ਪਾਕਿ ਦੀ ਹਰੀਪੁਰ ਯੂਨੀਵਰਸਿਟੀ ਵਿਖੇ ਪਹਿਲੀ ਵਾਰ ਸਥਾਪਤ ਹੋਈ ਜਰਨੈਲ ਹਰੀ ਸਿੰਘ ਨਲੂਆ ਦੀ ਤਸਵੀਰ

ਪਾਕਿ ਦੀ ਹਰੀਪੁਰ ਯੂਨੀਵਰਸਿਟੀ ਵਿਖੇ ਪਹਿਲੀ ਵਾਰ ਸਥਾਪਤ ਹੋਈ ਜਰਨੈਲ ਹਰੀ ਸਿੰਘ ਨਲੂਆ ਦੀ ਤਸਵੀਰ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਅੰਮ੍ਰਿਤਸਰ -ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖ਼ਵਾ ਦੀ ਹਜ਼ਾਰਾ ਡਿਵੀਜ਼ਨ ਹਰੀਪੁਰ ਯੂਨੀਵਰਸਿਟੀ ਵਿਚ ਪਹਿਲੀ ਵਾਰ ਸ: ਹਰੀ ਸਿੰਘ ਨਲੂਆ ਦੀ ਤਸਵੀਰ ਸਥਾਪਤ ਕੀਤੀ ਗਈ ਹੈ। ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਸ: ਹਰੀ ਸਿੰਘ ਨਲੂਆ ਦੁਆਰਾ ਵਸਾਇਆ ਸ਼ਹਿਰ ਹਰੀਪੁਰ ਮੌਜੂਦਾ ਸਮੇਂ ਇਸਲਾਮਾਬਾਦ ਤੋਂ 65 ਕਿੱਲੋਮੀਟਰ ਦੀ ਦੂਰੀ 'ਤੇ ਆਬਾਦ ਹੈ । ਸਿੱਖਜ਼ ਇਨ ਅਮਰੀਕਾ ਇਕ ਜਥੇਬੰਦੀ ਦੇ ਪ੍ਰਧਾਨ ਡਾ: ਗੁਰਿੰਦਰਪਾਲ ਸਿੰਘ ਜੋਸਨ ਦੀ ਅਗਵਾਈ ਵਿਚ ਹਰੀਪੁਰ ਯੂਨੀਵਰਸਿਟੀ ਵਿਖੇ ਪਹੁੰਚੇ ਪਾਕਿ ਸਿੱਖ ਆਗੂ ਸੰਤੋਖ ਸਿੰਘ ਤੇ ਰਵਿੰਦਰ ਸਿੰਘ ਜੱਗੀ ਦੀ ਹਾਜ਼ਰੀ ਵਿਚ ਜਥੇਬੰਦੀ ਵਲੋਂ ਭੇਟ ਕੀਤੀ ਗਈ ਹਰੀ ਸਿੰਘ ਨਲੂਆ ਦੀ ਤਸਵੀਰ ਮੁੱਖ ਹਾਲ 'ਚ ਸਭ ਤੋਂ ਪ੍ਰਮੁੱਖ ਸਥਾਨ 'ਤੇ ਲਗਾਈ ਗਈ ।ਇਸ ਮੌਕੇ ਡਾਇਰੈਕਟਰ ਪ੍ਰਸ਼ਾਸਨ ਮੁਹੰਮਦ ਇਕਬਾਲ, ਰਜਿਸਟਰਾਰ ਰਿਆਜ਼ ਮੁਹੰਮਦ ਤੇ ਲਾਇਬ੍ਰੇਰੀਅਨ ਕਾਸ਼ਿਫ ਖ਼ਾਨ ਆਦਿ ਹਾਜ਼ਰ ਸਨ ।ਵਫ਼ਦ ਵਲੋਂ 35,420 ਵਰਗ ਫੁੱਟ 'ਚ ਸ: ਨਲੂਆ ਦੁਆਰਾ ਉਸਾਰੇ ਕਿਲ੍ਹਾ ਹਰਿਕਿਸ਼ਨਗੜ੍ਹ ਦੇ ਰੱਖ-ਰਖਾਅ ਦੀ ਵੀ ਮੰਗ ਕੀਤੀ ਗਈ । ਡਾ: ਜੋਸਨ ਨੇ ਇਸ ਬਾਰੇ ਵਿਚ  ਦੱਸਿਆ ਕਿ ਉਨ੍ਹਾਂ ਨੇ ਪਾਕਿ ਸਿੱਖਾਂ ਦੇ ਨਾਲ ਯੂਨੀਵਰਸਿਟੀ ਦੇ ਉੱਪ ਕੁਲਪਤੀ ਪ੍ਰੋ. ਡਾ: ਸ਼ਫ਼ੀਕ ਉਰ ਰਹਿਮਾਨ ਨਾਲ ਵੀ ਮੁਲਾਕਾਤ ਕੀਤੀ ਤੇ ਉੱਥੇ ਜਰਨੈਲ ਹਰੀ ਸਿੰਘ ਨਲੂਆ ਦੇ ਸਨਮਾਨ ਵਿਚ ਇਕ ਅਜਾਇਬ-ਘਰ ਸਥਾਪਤ ਕਰਨ ਬਾਰੇ ਵਿਚਾਰ-ਚਰਚਾ ਕੀਤੀ ।ਇਸ 'ਤੇ ਉਨ੍ਹਾਂ ਭਰੋਸਾ ਦਿੱਤਾ ਕਿ ਇਤਿਹਾਸ ਨੂੰ ਸੰਭਾਲਣ ਅਤੇ ਸੱਭਿਆਚਾਰਕ ਵਿਰਾਸਤ ਨੂੰ ਉਤਸ਼ਾਹਿਤ ਕਰਨ ਲਈ ਯੂਨੀਵਰਸਿਟੀ ਵਲੋਂ ਹਰ ਉਪਰਾਲਾ ਕੀਤਾ ਜਾਵੇਗਾ।