ਬਹੁਜਨ ਸਮਾਜ ਲਈ ਸਿਖਿਆ ਵਿਚ ਰੋਲ ਮਾਡਲ ਪ੍ਰੋਫੈਸਰ ਸ਼ੈਲਜਾ
*ਦਲਿਤ ਔਰਤਾਂ 'ਤੇ ਖੋਜ ਕਰਨ ਲਈ 8 ਲੱਖ ਡਾਲਰ ਦੀ ਮੈਕਆਰਥਰ "ਜੀਨੀਅਸ" ਗ੍ਰਾਂਟ ਮਿਲੀ
ਸਿਨਸਿਨਾਟੀ ਯੂਨੀਵਰਸਿਟੀ ਵਿਚ ਇਤਿਹਾਸਕਾਰ ਤੇ ਪ੍ਰੋਫੈਸਰ ਸ਼ੈਲਜਾ ਪਾਈਕ ਨੂੰ ਬੀਤੇ ਦਿਨੀਂ ਭਾਰਤ ਵਿੱਚ ਦਲਿਤ ਔਰਤਾਂ ਨੂੰ ਦਰਪੇਸ਼ ਚੁਣੌਤੀਆਂ ਬਾਰੇ ਖੋਜ ਕੰਮ ਲਈ ਮੈਕਆਰਥਰ ਫਾਊਂਡੇਸ਼ਨ ਦੁਆਰਾ 8 ਲੱਖ ਡਾਲਰ ਦਾ "ਜੀਨੀਅਸ" ਗ੍ਰਾਂਟ ਨਾਲ ਸਨਮਾਨਿਤ ਕੀਤਾ ਗਿਆ ਸੀ। ਇਹ ਸਾਲਾਨਾ ਫੈਲੋਸ਼ਿਪ ਬੇਮਿਸਾਲ ਪ੍ਰਾਪਤੀਆਂ ਵਾਲੇ ਵਿਅਕਤੀਆਂ ਨੂੰ ਦਿੱਤੀ ਜਾਂਦੀ ਹੈ।ਮੈਕਆਰਥਰ ਫਾਊਂਡੇਸ਼ਨ ਨੇ ਕਿਹਾ ਕਿ ਪ੍ਰੋਫੈਸਰ ਸ਼ੈਲਜਾ ਦਲਿਤ ਔਰਤਾਂ ਦੇ ਬਹੁਪੱਖੀ ਤਜ਼ਰਬਿਆਂ 'ਤੇ ਆਪਣੇ ਫੋਕਸ ਦੁਆਰਾ, ਜਾਤੀ ਵਿਤਕਰੇ ਦੀ ਸਥਾਈ ਪ੍ਰਕਿਰਤੀ ਅਤੇ ਛੂਤ-ਛਾਤ ਨੂੰ ਬਰਕਰਾਰ ਰੱਖਣ ਵਾਲੀਆਂ ਬ੍ਰਾਹਮਣਵਾਦੀ ਸ਼ਕਤੀਆਂ ਬਾਰੇ ਚਾਨਣਾ ਪਾਉਂਦੀ ਹੈ।
ਪੁਣੇ ਦੇ ਯਰਵਦਾ ਵਿੱਚ ਸਿਧਾਰਥ ਨਗਰ ਦੀਆਂ ਝੁੱਗੀਆਂ ਵਿੱਚ ਸ਼ੈਲਜਾ ਇੱਕ 20 ਫੁੱਟ ਲੰਬੇ ਅਤੇ ਇੰਨੇ ਹੀ ਚੌੜੇ ਕਮਰਾ ਨੁਮਾ ਘਰ ਵਿੱਚ ਆਪਣੀਆਂ ਤਿੰਨ ਹੋਰ ਭੈਣਾਂ ਨਾਲ ਪਲੀ ਸੀ। ਉਸ ਇਲਾਕੇ ਵਿੱਚ ਸਰਕਾਰੀ ਟੂਟੀ ਹੀ ਰੋਜ਼ਾਨਾ ਦੇ ਜੀਵਨ, ਸਫ਼ਾਈ ਲਈ ਪਾਣੀ ਅਤੇ ਖਾਣਾ ਪਕਾਉਣ ਵਰਗੀਆਂ ਲੋੜਾਂ ਪੂਰੀਆਂ ਕਰਨ ਦਾ ਜ਼ਰੀਆ ਸੀ। ਉਹ ਯਾਦ ਕਰਦੀ ਹੈ ਕਿਵੇਂ ਉਹ ਇੱਕ ਲੰਬੀ ਲਾਈਨ ਵਿੱਚ ਲੱਗ ਕੇ ਪਾਣੀ ਲਿਆਇਆ ਕਰਦੀ ਸੀ।ਉਹ ਬਹੁਤ ਹੀ ਗੁਰਬਤ ਦੇ ਮਾਹੌਲ ਵਿੱਚ ਰਹਿੰਦੀ ਹੋਈ ਬਹੁਤ ਮੁਸ਼ਕਿਲ ਭਰਪੂਰ ਜੀਵਨ ਜਿਉਂਦੀ ਸੀ। ਉਸਨੇ ਦਸਿਆ ਕਿ ਮੇਰੇ ਮਾਪਿਆਂ ਨੇ ਮੇਰੇ ਵਿਕਾਸ ਲ਼ਈ ਮੈਨੂੰ ਪੜ੍ਹਨ ਲਈ ਪ੍ਰੇਰਿਆ। ਸ਼ੈਲਜਾ ਦਾ ਜੀਵਨ ਸੰਘਰਸ਼ ਇੱਕ ਪ੍ਰੇਰਨਾ ਸਰੋਤ ਹੈ। ਉਸਨੇ ਜਾਤੀ ਵਿਤਕਰੇ ਦੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ ਅਤੇ ਝੁੱਗੀ-ਝੌਂਪੜੀਆਂ ਤੋਂ ਉੱਠ ਕੇ ਸਾਵਿਤਰੀਬਾਈ ਫੂਲੇ ਯੂਨੀਵਰਸਿਟੀ ਤੋਂ ਮਾਸਟਰ ਡਿਗਰੀ ਹਾਸਲ ਕੀਤੀ, ਜਿਸ ਤੋਂ ਬਾਅਦ ਵਾਰਵਿਕ ਯੂਨੀਵਰਸਿਟੀ ਤੋਂ ਡਾਕਟਰੇਟ ਕੀਤੀ।ਉਸ ਨੇ ਕਿਹਾ ਕਿ ਸਿੱਖਿਆ ਅਤੇ ਰੁਜ਼ਗਾਰ ਝੁੱਗੀਆਂ ਵਿੱਚੋਂ ਬਾਹਰ ਨਿਕਲਣ ਲਈ ਜਾਦੂ ਦੀ ਛੜੀ ਸਨ।
ਸ਼ੈਲਜਾ ਦੀ ਖੋਜ ਇਸ ਗੱਲ 'ਤੇ ਕੇਂਦ੍ਰਿਤ ਹੈ ਕਿ ਕਿਵੇਂ ਜਾਤੀ ਦੇ ਦਬਦਬਾ, ਨਸਲਵਾਦ ਅਤੇ ਕਾਮੁਕਤਾ ਦੇ ਨਾਲ, ਦਲਿਤ ਔਰਤਾਂ ਨੂੰ ਉਨ੍ਹਾਂ ਦੀ ਇੱਜ਼ਤ ਅਤੇ ਪਛਾਣ ਨੂੰ ਮਿੱਟੀ ਵਿਚ ਰੋਲ ਦਿਤਾ ਜਾਂਦਾ ਹੈ।ਉਨ੍ਹਾਂ ਨੇ ਦੋ ਕਿਤਾਬਾਂ— ਆਧੁਨਿਕ ਭਾਰਤ ਵਿੱਚ ਦਲਿਤ ਔਰਤਾਂ ਦੀ ਸਿੱਖਿਆ: ਦੂਹਰਾ ਵਿਤਕਰਾ (2014) ਅਤੇ ‘ਵਲਗੈਰਿਟੀ ਆਫ਼ ਕਾਸਟ: ਦਲਿਤਸ, ਸੈਕਸ਼ੂਐਲਿਟੀਐਂਡ ਹਿਊਮੈਨਿਟੀ ਇਨ ਮਾਡਰਨ ਇੰਡੀਆ’ ਲਿਖੀਆਂ ਹਨ। ਉਸਦੀ ਪਹਿਲੀ ਕਿਤਾਬ ਮਹਾਰਾਸ਼ਟਰ ਵਿੱਚ ਦਲਿਤ ਮਹਿਲਾਵਾਂ ਦੇ ਸਾਹਮਣੇ ਆਉਣ ਵਾਲੀਆਂ ਦਰਪੇਸ਼ ਚੁਣੌਤੀਆਂ ਨੂੰ ਉਘਾੜਦੀ ਹੈ।ਉਸਦੀ ਦੂਜੀ ਕਿਤਾਬ ਮਹਾਰਾਸ਼ਟਰ ਦੇ ਤਮਾਸ਼ਾ ਕਲਾਕਾਰਾਂ ਅਰਥਾਤ ਮਦਾਰੀਆਂ ਦੇ ਜੀਵਨ ਦੀ ਪੜਚੋਲ ਕਰਦੀ ਹੈ, ਜਿਸ ਵਿੱਚ ਬਹੁਤ ਸਾਰੀਆਂ ਦਲਿਤ ਔਰਤਾਂ ਵੀ ਸ਼ਾਮਲ ਹਨ।
ਆਪਣੇ ਸਮੁੱਚੇ ਅਧਿਐਨ ਬਾਰੇ ਉਹ ਕਹਿੰਦੀ ਹੈ ਕਿ ਦਲਿਤ ਭਾਰਤ ਦੀ ਅਬਾਦੀ ਦੇ 17 ਫ਼ੀਸਦੀ ਹਨ। ਦਲਿਤ ਔਰਤਾਂ ਦੀ ਸਿੱਖਿਆ ਬਾਰੇ ਬਹੁਤ ਥੋੜ੍ਹਾ ਕੰਮ ਹੋਇਆ ਹੈ। ਡੇਟਾ ਮਿਲਦਾ ਹੈ ਪਰ ਇਸ ਸੰਬੰਧ ਵਿੱਚ ਗਿਣਾਤਮਿਕ ਖੋਜ ਨਹੀਂ ਮਿਲਦੀ। ਕਿਸੇ ਨੇ ਇਨ੍ਹਾਂ ਦਲਿਤ ਔਰਤਾਂ ਦਾ ਇਤਿਹਾਸ ਨਹੀਂ ਲਿਖਿਆ ਹੈ। ਇਸ ਲਈ ਮੈਂ ਇਹ ਫੈਸਲਾ ਕੀਤਾ ਕਿ ਮੈਂ ਇਹ ਕੰਮ ਕਰਨਾ ਚਾਹੁੰਦੀ ਹਾਂ। ਸ਼ੈਲਜਾ ਦਸਦੀ ਹੈ ਕਿ ਇਤਿਹਾਸਕ ਤੌਰ ਉੱਤੇ ਇੰਨੀ ਵੱਡੀ ਵਸੋਂ ਨੂੰ ਚੱਪਲਾਂ ਜਾਂ ਕਿਸੇ ਵੀ ਕਿਸਮ ਦੇ ਨਵੇਂ ਕੱਪੜੇ ਨਹੀਂ ਪਾਉਣ ਦਿੱਤੇ ਗਏ ਸਨ। ਉਨ੍ਹਾਂ ਨੂੰ ਸਿੱਖਿਆ, ਪਾਣੀ ਦੇ ਸਰੋਤਾਂ ਅਤੇ ਖੂਹਾਂ ਤੋਂ ਵੀ ਦੂਰ ਰੱਖਿਆ ਗਿਆ। ਦਲਿਤ ਔਰਤਾਂ ਤਾਂ ਬਿਨਾਂ ਸ਼ੱਕ ਇਸ ਤੋਂ ਵੀ ਜ਼ਿਆਦਾ ਵਿਹੂਣੀਆਂ ਅਤੇ ਦਬੀਆਂ, ਕੁਚਲੀਆਂ ਹਨ। ਲਿੰਗਕ ਅਤੇ ਸਿਆਸੀ ਨੁਕਤਾ ਨਿਗਾਹ ਤੋਂ ਉਸਦੀ ਸਥਿਤੀ ਤਾਂ ਬਿਲਕੁਲ ਹੀ ਨਿਗੂਣੀ ਹੈ। ਇਸ ਲਈ ਦਲਿਤ ਔਰਤਾਂ ਦਲਿਤਾਂ ਵਿੱਚ ਵੀ ਦਲਿਤ ਹਨ।
ਪ੍ਰੋਫੈਸਰ ਸ਼ੈਲਜਾ ਆਖਦੀ ਹੈ ਕਿ ਇਹ ਉਹ ਭਾਈਚਾਰਾ ਹੈ ਜਿਸ ਤੋਂ ਮੈਂ ਆਉਂਦੀ ਹਾਂ। ਇਸ ਲਈ ਇਹ ਪਿਛਲੇ 25 ਸਾਲ ਤੋਂ ਮੇਰੇ ਅਧਿਐਨ, ਖੋਜ ਅਤੇ ਲੇਖਣੀ ਦਾ ਵਿਸ਼ਾ ਰਿਹਾ ਹੈ।
ਮੈਕਆਰਥਰ ਫੈਲੋਸ਼ਿਪ ਤੋਂ ਇਲਾਵਾ, ਪ੍ਰੋਫੈਸਰ ਪਾਈਕ ਨੂੰ ਕਈ ਹੋਰ ਪੁਰਸਕਾਰ ਵੀ ਮਿਲੇ ਹਨ।ਇਨ੍ਹਾਂ ਵਿਚ ਫਰੈਡਰਿਕ ਬਰਕਹਾਰਟ ਫੈਲੋਸ਼ਿਪ, ਸਟੈਨਫੋਰਡ ਹਿਊਮੈਨਿਟੀਜ਼ ਸੈਂਟਰ ਫੈਲੋਸ਼ਿਪ, ਅਤੇ ਅਮਰੀਕਨ ਇੰਸਟੀਚਿਊਟ ਆਫ ਇੰਡੀਅਨ ਸਟੱਡੀਜ਼ ਫੈਲੋਸ਼ਿਪ ਸਮੇਤ ਪ੍ਰਾਪਤ ਕੀਤੇ ਹਨ। ਹਾਲ ਹੀ ਵਿੱਚ ਉਸਨੂੰ 2023 ਦਾ ਜੌਹਨ ਐਫ ਰਿਚਰਡਸ ਅਵਾਰਡ ਅਤੇ ਦ ਵੁਲਗਰਿਟੀ ਆਫ ਕਾਸਟ ਲਈ ਆਨੰਦ ਕੈਂਟਿਸ਼ ਕੁਮਾਰਸਵਾਮੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।
ਪਾਈਕ ਨੇ ਕਿਹਾ ਕਿ ਮੈਕਆਰਥਰ ਗ੍ਰਾਂਟ ਉਸ ਦੀ ਨਿਰੰਤਰ ਖੋਜ ਅਤੇ ਲੇਖਣੀ ਵਿੱਚ ਸਹਾਇਤਾ ਕਰੇਗੀ। ਇਸ ਫੰਡਿੰਗ ਨਾਲ, ਮੈਂ ਆਪਣੀ ਖੋਜ ਜਾਰੀ ਰੱਖ ਸਕਾਂਗੀ ਅਤੇ ਦੂਜਿਆਂ ਨੂੰ ਦਲਿਤਾਂ ਦੇ ਜੀਵਨ ਅਤੇ ਜਾਤੀ ਪ੍ਰਣਾਲੀ ਦੇ ਦੋਸ਼ਾਂ ਬਾਰੇ ਦੱਸ ਸਕਾਂਗੀ।
ਅਸਲ ਵਿਚ ਸਿਖਿਆ ਖੇਤਰ ਵਿਚ ਦਲਿਤ ਭਾਈਚਾਰਾ ਬਹੁਤ ਤਰਕੀ ਕਰ ਰਿਹਾ ਹੈ।ਦਲਿਤ ਇਸਤਰੀ ਜਾਤੀ ਦਾ ਵਿਦਿਅਕ ਖੇਤਰ ਵਿਚ ਤਰਕੀ ਕਰਨਾ ਅਹਿਮ ਪ੍ਰਾਪਤੀ ਹੈ।ਵਿਦਿਆ ਹੀ ਵਡਾ ਹਥਿਆਰ ਹੈ ਜਿਸ ਸਦਕਾ ਅਸੀਂ ਆਪਣੀ ਕੌਮ ਨੂੰ ਮਾਣਮਤੇ ਸਥਾਨ ਉਪਰ ਪਹੁੰਚਾ ਸਕਦੇ ਹਾਂ।ਸਤਿਗੁਰੂ ਨਾਨਕ ਭਾਰਤ ਵਿਚ ਪਹਿਲੇ ਮਹਾਪੁਰਖ ਸਨ ਜਿਹਨਾਂ ਔਰਤ ਦੀ ਬਰਾਬਰੀ ਤੇ ਸਿਖਿਆ ਉਪਰ ਅਹਿਮ ਜੋਰ ਦਿਤਾ।ਜਾਤੀ ਵਿਵਸਥਾ ਉਪਰ ਅਟੈਕ ਕਰਕੇ ਇਨਕਲਾਬ ਸਿਰਜਿਆ।
ਬਾਬਾ ਸਾਹਿਬ ਅੰਬੇਡਕਰ ਨੇ ਕਿਹਾ ਸੀ ਕਿ ਇਸਤਰੀ ਜਾਤੀ ਨੂੰ ਵਿਦਿਆ ਦੇਣ ਦਾ ਅਰਥ ਆਪਣੇ ਪਰਿਵਾਰ ਤੇ ਸਮਾਜ ਦਾ ਵਿਕਾਸ ਕਰਨਾ ਹੈ।ਇਸ ਪਖੋਂ ਸ਼ੈਲਜਾ ਬਹੁਜਨ ਸਮਾਜ ਦੀਆਂ ਔਰਤਾਂ ਲਈ ਰੋਲ ਮਾਡਲ ਹੈ।












Comments (0)