ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਉਲੰਘਣਾ ਅਤੇ ਕਾਨੂੰਨੀ ਪ੍ਰਕਿਰਿਆ ਛੱਡ ਪੰਜਾਬ ਪੁਲਿਸ ਵਲੋਂ ਕੀਤੇ ਜਾ ਰਹੇ ਮੁਕਾਬਲੇ ਅਤੇ ਬੁਲਡੋਜਰ ਦੀ ਵਰਤੋਂ ਚਿੰਤਾਜਨਕ: ਬੀਬੀ ਰਣਜੀਤ ਕੌਰ 

ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਉਲੰਘਣਾ ਅਤੇ ਕਾਨੂੰਨੀ ਪ੍ਰਕਿਰਿਆ ਛੱਡ ਪੰਜਾਬ ਪੁਲਿਸ ਵਲੋਂ ਕੀਤੇ ਜਾ ਰਹੇ ਮੁਕਾਬਲੇ ਅਤੇ ਬੁਲਡੋਜਰ ਦੀ ਵਰਤੋਂ ਚਿੰਤਾਜਨਕ: ਬੀਬੀ ਰਣਜੀਤ ਕੌਰ 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 4 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ):- ਪੰਜਾਬ ਅੰਦਰ 1 ਜਨਵਰੀ ਤੋਂ ਲੈ ਕੇ 31 ਮਾਰਚ ਤੱਕ 41 ਪੁਲਿਸ ਮੁਕਾਬਲੇ ਹੋਏ ਹਨ ਜੋ ਪਿਛਲੇ ਸਾਲ ਹੋਏ ਕੁੱਲ 64 ਮੁਕਾਬਲਿਆਂ ਨਾਲੋਂ ਕਿਤੇ ਜ਼ਿਆਦਾ ਹਨ। ਤਕਰੀਬਨ ਦੋ ਦਿਨਾਂ ’ਚ ਇਕ ਮੁਕਾਬਲਾ ਹੋ ਰਿਹਾ ਹੈ ਜਿਥੋਂ ਪਤਾ ਲਗਦਾ ਹੈ ਕਿ ਪੁਲਿਸ ਨੂੰ ਸੂਬਾ ਸਰਕਾਰ ਅਤੇ ਸਿਖਰਲੇ ਅਧਿਕਾਰੀਆਂ ਦੀ ਪ੍ਰਵਾਨਗੀ ਮਿਲੀ ਹੋ ਸਕਦੀ ਹੈ। ਦੇਸ਼ ਦੀ ਸੁਪਰੀਮ ਕੋਰਟ ਆਫ ਇੰਡੀਆ ਨੇ ਵੀ ਆਪਣੀ ਰੂਲਿੰਗ ਰਾਹੀ ਹੁਕਮ ਕੀਤੇ ਹਨ ਕਿ ਕੋਈ ਵੀ ਪੁਲਿਸ, ਸਰਕਾਰ ਜਾਂ ਫੋਰਸ ਕਿਸੇ ਦੇ ਵੀ ਮਕਾਨ, ਕਾਰੋਬਾਰ ਦੀ ਇਮਾਰਤ ਨੂੰ ਨਹੀ ਢਾਹ ਸਕਦੀ, ਦੇ ਬਾਵਜੂਦ ਪੰਜਾਬ ਸਰਕਾਰ ਵਲੋਂ ਇੰਨ੍ਹਾ ਆਦੇਸ਼ਾਂ ਦੀ ਪਰਵਾਹ ਕਿਤੇ ਬਿਨਾਂ ਪੁਲਿਸ ਮੁਕਾਬਲੇ ਬਣਾਉਣੇ ਅਤੇ ਘਰ ਕਾਰੋਬਾਰੀ ਸੰਸਥਾਵਾਂ ਨੂੰ ਢਾਹੁਣਾ ਅੱਤ ਨਿੰਦਣਯੋਗ ਹੈ । ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੀ ਮਹਿਲਾ ਵਿੰਗ ਦੇ ਮੁੱਖੀ ਬੀਬੀ ਰਣਜੀਤ ਕੌਰ ਨੇ ਮੀਡੀਆ ਨੂੰ ਜਾਰੀ ਕੀਤੇ ਇਕ ਬਿਆਨ ਰਾਹੀਂ ਕਿਹਾ ਕਿ ਕਾਨੂੰਨ ਤੇ ਅਦਾਲਤਾਂ ਜਦੋ ਇਸ ਗੱਲ ਦਾ ਆਦੇਸ ਦਿੰਦੀਆ ਹਨ ਕਿ ਕਿਸੇ ਵੀ ਗੈਰ ਕਾਨੂੰਨੀ ਅਮਲ ਕਰਨ ਵਾਲੇ ਇਨਸਾਨ ਨੂੰ ਉਦੋ ਤੱਕ ਸਜ਼ਾ ਨਹੀ ਦਿੱਤੀ ਜਾ ਸਕਦੀ ਜਦੋ ਤੱਕ ਉਸ ਨੂੰ ਕਾਨੂੰਨੀ ਪ੍ਰਕਿਰਿਆ ਵਿਚੋ ਲੰਘਾਕੇ ਉਸਦੇ ਦੋਸ਼ ਨੂੰ ਸਾਬਤ ਨਹੀ ਕੀਤਾ ਜਾਂਦਾ, ਫਿਰ ਪੰਜਾਬ ਸਰਕਾਰ ਅਤੇ ਪੁਲਿਸ ਆਪ ਹੀ ਜੱਜ ਅਤੇ ਆਪ ਹੀ ਇਨਸਾਫ ਦੇਣ ਵਾਲੀ ਅਣਮਨੁੱਖੀ ਅਮਲ ਪੰਜਾਬ ਵਿਚ ਕਰਕੇ ਇਥੋ ਦੇ ਨਿਵਾਸੀਆ ਵਿਚ ਦਹਿਸਤ ਕਿਉਂ ਪਾ ਰਹੀ ਹੈ। ਸਰਕਾਰ ਤੇ ਪੁਲਿਸ ਵੱਲੋ ਕਾਨੂੰਨ ਅਨੁਸਾਰ ਅਮਲ ਕਰਨ ਦੀ ਬਜਾਇ ਆਮ ਲੋਕਾਂ ਨੂੰ ਨਿਸ਼ਾਨਾਂ ਬਣਾਕੇ ਅਤੇ ਝੂਠੇ ਪੁਲਿਸ ਮੁਕਾਬਲੇ ਬਣਾਕੇ ਕਾਨੂੰਨੀ ਵਿਵਸਥਾਂ ਨੂੰ ਕਾਇਮ ਰੱਖਣ ਦੇ ਬਹਾਨੇ ਹੇਠ ਇਥੋ ਦੇ ਨਿਵਾਸੀਆ ਨਾਲ ਜ਼ਬਰ ਢਾਹਿਆ ਜਾ ਰਿਹਾ ਹੈ । ਪੁਲਿਸ ਨੂੰ ਮੁਕਾਬਲਿਆਂ ਲਈ ਦਿੱਤੀਆਂ ਖੁੱਲ੍ਹੀਆਂ ਤਾਕਤਾਂ ਇਕ ਚਿੰਤਾਜਨਕ ਚਿਤਾਵਨੀ ਮਿਲ ਰਹੀ ਹੈ ਕਿ ਇੰਨ੍ਹਾ ਅਧਿਕਾਰਾਂ ਦਾ ਵੱਡੇ ਪੱਧਰ ਤੇ ਦੁਰਉਪਯੋਗ ਹੋ ਸਕਦਾ ਹੈ ਪੰਜਾਬ ਅੰਦਰ ਪਹਿਲਾਂ ਵੀਂ ਵਡੀ ਗਿਣਤੀ ਅੰਦਰ ਫਰਜ਼ੀ ਮੁਕਾਬਲੇ ਕਰਕੇ ਨੌਜੁਆਨੀ ਨੂੰ ਮਾਰ ਮੁਕਾਇਆ ਗਿਆ ਸੀ । ਵਿਸ਼ੇਸ਼ ਅਧਿਕਾਰ ਮਿਲਣ ਨਾਲ ਵਿਅਕਤੀ ਕਾਨੂੰਨ ਆਪਣੇ ਹੱਥਾਂ ’ਚ ਲੈ ਲੈਂਦਾ ਹੈ। ਪੰਜਾਬ ’ਚ ਫ਼ਰਜ਼ੀ ਮੁਕਾਬਲਿਆਂ ਦਾ ਇਤਿਹਾਸ ਰਿਹਾ ਹੈ, 25 ਹਜਾਰ ਤੋ ਵੱਧ ਫਰਜ਼ੀ ਮੁਕਾਬਲਿਆ ਨੂੰ ਜਗਜ਼ਾਹਿਰ ਕਰਣ ਵਾਲੇ ਜਸਵੰਤ ਸਿੰਘ ਖਾਲੜਾ ਦਾ ਵੀ ਮੁਕਾਬਲਾ ਬਣਾ ਕੇ ਖਪਾ ਦਿੱਤਾ ਗਿਆ । ਇਹ ਇਕ ਚਿੰਤਾਜਨਕ ਖ਼ਤਰਨਾਕ ਰੁਝਾਨ ਹੈ ਜੋ ਕਾਨੂੰਨ ਦੇ ਰਾਜ ਨੂੰ ਕਮਜ਼ੋਰ ਬਣਾਉਂਦਾ ਹੈ। ਜੇ ਇਸ ਰੁਝਾਨ ਨੂੰ ਠੱਲ੍ਹ ਨਾ ਪਈ ਤਾਂ ਇੰਝ ਮਹਿਸੂਸ ਹੁੰਦਾ ਹੈ ਕਿ ਬੇਕਸੂਰ ਵਿਅਕਤੀਆਂ ਨੂੰ ਵੀ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ ਜੋ ਕਿ ਕਿਸੇ ਵੀਂ ਲੋਕਤੰਤਰ ਅੰਦਰ ਸਹਿਣ ਯੋਗ ਨਹੀਂ ਹੋ ਸਕਦਾ ਹੈ । ਸੂਬੇ ਅੰਦਰ ਅਰਾਜਕਤਾ ਫੈਲਾਅ ਕੇ ਕੇਂਦਰੀ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ। ਇਹ ਇਕ ਹਕੂਮਤੀ ਸਾਜਿਸ ਅਧੀਨ ਪੰਜਾਬ ਦੇ ਮਾਹੌਲ ਨੂੰ ਗੰਧਲਾ ਕਰਨ ਅਤੇ ਪੰਜਾਬੀਆਂ ਤੇ ਸਿੱਖਾਂ ਨੂੰ ਨਿਸ਼ਾਨਾਂ ਬਣਾਉਣ ਦੀ ਮੰਦਭਾਵਨਾ ਅਧੀਨ ਉਨ੍ਹਾਂ ਤੇ ਜ਼ਬਰ ਢਾਹੁਣ ਲਈ ਮਾਹੌਲ ਬਣਾਇਆ ਜਾ ਰਿਹਾ ਹੈ । ਜਿਸਦਾ ਅਸੀ ਸਖਤ ਨੋਟਿਸ ਲੈਦੇ ਹੋਏ ਇਸਦੀ ਉੱਚ ਪੱਧਰੀ ਜਾਂਚ ਦੀ ਜਿਥੇ ਮੰਗ ਕਰਦੇ ਹਾਂ, ਉਥੇ ਬੁਲਡੋਜਰ ਨੀਤੀ ਅਧੀਨ ਢਾਹੇ ਜਾ ਰਹੇ ਘਰਾਂ ਦੇ ਪੁਲਿਸ ਅਧਿਕਾਰੀਆ ਵਿਰੁੱਧ ਕਾਰਵਾਈ ਮੰਗਦੇ ਹਾਂ । ਅੱਜ ਪੰਜਾਬ ਦਾ ਹਰ ਵਰਗ ਮਹਿਸੂਸ ਕਰਦਾ ਹੈ ਕਿ 2022 ਵਿਚ ਉਨ੍ਹਾਂ ਨੇ ਝਾੜੂ ਪਾਰਟੀ ਨੂੰ ਵੋਟਾਂ ਪਾ ਕੇ ਖ਼ੁਦ ਨਾਲ ਧਰੋਹ ਕਮਾਇਆ ਹੈ।