ਭਾਈ ਕੁਲਦੀਪ ਸਿੰਘ ਗੜਗੱਜ ਵਲੋਂ  ਤਖਤਾਂ ਨੂੰ ਆਪਸ ਵਿਚ ਲੜਾ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਰੋਲੀ ਜਾ ਰਹੀ ਹੈ: ਯੂਨਾਈਟਿਡ ਖਾਲਸਾ ਦਲ ਯੂਕੇ

ਭਾਈ ਕੁਲਦੀਪ ਸਿੰਘ ਗੜਗੱਜ ਵਲੋਂ  ਤਖਤਾਂ ਨੂੰ ਆਪਸ ਵਿਚ ਲੜਾ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਰੋਲੀ ਜਾ ਰਹੀ ਹੈ: ਯੂਨਾਈਟਿਡ ਖਾਲਸਾ ਦਲ ਯੂਕੇ

ਕਿਹਾ.. ਕੁਲਦੀਪ ਸਿੰਘ ਗੜਗੱਜ ਵਲੋਂ ਅਗਲਾ ਕਦਮ ਦੋ ਦਸੰਬਰ ਵਾਲੇ ਫੈਂਸਲੇ ਬਦਲਣ ਦੀ ਕੋਸ਼ਿਸ਼ ਦਾ ਹੋਵੇਗਾ 

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 23 ਮਈ (ਮਨਪ੍ਰੀਤ ਸਿੰਘ ਖਾਲਸਾ):-- ਬੀਤੇ ਦਿਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਜ਼ਰੀਆ ਤੱਕ ਆਖ ਕੇ ਗੁਰੂ ਸਾਹਿਬ ਦਾ ਅਪਮਾਨ ਕਰਨ ਵਾਲੇ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਪ੍ਰਚਾਰ ਤੇ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਲਗਾਈ ਗਈ ਪਾਬੰਦੀ ਨੂੰ ਬਿਨਾਂ ਕਿਸੇ ਸਜ਼ਾ ਲਗਾਏ ਖਤਮ ਕਰਨ ਦਾ ਐਲਾਨ ਕੀਤਾ ਗਿਆ। ਇਹ ਐਲਾਨ ਕਰਨ ਵਾਲੇ ਭਾਈ ਕੁਲਦੀਪ ਸਿੰਘ ਗੜਗੱਜ ਅਤੇ ਇਸਦੇ ਪਿੱਛੇ ਇਸ ਦੇ ਰਿਮੋਟ ਕੰਟਰੋਲ ਸੁਖਬੀਰ ਸਿੰਘ ਬਾਦਲ ਅਤੇ ਪਰਮਜੀਤ ਸਿੰਘ ਸਰਨਾ ਹਨ । ਪਿਛਲੇ ਕਈ ਦਹਾਕਿਆਂ ਤੋਂ ਸਿੱਖਾਂ ਅਤੇ ਸਿੱਖੀ ਦੀ ਕਾਤਲ ਜਮਾਤ ਕਾਂਗਰਸ ਦੇ ਫੀਲੇ ਪਰਮਜੀਤ ਸਿੰਘ ਸਰਨਾ ਅਤੇ ਸਿੱਖਾਂ ਅਤੇ ਸਿੱਖੀ ਨਾਲ ਵਿਸ਼ਵਾਸ਼ਘਾਤ ਕਰਨ ਵਾਲੇ ਕੌਮੀ ਗੱਦਾਰ ਬਾਦਲਕਿਆਂ ਦੇ ਭ੍ਰਿਸ਼ਟ ਲਾਣੇ ਦੀ ਜਦੋਂ ਦੋ ਕੁ ਸਾਲ ਪਹਿਲਾਂ ਹੋਈ ਏਕਤਾ ਦੇ ਦਾਜ ਵਿੱਚ ਹੁਣ ਭਾਈ ਕੁਲਦੀਪ ਸਿੰਘ ਗੜਗੱਜ ਵੀ ਆ ਗਿਆ ਹੈ। ਜਿਸ ਤਰੀਕੇ ਨਾਲ ਰਾਤ ਦੇ ਹਨੇਰੇ ਵਿੱਚ, ਖਾਲਸਾ ਪੰਥ ਦੀਆਂ ਪ੍ਰਵਾਨਿਤ ਧਿਰਾਂ ਤੋਂ ਚੋਰੀ ਇਸਦੀ ਦਸਤਾਰ ਬੰਦੀ ਕੀਤੀ ਗਈ ਸੀ ਉਹ ਵੀ ਇਤਿਹਾਸ ਵਿੱਚ ਪਹਿਲੀ ਵਾਰ ਹੀ ਹੋਇਆ ਹੈ । ਯੂਨਾਈਟਿਡ ਖਾਲਸਾ ਦਲ ਯੂਕੇ ਵਲੋਂ ਇਸ ਵਰਤਾਰੇ ਦੀ ਸਖਤ ਨਿਖੇਧੀ ਕੀਤੀ ਗਈ ਹੈ। ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਪ੍ਰਧਾਨ ਭਾਈ ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਨੇ ਇਸ ਬਾਬਤ ਕੁਲਦੀਪ ਸਿੰਘ ਗੜਗਜ ਇਕ ਸਵਾਲਨਾਮਾ ਜਾਰੀ ਕਰਦਿਆਂ ਪੁੱਛਿਆ ਕਿ ਰਣਜੀਤ ਸਿੰਘ ਢੱਡਰੀਆਂ ਤੇ ਲੱਗੀ ਪਾਬੰਦੀ ਖਤਮ ਕਰਨ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਇਹ ਕਿਉਂ ਨਹੀਂ ਪੁੱਛਿਆ ਗਿਆ ਕਿ ਇਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਨਹੀਂ ਜਰੀਆ ਕਿਉਂ  ਪ੍ਰਚਾਰਦਾ ਹੈ ? ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ  ਮਹਾਰਾਜ ਨੂੰ ਆਪਣੇ ਵਾਂਗ ਆਮ ਇੰਨਸਾਨ ਮੰਨ ਕੇ ਕਿਉਂ ਪ੍ਰਚਾਰਦਾ ਹੈ ? ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਨੂੰ ਆਮ ਬਿਲਡਿੰਗ ਆਖਦਾ ਤੇ ਆਪਣੇ ਡੇਰੇ ਨੂੰ ਪ੍ਰਮੇਸ਼ਰ ਦਵਾਰ ਆਖ ਕੇ ਸ੍ਰੀ ਦਰਬਾਰ ਸਾਹਿਬ ਦਾ ਨਿਰਾਦਰ ਕਿਉਂ ਕਰਦਾ ਹੈ ? ਗਿਆਨ ਅਤੇ ਸਾਇੰਸ ਨੂੰ ਰੱਬ ਪ੍ਰਚਾਰ ਕੇ  ਜੁੱਗੋ ਜੁੱਗ ਅਟੱਲ ਗੁਰਬਾਣੀ ਨਿਰਾਦਰ ਕਿਉਂ ਕਰਦਾ ਹੈ ? ਸਿੱਖ ਇਤਿਹਾਸ ਨੂੰ ਇਤਿਹਾਸ ਨੂੰ ਬੰਦੇ ਦਾ ਲਿਖਿਆ ਹੋਇਆ ਆਖ ਕੇ ਭੰਡਦਾ ਹੈ ? ਅੰਮ੍ਰਿਤ ਸਰੋਵਰ ਨੂੰ ਆਮ ਪਾਣੀ ਤੇ ਤਲਾਬ ਕਹਿ ਕੇ ਛੁਟਿਆਉਂਦਾ ਹੈ ? ਗੁਰੂ ਸਾਹਿਬਾਨ ਨਾਲੋਂ ਸਾਇੰਸ ਤੇ ਵੱਧ  ਯਕੀਨ ਰੱਖਣ ਲਈ ਆਖਦਾ ਹੈ ? ਪੁਰਾਤਨ ਗ੍ਰੰਥ ਸਾਹਿਬਾਂ ਨੂੰ ਨਹੀਂ ਮੰਨਦਾ ਅਤੇ ਪੰਥ ਚੋ ਛੇਕੇ ਹੋਏ ਦੁਸ਼ਟਾਂ ਨਾਲ ਸਾਂਝ ਭਿਆਲਤਾ ਰੱਖਕੇ ਉਹਨਾਂ ਦੀ ਹਾਮੀ ਭਰਦਾ ਹੈ ? ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਅਤੇ ਸ੍ਰੀ ਦਸਮ ਗ੍ਰੰਥ ਸਾਹਿਬ ਖਿਲਾਫ ਕੂੜ ਪ੍ਰਚਾਰ ਕਿਉਂ ਕਰਦਾ ਹੈ ? ਗੁਰੂ ਸਿਧਾਂਤ ਤੋਂ ਉਲਟ ਚੱਲ ਕੇ ਸੰਗਤ ਨੂੰ ਸ਼ਸਤਰਹੀਣ ਕਰਦਾ ਹੋਇਆ ਕਹਿ ਰਿਹਾ ਹੈ ਕਿ ਅੱਜ ਸ਼ਸਤਰਾਂ ਦੀ ਲੋੜ ਨਹੀਂ ਹੈ ? ਸਾਹਿਬ ਸ੍ਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਗੁਰਬਾਣੀ ਕਥਾ ਦੀ ਬਜਾਏ ਚੁਟਕਲੇ, ਬੋਲੀਆਂ, ਹਾਸੋਹੀਣੀਆਂ ਘਟੀਆਂ ਮਨਘੜਤ ਗੱਲਾਂ ਕਰ ਕੇ ਸੰਗਤ ਨੂੰ ਪੁੱਠੇ ਪਾਸੇ ਕਿਉਂ ਲਾਉਂਦਾ ਹੈ ? ਇੱਥੋ ਤੱਕ ਕਹਿ ਰਿਹਾ ਕਿ ਗੁਰੂ ਸਾਹਿਬਾਨ ਨੇ ਗ਼ਲਤੀਆਂ ਕੀਤੀਆਂ ਅਤੇ ਉਹ ਵੀ ਮੇਰੇ ਵਾਂਗ ਆਮ ਇੰਨਸਾਨ ਸਨ ? ਵਾਹਿਗੁਰੂ ਗੁਰਮੰਤਰ ਦੇ ਜਾਪ ਨੂੰ ਤੋਤਾ ਰਟਨ ਆਖਕੇ ਹੱਸਦਾ ਹੈ ? ਇਹਨਾਂ ਸਵਾਲਾਂ ਦੇ ਜਵਾਬ ਸ੍ਰੀ ਅਕਾਲ ਤਖਤ ਸਾਹਿਬ ਇਸ ਪਾਸੇ ਨਾ ਲੈਣਾ ਇਹ ਸੰਕੇਤ ਹੈ ਕਿ ਇਸਨੂੰ ਪੁਰਾਤਨ ਸੰਪਰਦਾਵਾਂ ਦੇ ਖਿਲਾਫ ਖੜਾ ਕਰਨ ਦੀ ਹਿੰਦੂਤਵੀ ਲਾਬੀ ਦੀ ਚਾਲ ਹੈ।  ਭਾਈ ਕੁਲਦੀਪ ਸਿੰਘ ਗੜਗੱਜ ਵਲੋਂ ਜਿਸ ਤਰਾਂ ਘਰ ਘਰ ਜਾ ਕੇ ਦਸਤਾਰਾਂ ਪ੍ਰਾਪਤ ਕੀਤੀਆਂ ਜਾ ਰਹੀਆਂ ਹਨ  ਇਹ ਵਰਤਾਰਾ ਵੀਂ ਸਿੱਖ ਇਤਿਹਾਸ ਵਿੱਚ ਪਹਿਲੀ ਵਾਰ ਹੋ ਰਿਹਾ ਹੈ ਕਿ ਅਕਾਲ ਤਖਤ ਦਾ ਜੱਥੇਦਾਰ ਘਰਾਂ ਤੋਂ ਦਸਤਾਰਾਂ ਇੱਕਠੀਆਂ ਕਰ ਰਿਹਾ ਹੈ । ਜਦਕਿ ਕੁਲਦੀਪ ਸਿੰਘ ਦੀ ਜਥੇਦਾਰੀ ਦਾ ਛੱਜ ਬੰਨ੍ਵਾਉਣ ਵਾਲਾ ਸਾਬਕਾ ਕਾਂਗਰਸੀ ਸਿੱਖ ਕੌਮ ਦੇ ਕਾਂਗਰਸੀ ਕਾਤਲਾਂ ਨੂੰ ਸਨਮਾਨਿਤ ਕਰਦਾ ਰਿਹਾ ਹੈ । ਖਾੜਕੂਆਂ ਵਲੋਂ ਸੋਧੇ ਗਏ ਫਿਰਕਾਪ੍ਰਸਤ ਅਖਬਾਰ ਜੱਗ ਬਾਣੀ ਦੇ ਮਾਲਕ ਅਤੇ ਸੰਪਾਦਕ ਰਮੇਸ਼ ਚੰਦਰ ਨੂੰ ਮਹਾਨ ਸ਼ਹੀਦ ਆਖਣ ਵਾਲੇ ਇਸ ਪਰਮਜੀਤ ਸਿੰਘ ਸਰਨਾ ਨੂੰ ਕੋਈ ਹੱਕ ਨਹੀਂ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਬੰਧੀ ਕਿਸੇ ਕਿਸਮ ਦਾ ਰੋਲ ਅਦਾ ਕਰੇ । ਸਿੱਖ ਕੌਮ ਨੂੰ ਸਿੰਘ ਸਾਹਿਬ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਕਾਉਂਕੇ ਵਰਗਾ ਜਥੇਦਾਰ ਚਾਹੀਦਾ ਹੈ ਨਾ ਕਿ ਕੁਲਦੀਪ ਸਿੰਘ ਗੜਗੱਜ ਵਰਗਾ । ਪੰਜਾਬ ਵਿੱਚ ਸਿੱਖ ਜਥੇਬੰਦਆਂ ਦਾ ਫਰਜ਼ ਹੈ ਕਿ ਇਸ ਕੁਲਦੀਪ ਸਿੰਘ ਗੜਗੱਜ ਦਾ ਡੱਟ ਕੇ ਵਿਰੋਧ ਕੀਤਾ ਜਾਵੇ। ਬਾਦਲਕਿਆਂ ਵਲੋਂ ਸਿੱਖ ਕੌਮ ਵਾਸਤੇ  ਬਹੁਤ ਵੱਡੀ ਉਲਝਣ ਖੜੀ ਕੀਤੀ ਜਾ ਰਹੀ ਹੈ। ਤਖਤਾਂ ਦੇ ਜਥੇਦਾਰਾਂ ਦਾ ਮਾਣ ਸਤਿਕਾਰ ਮਿੱਟੀ ਘੱਟੇ ਰੋਲ ਦਿੱਤਾ ਹੈ ਅਤੇ ਕੁਲਦੀਪ ਸਿੰਘ ਵਰਗੇ ਜਥੇਦਾਰੀ ਦਾ ਛੱਜ ਬੰਨ੍ਹਣ ਵਾਸਤੇ ਹੱਥ ਪੈਰ ਮਾਰ ਰਹੇ ਹਨ । ਯੂਨਾਈਟਿਡ ਖਾਲਸਾ ਦਲ ਯੂਕੇ ਵਲੋਂ ਖਦਸ਼ਾ ਪ੍ਰਗਟ ਕੀਤਾ ਗਿਆ ਕਿ ਕੁਲਦੀਪ ਸਿੰਘ ਗੜਗੱਜ ਵਲੋਂ ਅਗਲਾ ਕਦਮ ਦੋ ਦਸੰਬਰ ਵਾਲੇ ਫੈਂਸਲੇ ਬਦਲਣ ਕੋਸ਼ਿਸ਼ ਕੀਤੀ ਜਾਵੇਗੀ । ਜਦਕਿ ਇੱਕ ਪਾਸੇ ਕਿਹਾ ਜਾ ਰਿਹਾ ਹੈ ਕਿ ਦੋ ਦਸੰਬਰ 2024 ਵਾਲੇ ਫੈਂਸਲੇ ਇੰਨ ਬਿੰਨ ਲਾਗੂ ਹੋਣਗੇ, ਦੂਜੇ ਪਾਸੇ ਆਖਿਆ ਜਾ ਰਿਹਾ ਹੈ ਕਿ ਅਕਾਲ ਤਖਤ ਸਾਹਿਬ ਸਾਰੇ ਅਕਾਲੀ ਦਲਾਂ ਦਾ ਹੈ ਜਦਕਿ ਦੋ ਦਸੰਬਰ ਨੂੰ ਬਾਦਲ ਦਲ ਦੀ ਲੀਡਰਸ਼ਿਪ ਬਾਰੇ ਹੁਕਮ ਹੈ ਕਿ ਇਹ ਲੀਡਰਸ਼ਿਪ ਆਪਣਾ ਨੈਤਿਕ ਆਧਾਰ ਗਵਾ ਚੁੱਕੀ ਹੈ । ਤੀਜੇ ਪਾਸੇ ਕੁਲਦੀਪ ਸਿੰਘ ਗੜਗੱਜ ਵਲੋਂ ਪੰਜ ਮੈਂਬਰੀ ਕਮੇਟੀ ਨੂੰ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ ਅਤੇ ਨਾਲ ਹੀ ਨਜ਼ਰਸਾਨੀ ਦੀ ਗੱਲ ਆਖੀ ਜਾ ਰਹੀ ਹੈ । ਚੌਥੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਤੋ ਅਕਾਲੀ ਦਲ ਦੀ ਭਰਤੀ ਵਾਸਤੇ ਬਣਾਈ ਗਈ ਸੱਤ ਮੈਂਬਰੀ ਕਮੇਟੀ ਤੋਂ ਅਸਤੀਫਾ ਦੇ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਤੌਹੀਨ ਕਰਨ ਵਾਲੇ ਦੋ ਮੈਂਬਰ ਭਾਈ ਹਰਜਿੰਦਰ ਸਿੰਘ ਧਾਮੀ ਅਤੇ ਭਾਈ ਕਿਰਪਾਲ ਸਿੰਘ ਬਡੂੰਗਰ ਬਾਰੇ ਖਾਮੋਸ਼ ਹੈ । ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਮਹਿਸੂਸ ਕੀਤਾ ਗਿਆ ਹੈ ਕਿ ਦਰਅਸਲ ਜੱਥੇਦਾਰ ਕੁਲਦੀਪ ਸਿੰਘ ਨੂੰ ਖੁਦ ਨਹੀਂ ਪਤਾ ਕਿ ਉਹ ਕਹਿ ਕੀ ਰਹੇ ਹਨ ਤੇ ਕਰ ਕੀ ਰਹੇ ਹਨ ।