ਪਿਓ-ਪੁੱਤਰ 'ਤੇ ਹਿਰਾਸਤ ਵਿਚ ਤਸ਼ੱਦਦ ਵਿਰੁੱਧ ਥਾਣਾ ਰਾਏਕੋਟ ਅੱਗੇ ਧਰਨਾ
ਰਾਏਕੋਟ: ਇੱਕ ਦਲਿਤ ਪਰਿਵਾਰ ਨਾਲ ਸਬੰਧਤ ਪਿਉ-ਪੁੱਤਰ ਨੂੰ ਥਾਣਾ ਸਦਰ ਰਾਏਕੋਟ ਵਿਚ ਕਥਿਤ ਤੌਰ ਉੱਤੇ ਗੈਰ-ਕਾਨੂੰਨੀ ਤੌਰ ਉੱਤੇ ਹਿਰਾਸਤ ’ਚ ਰੱਖ ਕੇ ਗੈਰ-ਮਨੁੱਖੀ ਤਸ਼ੱਦਦ ਕਰਨ ਦੇ ਰੋਸ ਵਜੋਂ ਅੱਜ ਨੌਜਵਾਨ ਭਾਰਤ ਸਭਾ ਦੀ ਇਕਾਈ ਪੱਖੋਵਾਲ ਵੱਲੋਂ ਸ਼ਹਿਰ ਵਿੱਚ ਰੋਸ ਮਾਰਚ ਕੱਢਣ ਉਪਰੰਤ ਥਾਣਾ ਸਦਰ ਰਾਏਕੋਟ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਨੌਜਵਾਨ ਸਭਾ ਦੇ ਆਗੂ ਕੁਲਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਪਿਛਲੇ ਦਿਨੀਂ ਬੁਰਜ ਹਕੀਮਾਂ ਦੇ ਨੇੜੇ ਇੱਕ ਭੱਠੇ ’ਤੇ ਹੋਈ ਲੁੱਟ ਦੀ ਘਟਨਾ ਦੀ ਜਾਂਚ ਪੜਤਾਲ ਬਹਾਨੇ ਪੱਖੋਵਾਲ ਦੇ ਮਜ਼ਦੂਰ ਦਲਿਤ ਪਰਿਵਾਰ ਨਾਲ ਸਬੰਧਤ ਸਨਦੀਪ ਸਿੰਘ ਅਤੇ ਉਸਦੇ ਪਿਤਾ ਸੰਤੋਖ ਸਿੰਘ ਨੂੰ ਪੁਲੀਸ ਨੇ ਗੈਰ-ਕਾਨੂੰਨੀ ਹਿਰਾਸਤ ’ਚ ਰੱਖ ਕੇ ਉਨ੍ਹਾਂ ’ਤੇ ਅਣਮਨੁੱਖੀ ਤਸ਼ੱਦਦ ਕੀਤਾ।
ਉਨ੍ਹਾਂ ਦੋਸ਼ ਲਾਇਆ ਕਿ ਭੱਠਾ ਮਾਲਕ ਦੀ ਸ਼ਹਿ ’ਤੇ ਪਿਓ ਪੁੱਤ ਨੂੰ ਝੂਠੇ ਕੇਸ ਵਿੱਚ ਫਸਾਉਣ ਲਈ ਦਬਾਅ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਫੌਰੀ ਤੌਰ ’ਤੇ ਐਕਸ਼ਨ ਲੈ ਕੇ ਪੀੜਤਾਂ ਨੂੰ ਪੁਲੀਸ ਦੀ ਗੈਰਕਾਨੂੰਨੀ ਹਿਰਾਸਤ ’ਚੋਂ ਛੁਡਵਾਇਆ।
ਨੌਜਵਾਨ ਸਭਾ ਦੇ ਆਗੂ ਕੁਲਵਿੰਦਰ ਸਿੰਘ, ਮਾਸਟਰ ਚਰਨ ਸਿੰਘ ਨੂਰਪਰਾ ਡੀ.ਟੀ.ਐਫ., ਕਾਮਰੇਡ ਬਲਦੇਵ ਸਿੰਘ ਬਿੱਲੂ ਪੇਂਡੂ ਮਜਦੂਰ ਯੂਨੀਅਨ, ਜਗਤ ਸਿੰਘ ਲੀਲ ਬੀਕੇਯੂ (ਡਕੌਂਦਾ) ਤੇ ਡਾ. ਸੁਖਦੇਵ ਸਿੰਘ ਭੂੰਦੜੀ ਨੇ ਮੰਗ ਧਰਨੇ ਨੂੰ ਸੰਬੋਧਨ ਕਰਦਿਆਂ ਮੰਗ ਕੀਤੀ ਕਿ ਥਾਣਾ ਸਦਰ ਦੇ ਐਸ.ਐਚ.ਓ. ਅਤੇ ਏ.ਐਸ.ਆਈ. ਸਮੇਤ ਇਸ ਕੇਸ ਨਾਲ ਸਬੰਧਤ ਮੁਲਾਜ਼ਮਾਂ ਨੂੰ ਮੁਅੱਤਲ ਕਰ ਕੇ ਉਨ੍ਹਾਂ ’ਤੇ ਗੈਰ-ਕਾਨੂੰਨੀ ਹਿਰਾਸਤ ਵਿੱਚ ਤਸ਼ੱਦਦ ਕਰਨ ਦਾ ਕੇਸ ਦਰਜ ਕੀਤਾ ਜਾਵੇ।
ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ
ਡੀ.ਐੱਸ.ਪੀ. ਰਾਏਕੋਟ ਗੁਰਮੀਤ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜੇਕਰ ਕੋਈ ਦੋਸ਼ੀ ਮਿਲਿਆ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।











Comments (0)