਮਣ ਦੇ ਨਿਸ਼ਾਨੇ ’ਤੇ ਲਿਆਂਦਾ ਗਿਆ। ਉਨ੍ਹਾਂ ਨੇ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਸਿੱਖ ਸੁਰੱਖਿਆ ਮਾਹਿਰਾਂ ਤੋਂ ਕਰਵਾਈ ਜਾਵੇ।

ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਨੇ ਕਿਹਾ ਕਿ ਦੱਖਣੀ ਬ੍ਰਾਹਮਣ ਜਰਨੈਲਾਂ ਰਾਹੀ ਦਰਬਾਰ ਸਾਹਿਬ ਉਪਰ ਰਾਜਸੀ ਖੇਡਾਂ ਬੰਦ ਕੀਤੀਆਂ ਜਾਣ ।ਨਾ ਕਿਸੇ ਨੂੰ ਇਸ ਦੀ ਰਖਵਾਲੀ ਦੀ ਲੋੜ ਹੈ, ਨਾ ਹੀ ਇਸ ਨੂੰ ਢਾਲ ਬਣਾ ਕੇ ਵਰਤਿਆ ਜਾਵੇ ।  ਦਰਬਾਰ ਸਾਹਿਬ ਦੇ ਉਸਰਈਏ ਗੁਰੂ ਸਾਹਿਬ ਆਪ ਸਨ, ਉਹੀ ਇਸ ਦੇ ਰਖਵਾਲੇ ਹਨ ! ਬਚਦੀ ਸੇਵਾ ਲਈ ਸਿੱਖ ਕਾਫੀ ਹਨ !

ਸ੍ਰੀ ਦਰਬਾਰ ਸਾਹਿਬ 'ਤੇ ਕਥਿਤ ਹਮਲੇ ਦੇ ਦਾਅਵੇ ਨੇ ਸਿੱਖ ਭਾਈਚਾਰੇ ਵਿੱਚ ਗੰਭੀਰ ਚਿੰਤਾ ਪੈਦਾ ਕੀਤੀ ਹੈ। ਸ੍ਰੋਮਣੀ ਕਮੇਟੀ ਅਤੇ ਸਿੱਖ ਆਗੂਆਂ ਦੀ ਸੁਤੰਤਰ ਜਾਂਚ ਦੀ ਮੰਗ, ਪਾਕਿਸਤਾਨ ਦੇ ਇਨਕਾਰ ਅਤੇ ਭਾਰਤ ਸਰਕਾਰ ਦੇ ਬਿਆਨ ਨੇ ਮਾਮਲੇ ਨੂੰ ਹੋਰ ਪੇਚੀਦਾ ਕਰ ਦਿੱਤਾ ਹੈ। ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਧਿਆਨ ਵਿੱਚ ਰੱਖਦਿਆਂ, ਸੱਚਾਈ ਸਾਹਮਣੇ ਲਿਆਉਣ ਲਈ ਸਪੱਸ਼ਟ ਅਤੇ ਨਿਰਪੱਖ ਜਾਂਚ ਦੀ ਜ਼ਰੂਰਤ ਹੈ।