ਪੰਥਕ ਜਥੇਬੰਦੀਆਂ ਵਲੋਂ ਯੂਰਪ ਪੱਧਰ ਦੀ ਪੰਥਕ ਕਾਨਫ਼ਰੰਸ
*ਬੰਦੀ ਸਿੰਘਾਂ ਦੀ ਰਿਹਾਈ ਬਾਰੇ ਵਿਚਾਰਾਂ ਹੋਈਆਂ
*ਦੀਪ ਸਿੱਧੂ ਨੂੰ ਸ਼ਰਧਾਂਜਲੀ ਭੇਟ
ਅੰਮ੍ਰਿਤਸਰ ਟਾਈਮਜ਼
ਪੈਰਿਸ- ਗੁਰਦੁਆਰਾ ਸਿੰਘ ਸਭਾ ਬੋਬਿਨੀ ਵਿਖੇ ਸਮੂਹ ਪੰਥਕ ਜਥੇਬੰਦੀਆਂ ਵਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਯੂਰਪ ਪੱਧਰ ਦੀ ਪੰਥਕ ਕਾਨਫ਼ਰੰਸ ਕਰਵਾਈ ਗਈ, ਜਿਸ ਵਿਚ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਵਿਚਾਰਾਂ ਕੀਤੀਆਂ ਗਈਆਂ ।ਇਸ ਮੌਕੇ ਪੁੱਜੇ ਬੋਬਿਨੀ ਦੇ ਮੇਅਰ ਅਬਦੁਲ ਸਾਅਦੀ, ਸਹਾਇਕ ਜੋਸਫ਼ ਮੋਰੀਆ ਤੇ ਡਿਪਟੀ ਮੇਅਰ ਰਣਜੀਤ ਸਿੰਘ ਗੁਰਾਇਆਂ ਵਲੋਂ ਭਰੋਸਾ ਦਿੱਤਾ ਗਿਆ ਕਿ ਫਰਾਂਸ ਸਰਕਾਰ ਮਨੁੱਖੀ ਹੱਕਾਂ ਦੇ ਆਧਾਰ 'ਤੇ ਭਾਰਤ ਸਰਕਾਰ ਨਾਲ ਇਸ ਮੁੱਦੇ 'ਤੇ ਗੱਲਬਾਤ ਕਰੇਗੀ । ਇਸ ਤੋਂ ਇਲਾਵਾ ਹੋਰ ਪੰਥਕ ਮਸਲਿਆਂ ਸਿੱਖੀ ਦੀ ਹੋਂਦ 'ਤੇ ਮੰਡਰਾਉਂਦੇ ਬਿਪਰਵਾਦੀ ਖ਼ਤਰੇ ਬਾਬਤ ਵਿਚਾਰ ਰੱਖੇ ਗਏ ।ਇਸ ਦੇ ਨਾਲ ਹੀ ਆਉਣ ਵਾਲੇ ਭਵਿੱਖ ਵਿਚ ਪੰਥਕ ਜਥੇਬੰਦੀਆਂ ਵਲੋਂ ਲਾਮਬੰਦ ਹੋ ਕੇ ਪੰਜਾਬ ਵਿਚ ਲੋਕਤੰਤਰਿਕ ਢੰਗ ਨਾਲ ਸੰਘਰਸ਼ ਤੇਜ਼ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਯਤਨ ਕੀਤੇ ਜਾਣ ਦੀ ਗੱਲ ਕਹੀ ਗਈ ।ਦੀਪ ਸਿੱਧੂ ਨੂੰ ਪੰਥਕ ਜਥੇਬੰਦੀਆਂ ਵਲੋਂ ਸ਼ਰਧਾਂਜਲੀ ਭੇਟ ਕੀਤੀ ਗਈ ।ਇਸ ਮੌਕੇ ਚਾਰ ਮਤੇ ਪੜ੍ਹੇ ਗਏ ਤੇ ਸੰਗਤ ਵਲੋਂ ਜੈਕਾਰਿਆਂ ਦੀ ਗੂੰਜ ਵਿਚ ਪ੍ਰਵਾਨਗੀ ਦਿੱਤੀ ਗਈ ।ਭਾਈ ਹਰਜੀਤ ਸਿੰਘ ਹਾਲੈਂਡ, ਭਾਈ ਰਘਬੀਰ ਸਿੰਘ ਫਰਾਂਸ, ਭਾਈ ਗੁਰਮੀਤ ਸਿੰਘ ਖਨਿਆਣ ਜਰਮਨੀ, ਭਾਈ ਹਰਜੋਤ ਸਿੰਘ ਹਾਲੈਂਡ, ਭਾਈ ਚਰਨ ਸਿੰਘ ਹਾਲੈਂਡ, ਭਾਈ ਕਸ਼ਮੀਰ ਸਿੰਘ, ਚੈਨ ਸਿੰਘ ਫਰਾਂਸ, ਭਾਈ ਸਤਨਾਮ ਸਿੰਘ, ਭਾਈ ਪਰਮਜੀਤ ਸਿੰਘ ਸੋਹਲ, ਭਾਈ ਦਲਵਿੰਦਰ ਸਿੰਘ ਘੁੰਮਣ, ਭਾਈ ਸੁਖਜਿੰਦਰ ਸਿੰਘ ਤੋਂ ਇਲਾਵਾ ਭਾਈ ਰਣਜੀਤ ਸਿੰਘ ਡਿਪਟੀ ਮੇਅਰ ਤੇ ਮੇਅਰ ਅਬਦੁਲ ਸਾਅਦੀ ਵਲੋਂ ਵੀ ਕਾਨਫ਼ੰਰਸ ਨੂੰ ਸੰਬੋਧਨ ਕੀਤਾ ਗਿਆ।











Comments (0)