ਕੀ ਅਕਾਲੀ ਦਲ ਦਾ ਸੰਕਟ ਅਕਾਲ ਤਖ਼ਤ ਦੇ ਜਥੇਦਾਰ ਲਈ ਵੀ ਤਿਲਕਣ ਵਾਲਾ ਮੈਦਾਨ ਹੈ?
ਨਵੀਂ, ਸਿਧਾਂਤਕ, ਸੋਝੀਵਾਨ ਲੀਡਰਸ਼ਿਪ ਦੀ ਲੋੜ ਜੋ ਪੰਥਕ ਸੰਕਟਾਂ ਨਾਲ ਜੂਝ ਸਕੇ
*ਅਕਾਲੀ ਲੀਡਰਸ਼ਿਪ ਦੀ ਕਿਉਂ ਵਧੀ ਸਿਖ ਚਿੰਤਕਾਂ ਨਾਲ ਦੂਰੀ?
ਟਾਈਮਜ਼ ਆਫ ਇੰਡੀਆ ਜੋ ਅੰਗਰੇਜ਼ੀ ਦੀ ਸਭ ਤੋਂ ਵਧ ਪਾਪੂਲਰ ਅਖਬਾਰ ਹੈ,ਉਸਦੇ ਸੀਨੀਅਰ ਪੱਤਰਕਾਰ ਆਈ ਪੀ ਸਿੰਘ ਨੇ ਬੀਤੇ ਦਿਨੀਂ ਇਸ ਅਖਬਾਰ ਵਿਚ ਮੌਜੂਦਾ ਅਕਾਲੀ ਸੰਕਟ ਤੇ ਅਕਾਲ ਤਖਤ ਸਾਹਿਬ ਉਪਰ ਹੋਣ ਵਾਲੇ ਫੈਸਲਿਆਂ ਬਾਰੇ ਟਿਪਣੀ ਕੀਤੀ ਹੈ।ਆਈਪੀ ਸਿੰਘ ਦਾ ਮੰਨਣਾ ਹੈ ਕਿ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਅਸੰਤੁਸ਼ਟ ਅਕਾਲੀ ਦਲ ਦੇ ਆਗੂਆਂ ਵੱਲੋਂ ਕੀਤੀਆਂ ਭੁੱਲਾਂ ਦੀ ਮੁਆਫ਼ੀ ਮੰਗਣ ਲਈ ਦਿੱਤੇ ਗਏ ਪੱਤਰ 'ਤੇ ਵਿਚਾਰ ਕਰਨ ਲਈ ਪੰਜ ਸਿੰਘ ਸਾਹਿਬਾਨ ਫੈਸਲਾ ਕਰਨਗੇ । ਇਸ ਬਹੁ-ਪੱਧਰੀ ਮੁੱਦੇ 'ਤੇ ਕੰਮ ਕਰਦੇ ਹੋਏ ਅਕਾਲ ਤਖਤ ਦੇ ਜਥੇਦਾਰ ਲਈ ਇਹ ਤਿਲਕਣ ਵਾਲੀ ਜ਼ਮੀਨ ਹੈ।
ਆਈਪੀ ਸਿੰਘ ਨੇ ਮੰਨਿਆ ਹੈ ਕਿ ਅਕਾਲੀ ਲੀਡਰਸ਼ਿਪ, ਜਿਸ ਵਿੱਚ ਸੁਖਬੀਰ ਦਾ ਧੜਾ ਅਤੇ ਅਸੰਤੁਸ਼ਟ ਅਰਥਾਤ ਬਾਗੀ ਧੜਾ ਸ਼ਾਮਲ ਹਨ,ਦੋਵੇਂ ਸਿੱਖ ਕੌਮ ਵਿੱਚ ਭਰੋਸੇਯੋਗਤਾ ਦੇ ਸੰਕਟ ਦਾ ਸਾਹਮਣਾ ਕਰ ਰਹੇ ਹਨ। ਸਿੰਘ ਸਾਹਿਬਾਨ ਨੂੰ ਵੀ ਭਰੋਸੇਯੋਗਤਾ ਦੇ ਮੁੱਦਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਖਾਸ ਤੌਰ 'ਤੇ ਉਸ ਸਮੇਂ ਅਕਾਲ ਤਖਤ ਸਾਹਿਬ ਤੋਂ ਹੋਏ ਦੇ ਕੁਝ ਫੈਸਲਿਆਂ ਅਤੇ ਬੀਤੇ ਸਾਲਾਂ ਦੌਰਾਨ ਲਏ ਗਏ ਫੈਸਲਿਆਂ ਕਾਰਨ, ਉਨ੍ਹਾਂ ਦੇ ਅਧਿਕਾਰ,ਕਾਰਜ ਖੇਤਰ,ਜ਼ਿੰਮੇਵਾਰੀ ਬਨਾਮ ਪਹਿਰੇਦਾਰੀ ਵਿੱਚ ਗਿਰਾਵਟ ਆਈ ਹੈ।
ਵਿਦਵਾਨ ਪੱਤਰਕਾਰ ਆਈਪੀ ਸਿੰਘ ਆਖਦੇ ਹਨ ਕਿ ਭਾਵੇਂ ਅਕਾਲ ਤਖ਼ਤ ਨੂੰ ਸਿੱਖਾਂ ਦਾ ਸਰਵਉੱਚ ਧਾਰਮਿਕ ਅਸਥਾਨ ਮੰਨਿਆ ਜਾਂਦਾ ਹੈ, ਪਰ ਇਹ ਸਪੱਸ਼ਟ ਹੋ ਗਿਆ ਹੈ ਕਿ ਸਿਖ ਸੰਗਤ ਜਥੇਦਾਰਾਂ ਤੋਂ ਇਹ ਉਮੀਦ ਕਰਦੀ ਹੈ ਕਿ ਉਹ ਸਿਧਾਂਤ ਤੇ ਸੱਚ ਨੂੰ ਪ੍ਰਮੁੱਖ ਰਖਕੇ ਫੈਸਲੇ ਕਰਨ।ਜਥੇਦਾਰਾਂ ਵੱਲੋਂ ਜਾਰੀ ਗੈਰਸਿਧਾਂਤਕ ਹਦਾਇਤਾਂ ਜਾਂ ਫ਼ੈਸਲਿਆਂ ਨੂੰ ਸਿੱਖ ਪੰਥ ਅੰਤਿਮ ਹੁਕਮ ਵਜੋਂ ਪ੍ਰਵਾਨ ਕਰਨ ਨੂੰ ਤਿਆਰ ਨਹੀਂ।
ਆਈਪੀ ਸਿੰਘ ਦਾ ਮੰਨਣਾ ਹੈ ਕਿ ਜਦੋਂ ਤੱਕ ਜਥੇਦਾਰ ਨਿਰਪੱਖਤਾ ,ਸਚ ਅਤੇ ਉਚਿਤ ਮਿਹਨਤ ਨਾਲ ਸਿਧਾਂਤਬਧ ਫੈਸਲਾ ਨਹੀਂ ਕਰਦੇ ਸਿਖ ਪੰਥ ਉਨਾ ਚਿਰ ਇਹਨਾਂ ਫੈਸਲਿਆਂ ਨੂੰ ਨਹੀਂ ਸਵੀਕਾਰ ਕਰੇਗਾ।
ਆਈ ਪੀ ਸਿੰਘ ਇਸ ਸੰਕਟ ਦੇ ਇਤਿਹਾਸਕ ਪਿਛੋਕੜ ਦਾ ਜਿਕਰ ਕਰਦੇ ਆਖਦੇ ਹਨ ਕਿ ਦੋ ਸਤੰਬਰ 2015 ਵਿੱਚ ਅਕਾਲ ਤਖ਼ਤ ਦੇ ਤਤਕਾਲੀ ਜਥੇਦਾਰ ਗੁਰਬਚਨ ਸਿੰਘ ਅਤੇ ਹੋਰ ਸਿੰਘ ਸਾਹਿਬਾਨ ਨੇ ਡੇਰਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਇੱਕਤਰਫਾ ਤੌਰ 'ਤੇ "ਮਾਫ਼" ਕਰ ਦਿੱਤਾ ਸੀ, ਤਾਂ ਇਸ ਫੈਸਲੇ ਦੀ ਵਿਆਪਕ ਆਲੋਚਨਾ ਹੋਈ ਸੀ ਅਤੇ ਸਿੱਖਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਸੀ। ਇਸ ਕਦਮ ਨੇ ਅਕਾਲ ਤਖ਼ਤ ਦੇ ਜਥੇਦਾਰ ਦੀ ਭਰੋਸੇਯੋਗਤਾ ਅਤੇ ਅਧਿਕਾਰ ਨੂੰ ਹੇਠਲੇ ਪੱਧਰ 'ਤੇ ਪਹੁੰਚਾ ਦਿੱਤਾ ਸੀ।
ਕੁਝ ਹਫ਼ਤਿਆਂ ਬਾਅਦ ਜਥੇਦਾਰ ਨੂੰ ਇਹ ਵਿਵਾਦਤ ਫ਼ੈਸਲਾ ਵਾਪਸ ਲੈਣਾ ਪਿਆ। ਹੁਣ ਕਰੀਬ ਨੌਂ ਸਾਲਾਂ ਬਾਅਦ ਸਾਬਕਾ ਜਥੇਦਾਰ ਨੂੰ ਆਪਣੇ ਸਮੇਂ ਦੇ ਕੁਝ ਹੋਰ ਗੈਰ ਲੋਕਪ੍ਰਿਅ ਫੈਸਲਿਆਂ ਦੇ ਨਾਲ-ਨਾਲ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਮੌਕਿਆਂ 'ਤੇ, 2015 ਦੇ ਵਿਵਾਦ ਤੋਂ ਪਹਿਲਾਂ ਅਤੇ ਬਾਅਦ ਵਿਚ, ਜਥੇਦਾਰਾਂ ਵਲੋਂ ਲਏ ਗਏ ਫੈਸਲਿਆਂ ਦੀ ਸਿਖ ਪੰਥ ਵਲੋਂ ਆਲੋਚਨਾ ਹੋਈ ਸੀ।ਇਸ ਸੰਕਟ ਦਾ ਜਥੇਦਾਰ ਅਕਾਲ ਤਖਤ ਨੂੰ ਸਾਹਮਣਾ ਕਰਨਾ ਪਿਆ ਸੀ।
ਅਕਾਲ ਤਖ਼ਤ ਦੇ ਜਥੇਦਾਰ ਦੇ ਅਧਿਕਾਰ ਖੇਤਰ ਵਿੱਚ ਗਿਰਾਵਟ ਉਦੋਂ ਸ਼ੁਰੂ ਹੋਈ ਜਦੋਂ 1999 ਵਿੱਚ 10ਵੀਂ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਵੱਲੋਂ ਤਤਕਾਲੀ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਅੰਮ੍ਰਿਤਸਰ ਦੇ ਸਰਕਟ ਹਾਊਸ ਤੋਂ ਨਵੇਂ ਕਾਰਜਕਾਰੀ ਜਥੇਦਾਰ ਦੀ ਨਿਯੁਕਤੀ ਦਾ ਐਲਾਨ ਕੀਤਾ ਸੀ।
ਇਹ ਉਲੇਖਯੋਗ ਹੈ ਕਿ ਸ੍ਰੋਮਣੀ ਕਮੇਟੀ ਤੇ ਜਥੇਦਾਰ ਤਤਕਾਲੀ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੀ ਇੱਛਾ ਅਨੁਸਾਰ ਕੰਮ ਕਰ ਰਹੇ ਸਨ। ਉਦੋਂ ਤੋਂ ਹੀ ਸਿਖ ਪੰਥ ਵਿੱਚ ਇਹ ਧਾਰਨਾ ਬਣੀ ਹੋਈ ਸੀ ਕਿ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਅਕਾਲੀ ਦਲ ਦੇ ਪ੍ਰਮੁੱਖ ਆਗੂਆਂ ਖਾਸ ਕਰਕੇ ਬਾਦਲਾਂ ਦੀ ਮਰਜ਼ੀ ਅਨੁਸਾਰ ਕੰਮ ਕਰਦੇ ਸਨ।
ਆਈਪੀ ਸਿੰਘ ਦਾ ਵਿਚਾਰ ਹੈ ਕਿ ਮੌਜੂਦਾ ਜਥੇਦਾਰ ਲਈ ਜਿਹੜੀ ਗੱਲ ਪੇਚੀਦਾ ਹੈ, ਉਹ ਇਹ ਹੈ ਕਿ ਅਸੰਤੁਸ਼ਟ ਅਕਾਲੀ ਆਗੂਆਂ ਨੇ ਜਿਨ੍ਹਾਂ ‘ਗਲਤੀਆਂ’ ਨੂੰ ਜ਼ਿੰਮੇਵਾਰ ਠਹਿਰਾਇਆ ਹੈ, ਉਨ੍ਹਾਂ ਵਿੱਚ ਸਾਬਕਾ ਜਥੇਦਾਰ ਗੁਰਬਚਨ ਸਿੰਘ ਅਤੇ ਹੋਰ ਉੱਚ ਜਥੇਦਾਰ ਸ਼ਾਮਲ ਹਨ। ਇਸ ਤੋਂ ਇਲਾਵਾ, ਸਿੱਖ ਪੰਥ ਨੂੰ ਦਰਪੇਸ਼ ਧਾਰਮਿਕ ਅਤੇ ਰਾਜਨੀਤਿਕ ਚੁਣੌਤੀਆਂ ਵਧ ਗਈਆਂ ਹਨ।ਇਹ ਚੁਣੌਤੀ ਜਥੇਦਾਰ ਨੂੰ ਨਾ ਸਿਰਫ ਨਿਰਪੱਖ ਦਿਖਾਈ ਦੇਣ ਦੀ ਹੈ ਬਲਕਿ ਇਸ ਬੇਮਿਸਾਲ ਸੰਕਟ ਦਾ ਕਲਪਨਾਤਮਕ ਹੱਲ ਲੱਭਣ ਦੀ ਚੁਣੌਤੀ ਦਾ ਚੈਲਿੰਜ ਵੀ ਹੈ। ਅਕਾਲੀ ਦਲ ਦੀ ਹਾਰ ਦਾ ਕਾਰਣ ਇਹੀ ਹੈ ਕਿ ਅਕਾਲੀ ਮਹਾਰਥੀਆਂ ਨੇ ਤਕਰੀਬਨ ਇੱਕ ਸਦੀ ਤੱਕ ਆਪਣੀ ਸਿਆਸਤ ਅਜਿਹੀ ਕੀਤੀ ਹੈ ਜਿਸ ਦਾ ਵਿਰੋਧ ਸਿਖ ਪੰਥ ਵਲੋਂ ਹੋ ਰਿਹਾ ਹੈ। ਪਿਛਲੇ ਸਮੇਂ ਵਿੱਚ ਅਕਾਲ ਤਖ਼ਤ ਦੇ ਜਥੇਦਾਰ, ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਸਿੱਖ ਬੁੱਧੀਜੀਵੀਆਂ ਨਾਲ ਸਰਗਰਮੀ ਨਾਲ ਸਾਂਝ ਪਾਉਂਦੇ ਸਨ, ਪਰ ਸਾਲਾਂ ਦੌਰਾਨ ਇਨ੍ਹਾਂ ਸੰਸਥਾਵਾਂ ਅਤੇ ਕੌਮ ਦੇ ਬੁੱਧੀਜੀਵੀਆਂ ਵਿਚਕਾਰ ਦੂਰੀ ਵਧਦੀ ਗਈ ਹੈ।
ਆਈ ਪੀ ਸਿੰਘ ਦਾ ਇਹ ਵਿਚਾਰ ਸਿਖ ਪੰਥ ਲਈ ਪੜ੍ਹਨਯੋਗ ਹੈ ਤੇ ਜਥੇਦਾਰਾਂ ਲਈ ਵੀ ਤੇ ਅਕਾਲੀ ਦਲ ਦੇ ਮਹਾਂਰਥੀਆਂ ਲਈ ਵੀ।ਸਿਖ ਬੋਧਿਕ ਹਲਕਿਆਂ ਦਾ ਮੰਨਣਾ ਹੈ ਕਿ ਅਗੋਂ ਅਕਾਲੀ ਆਗੂਆਂ ਤੇ ਸ੍ਰੋਮਣੀ ਕਮੇਟੀ ਤੇ ਅਕਾਲ ਤਖਤ ਦੇ ਜਥੇਦਾਰ ਲਈ ਗੰਭੀਰ ਸੰਕਟ ਪੈਦਾ ਹੋਣਗੇ ਜਿਨ੍ਹਾਂ ਨਾਲ ਨਿਬੜਨਾ ਬਾਦਲਕਿਆਂ ਲਈ ਅਸੰਭਵ ਹੋਵੇਗਾ।ਇਥੇ ਬਹੁਤ ਸੋਝੀਵਾਨ ਲੀਡਰਸ਼ਿਪ ਤੇ ਸਿਖ ਚਿੰਤਕਾਂ ਲਈ ਵਡੀ ਬੋਧਿਕ ਕਸਰਤ ਦੀ ਲੋੜ ਹੈ।ਪੰਥਕ ਮੁਹਾਵਰਾ ਇੰਨਾ ਕੁ ਹੈ ਕਿ ਲੋੜ ਬਾਦਲ ਅਕਾਲੀ ਦਲ ਨੂੰ ਬਚਾਉਣ ਦੀ ਨਹੀਂ ਸ੍ਰੋਮਣੀ ਅਕਾਲੀ ਦਲ ਨੂੰ ਨਿਭਾਉਣ ਦੀ ਲੋੜ ਹੈ ਜੋ ਸਿਖ ਪੰਥ ਨੂੰ ਇਸ ਚਕਰਵਿਊ ,ਪੰਥਕ ਸੰਕਟਾਂ ਵਿਚੋਂ ਕਢ ਸਕੇ ਤੇ ਸਿਧਾਂਤਕ ਪਧਰ ਦੀ ਲੀਡਰਸ਼ਿਪ ਪੈਦਾ ਕਰ ਸਕੇ।ਅਕਾਲ ਤਖਤ ਤੋਂ ਬੋਧਿਕ ਸਿਖ ਹਲਕਿਆਂ ਨੂੰ ਕੋਈ ਆਸ ਨਹੀਂ ਜਾਪਦੀ।ਇਥੇ ਸਿਖ ਸੰਗਤ ਦਾ ਰੋਲ ਬਹੁਤ ਲਾਜਮੀ ਹੈ।ਜੋ ਪੰਥਕ ਧੜੇ ਜਥੇਦਾਰ ਨੂੰ ਇਸ ਵਿਵਾਦ ਵਿਚ ਪੈਣ ਤੋਂ ਰੋਕ ਰਹੇ ਹਨ,ਉਹ ਬਾਦਲ ਦਲ ਦੀ ਲੀਡਰਸ਼ਿਪ ਨੂੰ ਵੀ ਬਚਾ ਰਹੇ ਹਨ ਤੇ ਸਿਖ ਪੰਥ ਲਈ ਨਵਾਂ ਸੰਕਟ ਪੈਦਾ ਕਰ ਰਹੇ ਹਨ।ਨਵੇਂ ਚਿਹਰੇ,ਗੁਣਵਾਨ ਤੇ ਸੋਝੀਵਾਨ ਕਲੈਕਟਿਵ ਲੀਡਰਸ਼ਿਪ ਦੀ ਲੋੜ ਹੈ ਜੋ ਅਜਿਹੇ ਸੰਕਟਾਂ ਨਾਲ ਨਿਬੜ ਸਕੇ।












Comments (0)