ਕਾਂਗਰਸ ਦੀ ਧੜੇਬੰਦੀ ਤੋਂ ਹਾਈਕਮਾਨ  ਨਾਰਾਜ਼ 

ਕਾਂਗਰਸ ਦੀ ਧੜੇਬੰਦੀ ਤੋਂ ਹਾਈਕਮਾਨ  ਨਾਰਾਜ਼ 

ਆਸ਼ੂ ਧੜੇ ’ਤੇ ਸਖ਼ਤ ਕਾਰਵਾਈ ਦੀ ਤਿਆਰੀ

ਆਸ਼ੂ ਧੜੇ ਦੀ ਹਾਵੀ ਹੋਣ ਦੀ ਜ਼ਿੱਦ ਕਾਰਣ ਲੁਧਿਆਣਾ ਸੀਟ ਹਾਰੀ

*ਪ੍ਰਗਟ ਸਿੰਘ ਨੂੰ ਹਾਈਕਮਾਨ ਸੌਂਪ ਸਕਦੀ ਹੈ ਵੱਡੀ ਜ਼ਿੰਮੇਵਾਰੀ?

ਪੰਜਾਬ ਕਾਂਗਰਸ ਵਿੱਚ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਨੇ ਪਾਰਟੀ ਦੀ ਅੰਦਰੂਨੀ ਫੁਟ ਨੂੰ ਸਪੱਸ਼ਟ ਕਰ ਦਿੱਤਾ ਹੈ। ਚੋਣ ਦੌਰਾਨ ਪਾਰਟੀ ਦੋ ਸਪੱਸ਼ਟ ਧੜਿਆਂ ਵਿੱਚ ਵੰਡੀ ਨਜ਼ਰ ਆਈ, ਜਿਸ ਵਿੱਚ ਆਸ਼ੂ ਧੜੇ ਨੇ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਪ੍ਰਚਾਰ ਤੋਂ ਪੂਰੀ ਤਰ੍ਹਾਂ ਦੂਰ ਰੱਖਿਆ। ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ, ਪ੍ਰਦੇਸ਼ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਕੌਮੀ ਜਨਰਲ ਸਕੱਤਰ ਸੁਖਜਿੰਦਰ ਸਿੰਘ ਰੰਧਾਵਾ ਵਰਗੇ ਵੱਡੇ ਆਗੂਆਂ ਨੂੰ ਚੋਣ ਪ੍ਰਚਾਰ ਵਿੱਚ ਸ਼ਾਮਲ ਨਾ ਕਰਨ ਦਾ ਫੈਸਲਾ ਭਾਰਤ ਭੂਸ਼ਣ ਆਸ਼ੂ ਦੀ ਅਗਵਾਈ ਵਾਲੇ ਧੜੇ ਨੇ ਲਿਆ। ਇਸ ਨੇ ਪਾਰਟੀ ਦੀ ਅੰਦਰੂਨੀ ਏਕਤਾ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਸੂਤਰਾਂ ਅਨੁਸਾਰ, ਆਸ਼ੂ ਧੜੇ ਨੇ ਹਾਈਕਮਾਨ ਨੂੰ ਭਰੋਸਾ ਦਿੱਤਾ ਸੀ ਕਿ ਉਹ ਆਪਣੇ ਨਿੱਜੀ ਪ੍ਰਭਾਵ ਅਤੇ ਰਣਨੀਤੀ ਨਾਲ ਇਹ ਸੀਟ ਜਿੱਤ ਲੈਣਗੇ। ਪਰ ਵੱਡੀ ਹਾਰ ਨੇ ਇਸ ਧੜੇ ਦੀ ਰਣਨੀਤੀ ਅਤੇ ਸਮਰੱਥਾ ’ਤੇ ਸਵਾਲ ਖੜ੍ਹੇ ਕਰ ਦਿੱਤੇ। ਚੋਣ ਨਤੀਜਿਆਂ ਨੇ ਸਪੱਸ਼ਟ ਕੀਤਾ ਕਿ ਪਾਰਟੀ ਦੀ ਅੰਦਰੂਨੀ ਫੁਟ ਨੇ ਉਮੀਦਵਾਰ ਦੀ ਹਾਰ ਦਾ ਮੁੱਖ ਕਾਰਨ ਬਣਿਆ। ਇਸ ਦੌਰਾਨ, ਆਸ਼ੂ ਦਾ ਬਿਆਨ ਕਿ ਬਸਤੀਆਂ ਵਿੱਚੋਂ ਵੋਟ ਨਾ ਮਿਲਣ ਕਾਰਨ ਹਾਰ ਹੋਈ ਸੀ। ਇਸ ਤੋਂ ਜਾਹਿਰ ਹੈ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਦਲਿਤ ਭਾਈਚਾਰੇ ’ਤੇ ਪ੍ਰਭਾਵ ਦੀ ਕਮੀ ਨੂੰ ਵੀ ਦਰਸਾਉਂਦਾ ਹੈ। 

 ਕਾਂਗਰਸ ਹਾਈਕਮਾਨ ਨੇ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਵਿੱਚ ਪਾਰਟੀ ਦੀ ਹਾਰ ਅਤੇ ਅੰਦਰੂਨੀ ਧੜੇਬੰਦੀ ਦਾ ਸਖ਼ਤ ਨੋਟਿਸ ਲਿਆ ਹੈ। ਪ੍ਰਦੇਸ਼ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਅਤੇ ਮੀਤ ਪ੍ਰਧਾਨ ਪਰਗਟ ਸਿੰਘ ਤੇ ਕੁਸ਼ਲਦੀਪ ਸਿੰਘ ਢਿੱਲੋਂ ਦੇ ਅਸਤੀਫੇ ਜਿਸ ਤੇਜ਼ੀ ਨਾਲ ਪ੍ਰਵਾਨ ਕੀਤੇ ਗਏ, ਉਸ ਨੇ ਹਾਈਕਮਾਨ ਦੀ ਨਾਰਾਜ਼ਗੀ ਨੂੰ ਸਪੱਸ਼ਟ ਕਰ ਦਿੱਤਾ ਹੈ। ਸੂਤਰਾਂ ਅਨੁਸਾਰ, ਹਾਈਕਮਾਨ ਨੂੰ ਇਹ ਜਾਣਕਾਰੀ ਮਿਲੀ ਹੈ ਕਿ ਆਸ਼ੂ ਧੜੇ ਨੇ ਜਾਣਬੁੱਝ ਕੇ ਸੀਨੀਅਰ ਆਗੂਆਂ ਨੂੰ ਪ੍ਰਚਾਰ ਤੋਂ ਦੂਰ ਰੱਖਿਆ, ਜਿਸ ਨਾਲ ਪਾਰਟੀ ਦੀ ਅਕਸ ਨੂੰ ਨੁਕਸਾਨ ਪਹੁੰਚਿਆ। ਹੁਣ ਭੁਪੇਸ਼ ਬਘੇਲ ਵੱਲੋਂ ਸੌਂਪੀ ਗਈ ਵਿਸਤ੍ਰਿਤ ਜਾਂਚ ਰਿਪੋਰਟ ਦੇ ਆਧਾਰ ’ਤੇ ਹਾਈਕਮਾਨ ਕੁਝ ਆਗੂਆਂ ਦੀ ਜਵਾਬਦੇਹੀ ਤੈਅ ਕਰਨ ਦੀ ਤਿਆਰੀ ਵਿੱਚ ਹੈ। ਚਰਚਾ ਹੈ ਕਿ ਕੁਝ ਆਗੂਆਂ ਨੂੰ ਦਿੱਲੀ ਬੁਲਾ ਕੇ ਸਖ਼ਤ ਸੁਨੇਹਾ ਦਿੱਤਾ ਜਾ ਸਕਦਾ ਹੈ। ਇਸ ਦੇ ਨਾਲ ਹੀ, ਪਾਰਟੀ ਅੰਦਰ ਅਨੁਸ਼ਾਸਨਹੀਣਤਾ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ ’ਤੇ ਵੀ ਵਿਚਾਰ ਕਰ ਰਹੀ ਹੈ। ਹਾਈਕਮਾਨ ਦੀ ਸਖ਼ਤੀ ਦਾ ਮੁੱਖ ਮਕਸਦ ਪਾਰਟੀ ਨੂੰ ਅਗਲੀਆਂ ਆਮ ਚੋਣਾਂ ਲਈ ਮਜ਼ਬੂਤ ਅਤੇ ਇਕਜੁਟ ਕਰਨਾ ਹੈ, ਕਿਉਂਕਿ ਪੰਜਾਬ ਵਿੱਚ ਕਾਂਗਰਸ ਨੂੰ ਹੁਕਮਰਾਨ ਪਾਰਟੀ ਦੇ ਮੁਕਾਬਲੇ ਮੁੱਖ ਵਿਰੋਧੀ ਧਿਰ ਮੰਨਿਆ ਜਾ ਰਿਹਾ ਹੈ। 

ਹਾਈਕਮਾਨ ਦੀ ਰਣਨੀਤੀ ਪੰਜਾਬ ਕਾਂਗਰਸ ਵਿੱਚ ਧੜੇਬੰਦੀ ਨੂੰ ਖਤਮ ਕਰਨ ਅਤੇ ਪਾਰਟੀ ਨੂੰ ਇਕਜੁਟ ਕਰਨ ਲਈ ਹਾਈਕਮਾਨ ਨੂੰ ਸਖ਼ਤ ਅਤੇ ਸੁਚੱਜੇ ਫੈਸਲੇ ਲੈਣ ਦੀ ਲੋੜ ਹੈ। ਇਸ ਸੰਦਰਭ ਵਿੱਚ ਪਰਗਟ ਸਿੰਘ ਨੂੰ ਮੁੱਖ ਜ਼ਿੰਮੇਵਾਰੀ ਸੌਂਪਣ ਦੀ ਸੰਭਾਵਨਾ ’ਤੇ ਚਰਚਾ ਸ਼ੁਰੂ ਹੋ ਗਈ ਹੈ। ਪਰਗਟ ਸਿੰਘ ਨੇ ਪਹਿਲਾਂ ਵੀ ਪਾਰਟੀ ਅੰਦਰ ਸੰਜਮ ਅਤੇ ਸਮਰਪਣ ਦੀ ਮਿਸਾਲ ਪੇਸ਼ ਕੀਤੀ ਹੈ। ਉਹ ਪੰਜਾਬ ਦੀ ਸਿਆਸਤ ਵਿੱਚ ਸਾਫ਼-ਸੁਥਰੀ ਛਵੀ ਵਾਲੇ ਆਗੂ ਵਜੋਂ ਜਾਣੇ ਜਾਂਦੇ ਹਨ। ਸੂਤਰਾਂ ਅਨੁਸਾਰ, ਹਾਈਕਮਾਨ ਪਰਗਟ ਸਿੰਘ ਨੂੰ ਪ੍ਰਦੇਸ਼ ਪ੍ਰਧਾਨ ਜਾਂ ਕੋਈ ਹੋਰ ਮੁੱਖ ਅਹੁਦਾ ਸੌਂਪ ਕੇ ਪਾਰਟੀ ਨੂੰ ਮਜ਼ਬੂਤ ਕਰਨ ’ਤੇ ਵਿਚਾਰ ਕਰ ਸਕਦਾ ਹੈ। ਪਰਗਟ ਸਿੰਘ ਦੀ  ਸੁਚੱਜੀ ਲੀਡਰਸ਼ਿਪ ਨਾਲ ਪਾਰਟੀ ਅੰਦਰਲੀ ਧੜੇਬੰਦੀ ਨੂੰ ਕਾਬੂ ਕਰਨ ਵਿੱਚ ਮਦਦ ਮਿਲ ਸਕਦੀ ਹੈ। ਹਾਈਕਮਾਨ ਨੂੰ ਇਸ ਦੇ ਨਾਲ ਹੀ ਆਸ਼ੂ ਵਰਗੇ ਆਗੂਆਂ ਦੀ ਅਨੁਸ਼ਾਸਨਹੀਣਤਾ ’ਤੇ ਸਖ਼ਤ ਕਾਰਵਾਈ ਕਰਨ ਅਤੇ ਸਾਰੇ ਸੀਨੀਅਰ ਆਗੂਆਂ ਨੂੰ ਇਕਜੁਟ ਕਰਕੇ ਅਗਲੀਆਂ ਚੋਣਾਂ ਲਈ ਰਣਨੀਤੀ ਤਿਆਰ ਕਰਨ ਦੀ ਲੋੜ ਹੈ। ਸੂਬੇ ਵਿੱਚ ਪਾਰਟੀ ਦੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਚਰਨਜੀਤ ਸਿੰਘ ਚੰਨੀ, ਰਾਜਾ ਵੜਿੰਗ ਅਤੇ ਸੁਖਜਿੰਦਰ ਸਿੰਘ ਰੰਧਾਵਾ ਵਰਗੇ ਆਗੂਆਂ ਨੂੰ ਕੌਮੀ ਸਿਆਸਤ ਵਿੱਚ ਜ਼ਿੰਮੇਵਾਰੀਆਂ ਸੌਂਪਣਾ ਵੀ ਇੱਕ ਅਹਿਮ ਕਦਮ ਹੋ ਸਕਦਾ ਹੈ। ਅਗਲੀਆਂ ਆਮ ਚੋਣਾਂ ਵਿੱਚ ਪੰਜਾਬ ਵਿੱਚ ਮੁੱਖ ਵਿਰੋਧੀ ਧਿਰ ਵਜੋਂ ਉਭਰਨ ਲਈ ਕਾਂਗਰਸ ਨੂੰ ਆਪਣੀ ਅੰਦਰੂਨੀ ਸੰਗਠਨਾਤਮਕ ਸਮਰੱਥਾ ਨੂੰ ਮਜ਼ਬੂਤ ਕਰਨ ਦੀ ਲੋੜ ਹੈ।