ਟਰੰਪ-ਮਸਕ ਜੋੜੀ ਖਿਲਾਫ ਅਮਰੀਕਾ ਵਿਚ ਅੰਦੋਲਨ ਸ਼ੁਰੂ

*ਮਸਕ ਦੀਆਂ ਨੀਤੀਆਂ  ਜਮਹੂਰੀਅਤ ਲਈ ਖਤਰਾ,ਲੋਕ ਅੰਦੋਲਨ ਹੋਰ ਤਿੱਖੇ ਹੋਣ ਦੀ ਸੰਭਾਵਨਾ

ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉਸ ਦੇ ਖਰਬਾਂਪਤੀ ਜੋਟੀਦਾਰ ਐਲਨ ਮਸਕ ਖਿਲਾਫ ਬੀਤੇ ਸਨਿੱਚਰਵਾਰ ਅਮਰੀਕਾ ਤੇ ਯੂਰਪੀ ਦੇਸ਼ਾਂ ਵਿੱਚ ਵੱਡੇ ਮੁਜ਼ਾਹਰੇ ਹੋਏ ਸਨ। ‘ਹੈਂਡਜ਼ ਔਫ’ (ਹੱਥ ਪਰ੍ਹੇ ਰੱਖੋ) ਨਾਂਅ ਦੇ ਇਸ ਅੰਦੋਲਨ ਤਹਿਤ ਅਮਰੀਕਾ ਦੇ ਸਾਰੇ 50 ਰਾਜਾਂ ਵਿਚ 1200 ਤੋਂ ਵੱਧ ਰੈਲੀਆਂ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਹਜ਼ਾਰਾਂ ਲੋਕਾਂ ਨੇ ਹਿੱਸਾ ਲਿਆ। ਦੇਸ਼ ਭਰ ’ਚ ਵਕੀਲਾਂ, ਨਾਗਰਿਕ ਅਧਿਕਾਰ ਜਥੇਬੰਦੀਆਂ, ਐੱਲਜੀਬੀਟੀ ਸਮਰਥਕਾਂ, ਮਨੁੱਖੀ ਹੱਕਾਂ ਦੇ ਕਾਰਕੁਨਾਂ ਸਮੇਤ 150 ਤੋਂ ਵੱਧ ਗਰੁੱਪਾਂ ਨੇ ਰੈਲੀਆਂ ਕੀਤੀਆਂ। ਇਸ ਦੌਰਾਨ ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਸੜਕਾਂ ’ਤੇ ਟਰੰਪ ਅਤੇ ਉੱਘੇ ਕਾਰੋਬਾਰੀ ਐਲਨ ਮਸਕ ਖ਼ਿਲਾਫ਼ ਪੋਸਟਰ ਲਹਿਰਾਉਂਦੇ ਦਿਖੇ। ਪ੍ਰਦਰਸ਼ਨਕਾਰੀਆਂ ਨੇ ਟਰੰਪ ਪ੍ਰਸ਼ਾਸਨ ਵੱਲੋਂ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ, ਦੇਸ਼ ਨਿਕਾਲੇ, ਅਰਥਚਾਰੇ ਅਤੇ ਹੋਰ ਨੀਤੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਲੋਕਾਂ ਨੇ ‘ਸਾਡੀ ਜਮਹੂਰੀਅਤ ਤੋਂ ਹੱਥ ਪਰ੍ਹੇ ਰੱਖੋ’, ‘ਵਿਭਿੰਨਤਾ, ਬਰਾਬਰੀ ਤੇ ਸਮਾਵੇਸ਼ ਅਮਰੀਕਾ ਨੂੰ ਮਜ਼ਬੂਤ ਕਰਦੇ ਹਨ’ ਵਰਗੇ ਨਾਅਰਿਆਂ ਵਾਲੀਆਂ ਤਖਤੀਆਂ ਫੜੀਆਂ ਹੋਈਆਂ ਸਨ।

ਦੂਜੇ ਪਾਸੇ ਪ੍ਰਦਰਸ਼ਨਾਂ ਬਾਰੇ ਵ੍ਹਾਈਟ ਹਾਊਸ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ, ‘‘ਰਾਸ਼ਟਰਪਤੀ ਟਰੰਪ ਦਾ ਸਟੈਂਡ ਸਪੱਸ਼ਟ ਹੈ। ਉਹ ਸਮਾਜਿਕ ਸੁਰੱਖਿਆ, ਮੈਡੀਕੇਅਰ ਅਤੇ ਮੈਡਿਕਏਡ ਦੇ ਯੋਗ ਲਾਭਪਾਤਰੀਆਂ ਦੀ ਹਮੇਸ਼ਾ ਰਾਖੀ ਕਰਨਗੇ। ਉਂਝ ਡੈਮੋਕਰੈਟਸ ਦਾ ਰਵੱਈਆ ਗ਼ੈਰਕਾਨੂੰਨੀ ਵਿਦੇਸ਼ੀਆਂ ਨੂੰ ਸਮਾਜਿਕ ਸੁਰੱਖਿਆ, ਮੈਡਿਕਏਡ ਅਤੇ ਮੈਡੀਕੇਅਰ ਲਾਭ ਦੇਣਾ ਹੈ ਜਿਸ ਨਾਲ ਪ੍ਰੋਗਰਾਮਾਂ ਦਾ ਦੀਵਾਲੀਆ ਨਿਕਲ ਜਾਵੇਗਾ ਅਤੇ ਅਮਰੀਕੀ ਸੀਨੀਅਰ ਨਾਗਰਿਕ ਬਰਬਾਦ ਹੋ ਜਾਣਗੇ।’’

ਅਮਰੀਕਾ ਦੇ ਲੋਕ ਟਰੰਪ ਪ੍ਰਸ਼ਾਸਨ ਵੱਲੋਂ ਮਸਕ ਦੀ ਅਗਵਾਈ ਵਿੱਚ ਕਾਇਮ ਕੀਤੇ ਗਏ ‘ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ਿਐਂਸੀ’ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਨੀਤੀਆਂ ਤੋਂ ਬਹੁਤ ਖ਼ਫਾ ਹਨ। ਟੈਸਲਾ, ਸਪੇਸਐਕਸ ਤੇ ਐਕਸ ਦੇ ਮਾਲਕ ਮਸਕ ਦੀ ਸੋਚ ਹੈ ਕਿ ਵੱਡੇ ਪੈਮਾਨੇ ’ਤੇ ਸਰਕਾਰੀ ਖਰਚ ਵਿੱਚ ਕਟੌਤੀ ਨਾਲ ਟੈਕਸ ਦਾਤਿਆਂ ਦੇ ਅਰਬਾਂ ਡਾਲਰ ਬਚਾਏ ਜਾ ਰਹੇ ਹਨ। ਹਾਲਾਂਕਿ ਲੋਕਾਂ ਦਾ ਕਹਿਣਾ ਹੈ ਕਿ ਇਹ ਕਦਮ ਜ਼ਰੂਰੀ ਸੇਵਾਵਾਂ ਨੂੰ ਨਸ਼ਟ ਕਰ ਰਹੇ ਹਨ। ਸਮਾਜੀ ਸੁਰੱਖਿਆ ਦਫਤਰਾਂ ਨੂੰ ਬੰਦ ਕਰਨ, ਕੇਂਦਰੀ ਮੁਲਾਜ਼ਮਾਂ ਦੀ ਵੱਡੇ ਪੈਮਾਨੇ ’ਤੇ ਛਾਂਟੀ, ਸਿਹਤ ਸੇਵਾਵਾਂ ਤੇ ਏਡਜ਼ ਤੋਂ ਰੋਕਥਾਮ ਲਈ ਫੰਡਿੰਗ ਵਿੱਚ ਕਟੌਤੀ ਨੇ ਲੋਕਾਂ ਦੇ ਗੁੱਸੇ ਨੂੰ ਭੜਕਾਇਆ ਹੈ। ਐੱਲ ਜੀ ਬੀ ਟੀ ਕਿਊ+ਭਾਈਚਾਰੇ ਦੀ ਸੁਰੱਖਿਆ ਵਿੱਚ ਕਮੀ ਵੀ ਪ੍ਰਮੁੱਖ ਮੁੱਦਾ ਹੈ। ਵਾਸ਼ਿੰਗਟਨ ਡੀ ਸੀ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਕਾਰਕੁੰਨ ਗ੍ਰੇਲੇਨ ਹਗਲਰ ਨੇ ਕਿਹਾ-ਉਨ੍ਹਾਂ ਇੱਕ ਸੁੱਤੇ ਹੋਏ ਦਾਨਵ ਨੂੰ ਜਗਾ ਦਿੱਤਾ ਹੈ। ਅਜੇ ਤਾਂ ਇਹ ਸ਼ੁਰੂਆਤ ਹੈ।

ਮਿੱਡਟਾਊਨ ਮੈਨਹਟਨ ਤੋਂ ਅਲਾਸਕਾ ਤੱਕ ਦੇਸ਼ ਭਰ ਦੇ ਸ਼ਹਿਰਾਂ ’ਚ ਹਜ਼ਾਰਾਂ ਲੋਕਾਂ ਨੇ ਪ੍ਰਦਰਸ਼ਨ ਕੀਤੇ। ਵੈਸਟ ਕੋਸਟ ’ਤੇ ਸਿਆਟਲ ’ਚ ਪ੍ਰਦਰਸ਼ਨਕਾਰੀਆਂ ਨੇ ‘ਕੁਲੀਨ ਤੰਤਰ ਨਾਲ ਸੰਘਰਸ਼ ਕਰੋ’ ਜਿਹੇ ਨਾਅਰੇ ਲਿਖੇ ਪੋਸਟਰ ਫੜੇ ਹੋਏ ਸਨ। ਪੋਰਟਲੈਂਡ, ਓਰੇਗਨ ਅਤੇ ਲਾਸ ਏਂਜਲਸ ’ਚ ਪ੍ਰਦਰਸ਼ਨਕਾਰੀਆਂ ਨੇ ਨਾਅਰੇਬਾਜ਼ੀ ਕੀਤੀ ਅਤੇ ਪਰਸ਼ਿੰਗ ਸਕੁਏਅਰ ਤੋਂ ਸਿਟੀ ਹਾਲ ਤੱਕ ਮਾਰਚ ਕੀਤਾ। ਵਾਸ਼ਿੰਗਟਨ ਡੀਸੀ ਦੇ ਨੈਸ਼ਨਲ ਮਾਲ ’ਚ ਰੈਲੀ ਦੌਰਾਨ ਮਨੁੱਖੀ ਹੱਕਾਂ ਨਾਲ ਸਬੰਧਤ ਜਥੇਬੰਦੀ ਦੇ ਪ੍ਰਧਾਨ ਕੈਲੀ ਰੌਬਿਨਸਨ ਨੇ ਐੱਲਬੀਜੀਟੀਕਿਊ ਭਾਈਚਾਰੇ ਨਾਲ ਪ੍ਰਸ਼ਾਸਨ ਵੱਲੋਂ ਅਪਣਾਏ ਵਤੀਰੇ ਦੀ ਆਲੋਚਨਾ ਕੀਤੀ। ਬੋਸਟਨ ’ਚ ਪ੍ਰਦਰਸ਼ਨ ਦੌਰਾਨ ਮੇਅਰ ਮਿਸ਼ੇਲ ਵੂ ਨੇ ਕਿਹਾ ਕਿ ਉਹ ਨਹੀਂ ਚਾਹੁੰਦੀ ਕਿ ਉਸ ਦੇ ਬੱਚੇ ਅਤੇ ਹੋਰ ਲੋਕ ਡਰ ਤੇ ਨਫ਼ਰਤ ਦੇ ਮਾਹੌਲ ’ਚ ਜਿਊਣ ਅਤੇ ਜਿਥੇ ਉਨ੍ਹਾਂ ਦੇ ਹੱਕਾਂ ’ਤੇ ਹਮਲੇ ਹੋਣ।

ਡੈਲਾਵੇਅਰ ਕਾਊਂਟੀ ਦੇ ਰੋਜਰ ਬਰੂਮ (66) ਨੇ ਕਿਹਾ ਕਿ ਉਹ ਪਹਿਲਾਂ ਰਿਪਬਲਿਕਨ ਪਾਰਟੀ ਨਾਲ ਜੁੜਿਆ ਹੋਇਆ ਸੀ ਪਰ ਟਰੰਪ ਦੀਆਂ ਨੀਤੀਆਂ ਕਾਰਨ ਉਹ ਪਾਰਟੀ ਖ਼ਿਲਾਫ਼ ਡਟ ਗਿਆ ਹੈ। ਸੈਂਕੜੇ ਲੋਕਾਂ ਨੇ ਫਲੋਰਿਡਾ ’ਚ ਟਰੰਪ ਦੇ ਗੋਲਫ ਕੋਰਸ ਤੋਂ ਕੁਝ ਦੂਰੀ ’ਤੇ ਪਾਮ ਬੀਚ ਗਾਰਡਨਜ਼ ’ਚ ਪ੍ਰਦਰਸ਼ਨ ਕੀਤੇ। ਲੋਕਾਂ ਨੇ ਆਪਣੀਆਂ ਕਾਰਾਂ ਦੇ ਹੌਰਨ ਵਜਾਏ ਅਤੇ ਟਰੰਪ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪੋਰਟ ਸੇਂਟ ਲੂਈ (ਫਲੋਰਿਡਾ) ਦੇ ਆਰਚਰ ਮੋਰਾਨ ਨੇ ਕਿਹਾ ਕਿ ਸਮਾਜਿਕ ਸੁਰੱਖਿਆ ਵਰਗੀਆਂ ਨੀਤੀਆਂ ਤੋਂ ਸਰਕਾਰ ਨੂੰ ਲਾਂਭੇ ਰਹਿਣ ਦੀ ਲੋੜ ਹੈ।

ਅਮਰੀਕੀਆਂ ਦਾ ਕਹਿਣਾ ਹੈ ਕਿ ਮਸਕ ਅਣਚੁਣਿਆ ਬੰਦਾ ਹੈ, ਜਿਹੜਾ ਸਰਕਾਰ ’ਤੇ ਨਾਜਾਇਜ਼ ਦਬਾਅ ਪਾ ਰਿਹਾ ਹੈ। ਉਸ ਦੀਆਂ ਨੀਤੀਆਂ ਜਮਹੂਰੀਅਤ ਲਈ ਖਤਰਾ ਹਨ। ਉਹ ਜਮਹੂਰੀ ਅਦਾਰਿਆਂ ਨੂੰ ਕਮਜ਼ੋਰ ਕਰ ਰਿਹਾ ਹੈ। ਅਮਰੀਕਾ ਦੇ ਨਾਲ-ਨਾਲ ਜਰਮਨੀ, ਫਰਾਂਸ, ਯੂ ਕੇ ਤੇ ਪੁਰਤਗਾਲ ਵਰਗੇ ਦੇਸ਼ਾਂ ਵਿੱਚ ਵੀ ਲੋਕਾਂ ਨੇ ਟਰੰਪ ਤੇ ਮਸਕ ਦੀਆਂ ਨੀਤੀਆਂ ਖਿਲਾਫ ਆਵਾਜ਼ ਉਠਾਈ ਹੈ। ਪੈਰਿਸ ਵਿੱਚ ‘ਤਾਨਾਸ਼ਾਹ ਖਿਲਾਫ ਮੁਜ਼ਾਹਮਤ’ ਅਤੇ ‘ਜਮਹੂਰੀਅਤ ਬਚਾਓ’ ਜਦਕਿ ਲੰਡਨ ਵਿੱਚ ‘ਕੈਨੇਡਾ ਤੋਂ ਹੱਥ ਪਰ੍ਹੇ ਰੱਖੋ’ ਅਤੇ ‘ਯੂਕਰੇਨ ਤੋਂ ਹੱਥ ਪਰ੍ਹੇ ਰੱਖੋ’ ਦੇ ਨਾਅਰੇ ਬੁਲੰਦ ਕੀਤੇ ਗਏ। ‘ਹੱਥ ਪਰ੍ਹੇ ਰੱਖੋ’ ਅੰਦੋਲਨ ਟਰੰਪ ਦੇ ਦੂਜੇ ਕਾਰਜਕਾਲ ਵਿੱਚ ਸਭ ਤੋਂ ਵੱਡਾ ਜਥੇਬੰਦ ਪ੍ਰੋਟੈੱਸਟ ਬਣ ਗਿਆ ਹੈ। ਇਹ ਨਾ ਸਿਰਫ ਅਮਰੀਕੀ ਸਰਕਾਰ ਦੀਆਂ ਨੀਤੀਆਂ ਖਿਲਾਫ ਲੋਕ ਰੋਹ ਨੂੰ ਦਰਸਾਉਦਾ ਹੈ, ਸਗੋਂ ਐਲਨ ਮਸਕ ਵਰਗੇ ਉਦਮੀਆਂ ਦੇ ਸਿਆਸੀ ਅਸਰ-ਰਸੂਖ ’ਤੇ ਵੀ ਸਵਾਲ ਉਠਾਉਦਾ ਹੈ। ਟਰੰਪ ਵੱਲੋਂ ਦੁਨੀਆ-ਭਰ ਦੇ 60 ਦੇਸ਼ਾਂ ’ਤੇ ਠੋਕੇ ਗਏ ਭਾਰੀ ਟੈਰਿਫ ਦਾ ਅਸਰ ਅਮਰੀਕਾ ਵਿੱਚ ਵੀ ਨਜ਼ਰ ਆਉਣਾ ਹੈ, ਜਿੱਥੇ ਮਹਿੰਗਾਈ ਵਧਣੀ ਹੈ। ਇਸ ਨਾਲ ਟਰੰਪ ਖਿਲਾਫ ਅੰਦੋਲਨ ਆਉਣ ਵਾਲੇ ਦਿਨਾਂ ਵਿੱਚ ਹੋਰ ਪ੍ਰਚੰਡ ਹੋਣਾ ਲਾਜ਼ਮੀ ਹੈ।