*ਰਾਜੀਵ ਗਾਂਧੀ ਦੀ ਵਾਪਸੀ ਤਕ ਮੌਤ ਦੀ ਖਬਰ ਰੋਕਣ ਦਾ ਸਿਆਸੀ ਆਦੇਸ਼ ਹੋਇਆ 

*ਰਾਜੀਵ ਗਾਂਧੀ ਦੀ ਵਾਪਸੀ ਤਕ ਮੌਤ ਦੀ ਖਬਰ ਰੋਕਣ ਦਾ ਸਿਆਸੀ ਆਦੇਸ਼ ਹੋਇਆ 

ਇੰਦਰਾ ਗਾਂਧੀ ਦੀ ਮੌਤ: ਏਮਸ ਵਿੱਚ ਚਾਰ ਘੰਟਿਆਂ ਦਾ ਵਿਖਾਵਾ ਅਤੇ ਸਿੱਖਾਂ ਵਿਰੁੱਧ ਲੁਕਵੀਂ ਸਾਜਿਸ਼ ਦੀ ਕਹਾਣੀ

*ਏਮਸ ਦੀ  ਸਾਬਕਾ ਮਹਿਲਾ ਡਾਇਰੈਕਟਰ ਸਨੇਹ ਭਾਰਗਵ ਨੇ ਆਪਣੀ ਪਸਤਕ ਵਿਚ ਕੀਤਾ ਨਵਾਂ ਖੁਲਾਸਾ  

 ਅਕਤੂਬਰ 1984 ਨੂੰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਨੇ ਨਾ ਸਿਰਫ਼ ਭਾਰਤ ਦੇ ਸਿਆਸੀ ਇਤਿਹਾਸ ਨੂੰ ਹਿਲਾ ਕੇ ਰੱਖ ਦਿੱਤਾ ਸੀ, ਸਗੋਂ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ (ਏਮਸ), ਨਵੀਂ ਦਿੱਲੀ ਦੇ ਅਮਲੇ ਨੂੰ ਵੀ ਇੱਕ ਅਜਿਹੇ ਸੰਕਟ ਵਿੱਚ ਧੱਕ ਦਿੱਤਾ, ਜਿਸ ਦੀਆਂ ਯਾਦਾਂ ਅੱਜ ਵੀ ਜ਼ਿੰਦਾ ਹਨ। ਸਨੇਹ ਭਾਰਗਵ, ਜੋ ਉਸ ਸਮੇਂ ਏਮਸ ਦੀ ਪਹਿਲੀ ਮਹਿਲਾ ਡਾਇਰੈਕਟਰ ਸੀ, ਨੇ ਆਪਣੀ ਪੁਸਤਕ ‘ਦਿ ਵਿਮੈਨ ਹੂ ਰਨ ਏਮਸ’ ਵਿੱਚ ਉਸ ਦਿਨ ਦੇ ਘਟਨਾਕ੍ਰਮ ਨੂੰ ਵਿਸਤਾਰ ਨਾਲ ਬਿਆਨ ਕੀਤਾ ਹੈ। ਇਹ ਪੁਸਤਕ ਉਸ ਸਮੇਂ ਦੀਆਂ ਉਹਨਾਂ ਘਟਨਾਵਾਂ ਨੂੰ ਸਾਹਮਣੇ ਲਿਆਉਂਦੀ ਹੈ, ਜੋ ਹੁਣ ਤੱਕ ਜਨਤਕ ਤੌਰ ’ਤੇ ਨਹੀਂ ਆਈਆਂ ਸਨ। 

ਭਾਰਗਵ ਪੁਸਤਕ ‘ਦਿ ਵਿਮੈਨ ਹੂ ਰਨ ਏਮਸ’ ਵਿੱਚ ਦਸਦੀ ਹੈ ਕਿ ਇੰਦਰਾ ਗਾਂਧੀ ਨੂੰ ਉਸ ਦਿਨ ਸਵੇਰੇ 9:25 ਵਜੇ ਉਨ੍ਹਾਂ ਦੇ ਸਿੱਖ ਅੰਗ ਰਖਿਅਕਾ, ਸਤਵੰਤ ਸਿੰਘ ਅਤੇ ਬੇਅੰਤ ਸਿੰਘ, ਨੇ ਗੋਲੀਆਂ ਮਾਰੀਆਂ ਸਨ। ਉਹ ਗੰਭੀਰ ਜ਼ਖਮੀ ਹਾਲਤ ਵਿੱਚ ਏਮਸ ਲਿਆਂਦੀ ਗਈਆਂ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦੀ ਜਾਨ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਪਰ ਭਾਰਗਵ ਦੀ ਪੁਸਤਕ ਅਨੁਸਾਰ, ਅਗਲੇ ਚਾਰ ਘੰਟਿਆਂ ਤੱਕ ਏਮਸ ਦੇ ਅਮਲੇ ਨੂੰ ਇਹ ਵਿਖਾਵਾ ਕਰਨਾ ਪਿਆ ਕਿ ਇੰਦਰਾ ਗਾਂਧੀ ਜ਼ਿੰਦਾ ਹਨ, ਜਦਕਿ ਅਸਲ ਵਿੱਚ ਉਹ ਮੌਤ ਦੇ ਮੂੰਹ ਵਿੱਚ ਜਾ ਚੁੱਕੀ ਸੀ।  ਭਾਰਗਵ ਦੀ ਪੁਸਤਕ ਵਿੱਚ ਸਭ ਤੋਂ ਹੈਰਾਨੀਜਨਕ ਖੁਲਾਸਾ ਇਹ ਹੈ ਕਿ ਇੰਦਰਾ ਗਾਂਧੀ ਦੀ ਮੌਤ ਦੀ ਖਬਰ ਨੂੰ ਜਾਣਬੁੱਝ ਕੇ ਚਾਰ ਘੰਟਿਆਂ ਤੱਕ ਰੋਕਿਆ ਗਿਆ। ਇਸ ਦੇ ਪਿੱਛੇ ਦਾ ਕਾਰਨ ਸੀ ਰਾਜੀਵ ਗਾਂਧੀ ਦੀ ਵਾਪਸੀ ਅਤੇ ਉਨ੍ਹਾਂ ਦੀ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਦੀ ਤਿਆਰੀ। ਰਾਜੀਵ ਗਾਂਧੀ ਉਸ ਸਮੇਂ ਪੱਛਮੀ ਬੰਗਾਲ ਵਿੱਚ ਚੋਣ ਦੌਰੇ ’ਤੇ ਸਨ, ਅਤੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਵੀ ਦਿੱਲੀ ਤੋਂ ਬਾਹਰ ਸਨ। 

ਪੁਸਤਕ ਅਨੁਸਾਰ, ਏਮਸ ਨੂੰ ਸਪੱਸ਼ਟ ਹਦਾਇਤਾਂ ਦਿੱਤੀਆਂ ਗਈਆਂ ਸਨ ਕਿ ਮੌਤ ਦਾ ਐਲਾਨ ਉਦੋਂ ਤੱਕ ਨਾ ਕੀਤਾ ਜਾਵੇ, ਜਦੋਂ ਤੱਕ ਰਾਜੀਵ ਗਾਂਧੀ ਦਿੱਲੀ ਪਹੁੰਚ ਕੇ ਸਹੁੰ ਨਹੀਂ ਚੁੱਕ ਲੈਂਦੇ।ਇਸ ਦੇ ਨਾਲ ਹੀ, ਪੁਸਤਕ ਵਿੱਚ ਸਿੱਖ ਵਿਰੋਧੀ ਸਾਜਿਸ਼ ਦੀ ਵੀ ਚਰਚਾ ਕੀਤੀ ਗਈ ਹੈ। 1984 ਦੇ ਸਿੱਖ ਵਿਰੋਧੀ ਕਤਲੇਆਮ ਦੀ ਪਿੱਠਭੂਮੀ ਵਿੱਚ, ਇਹ ਸਵਾਲ ਉਠਦਾ ਹੈ ਕਿ ਕੀ ਇੰਦਰਾ ਗਾਂਧੀ ਦੀ ਮੌਤ ਦੀ ਖਬਰ ਨੂੰ ਰੋਕਣ ਦਾ ਫ਼ੈਸਲਾ ਸਿੱਖ ਭਾਈਚਾਰੇ ਵਿਰੁੱਧ ਭੜਕਾਹਟ ਨੂੰ ਹਵਾ ਦੇਣ ਲਈ ਸੀ। ਭਾਰਗਵ ਦੀ ਪੁਸਤਕ ਸਿੱਧੇ ਤੌਰ ’ਤੇ ਇਸ ਸਾਜਿਸ਼ ਨੂੰ ਨੰਗਾ ਨਹੀਂ ਕਰਦੀ, ਪਰ ਉਸ ਸਮੇਂ ਦੀਆਂ ਸਥਿਤੀਆਂ ਅਤੇ ਸਿਆਸੀ ਦਬਾਅ ਦੀ ਚਰਚਾ ਕਰਦੀ ਹੈ, ਜਿਸ ਨੇ ਸਿੱਖਾਂ ਵਿਰੁੱਧ ਹਿੰਸਾ ਨੂੰ ਵਧਾਉਣ ਵਿੱਚ ਭੂਮਿਕਾ ਨਿਭਾਈ। 

ਪੁਸਤਕ ਵਿੱਚ ਇਹ ਵੀ ਜ਼ਿਕਰ ਹੈ ਕਿ ਏਮਸ ਦੇ ਸਿੱਖ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਫਿਰਕੂ ਭੀੜਾਂ ਤੋਂ ਼ਸੁਰੱਖਿਆ ਪ੍ਰਦਾਨ ਕਰਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ, ਜਿਸ ਨਾਲ ਸਿੱਖ ਵਿਰੋਧੀ ਹਿੰਸਾ ਦੇ ਪ੍ਰਭਾਵ ਨੂੰ ਸਮਝਿਆ ਜਾ ਸਕਦਾ ਹੈ।

 ਏਮਸ ਵਿੱਚ ਚਾਰ ਘੰਟਿਆਂ ਦਾ ਵਿਖਾਵਾ

ਭਾਰਗਵ ਦੀ ਪੁਸਤਕ ਵਿੱਚ ਦੱਸਿਆ ਗਿਆ ਹੈ ਕਿ ਇੰਦਰਾ ਗਾਂਧੀ ਦੇ ਸਰੀਰ ਵਿੱਚ 33 ਗੋਲੀਆਂ ਲੱਗੀਆਂ ਸਨ, ਜਿਸ ਨੇ ਉਨ੍ਹਾਂ ਦੇ ਜਿਉਂਦੇ ਰਹਿਣ ਦੀ ਸੰਭਾਵਨਾ ਨੂੰ ਲਗਭਗ ਨਾਮੁਮਕਿਨ ਕਰ ਦਿੱਤਾ ਸੀ। ਫਿਰ ਵੀ, ਏਮਸ ਦੇ ਅਮਲੇ ਨੂੰ ਅਗਲੇ ਚਾਰ ਘੰਟਿਆਂ ਤੱਕ ਇਹ ਦਿਖਾਉਣਾ ਪਿਆ ਕਿ ਉਹ ਇੰਦਰਾ ਗਾਂਧੀ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸੀਨੀਅਰ ਸਰਜਨ ਪੀ. ਵੇਣੂਗੋਪਾਲ ਅਤੇ ਐੱਮ.ਐੱਮ. ਕਪੂਰ ਨੂੰ ਇਸ ਕੰਮ ਲਈ ਸੱਦਿਆ ਗਿਆ ਸੀ। ਭਾਰਗਵ ਅਨੁਸਾਰ ਇੰਦਰਾ ਗਾਂਧੀ ਦੇ ਸਰੀਰ ਵਿੱਚੋਂ ਗੋਲੀਆਂ ਕਢਣ ਦੀ ਕੋਸ਼ਿਸ਼ ਦੌਰਾਨ ਸਰਜਨ ਖੂਨ ਨੂੰ ਰੋਕਣ ਦੀ ਜੱਦੋਜਹਿਦ ਕਰ ਰਹੇ ਸਨ। ‘ਬੀ ਨੈਗੇਟਿਵ’ ਅਤੇ ‘ਓ ਨੈਗੇਟਿਵ’ ਖੂਨ ਦੇ ਪ੍ਰਬੰਧ ਲਈ ਵੀ ਤੁਰੰਤ ਕਦਮ ਚੁੱਕੇ ਗਏ, ਜੋ ਬਹੁਤ ਦੁਰਲੱਭ ਸਨ।ਇਸ ਦੌਰਾਨ, ਅਪਰੇਸ਼ਨ ਥੀਏਟਰ ਵਿੱਚ ਇੱਕ ਸਿੱਖ ਆਪਰੇਟਰ, ਜੋ ਦਿਲ ਅਤੇ ਫੇਫੜਿਆਂ ਦੀ ਮਸ਼ੀਨ ਚਲਾਉਂਦਾ ਸੀ, ਨੇ ਜਦੋਂ ਪਤਾ ਲੱਗਾ ਕਿ ਇੰਦਰਾ ਗਾਂਧੀ ਨੂੰ ਸਿੱਖ ਅੰਗਰੱਖਿਆਂ ਨੇ ਮਾਰਿਆ ਹੈ, ਤਾਂ ਉਹ ਥੀਏਟਰ ਛੱਡ ਕੇ ਚਲਾ ਗਿਆ। ਇਸ ਨੇ ਸਥਿਤੀ ਨੂੰ ਹੋਰ ਪੇਚੀਦਾ ਕਰ ਦਿੱਤਾ, ਅਤੇ ਦੂਜੇ ਤਕਨੀਸ਼ੀਅਨ ਦਾ ਪ੍ਰਬੰਧ ਕਰਨਾ ਪਿਆ। ਸੋਨੀਆ ਗਾਂਧੀ, ਜੋ ਇੰਦਰਾ ਦੀ ਨੂੰਹ ਸਨ, ਨੂੰ ਵੀ ਉਸ ਸਮੇਂ ਦਮੇ ਦਾ ਦੌਰਾ ਪਿਆ, ਅਤੇ ਡਾ. ਕੇ.ਪੀ. ਮਾਥੁਰ ਨੂੰ ਉਨ੍ਹਾਂ ਦੀ ਸੰਭਾਲ ਲਈ ਸੱਦਿਆ ਗਿਆ। ਇਹ ਸਾਰੀਆਂ ਘਟਨਾਵਾਂ ਉਸ ਸਮੇਂ ਦੀ ਤਣਾਅਪੂਰਨ ਸਥਿਤੀ ਨੂੰ ਦਰਸਾਉਂਦੀਆਂ ਹਨ, ਜਦੋਂ ਏਮਸ ਸਿਆਸੀ ਦਬਾਅ ਅਤੇ ਮੈਡੀਕਲ ਸੰਕਟ ਦੇ ਵਿਚਕਾਰ ਫਸਿਆ ਹੋਇਆ ਸੀ।

ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਸਿੱਖ ਵਿਰੋਧੀ ਕਤਲੇਆਮ ਸ਼ੁਰੂ ਹੋ ਗਿਆ। ਇਸ ਸੰਕਟਕਾਲੀ ਸਥਿਤੀ ਵਿੱਚ, ਸਨੇਹ ਭਾਰਗਵ ਨੇ ਏਮਸ ਦੇ ਸਿੱਖ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਕਦਮ ਚੁੱਕੇ। ਉਨ੍ਹਾਂ ਨੇ ਦਿੱਲੀ ਪੁਲੀਸ ਦੇ ਮੁਖੀ ਨਾਲ ਸੰਪਰਕ ਕਰਕੇ ਏਮਸ ਵਿੱਚ ਪੁਲੀਸ ਮੁਲਾਜ਼ਮ ਤਾਇਨਾਤ ਕਰਵਾਏ ਅਤੇ ਸਿੱਖ ਮੁਲਾਜ਼ਮਾਂ ਨੂੰ ਏਮਸ ਦੇ ਗੈਸਟ ਹਾਊਸ ਵਿੱਚ ਸੁਰੱਖਿਅਤ ਰੱਖਿਆ। 

ਭਾਰਗਵ ਦੀ ਪੁਸਤਕ ਵਿੱਚ ਇੱਕ ਮਹੱਤਵਪੂਰਨ ਸਵਾਲ ਉਠਾਇਆ ਗਿਆ ਹੈ: “ਅਸੀਂ ਧਰਮ ਦੇ ਆਧਾਰ ’ਤੇ ਕਿਉਂ ਲੜ ਰਹੇ ਹਾਂ? ਕੀ ਅਸੀਂ ਇਕੱਠੇ ਨਹੀਂ ਰਹਿ ਸਕਦੇ?” ਇਹ ਸਵਾਲ 1984 ਦੀਆਂ ਘਟਨਾਵਾਂ ਦੀ ਪਿੱਠਭੂਮੀ ਵਿੱਚ ਅਤਿ ਮਹੱਤਵਪੂਰਨ ਹੈ, ਜਦੋਂ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਹਜ਼ਾਰਾਂ ਬੇਕਸੂਰ ਲੋਕ ਮਾਰੇ ਗਏ। ਪੁਸਤਕ ਸਿੱਧੇ ਤੌਰ ’ਤੇ ਸਿੱਖ ਵਿਰੋਧੀ ਸਾਜਿਸ਼ ਨੂੰ ਨੰਗਾ ਨਹੀਂ ਕਰਦੀ, ਪਰ ਉਸ ਸਮੇਂ ਦੀਆਂ ਸਥਿਤੀਆਂ ਅਤੇ ਸਿਆਸੀ ਫ਼ੈਸਲਿਆਂ ਦੀ ਚਰਚਾ ਕਰਕੇ ਇਸ ਵੱਲ ਇਸ਼ਾਰਾ ਜ਼ਰੂਰ ਕਰਦੀ ਹੈ।