ਯੂਰਪ ਵਿੱਚ ਤੀਜੇ ਵਿਸ਼ਵ ਯੁੱਧ ਦੀ ਸੰਭਾਵਨਾ: ਫਰਾਂਸ, ਜਰਮਨੀ, ਪੋਲੈਂਡ ਵਿੱਚ ਯੁੱਧ ਦੀਆਂ ਤਿਆਰੀਆਂ ਤੇਜ਼
ਹਸਪਤਾਲਾਂ ਨੂੰ ਯੁੱਧ ਦੀ ਤਿਆਰੀ ਦੇ ਹੁਕਮ , ਰੂਸ ਨਾਲ ਜੰਗ ਦੀ ਸੰਭਾਵਨਾ
*ਜਰਮਨੀ ਅਤੇ ਪੋਲੈਂਡ ਵਿੱਚ ਬੰਕਰ ਉਸਾਰੀ, ਫੌਜੀ ਭਰਤੀ ਤੇਜ਼
*ਰੂਸ ਦੇ ਜ਼ਾਪਦ 2025 ਅਭਿਆਸ: ਨਾਟੋ ਦੇਸ਼ਾਂ ਵਿੱਚ ਹਾਈ ਅਲਰਟ
ਅੰਮ੍ਰਿਤਸਰ ਟਾਈਮਜ਼ ਬਿਊਰੋ
ਪੈਰਿਸ/ਬਰਲਿਨ: ਵਿਸ਼ਵ ਰਾਜਨੀਤੀ ਵਿੱਚ ਤਣਾਅ ਦਾ ਮਾਹੌਲ ਵਧਦਾ ਜਾ ਰਿਹਾ ਹੈ ਅਤੇ ਯੂਰਪ ਵਿੱਚ ਤੀਜੇ ਵਿਸ਼ਵ ਯੁੱਧ ਦੀ ਸੰਭਾਵਨਾ ਨੇ ਕਈ ਦੇਸ਼ਾਂ ਨੂੰ ਯੁੱਧ ਦੀਆਂ ਤਿਆਰੀਆਂ ਵਿੱਚ ਝੋਕ ਦਿੱਤਾ ਹੈ। ਫਰਾਂਸ, ਬਰਤਾਨੀਆ, ਜਰਮਨੀ, ਪੋਲੈਂਡ, ਸਵੀਡਨ ਅਤੇ ਨਾਰਵੇ ਵਰਗੇ ਦੇਸ਼ ਰੂਸ ਦੇ ਖਿਲਾਫ ਸੰਭਾਵਿਤ ਸੰਘਰਸ਼ ਲਈ ਤੇਜ਼ੀ ਨਾਲ ਤਿਆਰੀਆਂ ਕਰ ਰਹੇ ਹਨ। ਬ੍ਰਿਟਿਸ਼ ਅਖਬਾਰ ਦ ਸਨ ਦੀ ਇੱਕ ਤਾਜ਼ਾ ਰਿਪੋਰਟ ਅਨੁਸਾਰ, ਫਰਾਂਸ ਨੇ ਆਪਣੇ ਹਸਪਤਾਲਾਂ ਨੂੰ ਯੁੱਧ ਪੱਧਰ 'ਤੇ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਹਸਪਤਾਲਾਂ ਨੂੰ ਸੈਂਕੜੇ ਜ਼ਖਮੀ ਸੈਨਿਕਾਂ ਦੇ ਇਲਾਜ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ, ਤਾਂ ਜੋ ਰੂਸ ਨਾਲ ਕਿਸੇ ਵੱਡੇ ਸੰਘਰਸ਼ ਦੀ ਸਥਿਤੀ ਵਿੱਚ ਤੁਰੰਤ ਕਾਰਵਾਈ ਕੀਤੀ ਜਾ ਸਕੇ। ਫਰਾਂਸੀਸੀ ਸਿਹਤ ਮੰਤਰਾਲੇ ਨੇ ਮਾਰਚ 2026 ਤੱਕ ਹਸਪਤਾਲਾਂ ਨੂੰ ਪੂਰੀ ਤਰ੍ਹਾਂ ਤਿਆਰ ਕਰਨ ਦਾ ਹੁਕਮ ਦਿੱਤਾ ਹੈ, ਜਿਸ ਵਿੱਚ ਪੂਰੇ ਯੂਰਪ ਤੋਂ ਆਉਣ ਵਾਲੇ ਜ਼ਖਮੀ ਸੈਨਿਕਾਂ ਦੇ ਇਲਾਜ ਦੀ ਵਿਵਸਥਾ ਸ਼ਾਮਲ ਹੈ।
ਫਰਾਂਸੀਸੀ ਅਖਬਾਰ ਲੇ ਕੈਨਾਰਡ ਐਨਚੈਨੀ ਨੇ ਗੁਪਤ ਦਸਤਾਵੇਜ਼ਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਫਰਾਂਸ ਇਹ ਮੰਨ ਕੇ ਚੱਲ ਰਿਹਾ ਹੈ ਕਿ ਉਹ ਯੁੱਧ ਦੌਰਾਨ ਜ਼ਖਮੀਆਂ ਦੇ ਇਲਾਜ ਦਾ ਮੁੱਖ ਕੇਂਦਰ ਬਣ ਸਕਦਾ ਹੈ। ਉਸ ਨੂੰ ਆਪਣੀਆਂ ਫੌਜਾਂ ਅਤੇ ਆਪਣੇ ਨਾਟੋ ਸਹਿਯੋਗੀਆਂ, ਦੋਵਾਂ ਦੇ ਸੈਂਕੜੇ ਜ਼ਖਮੀ ਸੈਨਿਕਾਂ ਨੂੰ ਆਪਣੇ ਇੱਥੇ ਰੱਖਣਾ ਪੈ ਸਕਦਾ ਹੈ।
ਨਾਟੋ ਦੇ ਆਰਟੀਕਲ-5 ਅਤੇ ਯੁੱਧ ਦੀ ਸੰਭਾਵਨਾ
ਇਹ ਗੱਲ ਧਿਆਨ ਵਿੱਚ ਰੱਖਣ ਵਾਲੀ ਹੈ ਕਿ ਫਰਾਂਸ ਵੀ ਨਾਟੋ ਦਾ ਮੈਂਬਰ ਦੇਸ਼ ਹੈ ਅਤੇ ਨਾਟੋ ਦੇ ਆਰਟੀਕਲ-5 ਦੇ ਤਹਿਤ, ਜੇਕਰ ਰੂਸ ਕਿਸੇ ਵੀ ਨਾਟੋ ਮੈਂਬਰ ਦੇਸ਼ 'ਤੇ ਹਮਲਾ ਕਰਦਾ ਹੈ, ਤਾਂ ਸਾਰੇ 30 ਤੋਂ ਵੱਧ ਮੈਂਬਰ ਦੇਸ਼ਾਂ ਨੂੰ ਯੁੱਧ ਵਿੱਚ ਸ਼ਾਮਲ ਹੋਣਾ ਪਵੇਗਾ। ਇਸ ਸਥਿਤੀ ਵਿੱਚ ਫਰਾਂਸ, ਬਰਤਾਨੀਆ, ਜਰਮਨੀ ਅਤੇ ਅਮਰੀਕਾ ਵਰਗੇ ਦੇਸ਼ ਰੂਸ ਦੇ ਖਿਲਾਫ ਯੁੱਧ ਵਿੱਚ ਉਤਰ ਸਕਦੇ ਹਨ, ਜਿਸ ਨਾਲ ਤੀਜੇ ਵਿਸ਼ਵ ਯੁੱਧ ਦੀ ਸੰਭਾਵਨਾ ਹੋਰ ਗੰਭੀਰ ਹੋ ਜਾਂਦੀ ਹੈ। ਨਾਟੋ ਮੁਖੀ ਮਾਰਕ ਰੂਟੇ ਨੇ ਪਹਿਲਾਂ ਹੀ ਚੇਤਾਵਨੀ ਦਿੱਤੀ ਹੈ ਕਿ ਰੂਸ ਅਤੇ ਚੀਨ ਮਿਲ ਕੇ ਤੀਜੇ ਵਿਸ਼ਵ ਯੁੱਧ ਨੂੰ ਹਵਾ ਦੇ ਸਕਦੇ ਹਨ। ਉਨ੍ਹਾਂ ਨੇ ਜੁਲਾਈ ਵਿੱਚ ਇੱਕ ਭਿਆਨਕ ਸ਼ੱਕ ਜ਼ਾਹਰ ਕੀਤਾ ਸੀ ਕਿ ਬੀਜਿੰਗ ਤਾਈਵਾਨ 'ਤੇ ਕਬਜ਼ਾ ਕਰ ਸਕਦਾ ਹੈ, ਜਦਕਿ ਪੁਤਿਨ ਨਾਟੋ ਦੇ ਕੁਝ ਦੇਸ਼ਾਂ, ਜਿਵੇਂ ਕਿ ਐਸਟੋਨੀਆ, ਲਾਤਵੀਆ ਅਤੇ ਲਿਥੁਆਨੀਆ ਵਰਗੇ ਬਾਲਟਿਕ ਗਣਰਾਜਾਂ 'ਤੇ ਹਮਲਾ ਕਰ ਸਕਦਾ ਹੈ। ਉਨ੍ਹਾਂ ਨੇ ਸ਼ਕ ਜਤਾਇਆ ਹੈ ਕਿ ਇਹ ਯੁੱਧ ਅੱਗੇ ਵਧ ਸਕਦਾ ਹੈ।
ਜਰਮਨੀ ਅਤੇ ਰੂਸ ਦੇ ਜ਼ਾਪਦ 2025 ਯੁੱਧ ਅਭਿਆਸ ਫਰਾਂਸ ਵਿੱਚ ਹਸਪਤਾਲਾਂ ਨੂੰ ਇਹ ਚੇਤਾਵਨੀ ਉਸ ਸਮੇਂ ਦਿੱਤੀ ਗਈ ਹੈ, ਜਦੋਂ ਜਰਮਨੀ ਦੇ ਸਿਖਰਲੇ ਜਨਰਲ ਨੇ ਪੁਸ਼ਟੀ ਕੀਤੀ ਹੈ ਕਿ ਬੇਲਾਰੂਸ ਵਿੱਚ ਆਯੋਜਿਤ ਹੋਣ ਵਾਲੇ ਰੂਸ ਦੇ ਜ਼ਾਪਦ 2025 ਯੁੱਧ ਅਭਿਆਸ ਦੌਰਾਨ ਨਾਟੋ ਦੇਸ਼ ਹਾਈ ਅਲਰਟ 'ਤੇ ਰਹਿਣਗੇ। ਜਨਰਲ ਕਾਰਸਟਨ ਬ੍ਰਿਊਅਰ ਨੇ ਕਿਹਾ ਕਿ ਮਾਸਕੋ ਦਾ ਅਭਿਆਸ ਕਿਸੇ ਹੋਰ ਗੰਭੀਰ ਖਤਰੇ ਦਾ ਚਿੰਨ ਹੋ ਸਕਦਾ ਹੈ। ਹਾਲਾਂਕਿ, ਉਨ੍ਹਾਂ ਨੇ ਇਹ ਵੀ ਕਿਹਾ ਕਿ "ਸਾਡੇ ਕੋਲ ਅਜਿਹਾ ਕੋਈ ਸੰਕੇਤ ਨਹੀਂ ਹੈ ਕਿ ਇਸ ਅਭਿਆਸ ਦੀ ਆੜ ਵਿੱਚ ਕਿਸੇ ਹਮਲੇ ਦੀ ਤਿਆਰੀ ਕੀਤੀ ਜਾ ਰਹੀ ਹੈ।" ਇਸ ਦੇ ਬਾਵਜੂਦ, ਯੂਰਪੀ ਦੇਸ਼ਾਂ ਵਿੱਚ ਤਣਾਅ ਦਾ ਮਾਹੌਲ ਸਾਫ਼ ਦਿਖਾਈ ਦੇ ਰਿਹਾ ਹੈ। ਜਰਮਨੀ ਅਤੇ ਪੋਲੈਂਡ ਵਰਗੇ ਦੇਸ਼ਾਂ ਵਿੱਚ ਬੰਕਰਾਂ ਦੀ ਉਸਾਰੀ ਅਤੇ ਫੌਜ ਵਿੱਚ ਭਰਤੀ ਨੂੰ ਤੇਜ਼ ਕਰਨ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ।
ਰੂਸ ਦੀ ਸਰਗਰਮੀ ਅਤੇ ਨਾਟੋ ਦੀ ਚਿੰਤਾ ਨਾਟੋ ਮੁਖੀ ਮਾਰਕ ਰੂਟੇ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਰੂਸ ਸਿਰਫ਼ ਤਿੰਨ ਮਹੀਨਿਆਂ ਵਿੱਚ ਓਨੇ ਹਥਿਆਰ ਬਣਾ ਰਿਹਾ ਹੈ, ਜਿੰਨੇ ਨਾਟੋ ਦੇ ਸਾਰੇ ਦੇਸ਼ ਮਿਲ ਕੇ ਇੱਕ ਸਾਲ ਵਿੱਚ ਬਣਾਉਂਦੇ ਹਨ। ਇਸ ਤੋਂ ਸਾਫ਼ ਹੈ ਕਿ ਰੂਸ ਦੀ ਫੌਜੀ ਸਮਰੱਥਾ ਨੂੰ ਲੈ ਕੇ ਨਾਟੋ ਦੇਸ਼ਾਂ ਵਿੱਚ ਚਿੰਤਾ ਵਧ ਰਹੀ ਹੈ। ਹਾਲਾਂਕਿ, ਰੂਸ ਨੇ ਨਾਟੋ ਮੁਖੀ ਰੂਟੇ ਦਾ ਮਜ਼ਾਕ ਉਡਾਇਆ ਅਤੇ ਕਿਹਾ ਕਿ ਉਨ੍ਹਾਂ ਨੇ "ਡੱਚ ਲੋਕਾਂ ਦੇ ਮਨਪਸੰਦ ਜਾਦੂਈ ਮਸ਼ਰੂਮਜ਼ ਬਹੁਤ ਜ਼ਿਆਦਾ ਖਾ ਲਏ ਹਨ" ਅਤੇ ਉਨ੍ਹਾਂ ਨੂੰ "ਸਾਈਬੇਰੀਆ ਦੇ ਨਰਕੀ ਸ਼ਰਮੀਕ ਸ਼ਿਵਿਰ ਵਿੱਚ ਭਵਿੱਖ ਬਿਤਾਉਣ" ਲਈ ਤਿਆਰ ਰਹਿਣਾ ਚਾਹੀਦਾ ਹੈ। ਇਸ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਨੇ ਦੋਵਾਂ ਧਿਰਾਂ ਵਿਚਕਾਰ ਤਣਾਅ ਨੂੰ ਹੋਰ ਵਧਾ ਦਿੱਤਾ ਹੈ।
ਯੂਰਪੀ ਦੇਸ਼ਾਂ ਵਿੱਚ ਚੱਲ ਰਹੀਆਂ ਇਨ੍ਹਾਂ ਤਿਆਰੀਆਂ ਨੇ ਵਿਸ਼ਵ ਪੱਧਰ 'ਤੇ ਚਿੰਤਾ ਵਧਾ ਦਿੱਤੀ ਹੈ। ਫਰਾਂਸ, ਜਰਮਨੀ ਅਤੇ ਪੋਲੈਂਡ ਵਰਗੇ ਦੇਸ਼ਾਂ ਵਿੱਚ ਹਸਪਤਾਲਾਂ ਨੂੰ ਯੁੱਧ ਦੀ ਸਥਿਤੀ ਲਈ ਤਿਆਰ ਕਰਨ, ਬੰਕਰਾਂ ਦੀ ਉਸਾਰੀ ਅਤੇ ਫੌਜੀ ਭਰਤੀ ਨੂੰ ਤੇਜ਼ ਕਰਨ ਦੀਆਂ ਖਬਰਾਂ ਸੰਕੇਤ ਦਿੰਦੀਆਂ ਹਨ ਕਿ ਯੂਰਪ ਇੱਕ ਵੱਡੇ ਸੰਘਰਸ਼ ਦੀ ਸੰਭਾਵਨਾ ਨੂੰ ਗੰਭੀਰਤਾ ਨਾਲ ਲੈ ਰਿਹਾ ਹੈ। ਹਾਲਾਂਕਿ, ਕੁਝ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਸਾਰੀਆਂ ਤਿਆਰੀਆਂ ਸਿਰਫ਼ ਰੂਸ ਦੇ ਵਧਦੇ ਪ੍ਰਭਾਵ ਨੂੰ ਰੋਕਣ ਅਤੇ ਸੁਰੱਖਿਆ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਹੋ ਸਕਦੀਆਂ ਹਨ। ਪਰ ਇਹ ਸਪੱਸ਼ਟ ਹੈ ਕਿ ਵਿਸ਼ਵ ਇੱਕ ਅਜਿਹੇ ਮੋੜ 'ਤੇ ਖੜ੍ਹਾ ਹੈ, ਜਿੱਥੇ ਕੋਈ ਵੀ ਗਲਤ ਕਦਮ ਵੱਡੀ ਜੰਗ ਨੂੰ ਜਨਮ ਦੇ ਸਕਦਾ ਹੈ।











Comments (0)