ਪਹਿਲਗਾਮ ਵਿਖ਼ੇ ਸੈਲਾਨੀਆਂ ਦੀ ਸੁਰੱਖਿਆ ਲਈ ਪੁਖਤੇ ਇੰਤਜਾਮ ਨਾ ਹੋਣੇ ਬਹੁਤ ਵੱਡਾ ਸੁਆਲ: ਗਿਆਨੀ ਮਾਲਕ ਸਿੰਘ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ 25 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ):- ਅਮਰੀਕੀ ਉਪ ਰਾਸ਼ਟਰਪਤੀ ਜੇ.ਡੀ. ਵੈੱਸ ਆਪਣੇ ਪਰਿਵਾਰ ਨਾਲ ਭਾਰਤ ਦਾ ਦੌਰਾ ਕਰ ਰਹੇ ਹਨ, ਤਾਂ ਮੁੜ ਇੱਕ ਹੋਰ ਦੁਖਾਂਤ ਵਾਪਰਿਆ ਹੈ । ਕਸ਼ਮੀਰ ਦੇ ਪਹਿਲਗਾਮ ਖੇਤਰ ਵਿੱਚ ਵਡੀ ਗਿਣਤੀ ਵਿਚ ਸੈਲਾਨੀਆਂ ਨੂੰ ਗੋਲੀ ਮਾਰ ਕੇ ਕਤਲ ਕੀਤਾ ਗਿਆ ਹੈ। ਅਸੀਂ ਇਸ ਔਖੇ ਸਮੇਂ ਦੌਰਾਨ ਪ੍ਰਭਾਵਿਤ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦੇ ਹਾਂ। ਗਿਆਨੀ ਮਾਲਕ ਸਿੰਘ ਜੋ ਕਿ ਇਸ ਸਮੇਂ ਕੈਨੇਡਾ ਵਿਖ਼ੇ ਸਿੱਖ ਪੰਥ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਹਨ ਨੇ ਕਿਹਾ ਕਿ ਇਸ ਘਟਨਾ ਨੇ ਮੁੜ ਕੌੜੀਆਂ ਯਾਦਾਂ ਤਾਜ਼ਾ ਕੀਤੀਆਂ ਹਨ ਜਦੋਂ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਦੇ ਭਾਰਤ ਦੌਰੇ ਮੌਕੇ, 20 ਮਾਰਚ, 2000 ਦੀ ਸ਼ਾਮ ਨੂੰ ਅਨੰਤਨਾਗ ਜ਼ਿਲ੍ਹੇ ਦੇ ਚਿਟੀਸਿੰਘਪੁਰਾ ਪਿੰਡ ਵਿੱਚ 35 ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ। ਤੇ ਹੁਣ ਵੀ ਅਮਰੀਕੀ ਵਜ਼ੀਰ ਦੇ ਭਾਰਤੀ ਦੌਰੇ ਦੌਰਾਨ ਪਹਿਲਗਾਮ ਵਿਚ ਅਤਿਅੰਤ ਦੁਖਦਾਈ ਭਾਣਾ ਵਾਪਰਿਆ ਹੈ । ਪਹਿਲਗਾਮ ਵਿਖ਼ੇ ਤਕਰੀਬਨ ਦੋ ਹਜਾਰ ਤੋਂ ਵੱਧ ਸੈਲਾਨੀ ਓਥੋਂ ਦੇ ਕੁਦਰਤੀ ਨਜਾਰੇ ਦੇਖ ਰਹੇ ਸਨ ਤੇ ਸਰਕਾਰ ਵਲੋਂ ਉਨ੍ਹਾਂ ਦੀ ਸੁਰੱਖਿਆ ਲਈ ਕੌਈ ਵੀ ਪੁਖਤਾ ਇੰਤਜਾਮ ਨਾ ਕਰਨੇ ਬਹੁਤ ਸੁਆਲ ਚੁੱਕ ਰਿਹਾ ਹੈ ਅਤੇ ਭਾਰਤੀ ਏਜੰਸੀਆਂ ਜਿਨ੍ਹਾਂ ਵਲੋਂ ਬੇਗੁਨਾਹ ਸਿੱਖ ਨੌਜੁਆਨਾਂ ਨੂੰ "ਖਾੜਕੂ ਕਾਰਵਾਈ ਕਰਣ ਵਾਲੇ ਸਨ" ਦਸ ਕੇ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਉਨ੍ਹਾਂ ਨੂੰ ਇਸ ਕਾਰੇ ਦੀ ਭਿਣਕ ਵੀ ਨਾ ਲਗਣਾ ਦੇਸ਼ ਦੀ ਸੁਰੱਖਿਆ ਉਪਰ ਸੁਆਲ ਚੁੱਕ ਰਿਹਾ ਹੈ । ਮੌਜੂਦਾ ਸਰਕਾਰ ਵਲੋਂ ਪੰਜਾਬ ਨਾਲ ਲਗਦਾ ਵਾਹਗਾ ਬਾਰਡਰ ਬੰਦ ਕਰਣਾ ਸਿੱਖ ਪੰਥ ਨੂੰ ਸ੍ਰੀ ਕਰਤਾਰਪੁਰ ਸਾਹਿਬ ਅਤੇ ਪਾਕਿਸਤਾਨ ਦੇ ਇਤਿਹਾਸਿਕ ਗੁਰਧਾਮਾਂ ਦੇ ਦਰਸ਼ਨ ਦੀਦਾਰੇਆਂ ਤੋਂ ਰੋਕਣਾ ਬਹੁਤ ਹੀ ਚਿੰਤਾਜਨਕ ਹੈ ਜਦਕਿ ਅਮਰਨਾਥ ਯਾਤਰਾ ਬਾਰੇ ਕੌਈ ਫ਼ੈਸਲਾ ਨਾ ਲਿਆ ਜਾਣਾ ਸਰਕਾਰ ਦੀ ਮਨਸ਼ਾ ਜ਼ਾਹਿਰ ਕਰ ਰਹੀ ਹੈ । ਕਸ਼ਮੀਰ ਦੇ ਸਿੱਖਾਂ ਵਲੋਂ ਪੀੜੀਤਾਂ ਦੀ ਮਦਦ ਲਈ ਅੱਗੇ ਆਦਿਆਂ ਤੁਰੰਤ ਗੁਰਦੁਆਰੇ ਸਾਹਿਬਾਨਾਂ ਦੇ ਦਰਵਾਜੇ ਖੋਲ੍ਹਣਾ ਉਨ੍ਹਾਂ ਦੇ ਉਚੇ ਸੁੱਚੇ ਕਿਰਦਾਰ ਨੂੰ ਦਰਸਾ ਰਿਹਾ ਹੈ ਜਿਸ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਜਾਣਾ ਚਾਹੀਦਾ ਹੈ ।











Comments (0)