ਪੰਜਾਬ ਸਰਕਾਰ ਸੌਦਾ ਸਾਧ ਤੇ ਹੋਰ ਦੋਸ਼ੀਆਂ ਵਿਰੁੱਧ ਕੇਸ ਚਲਾਏਗੀ
ਅੰਮ੍ਰਿਤਸਰ ਟਾਈਮਜ਼ ਬਿਊਰੋ
ਚੰਡੀਗੜ੍ਹ-ਪੰਜਾਬ ਸਰਕਾਰ ਵਲੋਂ ਚਰਚਿਤ ਬੇਅਦਬੀਆਂ ਦੇ ਕੇਸਾਂ ਵਿਚ ਡੇਰਾ ਸਿਰਸਾ ਮੁਖੀ ਅਤੇ 10 ਹੋਰ ਕਥਿਤ ਦੋਸ਼ੀਆਂ ਵਿਰੁੱਧ ਅਦਾਲਤ ਵਿਚ ਕੇਸ ਚਲਾਉਣ ਦੀ ਪ੍ਰਵਾਨਗੀ ਦੇ ਦਿੱਤੀ ਗਈ ।ਰਾਜ ਦੇ ਪ੍ਰਮੁੱਖ ਸਕੱਤਰ ਗ੍ਰਹਿ ਗੁਰਕੀਰਤ ਕ੍ਰਿਪਾਲ ਸਿੰਘ ਵਲੋਂ ਬੇਅਦਬੀ ਦੀਆਂ ਘਟਨਾਵਾਂ ਨਾਲ ਸੰਬੰਧਿਤ ਤਿੰਨ ਮਾਮਲਿਆਂ ਐਫ਼.ਆਈ.ਆਰ ਨੰ 63, 117 ਤੇ 128 ਜੋ 2015 ਦੌਰਾਨ ਥਾਣਾ ਬਾਜਾਖਾਨਾ (ਫ਼ਰੀਦਕੋਟ) ਵਿਖੇ ਦਰਜ ਹੋਈਆਂ ਸਨ, ਤਹਿਤ ਸੀ.ਆਰ.ਪੀ.ਸੀ. ਦੀ ਧਾਰਾ 380, 295ਏ, 414, 451,201, 120ਬੀ ਅਧੀਨ ਅਦਾਲਤ ਵਿਚ ਕੇਸ ਚਲਾਉਣ ਦੀ ਪ੍ਰਵਾਨਗੀ ਦੇ ਦਿੱਤੀ ਗਈ ।ਜਿਨ੍ਹਾਂ 11 ਕਥਿਤ ਦੋਸ਼ੀਆਂ ਵਿਰੁੱਧ ਪ੍ਰਵਾਨਗੀ ਜਾਰੀ ਕੀਤੀ ਗਈ ਉਨ੍ਹਾਂ ਵਿਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਪੁੱਤਰ ਮੱਘਰ ਸਿੰਘ (ਗੁਰੂਸਰ ਮੋੜੀਆਂ), ਗੰਗਾ ਨਗਰ ਤੋਂ ਇਲਾਵਾ ਹਰਸ਼ ਧੂਰੀ (ਸਿਰਸਾ), ਪ੍ਰਦੀਪ ਕਲੇਰ (ਕੈਥਲ), ਸੰਦੀਪ ਬਰੇਟਾ (ਸਿਰਸਾ), ਨਰਿੰਦਰ ਕੁਮਾਰ ਸ਼ਰਮਾ (ਫਰੀਦਕੋਟ), ਸੁਖਜਿੰਦਰ ਸੰਨੀ (ਕੋਟਕਪੂਰਾ) ਦੇ ਨਾਂਅ ਸ਼ਾਮਿਲ ਹਨ । ਉਕਤ ਵਿਚੋਂ ਹਰਸ਼ ਧੂਰੀ ਅਤੇ ਸੰਦੀਪ ਬਰੇਟਾ ਨੂੰ ਪੁਲਿਸ ਅਜੇ ਤੱਕ ਗਿ੍ਫ਼ਤਾਰ ਨਹੀਂ ਕਰ ਸਕੀ, ਜਦੋਂ ਕਿ ਡੇਰਾ ਮੁਖੀ ਪਹਿਲਾਂ ਹੀ ਜੇਲ੍ਹ ਵਿਚ ਹਨ, ਪਰ ਬਾਕੀ 8 ਕਥਿਤ ਦੋਸ਼ੀਆਂ ਨੂੰ ਗਿ੍ਫ਼ਤਾਰੀਆਂ ਤੋਂ ਬਾਅਦ ਜ਼ਮਾਨਤਾਂ ਮਿਲ ਚੁੱਕੀਆਂ ਹਨ ।
ਵਰਨਣਯੋਗ ਹੈ ਕਿ ਡੇਰਾ ਮੁਖੀ ਦੀ ਅਪੀਲ 'ਤੇ ਹਾਈ ਕੋਰਟ ਵਲੋਂ ਉਕਤ ਤਿੰਨੋ ਕੇਸ ਫ਼ਰੀਦਕੋਟ ਤੋਂ ਚੰਡੀਗੜ੍ਹ ਦੀ ਅਦਾਲਤ ਨੂੰ ਤਬਦੀਲ ਕਰ ਦਿੱਤੇ ਗਏ ਸਨ | ਹੁਣ ਇਨ੍ਹਾਂ ਕੇਸਾਂ 'ਤੇ ਅੱਗੋਂ ਸੁਣਵਾਈ ਚੰਡੀਗੜ੍ਹ ਦੀ ਅਦਾਲਤ ਵਿਚ ਹੀ ਹੋਵੇਗੀ ।ਡੇਰਾ ਮੁਖੀ ਦੀ ਪਟੀਸ਼ਨ 'ਤੇ ਹਾਈ ਕੋਰਟ ਵਲੋਂ ਇਨ੍ਹਾਂ ਕੇਸਾਂ 'ਤੇ ਅੱਗੋਂ ਸੁਣਵਾਈ ਸੰਬੰਧੀ ਜੋ ਰੋਕ ਲਗਾਈ ਗਈ ਸੀ, ਪੰਜਾਬ ਸਰਕਾਰ ਵਲੋਂ ਸੁਪਰੀਮ ਕੋਰਟ ਵਿਚ ਦਾਇਰ ਪਟੀਸ਼ਨ 'ਤੇ ਸੁਣਵਾਈ ਦੌਰਾਨ ਉਕਤ ਰੋਕ ਨੂੰ ਰੱਦ ਕਰ ਦਿੱਤਾ ਗਿਆ ਹੈ, ਜਿਸ ਕਾਰਨ ਹੁਣ ਇਨ੍ਹਾਂ ਕੇਸਾਂ ਵਿਚ ਅੱਗੋਂ ਸੁਣਵਾਈ ਸ਼ੁਰੂ ਹੋ ਸਕੇਗੀ ।











Comments (0)