ਮਾਮਲਾ ਸੰਦੀਪ ਸਿੰਘ ਦੀ ਤਸਵੀਰ ਅਜਾਇਬਘਰ ’ਚ ਲਾਉਣ ਦਾ
ਕਿਰਨਜੋਤ ਕੌਰ ਨੇ ਕੀਤਾ ਇਤਰਾਜ਼
ਕਿਹਾ- ਸ਼੍ਰੋਮਣੀ ਕਮੇਟੀ ਦਾ ਸਿਧਾਂਤਹੀਣ ਫੈਸਲਾ
ਅੰਮ੍ਰਿਤਸਰ ਟਾਈਮਜ਼ ਬਿਉਰੋ
ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 23 ਅਗਸਤ ਨੂੰ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ’ਚ ਸੰਦੀਪ ਸਿੰਘ ਧਾਲੀਵਾਲ ਦੀ ਤਸਵੀਰ ਕੇਂਦਰੀ ਸਿੱਖ ਅਜਾਇਬਘਰ ’ਚ ਲਗਾਉਣ ਦੇ ਫੈਸਲੇ ’ਤੇ ਬੀਬੀ ਕਿਰਨਜੋਤ ਕੌਰ ਨੇ ਇਤਰਾਜ਼ ਪ੍ਰਗਟਾਇਆ ਹੈ।ਬੀਬੀ ਕਿਰਨਜੋਤ ਕੌਰ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਤੇ ਅੰਤ੍ਰਿੰਗ ਕਮੇਟੀ ਨੂੰ ਲਿਖੇ ਪੱਤਰ ’ਚ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਢਲਾ ਕਾਰਜ ਸਿੱਖ ਰਹਿਤ ਮਰਿਆਦਾ ਅਨੁਸਾਰ ਗੁਰਦੁਆਰਿਆਂ ਦਾ ਪ੍ਰਬੰਧ ਤੇ ਸਿੱਖ ਪ੍ਰਚਾਰ ਕਰਨਾ ਹੈ। ਅਫ਼ਸੋਸ ਸ਼੍ਰੋਮਣੀ ਕਮੇਟੀ ਦੀ 23 ਅਗਸਤ ਨੂੰ ਅੰਤ੍ਰਿੰਗ ਕਮੇਟੀ ਦੀ ਹੋਈ ਮੀਟਿੰਗ ’ਚ ਇਸ ਜ਼ਿੰਮੇਵਾਰੀ ਵਿਚ ਕੁਤਾਹੀ ਕੀਤੀ ਗਈ ਹੈ.ਬਜਰ ਕੁਤਾਹੀ ਕਰਨ ਵਾਲੇ ਸਿੱਖ ਦੀ ਫੋਟੋ ਅਜਾਇਬ ਘਰ ਵਿਚ ਲਾਉਣ ਤੇ ਦੱਸ ਲੱਖ ਰੁਪਏ ਯਾਦਗਾਰ ਸਥਾਪਤ ਕਰਨ ਲਈ ਦੇਣ ਦਾ ਸਿਧਾਂਤਹੀਣ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਰਹੂਮ ਸੰਦੀਪ ਸਿੰਘ ਧਾਲੀਵਾਲ ਦੇ ਅਮਰੀਕੀ ਪੁਲਿਸ ਵਰਦੀ ’ਚ ਦਸਤਾਰ ਸ਼ਾਮਲ ਕਰਾਉਣ ਦੇ ਉੱਦਮ ਦੀ ਦਿਲੋਂ ਕਦਰ ਤੇ ਸ਼ਲਾਘਾ ਕਰਦੇ ਹਨ ਪਰ ਯਾਦ ਰਹੇ ਅਜਾਇਬ ਘਰ ’ਚ ਉਨ੍ਹਾਂ ਗੁਰਸਿੱਖਾਂ ਦੀ ਤਸਵੀਰ ਲਗਾਈ ਜਾਂਦੀ ਹੈ ਜੋ ਕੌਮ ਲਈ ਸਿੱਖੀ ’ਚ ਪ੍ਰੇਰਨਾ ਸਰੋਤ ਹੋਣ। ਉਨ੍ਹਾਂ ਕਿਹਾ ਕਿ ਆਸ ਹੈ, ਕਿ ਸ਼੍ਰੋਮਣੀ ਕਮੇਟੀ ਮਤਾ ਤੁਰੰਤ ਖਾਰਜ ਕਰਕੇ ਆਪਣੀ ਪੰਥਕ ਜ਼ਿੰਮੇਵਾਰੀ ਨਿਭਾਉਗੇ।
ਦੱਸਣਯੋਗ ਹੈ ਕਿ 23 ਅਗਸਤ ਨੂੰ ਨੂੰ ਅਮਰੀਕਾ ਵਿਚ ਡਿਊਟੀ ਦੌਰਾਨ ਸ਼ਹੀਦ ਹੋਏ ਸਿੱਖ ਪੁਲਿਸ ਅਫ਼ਸਰ ਸੰਦੀਪ ਸਿੰਘ ਧਾਲੀਵਾਲ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਉਣ ਦਾ ਵੀ ਫੈਸਲਾ ਕੀਤਾ ਗਿਆ ਸੀ। ਇਸ ਦੇ ਨਾਲ ਹੀ ਸੰਦੀਪ ਸਿੰਘ ਦੇ ਨਗਰ ਵਿਚ ਯਾਦਗਾਰ ਲਈ ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਹੀ 10 ਲੱਖ ਰੁਪਏ ਦਿੱੱਤੇ ਜਾ ਚੁੱਕੇ ਹਨ ਅਤੇ ਹੁਣ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਉਂਣ ਦੀ ਤਿਆਰੀ ਸੀ। ਸੰਦੀਪ ਸਿੰਘ ਨੇ ਅਮਰੀਕਾ ਪੁਲਿਸ ’ਚ ਦਸਤਾਰ ਸਮੇਤ ਡਿਊਟੀ ਕਰਨ ਲਈ ਕਰੀਬ 6 ਸਾਲ ਲੜਾਈ ਲੜੀ ਸੀ, ਜਿਸ ਕਰਕੇ ਸਿੱਖਾਂ ਨੂੰ ਸੇਵਾ ਦੌਰਾਨ ਦਸਤਾਰ ਦੀ ਛੋਟ ਮਿਲੀ ਹੈ।











Comments (0)