ਸੰਤ  ਭਿੰਡਰਾਂਵਾਲਾ ਤਸਵੀਰ ਵਿਵਾਦ ਪਿਛੇ ਭਗਵੇਂਵਾਦੀਆਂ ਦੀ ਮਨਸ਼ਾ ਕਾਂਗਰਸ ਨੂੰ ਸਮਝਣ ਦੀ ਲੋੜ

ਸੰਤ  ਭਿੰਡਰਾਂਵਾਲਾ ਤਸਵੀਰ ਵਿਵਾਦ ਪਿਛੇ ਭਗਵੇਂਵਾਦੀਆਂ ਦੀ ਮਨਸ਼ਾ ਕਾਂਗਰਸ ਨੂੰ ਸਮਝਣ ਦੀ ਲੋੜ

* ਹਿਮਾਚਲ ਬੱਸਾਂ ਨੂੰ ਨੁਕਸਾਨ ਪਹੁੰਚਾਏ ਜਾਣ ਪਿਛੇ ਕਿਹੜੇ ਅਨਸਰ ਨੇ? 

* ਹਿਮਾਚਲ ਸਰਕਾਰ ਵਲੋਂ  ਨਫਰਤ ਫੈਲਾਉਣ ਵਾਲੇ ਭਗਵੇਂਵਾਦੀ ਅਮਨ ਸੂਦ ‘ਤੇ ਸਖਤ ਕਾਰਵਾਈ 

ਬੀਤੇ ਹਫ਼ਤੇ ਹਿਮਾਚਲ ਪ੍ਰਦੇਸ਼ ਦੇ ਮਨੀਕਰਨ ਗੁਰਦੁਆਰਾ ਸਾਹਿਬ ਜਾ ਰਹੇ ਪੰਜਾਬ ਦੇ ਕੁਝ ਸਿੱਖ ਨੌਜਵਾਨਾਂ ਨਾਲ ਕੁੱਲੂ ਵਿੱਚ ਕੁਝ ਹਿਮਾਚਲੀ ਲੋਕਾਂ ਦਾ ਝਗੜਾ ਹੋ ਗਿਆ ਸੀ।ਇਸ ਝਗੜੇ ਦੀ ਜੜ੍ਹ ਅਮਨ ਸੂਦ ਨਾਂ ਦੇ ਇੱਕ ਸਥਾਨਕ ਭਗਵੇਂਵਾਦੀ ਕਾਰਕੁਨ ਹੈ,ਜਿਸ ਨੇ ਇਨ੍ਹਾਂ ਨੌਜਵਾਨਾਂ ਉੱਤੇ ਹੁੱਲੜਬਾਜੀ ਕਰਨ ਦਾ ਇਲਜ਼ਾਮ ਲਾਇਆ ਸੀ ਅਤੇ ਨਾਲ ਹੀ ਇਨ੍ਹਾਂ ਦੇ ਮੋਟਰਸਾਈਕਲ ਉੱਥੇ ਲੱਗੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਫੋਟੋ ਵਾਲੇ ਝੰਡੇ ਨੂੰ ਜਬਰੀ ਖੋਹ ਕੇ ਪੈਰਾਂ ਵਿਚ ਲਿਤਾੜਿਆ ਤੇ ਧਮਕੀਆਂ ਦਿੱਤੀਆਂ ਸਨ।ਇਸ ਕਾਰਣ ਸਾਰਾ ਮਾਮਲਾ ਵਿਗੜਿਆ।ਸ਼ੋਸ਼ਲ ਮੀਡੀਆ ਉਪਰ ਲੋਕਾਂ ਦਾ ਕਹਿਣਾ ਹੈ ਕਿ ਭਾਜਪਾ ਕਾਂਗਰਸ ਨੂੰ ਕਿਤੇ ਵੀ ਰਾਜ ਨਹੀਂ ਕਰਨ ਦੇਣਾ ਚਾਹੁੰਦੀ।ਇਸੇ ਕਰਕੇ ਉਨ੍ਹਾਂ ਦੇ ਰਾਜਾਂ ਵਿਚ ਫਿਰਕੂ ਤਣਾਅ  ਉਭਾਰ ਕੇ ਪੂਰੇ ਭਾਰਤ ਵਿਚ ਜੇਤੂ ਹੋਣਾ ਚਾਹੁੰਦੀ ਹੈ।

ਹਿਮਾਚਲ ਪ੍ਰਦੇਸ਼ ਦੀ ਮਣੀਕਰਨ ਘਾਟੀ ਵਿੱਚ ਹੋਏ ਵਿਵਾਦ ਵਿੱਚ ਜਨਤਕ ਸ਼ਾਂਤੀ ਅਤੇ ਧਾਰਮਿਕ ਸਦਭਾਵਨਾ ਨੂੰ ਭੰਗ ਕਰਨ ਦੇ ਦੋਸ਼ ਵਿੱਚ ਹੋਟਲ ਮਾਲਕ ਅਮਨ ਸੂਦ ਨੂੰ ਸੰਮਨ ਜਾਰੀ ਕਰ ਦਿਤੇ ਹਨ। ਰਾਜ ਸਰਕਾਰ ਵੱਲੋਂ ਦਾਇਰ ਸ਼ਿਕਾਇਤ ਤੋਂ ਬਾਅਦ, ਸਬ-ਡਿਵੀਜ਼ਨਲ ਮੈਜਿਸਟ੍ਰੇਟ (ਐਸਡੀਐਮ) ਦੀ ਅਦਾਲਤ ਨੇ ਅਮਨ ਸੂਦ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੰਮਨ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਜੇਕਰ ਉਹ ਨਿਰਧਾਰਤ ਸਮੇਂ ‘ਤੇ ਅਦਾਲਤ ਵਿੱਚ ਪੇਸ਼ ਨਹੀਂ ਹੁੰਦੇ ਹਨ, ਤਾਂ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਯਾਦ ਰਹੇ ਕਿ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਅਮਨ ਸੂਦ ਕਾਰਣ ਵਿਵਾਦ ਸ਼ੁਰੂ ਹੋਇਆ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਇਸ ‘ਤੇ ਸਖ਼ਤ ਨਾਰਾਜ਼ਗੀ ਪ੍ਰਗਟ ਕੀਤੀ ਅਤੇ ਹਿਮਾਚਲ ਪ੍ਰਦੇਸ਼ ਸਰਕਾਰ ਤੋਂ ਫਿਰਕੂ ਭਗਵੇਂਵਾਦੀਆਂ ਉਪਰ ਢੁਕਵੀਂ ਕਾਰਵਾਈ ਦੀ ਮੰਗ ਕੀਤੀ ਸੀ ਜੋ ਸਿੱਖ ਝੰਡੇ ਪੈਰਾਂ ਵਿਚ ਲਿਤਾੜ ਰਹੇ ਸਨ।ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਵਾਲੇ ਝੰਡੇ ਖੋਹੇ ਜਾਣ ਦੇ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਖੁਦ ਨੂੰ ਦਲ ਖਾਲਸਾ ਦੇ ਕਾਰਕੁਨ ਦੱਸਣ ਵਾਲੇ ਕੁਝ ਨੌਜਵਾਨਾਂ ਨੇ ਹੁਸ਼ਿਆਰਪੁਰ ਵਿੱਚ ਹਿਮਾਚਲ ਦੀਆਂ ਬੱਸਾਂ ਉੱਤੇ ਸੰਤ ਭਿੰਡਰਾਂਵਾਲਿਆਂ ਦੇ ਪੋਸਟਰ ਚਿਪਕਾਏ ਸਨ।

ਇਸ ਵਿਵਾਦ ਤੋਂ ਬਾਅਦ ਪੰਜਾਬ ਵਿੱਚ ਹਿਮਾਚਲ ਪ੍ਰਦੇਸ਼ ਰੋਡਵੇਜ਼ ਦੀਆਂ ਬੱਸਾਂ ਉਪਰ ਹਮਲੇ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਖਰੜ ਵਿੱਚ ਹਿਮਾਚਲ ਰੋਡਵੇਜ਼ ਦੀ ਇੱਕ ਬੱਸ ‘ਤੇ ਹਮਲਾ ਕੀਤਾ ਗਿਆ, ਜਿਸ ਵਿੱਚ ਬੱਸ ਦੀਆਂ ਖਿੜਕੀਆਂ ਟੁੱਟ ਗਈਆਂ।ਅੰਮ੍ਰਿਤਸਰ ਵਿਖੇ ਬੀਤੇ ਸ਼ੁੱਕਰਵਾਰ  ਰਾਤ ਦੌਰਾਨ ਹਿਮਾਚਲ ਰੋਡਵੇਜ਼ ਦੀਆਂ 3 ਬੱਸਾਂ ਦੀ ਭੰਨਤੋੜ ਕੀਤੀ ਗਈ ਸੀ। ਅਣਪਛਾਤੇ ਵਿਅਕਤੀਆਂ ਨੇ ਬੱਸਾਂ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਬੱਸਾਂ ਉੱਤੇ ਖਾਲਿਸਤਾਨ ਲਿਖ ਦਿੱਤਾ ਸੀ।ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ ।ਰਾਮਬਾਗ ਥਾਣੇ ਦੀ ਪੁਲਿਸ ਨੇ ਹਿਮਾਚਲ ਪ੍ਰਦੇਸ਼ ਦੀਆਂ ਚਾਰ ਬੱਸਾਂ ਦੀ ਭੰਨਤੋੜ ਕਰਨ ਅਤੇ ਉਨ੍ਹਾਂ ’ਤੇ ਖਾਲਿਸਤਾਨ ਦੇ ਨਾਅਰੇ ਲਿਖਣ ਦੇ ਦੋਸ਼ ਹੇਠ ਚਾਰ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਹੈ। ਕਿਹਾ ਜਾ ਰਿਹਾ ਹੈ ਕਿ ਪੁਲਿਸ ਨੇ ਮੁਲਜ਼ਮਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਤਾਂ ਜੋ ਫਰਾਰ ਮੁਲਜ਼ਮਾਂ ’ਤੇ ਆਤਮ ਸਮਰਪਣ ਕਰਨ ਲਈ ਦਬਾਅ ਪਾਇਆ ਜਾ ਸਕੇ।

ਸੁਆਲ ਇਹ ਹੈ ਕਿ ਅਜਿਹੇ ਅਨਸਰ ਕੋਣ ਹਨ ਜੋ ਹਿੰਸਕ ਤਣਾਅ ਖੜਾ ਕਰਕੇ ਫਿਰਕੂ ਤਣਾਅ ਵਧਾਉਣਾ ਚਾਹੁੰਦੇ ਹਨ। ਕਾਂਗਰਸ ਦਾ ਮੰਨਣਾ ਹੈ ਕਿ ਫਿਰਕੂਵਾਦ ਨੂੰ ਭਾਜਪਾ ਉਤਸ਼ਾਹਿਤ ਕਰ ਰਹੀ ਹੈ।

ਇਸੇ ਘਟਨਾਵਾਂ ਦੀ ਅਗਲੇਰੀ ਪ੍ਰਤਿਕਿਰਿਆ ਵਜੋਂ ਬੀਤੇ ਦਿਨੀਂ ਸ਼ਿਮਲਾ ਵਿੱਚ ਇੱਕ ਭਗਵੇਂਵਾਦੀ ਸੰਗਠਨ ਨਾਲ ਜੁੜੇ ਲੋਕਾਂ ਵੱਲੋਂ ਪੀਆਰਟੀਸੀ ਦੀਆਂ ਬੱਸਾਂ ਉੱਤੇ ਭਾਰਤ ਮਾਤਾ ਦੀਆਂ ਤਸਵੀਰਾਂ ਲਗਾਈਆਂ ਗਈਆਂ ਅਤੇ ਮੁਜ਼ਾਹਰਾ ਕੀਤਾ ਗਿਆ।

ਇਨ੍ਹਾਂ ਘਟਨਾਵਾਂ ਤੋਂ ਬਾਅਦ, ਸਿੱਖ ਸੰਗਠਨਾਂ ਨੇ ਹਿਮਾਚਲ-ਪੰਜਾਬ ਸਰਹੱਦ ‘ਤੇ ਵਿਰੋਧ ਪ੍ਰਦਰਸ਼ਨ ਅਤੇ ਧਰਨਾ ਦੇਣ ਦੀ ਧਮਕੀ ਦਿੱਤੀ ਹੈ, ਜਿਸ ਕਾਰਨ ਦੋਵਾਂ ਰਾਜਾਂ ਦੀ ਪੁਲਿਸ ਨੇ ਸੁਰੱਖਿਆ ਸਖ਼ਤ ਕਰ ਦਿੱਤੀ ਹੈ।

ਹਿਮਾਚਲ ਪ੍ਰਦੇਸ਼ ਦੇ ਡਿਪਟੀ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ  ਨੇ ਕਿਹਾ ਕਿ ਜਦੋਂ ਤੱਕ ਪੰਜਾਬ ਸਰਕਾਰ ਹਿਮਾਚਲ ਦੀਆਂ ਬੱਸਾਂ ਨੂੰ ਲੋੜੀਂਦੀ ਸੁਰੱਖਿਆ ਯਕੀਨੀ ਨਹੀਂ ਬਣਾਉਦੀ, ਉਦੋਂ ਤੱਕ ਐੱਚਆਰਟੀਸੀ ਦੀਆਂ ਬੱਸਾਂ ਪੰਜਾਬ ਵਿੱਚ ਰਾਤ ਨੂੰ ਨਹੀਂ ਠਹਿਰਾਈਆਂ ਜਾਣਗੀਆਂ।

ਇਸ ਦੇ ਤਹਿਤ ਰਾਤ ਸਮੇਂ ਪੰਜਾਬ 'ਚ ਠਹਿਰਣ ਵਾਲੀਆਂ ਬੱਸਾਂ ਦੇ 20 ਰੂਟਾਂ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ।

ਉੱਧਰ ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਭੰਨਤੋੜ ਦੇ ਮਾਮਲੇ ਵਿਚ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਖਰੜ ਵਿਚਲੇ ਹਮਲੇ ਵਿੱਚ ਸ਼ਾਮਲ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਗਗਨਦੀਪ ਸਿੰਘ ਅਤੇ ਰੋਪੜ ਦੇ ਰਹਿਣ ਵਾਲੇ ਹਰਦੀਪ ਸਿੰਘ ਵਜੋਂ ਹੋਈ ਹੈ।

 ਦਲ ਖਾਲਸਾ ਦੇ ਆਗੂ ਭਾਈ ਕੰਵਰਪਾਲ ਸਿੰਘ ਬਿੱਟੂ ਨੇ ਗੱਲ ਕਰਦਿਆਂ ਪੰਜਾਬੀ ਨੌਜਵਾਨਾਂ ਦੇ ਵਾਹਨਾਂ ਤੋਂ ਹਿਮਾਚਲ ਪ੍ਰਦੇਸ਼ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੀ ਤਸਵੀਰ ਹਟਾਉਣ ਦੀ ਘਟਨਾ 'ਤੇ ਰੋਸ ਜ਼ਾਹਰ ਕੀਤਾ, ਪਰ ਹਿਮਾਚਲ ਰੋਡਵੇਜ਼ ਦੀਆਂ ਬੱਸਾਂ 'ਤੇ ਹੋ ਰਹੇ ਹਮਲਿਆਂ ਨੂੰ ਮੰਦਭਾਗਾ ਕਰਾਰ ਦਿੱਤਾ ਹੈ।ਉਨ੍ਹਾਂ ਕਿਹਾ, "ਖਰੜ ਅਤੇ ਅੰਮ੍ਰਿਤਸਰ ਵਿਖੇ ਹਿਮਾਚਲ ਰੋਡਵੇਜ਼ ਦੀਆਂ ਬੱਸ 'ਤੇ ਹੋਏ ਹਮਲੇ ਸ਼ਰਾਰਤੀ ਅਨਸਰਾਂ ਦੀ ਕਾਰਵਾਈ ਸੀ ਅਤੇ ਅਜਿਹੀਆਂ ਘਟਨਾਵਾਂ ਅਸਲ ਮੁੱਦੇ ਤੋਂ ਧਿਆਨ ਪਾਸੇ ਹਟਾਉਂਦੀਆਂ ਹਨ।ਉਹ ਕਹਿੰਦੇ ਹਨ ਕਿ ਅਜਿਹੇ ਕੋਈ ਵੀ ਹਿੰਸਕ ਕਾਰਵਾਈ ਮੁਨਾਸਿਬ ਨਹੀਂ ਹੈ, ਸਾਧਾਰਨ ਲੋਕ ਅਤੇ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਬੱਬ ਨਹੀਂ ਬਣਨਾ ਚਾਹੀਦਾ।ਉਨ੍ਹਾਂ ਦੀ ਮੰਗ ਹੈ ਕਿ ਹਿਮਾਚਲ ਸਰਕਾਰ ਵੱਲੋਂ ਦਰਜ ਕੀਤੇ ਸਾਰੇ ਕੇਸ ਵਾਪਸ ਲਏ ਜਾਣ ਅਤੇ ਹਿਮਾਚਲ ਪ੍ਰਦੇਸ਼ ਦੇ ਨੇਤਾਵਾਂ ਵੱਲੋਂ ਸਿਆਸੀ ਫਾਇਦੇ ਲਈ ਦਿੱਤੇ ਬਿਆਨਾਂ ਪ੍ਰਤੀ ਸਿੱਖਾਂ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ।

ਸੰਤ ਭਿੰਡਰਾਂਵਾਲੇ ਦੇ ਉਭਾਰ ਤੋਂ ਔਖੇ ਗ੍ਰਹਿ ਮੰਤਰੀ ਅਮਿਤ ਸ਼ਾਹ

ਅਖੇ ਪੰਜਾਬ ਵਿੱਚ ਵੀ ਕੁਝ ਲੋਕ ਭਿੰਡਰਵਾਲਾ ਬਣਨਾ ਚਾਹੁੰਦੇ ਸੀ ਪਰ ਸਰਕਾਰ ਨੇ ਉਨ੍ਹਾਂ ਨੂੰ ਅੱਗੇ ਨਹੀਂ ਵਧਣ ਦਿੱਤਾ

* ਅਮਿਤ ਸ਼ਾਹ ਨੂੰ ਬਾਬਾ ਬੰਤਾ ਸਿੰਘ ਨੇ ਦਿੱਤਾ ਮੋੜਵਾਂ ਜਵਾਬ, ਸ਼ੋਸ਼ਲ ਮੀਡੀਆ ਉਪਰ ਛਿੜੀ ਬਹਿਸ

   ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੀਤੇ ਸ਼ੁੱਕਰਵਾਰ ਨੂੰ ਰਾਜ ਸਭਾ ਵਿਚ ਆਪਣੇ ਸੰਬੋਧਨ ਦੌਰਾਨ ਕਿਹਾ ਸੀ ਕਿ   ਪੰਜਾਬ ਵਿੱਚ ਵੀ ਕੁਝ ਲੋਕ ਭਿੰਡਰਵਾਲਾ ਬਣਨਾ ਚਾਹੁੰਦੇ ਸੀ ਪਰ ਸਰਕਾਰ ਨੇ ਉਨ੍ਹਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਤੇ ਅੱਜ ਉਹ ਅਸਾਮ ਦੀ ਜੇਲ੍ਹ ਵਿਚ ਬੰਦ ਹਨ ਭਾਵੇਂ ਕਿ ਉੱਥੇ ਸਾਡੀ ਸਰਕਾਰ ਨਹੀਂ ਹੈ, ਪਰ ਇਹ ਗ੍ਰਹਿ ਮੰਤਰਾਲੇ ਦਾ ਹੀ ਦ੍ਰਿੜ ਇਰਾਦਾ ਸੀ ਕਿ ਉਹ ਇਸ ਸਮੇਂ ਸਲਾਖਾਂ ਪਿੱਛੇ ਹਨ ਤੇ ਅਸਾਮ ਜੇਲ੍ਹ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰ ਰਹੇ ਹਨ।  ਜਿਸ ਤੋਂ ਬਾਅਦ ਇਸ ਬਿਆਨ ਦਾ ਪੰਜਾਬ ਵਿੱਚ ਤਿੱਖਾ ਵਿਰੋਧ ਹੋਇਆ ਸੀ ।ਅਮਿਤ ਸ਼ਾਹ ਦਾ ਇਸ਼ਾਰਾ ਭਾਈ ਅੰਮ੍ਰਿਤਪਾਲ ਸਿੰਘ ਵਲ ਸੀ ਤੇ ਚਿਤਾਵਨੀ ਪੰਜਾਬ ਦੀਆਂ ਸਰਗਰਮ ਪੰਥਕ ਧਿਰਾਂ ਨੂੰ ਸੀ।

ਜਥੇਦਾਰ ਅਕਾਲ ਤਖਤ ਸਾਹਿਬ ਨੇ ਗ੍ਰਹਿ ਮੰਤਰੀ ਦੇ ਬਿਆਨ ਦੀ ਨਿਖੇਧੀ ਕੀਤੀ ਹੈ।ਕਿਹਾ ਸੀ ਕਿ ਸਿੱਖ ਚਰਖੜੀਆਂ ਉਪਰ ਚੜ੍ਹਕੇ ਵੀ ਗੁਰਬਾਣੀ ਦਾ ਜਾਪ ਕਰਦੇ ਹਨ।ਇਹ ਚੜ੍ਹਦੀ ਕਲਾ ਦੀ ਨਿਸ਼ਾਨੀ ਹੈ।

ਪ੍ਰਚਾਰਕ ਬਾਬਾ ਬੰਤਾ ਸਿੰਘ ਨੇ ਇਸ ਦੇ ਪ੍ਰਤੀਕਰਮ ਵਜੋਂ ਕਥਾ ਦੌਰਾਨ ਕਿਹਾ  ਸੀ ਕਿ ਪਿਛਲੇ ਦਿਨੀਂ ਕੇਂਦਰ ਮੰਤਰੀ ਅਮਿਤ ਸ਼ਾਹ ਨੇ ਜੋ ਬਿਆਨ ਦਿੱਤਾ ਹੈ ਉਹ ਖਾਲਸਾ ਪੰਥ ਦੀ ਮੁਖਾਲਫਤ ਕਰਦਿਆਂ ਨਹੀਂ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਮਾੜੀ ਗੱਲ ਹੈ ਤੇ ਨਾ ਹੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਰੀਸ ਕਰਨਾ ਮਾੜੀ ਗੱਲ ਹੈ। ਵੱਡੇ ਅਹੁਦੇ ਉੱਤੇ ਬੈਠ ਕੇ ਇਹੋ ਜਿਹੇ ਬਿਆਨ ਸੋਭਦੇ ਨਹੀਂ ਹਨ।ਬਾਬਾ ਬੰਤਾ ਸਿੰਘ ਨੇ ਕਿਹਾ ਸੀ ਕਿ ਇਹ ਸਾਡੇ ਨਾਇਕ ਹਨ ਤੇ ਤੁਸੀਂ ਇਨ੍ਹਾਂ ਨੂੰ ਖਲਨਾਇਕ ਨਾ ਕਹੋ, ਜੋ ਹਿੰਦੂਆਂ ਨੇ ਨਾਇਕ ਹਨ ਅਸੀਂ ਉਨ੍ਹਾਂ ਨੂੰ ਖਲਨਾਇਕ ਨਹੀਂ ਕਹਿੰਦੇ, ਪਰ ਸਾਡੇ ਨਾਇਕਾਂ ਨੂੰ ਨੀਵਾਂ ਦਿਖਾਉਣਾ ਬੰਦ ਕਰ ਦਿਓ। ਇਹੋ ਜਿਹੇ ਬਿਆਨ 2027 ਵਿੱਚ ਹਿੰਦੂ ਵੀਰਾਂ ਦੀਆਂ ਵੋਟਾਂ ਤਾਂ ਦਵਾ ਸਕਦੇ ਹਨ ਪਰ ਇਸ ਨਾਲ ਭਾਈਚਾਰਕ ਸਾਂਝ ਨਹੀਂ ਰਹੇਗੀ।