ਇੱਕ ਦਰਜਨ ਦੇਸ਼ਾਂ ਦੇ ਲੋਕਾਂ ਨੂੰ ਅਮਰੀਕਾ ਵਿੱਚ ਦਾਖਲ ਹੋਣ ਤੋਂ ਪਾਬੰਦੀ

ਇੱਕ ਦਰਜਨ ਦੇਸ਼ਾਂ ਦੇ ਲੋਕਾਂ ਨੂੰ ਅਮਰੀਕਾ ਵਿੱਚ ਦਾਖਲ ਹੋਣ ਤੋਂ ਪਾਬੰਦੀ

ਹਾਰਵਰਡ ਯੂਨੀਵਰਸਿਟੀ ਵਿਚ ਹੋਰ ਦੇਸ਼ਾਂ ਦੇ ਨਵੇਂ ਵਿਦਿਆਰਥੀ ਨਹੀਂ ਲੈ ਸਕਣਗੇ ਦਾਖਲਾ 

*ਟਰੰਪ ਨੇ ਘੋਸ਼ਣਾਪੱਤਰ ਉਪਰ ਕੀਤੇ ਦਸਤਖਤ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਇੱਕ ਐਲਾਨ 'ਤੇ ਦਸਤਖਤ ਕਰਕੇ ਇੱਕ ਦਰਜਨ ਦੇਸ਼ਾਂ ਦੇ ਲੋਕਾਂ ਨੂੰ ਅਮਰੀਕਾ ਵਿੱਚ ਦਾਖਲ ਹੋਣ ਤੋਂ ਪਾਬੰਦੀ ਲਗਾ ਦਿੱਤੀ ਹੈ।

ਇਨ੍ਹਾਂ ਦੇਸ਼ਾਂ ਵਿੱਚ ਅਫਗਾਨਿਸਤਾਨ, ਮਿਆਂਮਾਰ, ਚਾਡ, ਕਾਂਗੋ ਗਣਰਾਜ, ਇਕੂਟੇਰੀਅਲ ਗਿਨੀ, ਏਰੀਟਰੀਆ, ਹੈਤੀ, ਈਰਾਨ, ਲੀਬੀਆ, ਸੋਮਾਲੀਆ, ਸੁਡਾਨ ਅਤੇ ਯਮਨ ਸ਼ਾਮਲ ਹਨ। ਇਸ ਪਾਬੰਦੀ ਤੋਂ ਇਲਾਵਾ, ਬੁਰੂੰਡੀ, ਕਿਊਬਾ, ਲਾਓਸ, ਸੀਅਰਾ ਲਿਓਨ, ਟੋਗੋ, ਤੁਰਕਮੇਨਿਸਤਾਨ ਅਤੇ ਵੈਨੇਜ਼ੁਏਲਾ ਤੋਂ ਆਉਣ ਵਾਲੇ ਸੈਲਾਨੀਆਂ 'ਤੇ ਪਾਬੰਦੀਆਂ ਵਧਾਈਆਂ ਜਾਣਗੀਆਂ।

ਇਸ ਤੋਂ ਇਲਾਵਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਰਵਰਡ ਯੂਨੀਵਰਸਿਟੀ ਵਿਚ ਨਵੇਂ ਵਿਦਿਆਰਥੀਆਂ ਦੇ ਦਾਖਲੇ ਉਪਰ ਰੋਕ ਲਾ ਦਿੱਤੀ ਹੈ। ਉਨਾਂ ਨੇ ਕੌਮਾਂਤਰੀ ਵੀਜ਼ਾ ਪ੍ਰੋਗਰਾਮ ਮੁਲਤਵੀ ਕਰਨ ਸਬੰਧੀ ਅੱਜ ਇਕ ਘੋਸ਼ਣਾਪੱਤਰ ਉਪਰ ਦਸਤਖਤ ਕੀਤੇ ਜਿਸ ਤਹਿਤ ਹਾਰਵਰਡ ਯੂਨੀਵਰਸਿਟੀ ਵਿਚ ਦਾਖਲਾ ਲੈਣ ਦੇ  ਇਛੁੱਕ ਹੋਰ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਵੀਜ਼ੇ ਜਾਰੀ ਨਹੀਂ ਕੀਤੇ ਜਾਣਗੇ। ਇਹ ਜਾਣਕਾਰੀ ਵਾਈਟ ਹਾਊਸ ਨੇ ਦਿੱਤੀ ਹੈ। ਵਾਈਟ ਹਾਊਸ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ '' ਘੋਸ਼ਣਾਪੱਤਰ ਅਨੁਸਾਰ ਐਫ , ਐਮ  ਜਾਂ ਜੇ ਵੀਜ਼ੇ ਤਹਿਤ ਕਿਸੇ ਵੀ ਨਵੇਂ ਵਿਦਿਆਰਥੀ ਦਾ ਗੈਰ ਪ੍ਰਵਾਸੀ ਵਜੋਂ ਹਾਰਵਰਡ ਯੂਨੀਵਰਸਿਟੀ ਵਿਚ ਦਾਖਲਾ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਵਿਦੇਸ਼ ਮੰਤਰਾਲੇ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਹਾਰਵਰਡ ਯੂਨੀਵਰਸਿਟੀ ਵਿਚ ਪੜਦੇ ਮੌਜੂਦਾ ਵਿਦਿਆਰਥੀਆਂ ਦੇ ਐਫ, ਐਮ ਜਾਂ ਜੇ ਵੀਜ਼ਿਆਂ ਨੂੰ ਰੱਦ ਕਰਨ ਬਾਰੇ ਵਿਚਾਰ ਕਰੇ ਤਾਂ ਜੋ ਘੋਸ਼ਣਾਪੱਤਰ ਦੀ ਕਸੌਟੀ ਉਪਰ ਖਰਾ ਉਤਰਿਆ ਜਾ ਸਕੇ।'' ਇਸ ਘੋਸ਼ਣਾਪੱਤਰ ਦੇ ਜਾਰੀ ਹੋਣ ਕਾਰਨ ਜਿਥੇ ਇਸ ਪ੍ਰਸਿੱਧ ਯੂਨੀਵਰਸਿਟੀ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ ਉਥੇ ਯੂਨੀਵਰਸਿਟੀ ਵਿਚ ਪੜਦੇ ਮੌਜੂਦਾ ਕੌਮਾਂਤਰੀ ਵਿਦਿਆਰਥੀਆਂ ਲਈ ਵੀ ਕਿਸੇ ਵੀ ਸਮੇ ਸੰਕਟ ਖੜਾ ਹੋ ਸਕਦਾ ਹੈ।